ਗੁਰਮੀਤ ਸਿੰਘ*
ਘੁੱਗੀ ਇਕ ਸਥਾਨਕ ਪੰਛੀ ਹੈ, ਜਿਸ ਨੂੰ ਅੰਗਰੇਜ਼ੀ ਵਿਚ ‘ਰਿੰਗ ਡਵ’ ਅਤੇ ਹਿੰਦੀ ਵਿਚ ਢੋਰ ਫਾਖ਼ਤਾ ਜਾਂ ਕਈ ਥਾਵਾਂ ’ਤੇ ਕਪੋਤਕ ਵੀ ਕਹਿੰਦੇ ਹਨ। ਇਹ ਦੇਸ਼ ਭਰ ਵਿਚ ਆਮ ਖੇਤਾਂ, ਪਾਰਕਾਂ, ਬਗੀਚਿਆਂ ਅਤੇ ਖੁੱਲ੍ਹੇ ਝਾੜ- ਬਰੋਟਿਆਂ ਵਿਚ ਵੇਖੀ ਜਾ ਸਕਦੀ ਹੈ। ਇਹ ਖੁੱਲ੍ਹੇ ਨਿਵਾਸ ਸਥਾਨਾਂ ਨੂੰ ਤਰਜੀਹ ਦੇਣ ਵਜੋਂ ਜਾਣਿਆ ਜਾਣ ਵਾਲਾ ਸਥਾਨਕ ਪੰਛੀ ਹੈ। ਇਸ ਪੰਛੀ ਨੇ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਵਿਚ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਢਾਲ ਲਿਆ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਅੱਜ ਇਸ ਸ਼ਾਂਤਮਈ ਸੁਭਾਅ ਦੇ ਪੰਛੀ ਦੀ ਗਿਣਤੀ ਸਾਰੇ ਪਾਸੇ ਤੋਂ ਸੰਤੋਖਜਨਕ ਹੈ।
ਇਸ ਦਾ ਰੰਗ ਸਲੇਟੀ ਭੂਰਾ ਹੁੰਦਾ ਹੈ। ਇਸ ਦੇ ਸਿਰ, ਪਰਾਂ ਅਤੇ ਪੂੰਝੇ ’ਤੇ ਜ਼ਿਆਦਾ ਖਾਕੀ ਰੰਗ ਚਮਕਦਾ ਦਿਖਾਈ ਦਿੰਦਾ ਹੈ। ਇਸ ਦੇ ਉੱਡਣ ਵਾਲੇ ਖੰਭ ਭੂਰੇ ਦਿਖਾਈ ਦਿੰਦੇ ਹਨ ਅਤੇ ਪੂੰਝੇ ਦੇ ਹੇਠਲੇ ਖੰਭ ਚਿੱਟੇ ਦਿਖਾਈ ਦਿੰਦੇ ਹਨ। ਘੁੱਗੀ ਦੀ ਵੱਡੀ ਨਿਸ਼ਾਨੀ ਗਲ਼ ਵਿਚ ਪਿਛਲੇ ਹਿੱਸੇ ਤੋਂ ਉੱਪਰਲੇ ਪਾਸੇ ਇਕ ਕਾਲੀ ਚਮਕਦੀ ਗਾਨੀ (ਰਿੰਗ) ਹੁੰਦੀ ਹੈ। ਘੁੱਗੀ ਦੇ ਨਰ ਮਾਦਾ ਦਾ ਜੋੜਾ ਇਕੋ ਜਿਹਾ ਹੁੰਦਾ ਹੈ। ਇਸ ਦੀਆਂ ਅੱਖਾਂ ਲਾਲ ਅਤੇ ਪਲਕਾਂ ਘਸਮੈਲੀਆਂ ਚਿੱਟੀਆਂ ਹੁੰਦੀਆਂ ਹਨ। ਇਸ ਦੀ ਚੁੰਝ ਕਾਲੀ ਅਤੇ ਪੰਜੇ ਲਾਲ ਰੰਗ ਦੇ ਭਾਹ ਮਾਰਦੇ ਹਨ।
ਘੁੱਗੀ ਦੀ ਆਵਾਜ਼ ਬੜੀ ਸੰਗੀਤਕ ਲੈਅ ਵਾਲੀ ਹੁੰਦੀ ਹੈ ਅਤੇ ਇਹ ਘੁਗੂੰ-ਘੂੰ-ਘੁਗੂੰ-ਘੂੰ ਕਰਦੀ ਹਰ ਇਕ ਦਾ ਮਨ ਮੋਹ ਲੈਂਦੀ ਹੈ। ਇਸ ਨੂੰ ਬਾਕੀ ਪੰਛੀਆਂ ਦੇ ਮੁਕਾਬਲੇ ਅਸੀਂ ਹਰ ਥਾਂ ਦੇਖ ਸਕਦੇ ਹਾਂ। ਘੁੱਗੀ ਆਮਤੌਰ ’ਤੇ ਦਾਣੇ ਅਤੇ ਬੀਜ ਖਾਂਦੀ ਹੈ, ਪਰ ਕਈ ਵਾਰ ਫ਼ਲ, ਪੌਦੇ ਅਤੇ ਕੀੜੇ-ਮਕੌੜੇ ਵੀ ਖਾ ਜਾਂਦੀ ਹੈ। ਇਹ ਕਈ ਥਾਵਾਂ ’ਤੇ ਮਨੁੱਖ ਵੱਲੋਂ ਪਾਇਆ ਦਾਣਾਂ ਵੀ ਖਾ ਲੈਂਦੀ ਹੈ। ਘੁੱਗੀ ਆਮ ਤੌਰ ’ਤੇ ਫਰਵਰੀ ਤੋਂ ਅਕਤੂਬਰ ਦੇ ਵਿਚਕਾਰ ਪ੍ਰਜਣਨ ਕਰਦੀ ਹੈ। ਇਹ ਆਪਣਾ ਆਲ੍ਹਣਾ ਝਾੜੀਆਂ ਅਤੇ ਦਰੱਖਤਾਂ ਵਿਚ ਨੀਵਾਂ ਜਿਹਾ ਅਤੇ ਕਈ ਵਾਰ ਘਰਾਂ ਵਿਚ ਜਾਂ ਡੰਗਰਾਂ ਦੇ ਕੋਠਿਆਂ ਵਿਚ ਵੀ ਬਣਾ ਲੈਂਦੀ ਹੈ। ਮਾਦਾ ਦੋ ਆਂਡੇ ਦਿੰਦੀ ਹੈ। ਨਰ ਤੇ ਮਾਦਾ ਦੋਵਾਂ ਵੱਲੋਂ ਲਗਭਗ 15 ਦਿਨਾਂ ਤਕ ਇਨ੍ਹਾਂ ਦਾ ਖਿਆਲ ਰੱਖਿਆ ਜਾਂਦਾ ਹੈ। ਘੁੱਗੀ ਦੇ ਨਰ ਤੇ ਮਾਦਾ ਆਪਣੇ ਚੂਜ਼ਿਆਂ ਨੂੰ ਖਾਣਾ ਪਹਿਲੇ ਆਪ ਚਿੱਥ ਕੇ, ਫਿਰ ਉਸ ਦਾ ਉਗਲੱਛਣ ਕਰਕੇ ਉਨ੍ਹਾਂ ਦੇ ਮੂੰਹ ਵਿਚ ਪਾਉਂਦੇ ਹਨ। ਇਸ ਪੰਛੀ ਦੇ ਆਂਡਿਆਂ, ਚੂਚਿਆਂ ’ਤੇ ਸ਼ਿਕਰੇ, ਕਾਂ, ਇੱਲ੍ਹਾਂ, ਬਿੱਲੀਆਂ ਤੇ ਆਵਾਰਾ ਕੁੱਤੇ ਖਾਣ ਲਈ ਹਮੇਸ਼ਾਂ ਝਪਟਣ ਦੀ ਤਾਂਘ ਵਿਚ ਰਹਿੰਦੇ ਹਨ। ਚੂਚੇ 30 ਤੋਂ 40 ਦਿਨਾਂ ਬਾਅਦ ਵੱਡੇ ਹੋ ਕੇ ਸੁਤੰਤਰ ਹੋ ਜਾਂਦੇ ਹਨ। ਘੁੱਗੀ ਨੂੰ ਪਾਲਤੂ ਅਵਸਥਾ ਵਿਚ ਰੱਖਣ ਵਿਚ ਇਹ 17.9 ਸਾਲ ਤਕ ਜਿਉਂਦੀ ਰਹੀ ਹੈ।
ਘੁੱਗੀ ਨੂੰ ਜ਼ਿਆਦਾ ਬੀਜਾਂ, ਫ਼ਲਾਂ ਨੂੰ ਖਾਣ ਵਾਲਾ ਪੰਛੀ ਹੋਣ ਕਰਕੇ ਇੰਗਲੈਂਡ, ਅਮਰੀਕਾ ਅਤੇ ਪਾਕਿਸਤਾਨ ਵਿਚ ਸ਼ਿਕਾਰ ਦੇ ਪੰਛੀ ਵਜੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਘੁੱਗੀ ਦੀ ਕਿਸਮ ਨੂੰ ਕਿਸੇ ਖ਼ਤਰੇ ਵਿਚ ਨਹੀਂ ਦੱਸਿਆ। ਭਾਰਤ ਸਰਕਾਰ ਨੇ ਦੇਸ਼ ਭਰ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਕੀਤਾ ਹੋਇਆ ਹੈ। ਸਾਡੇ ਦੇਸ਼ ਵਿਚ ਘੁੱਗੀ ਨੂੰ ਮਾਰਨਾ ਇਕ ਅਪਰਾਧ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910