ਅੰਮ੍ਰਿਤ ਪਾਲ
ਖੇਤੀਬਾੜੀ ਦਾ ਆਰਥਿਕ ਉੱਨਤੀ ਵਿਚ ਮਹੱਤਵਪੂਰਨ ਯੋਗਦਾਨ ਹੈ। ਜਨਸੰਖਿਆ ਦਾ ਅਹਿਮ ਭਾਗ ਇਸ ਕਾਰਜ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹੈ। ਆਦਿ ਮਨੁੱਖ ਨੇ ਨਦੀਆਂ ਜਾਂ ਪਾਣੀ ਸਰੋਤਾਂ ਦੇ ਨਜ਼ਦੀਕ ਪੜਾਅ ਕਰਕੇ ਖੇਤੀਬਾੜੀ ਦੇ ਧੰਦੇ ਨੂੰ ਅਪਣਾਇਆ। ਹੌਲੀ-ਹੌਲੀ ਖੇਤੀ ਵਪਾਰਕ ਹੁੰਦੀ ਗਈ ਅਤੇ ਅਰਥਵਿਵਸਥਾ ਦਾ ਜ਼ਰੂਰੀ ਹਿੱਸਾ ਬਣ ਗਈ। ਲੋਕ ਗੀਤ ਆਪਣੀ ਸਮੱਗਰੀ ਸਮਾਜ ਤੋਂ ਗ੍ਰਹਿਣ ਕਰਦੇ ਹਨ, ਇਸੇ ਕਾਰਨ ਬਹੁਤੇ ਵਿਸ਼ੇ ਖੇਤੀ ਦੇ ਹੀ ਇਰਦ ਗਿਰਦ ਘੁੰਮਦੇ ਹਨ। ਖੇਤੀਬਾੜੀ ਤੋਂ ਇਲਾਵਾ ਕੁਝ ਲੋਕ ਪ੍ਰਾਚੀਨ ਸਮੇਂ ਤੋਂ ਚੱਲੇ ਆ ਰਹੇ ਆਪਣੇ ਪਿਤਾ ਪੁਰਖੀ ਲੋਕ ਕਿੱਤਿਆਂ ਨੂੰ ਵੀ ਅਪਣਾਉਂਦੇ ਆ ਰਹੇ ਸਨ। ਇਨ੍ਹਾਂ ਦਾ ਵਰਣਨ ਵੀ ਲੋਕ ਗੀਤਾਂ ਵਿਚ ਆਉਂਦਾ ਹੈ। ਜਿਵੇਂ ਜਿਵੇਂ ਆਧੁਨਿਕਤਾ ਵੱਲ ਕਦਮ ਵਧੇ ਖੇਤੀਬਾੜੀ ਅਤੇ ਲੋਕ ਕਿੱਤੇ ਦੋਵਾਂ ਤੋਂ ਇਲਾਵਾ ਹੋਰ ਮਹਿਕਮਿਆਂ ਅਧੀਨ ਸੇਵਾਵਾਂ ਪ੍ਰਦਾਨ ਕਰਨ ਦਾ ਵਰਣਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਲੋਕ ਕਾਵਿ ਵਿਚ ਸ਼ਾਮਲ ਹੋਣ ਲੱਗਾ। ਸਮਾਜਿਕ ਆਰਥਿਕ ਪਰਿਵਰਤਨ ਆਉਣ ਨਾਲ ਲੋਕ ਰੁਚੀ ਹੋਰ ਕਿੱਤਿਆਂ ਵੱਲ ਪ੍ਰੇਰਿਤ ਹੋਣ ਲੱਗੀ। ਲੋਕ ਕਾਵਿ ਨੇ ਉਸ ਪਰਿਵਰਤਨ ਨੂੰ ਆਪਣੇ ਅੰਦਰ ਸਮਾਉਂਦੇ ਹੋਏ ਸਮਾਜ ਦੇ ਨਾਲ ਨਾਲ ਲੋਕ ਗੀਤਾਂ ਵਿਚ ਆਧੁਨਿਕ ਨੌਕਰੀ ਪੇਸ਼ਿਆਂ ਵੱਲ ਹੋ ਰਹੇ ਵਿਕਾਸ ਨੂੰ ਵੀ ਦਰਸਾਇਆ ਹੈ।
ਭਾਵੇਂ ਇਕ ਪਾਸੇ ਲੋਕ ਕਾਵਿ ਵਿਚ ਚਾਕਰੀ ਜਾਂ ਨੌਕਰੀ ਨੂੰ ਵਧੀਆ ਨਹੀਂ ਮੰਨਿਆ ਜਾਂਦਾ ਸੀ ਅਤੇ ਖੇਤੀ ਨੂੰ ਉੱਤਮ ਸਥਾਨ ਪ੍ਰਾਪਤ ਸੀ। ਮੁਟਿਆਰ ਨੌਕਰ ਨਾਲ ਵਿਆਹੇ ਜਾਣ ਉਪਰੰਤ ਵਿਛੋੜੇ ਜਾਂ ਆਪਣੇ ਤੋਂ ਦੂਰ ਹੋਣ ਦੇ ਡਰ ਨੂੰ ਪ੍ਰਗਟ ਕਰਦੀ ਹੋਈ ਕਹਿੰਦੀ ਹੈ- ਨੌਕਰ ਨੂੰ ਧੀ ਦੇਈਂ ਨਾ ਬਾਬਲਾ ਹਾਲੀ ਪੁੱਤ ਬਥੇਰੇ। ਪਰ ਕਿਧਰੇ ਨੌਕਰ ਜਾਂ ਨੌਕਰੀ ਨੂੰ ਮਹੱਤਵਪੂਰਨ ਸਥਾਨ ਵੀ ਦਿੱਤਾ ਗਿਆ ਹੈ: ਵਸਣਾ ਨੌਕਰ ਦੇ, ਭਾਵੇਂ ਬੂਟ ਸਣੇ ਲੱਤ ਮਾਰੇ।
ਲੋਕ ਗੀਤਾਂ ਵਿਚ ਭਰਤੀ, ਜੰਗ, ਫੌ਼ਜ, ਫੌ਼ਜੀ, ਸਿਪਾਹੀ, ਨੌਕਰ ਆਦਿ ਸ਼ਬਦ ਬਾਰ-ਬਾਰ ਵਰਤੇ ਗਏ ਹਨ। ਇਸ ਦਾ ਅਰਥ ਇਹ ਹੈ ਕਿ ਲੋਕ ਜੀਵਨ ਵਿਚ ਸਭ ਤੋਂ ਵੱਧ ਪ੍ਰਮੁੱਖਤਾ ਫੌ਼ਜ ਨੂੰ ਪ੍ਰਾਪਤ ਸੀ। ਇਸ ਦਾ ਇਕ ਕਾਰਨ ਪੰਜਾਬੀਆਂ ਦਾ ਤਕੜਾ ਜੁੱਸਾ ਅਤੇ ਭੈਅਮੁਕਤ ਸੁਭਾਅ ਹੈ। ਉਂਜ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾ। ਪੰਜਾਬ ਭਾਰਤ ਦਾ ਮੁੱਢ ਤੋਂ ਹੀ ਪ੍ਰਵੇਸ਼ ਦੁਆਰ ਹੋਣ ਕਰਕੇ ਇਸੇ ਰਸਤੇ ਹੀ ਵਿਦੇਸ਼ੀਆਂ ਨੇ ਭਾਰਤ ’ਤੇ ਹਮਲੇ ਕੀਤੇ। ਪੁਰਾਣੀਆਂ ਪੈੜਾਂ ਮਿਟਦੀਆਂ ਨਹੀਂ ਸਨ, ਉਨ੍ਹਾਂ ਉੱਪਰ ਹੋਰ ਪੈੜਾਂ ਆਪਣੇ ਗੂੜ੍ਹੇ ਨਿਸ਼ਾਨ ਛੱਡ ਜਾਂਦੀਆਂ ਸਨ। ਪੰਜਾਬੀਆਂ ਨੇ ਮੁਸੀਬਤਾਂ ਨੂੰ ਤਨ ਮਨ ’ਤੇ ਹੰਢਾਇਆ ਹੈ। ਉਨ੍ਹਾਂ ਦਾ ਸੁਭਾਅ ਹੀ ਐਸਾ ਬਣ ਗਿਆ ਕਿ ਉਹ ਲੜਨ ਮਰਨ ਨੂੰ ਹਮੇਸ਼ਾਂ ਤਿਆਰ ਰਹਿੰਦੇ ਹਨ। ਦੂਸਰਾ ਕਾਰਨ ਉਸ ਸਮੇਂ ਫੌ਼ਜ ਵਿਚ ਮੌਕਿਆਂ ਦੀ ਵਧੇਰੇ ਪ੍ਰਾਪਤੀ ਹੋ ਸਕਦਾ ਹੈ।
ਫੌ਼ਜ ਤੋਂ ਇਲਾਵਾ ਲੋਕ ਗੀਤਾਂ ਵਿਚ ਹੋਰ ਕਈ ਵਿਭਾਗਾਂ ਅਧੀਨ ਹੋਣ ਵਾਲੇ ਕਾਰਜਾਂ ਤੋਂ ਨਵੇਂ ਨੌਕਰੀ ਪੇਸ਼ਿਆਂ ਦੇ ਹੋਂਦ ਵਿਚ ਆਉਣ ਬਾਰੇ ਜਾਣਕਾਰੀ ਮਿਲਦੀ ਹੈ। ਰੇਲ ਗੱਡੀ, ਇੰਜਣ ਆਦਿ ਰੇਲਵੇ ਵਿਭਾਗ ਦੇ ਹੋਂਦ ਅਤੇ ਸੜਕ ਬਣਾਉਣ ਵਾਲਾ ਅਮਲਾ ਆਧੁਨਿਕ ਸਮੇਂ ਵਿਕਾਸ ਵੱਲ ਵਧ ਰਹੀ ਅਰਥ ਵਿਵਸਥਾ ਵੱਲ ਸੰਕੇਤ ਕਰਦਾ ਹੈ:
ਕੰਮ ਸਰਕਾਰੀ ਸ਼ੁਰੂ ਹੋ ਗਿਆ ਪੱਕੀ ਸੜਕ ਬਣਾਈ
ਪਹਿਲਾਂ ਸੜਕ ’ਤੇ ਸੁੱਟ ਲਏ ਬਾਲੇ ਪਿੱਛੋਂ ਲੈਣ ਟਿਕਾਈ
ਦੇਖੋ ਗੱਡੀ ਆ ਗਈ ਲੈਣ ਤੇ ਇੰਜਣ ਨੇ ਸੀਟੀ ਵਜਾਈ
ਮਨੁੱਖ ਸ਼ੁਰੂ ਤੋਂ ਹੀ ਦਿਲ ਦੇ ਭਾਵ ਸਾਂਝੇ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਦਾ ਰਿਹਾ ਹੈ। ਆਧੁਨਿਕ ਸਮੇਂ ਵਿਚ ਡਾਕ ਵਿਭਾਗ ਦਾ ਆਰੰਭ ਇਕ ਤਾਂ ਸੰਚਾਰ ਦੇ ਮਹੱਤਵਪੂਰਨ ਸਾਧਨ ਵਜੋਂ ਸਹਾਈ ਹੋਇਆ, ਦੂਸਰਾ ਇਹ ਰੁਜ਼ਗਾਰ ਦੇ ਅਹਿਮ ਮੌਕੇ ਪ੍ਰਦਾਨ ਕਰਨ ਵਾਲਾ ਵਿਭਾਗ ਵੀ ਬਣ ਗਿਆ। ਇਸ ਨਾਲ ਸੰਪੂਰਨ ਕਾਰਜ ਪ੍ਰਣਾਲੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਕਾਫ਼ੀ ਮੁਲਾਜ਼ਮ ਜੁੜ ਗਏ।
ਮਨੁੱਖੀ ਜੀਵਨ ਵਿਚ ਮੁੱਢਲੀਆਂ ਜ਼ਰੂਰਤਾਂ ਦੀ ਸੰਤੁਸ਼ਟੀ ਤੋਂ ਇਲਾਵਾ ਸੁਰੱਖਿਆ ਵੀ ਲਾਜ਼ਮੀ ਹੈ। ਫੌ਼ਜ ਦੀ ਸਰਹੱਦਾਂ ’ਤੇ ਤਾਇਨਾਤੀ ਪੂਰੇ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਸਥਾਨਕ ਪੱਧਰ ਉੱਤੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲੀਸ ਵਿਭਾਗ ਕਾਇਮ ਕੀਤੇ ਗਏ ਹਨ। ਪਿੰਡਾਂ ਵਿਚ ਆਪਸੀ ਲੜਾਈ ਝਗੜੇ ਆਏ ਦਿਨ ਹੁੰਦੇ ਹੀ ਰਹਿੰਦੇ ਹਨ, ਇਸ ਲਈ ਕਈ ਲੋਕ ਗੀਤਾਂ ਵਿਚ ਪੁਲੀਸ, ਸਿਪਾਹੀ, ਥਾਣੇਦਾਰ, ਹਵਾਲਾਤ, ਠਾਣਾ ਸ਼ਬਦ ਇਸ ਵਿਭਾਗ ਨੂੰ ਵੀ ਉਜਾਗਰ ਕਰਦੇ ਹਨ:
ਸ਼ੇਰ ਸਿੰਘ ਕੱਕੜਾ ਦਾ, ਜੀਹ ’ਤੇ ਚੱਲ ਗਏ ਮੁਕੱਦਮੇ ਚਾਲੀ
ਠਾਣੇਦਾਰ ਤਿੰਨ ਚੜ੍ਹਗੇ, ਨਾਲੇ ਪੁਲਸ ਚੜ੍ਹੀ ਸਰਕਾਰੀ
ਸੂਬਾ ਮੋਗੇ ਦਾ, ਜਿਹੜਾ ਡਾਂਗ ਦਾ ਬਹਾਦਰ ਭਾਰੀ
ਰਾਮੂ ਖਾਰੇ ਦਾ, ਪੁੱਠੇ ਹੱਥ ਦੀ ਗੰਡਾਸੀ ਮਾਰੀ
ਠਾਣੇਦਾਰ ਇਉਂ ਡਿੱਗਿਆ, ਜਿਵੇਂ ਹਲ਼ ’ਚੋਂ ਡਿੱਗੇ ਪੰਜਾਲੀ
ਕਾਹਨੂੰ ਛੇੜੀ ਸੀ ਨਾਗਾਂ ਦੀ ਪਟਾਰੀ
ਨਿਆਂ ਪ੍ਰਣਾਲੀ ਦੇਸ਼ ਨੂੰ ਕਾਨੂੰਨ ਅਨੁਸਾਰ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਦਾ ਮੁੱਖ ਕਾਰਜ ਵਿਵਾਦਾਂ ਨੁੰ ਸੁਲਝਾਉਣਾ ਅਤੇ ਅਪਰਾਧਾਂ ਨੂੰ ਰੋਕਣਾ ਹੈ। ਕਚਹਿਰੀ, ਤਹਿਸੀਲ, ਜੱਜ, ਵਕੀਲ, ਪੇਸ਼ੀ, ਮੁਕੱਦਮੇ ਸ਼ਬਦਾਂ ਤੋਂ ਸਿੱਧ ਹੁੰਦਾ ਹੈ ਕਿ ਕਈ ਗੀਤ ਉਸ ਸਮੇਂ ਰਚੇ ਗਏ ਜਦੋਂ ਆਧੁਨਿਕ ਨਿਆਂ ਪ੍ਰਣਾਲੀ ਹੋਂਦ ਵਿਚ ਆ ਚੁੱਕੀ ਸੀ। ਨਿਆਂ ਪ੍ਰਣਾਲੀ ਵਿਚ ਵਕੀਲ ਅਤੇ ਜੱਜ ਕਿਸੇ ਮੁਕੱਦਮੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਭਾਵ ਇਨ੍ਹਾਂ ਦੁਆਰਾ ਹੀ ਅਦਾਲਤ ਦੀ ਕਾਰਵਾਈ ਚਲਾਈ ਜਾਂਦੀ ਹੈ। ਇਨ੍ਹਾਂ ਦਾ ਵਰਣਨ ਵੀ ਕਈ ਲੋਕ ਗੀਤਾਂ ਵਿਚ ਕੀਤਾ ਗਿਆ ਹੈ:
ਲੱਡੂ ਵੰਡਦੀ ਤਹਿਸੀਲੋਂ ਆਈ,
ਪਹਿਲੀ ਪੇਸ਼ੀ ਯਾਰ ਛੁੱਟਿਆ
ਪੇਂਡੂ ਸਮਾਜ ਵਿਚ ਸ਼ੁਰੂ ਤੋਂ ਹੀ ਕਿਸਾਨਾਂ ਲਈ ਪਟਵਾਰੀ ਸਭ ਤੋਂ ਵੱਡਾ ਅਫ਼ਸਰ ਰਿਹਾ ਹੈ। ਜ਼ਮੀਨਾਂ ਦਾ ਰਿਕਾਰਡ ਅਤੇ ਮਾਮਲੇ ਦਾ ਹਿਸਾਬ ਰੱਖਣ ਵਾਲਾ ਸਰਕਾਰੀ ਕਰਮਚਾਰੀ ਹੋਣ ਕਾਰਨ ਲੋਕ-ਕਾਵਿ ਵਿਚ ਪਟਵਾਰੀ ਦੇ ਅਹੁਦੇ ਨੂੰ ਇਕ ਉੱਚ ਅਹੁਦੇ ਵਜੋਂ ਪੇਸ਼ ਕੀਤਾ ਗਿਆ ਹੈ:
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ,
ਅੱਗੇ ਤੇਰੇ ਭਾਗ ਲੱਛੀਏ
ਲੋਕ ਗੀਤਾਂ ਵਿਚ ਬਹੁਤੇ ਸਰਕਾਰੀ ਨੌਕਰੀ ਪੇਸ਼ਿਆਂ ਦਾ ਵਰਣਨ ਤਾਂ ਨਹੀਂ, ਪਰ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਲੋਕ ਕਾਵਿ ਜਿੱਥੇ ਪੁਰਾਣੇ ਕਿੱਤਿਆਂ ਦਾ ਵਰਣਨ ਕਰਦੇ ਰਹੇ, ਉੱਥੇ ਨਵੇਂ ਸਰਕਾਰੀ ਮਹਿਕਮਿਆਂ ਅਤੇ ਨੌਕਰੀਆਂ ਨੂੰ ਵੀ ਆਪਣੀ ਰਚਨਾ ਦਾ ਮਹੱਤਵਪੂਰਨ ਹਿੱਸਾ ਬਣਾਇਆ। ਉਨ੍ਹਾਂ ਦੇ ਇਸ ਉਪਰਾਲੇ ਤੋਂ ਪਤਾ ਲੱਗਦਾ ਹੈ ਕਿ ਸਮਾਜ ਅਧੁਨਿਕਤਾ ਵੱਲ ਵਧ ਰਿਹਾ ਸੀ। ਨਵੇਂ ਵਿਭਾਗ ਹੋਂਦ ਵਿਚ ਆ ਰਹੇ ਸਨ। ਲੋਕਾਂ ਦਾ ਨਵੇਂ ਨੌਕਰੀ ਪੇਸ਼ਿਆਂ ਵੱਲ ਰੁਝਾਨ ਵਧ ਰਿਹਾ ਸੀ।
ਸੰਪਰਕ: 94649-29718