ਗੁਰਬਿੰਦਰ ਸਿੰਘ ਮਾਣਕ
ਲੋਕ ਵਿਰਸਾ ਕਿਸੇ ਵੀ ਕੌਮ ਦਾ ਸ਼ਾਨਾਮੱਤਾ ਤੇ ਵਡਮੁੱਲਾ ਸਰਮਾਇਆ ਹੁੰਦਾ ਹੈ। ਜਿਹੜੇ ਲੋਕ ਇਸ ਵਿਰਸੇ ਨੂੰ ਅਣਗਹਿਲੀ ਵਸ ਵਿਸਾਰ ਦਿੰਦੇ ਹਨ, ਉਨ੍ਹਾਂ ਦੀ ਪਛਾਣ ਦੇ ਚਿੰਨ੍ਹ ਛੇਤੀ ਹੀ ਇਤਿਹਾਸ ਦੇ ਚਿਤਰਪਟ ਤੋਂ ਅਲੋਪ ਹੋ ਜਾਂਦੇ ਹਨ। ਸੱਭਿਆਚਾਰ, ਮਾਂ-ਬੋਲੀ, ਲੋਕ-ਸਾਹਿਤ, ਲੋਕ-ਖੇਡਾਂ, ਲੋਕ-ਧੰਦੇ, ਰਸਮੋ-ਰਿਵਾਜ, ਲੋਕ-ਵਿਸ਼ਵਾਸ ਕਿਸੇ ਧਰਤੀ ਦੇ ਬਸ਼ਿੰਦਿਆਂ ਦੀਆਂ ਜੜ੍ਹਾਂ ਸਮਾਨ ਹੁੰਦੇ ਹਨ। ਇਸ ਨਾਲ ਹੀ ਕਿਸੇ ਧਰਤੀ ’ਤੇ ਵਸਣ ਵਾਲਿਆਂ ਦੀ ਵੱਖਰੀ ਪਹਿਚਾਣ ਨਿਸ਼ਚਤ ਹੁੰਦੀ ਹੈ। ਹਰ ਸੱਭਿਆਚਾਰ ਆਪਣੀ ਨਿਵੇਕਲੀ ਪਛਾਣ ਦੇ ਸਿੱਟੇ ਵਜੋਂ, ਉਸ ਖਿੱਤੇ ਦੇ ਲੋਕਾਂ ਦੇ ਮਨਾਂ ਵਿੱਚ ਡੂੰਘਾ ਵਸਿਆ ਹੁੰਦਾ ਹੈ।
ਪੰਜਾਬੀ ਸੱਭਿਆਚਾਰ ਦੀ ਵੀ ਬਹੁਤ ਗੌਰਵਸ਼ਾਲੀ ਤੇ ਨਿਵੇਕਲੀ ਪਛਾਣ ਹੈ। ਸਾਡੇ ਲੋਕ-ਨਾਚਾਂ, ਗਿੱਧੇ ਤੇ ਭੰਗੜੇ ਦੀ ਬਦੌਲਤ ਨਾ ਕੇਵਲ ਭਾਰਤ ਵਿੱਚ ਸਗੋਂ ਵਿਸ਼ਵ ਦੇ ਜਿਨ੍ਹਾਂ ਦੇਸ਼ਾਂ ਵਿੱਚ ਵੀ ਪੰਜਾਬੀ ਗਏ ਹਨ, ਉੱਥੇ ਸੱਭਿਆਚਾਰ ਕਾਰਨ ਹੀ ਪੰਜਾਬੀਆਂ ਦੀ ਵਿਲੱਖਣ ਪਛਾਣ ਬਣ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਅਮੀਰ ਪਰੰਪਰਾ ਤੇ ਮਾਨਵਵਾਦੀ ਪਹੁੰਚ ਸਦਕਾ ਸੰਸਾਰ ਪੱਧਰ ’ਤੇ ਇਸ ਦੀ ਨਿਵੇਕਲੀ ਪਛਾਣ ਵਿਕਸਤ ਹੋਈ ਹੈ। ਅਸਲ ਵਿੱਚ ਸੱਭਿਆਚਾਰ ਨਿਰੰਤਰ ਵਗਦਾ ਪ੍ਰਵਾਹ ਹੁੰਦਾ ਹੈ। ਸਮੇਂ ਦੀਆਂ ਬਦਲ ਰਹੀਆਂ ਸਥਿਤੀਆਂ ਦੇ ਅੰਤਰਗਤ ਸੱਭਿਆਚਾਰ ਵੀ ਬਦਲਦਾ ਰਹਿੰਦਾ ਹੈ। ਆਰਥਿਕ ਵਿਕਾਸ, ਸਿੱਖਿਆ, ਵਿਗਿਆਨ ਤੇ ਤਕਨਾਲੋਜੀ ਦੇ ਵਿਕਾਸ ਤੇ ਨਵੇਂ ਵਿਚਾਰਾਂ ਦੀ ਬਦੌਲਤ ਮਨੁੱਖ ਦੇ ਜੀਵਨ-ਪ੍ਰਵਾਹ ਵਿੱਚ ਨਿਰੰਤਰ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਸਭ ਕੁਝ ਮਨੁੱਖੀ ਰਹਿਣੀ-ਬਹਿਣੀ ਨੂੰ ਪ੍ਰਭਾਵਿਤ ਕਰਦਾ ਹੈ ਤੇ ਸੱਭਿਆਚਾਰਕ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਹਨ। ਵਿਕਾਸ ਦੀ ਪ੍ਰਕਿਰਿਆ ਤਾਂ ਚੱਲਦੀ ਰਹਿਣੀ ਜ਼ਰੂਰੀ ਹੈ, ਪਰ ਆਪਣੇ ਸੱਭਿਆਚਾਰ ਦੇ ਬਹੁਮੁੱਲੇ ਆਦਰਸ਼ਾਂ ਨੂੰ ਤਿਲਾਂਜਲੀ ਦੇ ਦੇਣੀ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਹੋਏ ਵਿਕਾਸ ਦੀ ਬਦੌਲਤ ਅਸੀਂ ਆਪਣੇ ਸੱਭਿਆਚਾਰਕ ਵਿਰਸੇ ਦੀ ਵਿਲੱਖਣਤਾ ਨਾਲ ਜੁੜੀਆਂ ਮੁੱਲਵਾਨ ਗੱਲਾਂ ਨੂੰ ਵੀ ਵਿਸਾਰਦੇ ਜਾ ਰਹੇ ਹਾਂ।
ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਅਸੀਂ ਆਪਣੇ ਸੱਭਿਆਚਾਰਕ ਵਿਰਸੇ ਪ੍ਰਤੀ ਬਹੁਤ ਹੱਦ ਤੱਕ ਅਵੇਸਲੇ ਹਾਂ। ਅਸੀਂ ਆਪਣੇ ਸੱਭਿਆਚਾਰ ਦੀ ਸ਼ਾਨਾਮੱਤੀ ਵਿਰਾਸਤ ਨੂੰ ਤਿਆਗ ਕੇ ਅਤੇ ਦੂਜੇ ਸੱਭਿਆਚਾਰਾਂ ਦੀ ਚਕਾਚੌਂਧ ਵਿੱਚ ਫਸ ਕੇ ਆਪਣੀ ਨਿਵੇਕਲੀ ਪਛਾਣ ਲਈ ਹੀ ਸੰਕਟ ਪੈਦਾ ਕਰੀ ਜਾ ਰਹੇ ਹਾਂ। ਦਿਸ਼ਾਹੀਣ ਵਿਕਾਸ ਦੀ ਹੋੜ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਜਾ ਰਿਹਾ ਹੈ, ਜਿਸ ਨਾਲ ਸਾਡੇ ਸੱਭਿਆਚਾਰ ਦੇ ਬਹੁਤ ਹੀ ਕੀਮਤੀ ਚਿੰਨ੍ਹ ਅਲੋਪ ਹੁੰਦੇ ਜਾ ਰਹੇ ਹਨ। ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਸੱਭਿਆਚਾਰ ਦੇ ਇਹ ਚਿੰਨ੍ਹ ਸ਼ਾਇਦ ਅਜਾਇਬ ਘਰਾਂ ਵਿੱਚੋਂ ਹੀ ਦੇਖ ਸਕਿਆ ਕਰਨਗੀਆਂ। ਸੱਭਿਆਚਾਰ, ਸਾਹਿਤ ਤੇ ਕਲਾ ਪ੍ਰਤੀ ਪੰਜਾਬੀਆਂ ਦੇ ਅਵੇਸਲੇਪਣ ਦੀ ਰੁਚੀ ਸਦਕਾ ਬਹੁਤ ਕੁਝ ਅਜਿਹਾ ਵਿਸਰਦਾ ਜਾ ਰਿਹਾ ਹੈ ਜੋ ਸਾਡੀ ਅਸਲ ਪਛਾਣ ਨੂੰ ਬਰਕਰਾਰ ਰੱਖਣ ਲਈ ਬੇਹੱਦ ਜ਼ਰੂਰੀ ਹੈ।
ਕਦੇ ਸਮਾਂ ਸੀ ਪੰਜਾਬੀ ਲੋਕ-ਧੰਦੇ ਪੰਜਾਬੀ ਸੱਭਿਆਚਾਰ ਦੀ ਰਾਂਗਲੀ ਪਛਾਣ ਪੈਦਾ ਕਰਦੇ ਸਨ। ਨਿਰਛਲ ਸੁਭਾਅ ਦੇ ਸਾਦ-ਮੁਰਾਦੇ ਲੋਕ ਇਨ੍ਹਾਂ ਧੰਦਿਆਂ ਨੂੰ ਆਪਣੇ ਹੁਨਰ ਦੀਆਂ ਕਲਾਤਮਿਕ ਛੋਹਾਂ ਦੇ ਕੇ ਰੂਹ ਨਾਲ ਕਰਦੇ ਸਨ। ਸਿੱਖਿਆ ਦੇ ਪਾਸਾਰ ਅਤੇ ਵਿਗਿਆਨ ਤੇ ਤਕਨਾਲੋਜੀ ਦੀ ਪ੍ਰਗਤੀ ਦੇ ਸਿੱਟੇ ਵਜੋਂ ਇਨ੍ਹਾਂ ਹੁਨਰੀ ਧੰਦਿਆਂ ਦਾ ਗਲਾ ਘੁੱਟਿਆ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤੇ ਤਾਂ ਹੁਣ ਬੀਤੇ ਦੀ ਯਾਦ ਬਣ ਕੇ ਰਹਿ ਗਏ ਹਨ। ਪੁਰਾਣੇ ਸਮਿਆਂ ਵਿੱਚ ਪਿੰਡਾਂ ਵਿੱਚ ਵਿਦਿਆ ਦਾ ਪਾਸਾਰ ਘੱਟ ਹੋਣ ਕਾਰਨ, ਲੋਕ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਘੱਟ ਹੀ ਭੇਜਦੇ ਸਨ। ਕੁੜੀਆਂ ਨੂੰ ਤਾਂ ਪੜ੍ਹਾਉਣ ਦਾ ਰਿਵਾਜ ਹੀ ਨਹੀਂ ਸੀ। ਉਨ੍ਹਾਂ ਸਮਿਆਂ ਵਿੱਚ ਕਿਸੇ ਮੁਟਿਆਰ ਲਈ ਘਰ-ਗ੍ਰਹਿਸਤੀ ਦੇ ਹੋਰ ਕੰਮਾਂ ਦੇ ਨਾਲ ਨਾਲ ਸਿਉਣਾ-ਪਿਰੋਣਾ, ਬੁਣਨਾ, ਕੱਢਣਾ ਆਦਿ ਨੂੰ ਹੀ ਪੜ੍ਹਾਈ ਸਮਝਿਆ ਜਾਂਦਾ ਸੀ। ਉਸ ਸਮੇਂ ਘਰਾਂ ਵਿੱਚ ਰੰਗ-ਬਿਰੰਗੀਆਂ ਦਰੀਆਂ ਬੁਣਨ ਦਾ ਰਿਵਾਜ ਆਮ ਹੀ ਸੀ। ਵਿਆਹ ਸਮੇਂ ਕੁੜੀਆਂ ਦੇ ਦਾਜ ਵਿੱਚ ਇਹ ਦਰੀਆਂ ਵੀ ਦੇਣ ਦਾ ਰਿਵਾਜ ਸੀ। ਇਹ ਦਰੀਆਂ ਜਿੱਥੇ ਦੇਖਣ ਵਿੱਚ ਖੂਬਸੂਰਤ ਹੁੰਦੀਆਂ, ਉੱਥੇ ਹੰਢਣਸਾਰ ਵੀ ਸਨ। ਅਜਿਹੇ ਹੁਨਰੀ ਕਿੱਤੇ ਹੁਣ ਬੀਤੇ ਦੀ ਯਾਦ ਬਣ ਕੇ ਰਹਿ ਗਏ ਹਨ। ਸਮੇਂ ਦੇ ਬਦਲਣ ਨਾਲ ਹੁਣ ਕੁੜੀਆਂ ਵੀ ਆਪਣੀ ਮਿਹਨਤ ਦੇ ਬਲਬੂਤੇ ਉੱਚ-ਸਿੱਖਿਆ ਪ੍ਰਾਪਤ ਕਰਕੇ ਜੀਵਨ ਦੇ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੀਆਂ ਹਨ।
ਪੁਰਾਣੇ ਵੇਲਿਆਂ ਵਿੱਚ ਹੱਥ-ਖੱਡੀ ਪੇਂਡੂ ਖੇਤਰ ਵਿੱਚ ਇੱਕ ਮਹੱਤਵਪੂਰਨ ਲੋਕ ਧੰਦਾ ਸੀ। ਰੋਟੀ-ਰੋਜ਼ੀ ਦੇ ਸਾਧਨ ਦੇ ਨਾਲ ਨਾਲ ਇਹ ਇਨ੍ਹਾਂ ਕਿੱਤਾਕਾਰਾਂ ਦੇ ਕਲਾਤਮਿਕ ਹੁਨਰ ਦਾ ਵੀ ਕਮਾਲ ਸੀ। ਆਮ ਲੋਕ ਹੱਥ-ਖੱਡੀਆਂ ਦਾ ਬੁਣਿਆ ਕੱਪੜਾ ਹੀ ਵਰਤਦੇ ਸਨ। ਸੂਤ ਦੀਆਂ ਬਹੁਤ ਹੀ ਸੁੰਦਰ ਖੇਸੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਦੀ ਸੁੰਦਰਤਾ ਦੇਖਿਆਂ ਹੀ ਬਣਦੀ ਸੀ। ਉਦਯੋਗੀਕਰਨ ਨੇ ਇਨ੍ਹਾਂ ਕਿੱਤਾਕਾਰਾਂ ਦੇ ਹੁਨਰ ਦੀ ਤਾਂ ਇੱਕ ਤਰ੍ਹਾਂ ਨਾਲ ਫੱਟੀ ਹੀ ਪੋਚ ਦਿੱਤੀ ਹੈ। ਹੁਣ ਵੱਡੀਆਂ ਵੱਡੀਆਂ ਕੱਪੜਾ ਮਿਲਾਂ ਅਨੇਕਾਂ ਪ੍ਰਕਾਰ ਦੇ ਕੱਪੜੇ ਤਿਆਰ ਕਰਦੀਆਂ ਹਨ। ਅਜੋਕੇ ਸਮਿਆਂ ਵਿੱਚ ਤਾਂ ਆਪਣੀ ਪਸੰਦ ਅਤੇ ਨਾਪ ਦੇ ਅਨੁਸਾਰ ਕੁਝ ਪਲਾਂ ਵਿੱਚ ਹੀ ਕੱਪੜੇ ਖਰੀਦ ਕੇ ਪਹਿਨੇ ਜਾ ਸਕਦੇ ਹਨ। ਕੱਪੜਿਆਂ ਦੀ ਵੰਨ ਸੁਵੰਨਤਾ ਅਤੇ ਡਿਜ਼ਾਇਨਾਂ ਦਾ ਵੀ ਕੋਈ ਅੰਤ ਨਹੀਂ ਹੈ। ਆਪਣੀ ਸੂਝ ਤੇ ਸਮਰੱਥਾ ਅਨੁਸਾਰ ਕੱਪੜਾ ਖਰੀਦਿਆ ਜਾ ਸਕਦਾ ਹੈ।
ਬਿਨਾਂ ਸ਼ੱਕ ਵਿਕਾਸ ਦੀ ਇਸ ਪ੍ਰਕਿਰਿਆ ਨੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ। ਦੁਖਦਾਈ ਗੱਲ ਇਹ ਹੈ ਕਿ ਅਸੀਂ ਇਸ ਹੁਨਰ ਨੂੰ ਸੰਭਾਲਣ ਵਿੱਚ ਕਾਮਯਾਬ ਨਹੀਂ ਹੋਏ। ਘੁਮਿਆਰ ਦੇ ਹੱਥਾਂ ਦਾ ਜਾਦੂ ਵੀ ਅਲੋਪ ਹੋਣ ਕੰਢੇ ਹੈ। ਪਹਿਲਾਂ ਬਹੁਤ ਹੱਦ ਤੱਕ ਘਰਾਂ ਵਿੱਚ ਮਿੱਟੀ ਦੇ ਭਾਂਡੇ ਹੀ ਵਰਤੇ ਜਾਂਦੇ ਸਨ। ਕੁੱਜੇ, ਤੌੜੀਆਂ, ਚਾਟੀਆਂ, ਘੜੇ, ਸੁਰਾਹੀਆਂ, ਧਤੂਨੇ ਅਤੇ ਅਨੇਕਾਂ ਹੋਰ ਬਰਤਨ ਹੁਣ ਘਰਾਂ ਵਿੱਚੋਂ ਅਲੋਪ ਹੋ ਗਏ ਹਨ ਤੇ ਬੀਤੇ ਦੀ ਯਾਦ ਬਣ ਕੇ ਰਹਿ ਗਏ ਹਨ। ਅੱਗੇ ਘਰਾਂ ਵਿੱਚ ਸਾਰਾ ਦਿਨ ਕਾੜ੍ਹਨੇ ਵਿੱਚ ਦੁੱਧ ਕੜ੍ਹਦਾ ਰਹਿੰਦਾ ਤੇ ਘਰ ਆਏ ਪ੍ਰਾਹੁਣੇ ਦੀ ਸੇਵਾ ਵੀ ਮਲਾਈ ਸਮੇਤ ਕੜ੍ਹੇ ਦੁੱਧ ਨਾਲ ਕੀਤੀ ਜਾਂਦੀ। ਲੱਸੀ ਦੀਆਂ ਚਾਟੀਆਂ ਹੁੰਦੀਆਂ ਤੇ ਸਾਰੇ ਲੱਸੀ ਬੜੇ ਸ਼ੌਕ ਨਾਲ ਪੀਂਦੇ। ਹੁਣ ਪੰਜਾਬ ਦੇ ਪਿੰਡਾਂ ਵਿੱਚ ਵੀ ਦੁੱਧ ਲਈ ਮੱਝ ਗਾਂ ਰੱਖਣ ਦਾ ਰਿਵਾਜ ਨਹੀਂ ਰਿਹਾ। ਸਾਡੇ ਲੋਕ ਗੀਤ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ:
ਕੈਂਠੇ ਵਾਲਾ ਧਾਰ ਕੱਢਦਾ
ਦੁੱਧ ਰਿੜਕੇ ਝਾਂਜਰਾਂ ਵਾਲੀ
ਘਰਾਂ ਵਿੱਚੋਂ ਦੁੱਧ ਅਲੋਪ ਹੋਣ ਨਾਲ ਸਭ ਕੁਝ ਹੀ ਬਦਲ ਗਿਆ ਹੈ। ਇਸ ਕਾਰਨ ਹੀ ਘੁਮਿਆਰ ਦੁਆਰਾ ਸਿਰਜੇ ਮਿੱਟੀ ਦੇ ਸਾਰੇ ਭਾਂਡੇ ਵੀ ਘਰਾਂ ਵਿੱਚੋਂ ਅਲੋਪ ਹੋ ਗਏ ਹਨ। ਪੁਰਾਣੇ ਵੇਲਿਆਂ ਵਿੱਚ ਮੁਟਿਆਰਾਂ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੀਆਂ ਸੁੰਦਰ ਪੱਖੀਆਂ ਬਣਾਉਂਦੀਆਂ ਸਨ। ਖਜ਼ੂਰ ਦੀਆਂ ਪੱਤੀਆਂ ਨੂੰ ਰੰਗ ਕੇ ਜਾਂ ਕੱਪੜੇ ਦੀਆਂ ਪੱਖੀਆਂ ਰੰਗ-ਬਿਰੰਗੀਆਂ ਝਾਲਰਾਂ ਲਾ ਕੇ ਅਤੇ ਕਢਾਈ ਨਾਲ ਸੁੰਦਰ ਡਿਜ਼ਾਇਨ ਬਣਾ ਕੇ ਤਿਆਰ ਕੀਤੀਆਂ ਜਾਂਦੀਆਂ ਸਨ। ਘਰ ਆਏ ਵਿਸ਼ੇਸ਼ ਪ੍ਰਾਹੁਣੇ ਨੂੰ ਅਜਿਹੀ ਪੱਖੀ ਦੇ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ। ਕੁੜੀਆਂ ਦੇ ਦਾਜ ਵਿੱਚ ਵੀ ਇਹ ਪੱਖੀਆਂ ਦਿੱਤੀਆਂ ਜਾਂਦੀਆਂ ਤਾਂ ਕਿ ਕੁੜੀ ਦੇ ਸਚਿਆਰੀ ਹੋਣ ਦਾ ਪਤਾ ਲੱਗ ਸਕੇ। ਹੁਣ ਪੱਖਿਆਂ, ਕੂਲਰਾਂ ਤੇ ਏਅਰ-ਕੰਡੀਸ਼ਨਰਾਂ ਦੇ ਸਮਿਆਂ ਵਿੱਚ ਪੱਖੀ ਤਾਂ ਕਿਤੇ ਰੁਲ ਹੀ ਗਈ ਹੈ। ਅੱਜ ਤਾਂ ਪੱਖੀ ਦਾ ਜ਼ਿਕਰ ਲੋਕ-ਵਿਰਸੇ ਦੀ ਪਛਾਣ ਵਜੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਗਾਏ ਗੀਤ ਵਿੱਚ ਹੀ ਰਹਿ ਗਿਆ ਹੈ:
ਵੇ ਲੈ ਦੇ ਮੈਨੂੰ ਮਖਮਲ ਦੀ
ਪੱਖੀ ਘੁੰਗਰੂਆਂ ਵਾਲੀ
ਦੁਖਦਾਈ ਗੱਲ ਇਹ ਹੈ ਕਿ ਸ਼ੋਰ ਭਰੀ ਗਾਇਕੀ ਦੇ ਇਸ ਦੌਰ ਵਿੱਚ ਸਾਡੀ ਅਜੋਕੀ ਪੀੜ੍ਹੀ ਸੱਭਿਆਚਾਰਕ ਗਾਇਕੀ ਤੋਂ ਦੂਰ ਹੁੰਦੀ ਜਾ ਰਹੀ ਹੈ। ਆਪਣੀ ਮਾਂ ਬੋਲੀ ਪੰਜਾਬੀ ਪ੍ਰਤੀ ਵੀ ਸਾਡਾ ਨਜ਼ਰੀਆ ਬਦਲ ਗਿਆ ਹੈ। ਹੋਰ ਭਾਸ਼ਾਵਾਂ ਸਿੱਖਣੀਆਂ ਕੋਈ ਮਾੜੀ ਗੱਲ ਨਹੀਂ ਹੈ, ਪਰ ਆਪਣੀ ਮਾਂ ਬੋਲੀ ਨੂੰ ਮੂਲੋੋਂ ਹੀ ਮਨੋ ਵਿਸਾਰ ਦੇਣਾ ਬਹੁਤ ਨਿੰਦਣਯੋਗ ਹੈ। ਜਦੋਂ ਕੋਈ ਵਿਅਕਤੀ ਮਾਂ ਬੋਲੀ ਤੋਂ ਦੂਰ ਹੁੰਦਾ ਹੈ, ਉਹ ਆਪਣੇ ਸੱਭਿਆਚਾਰ ਤੋਂ ਵੀ ਦੂਰ ਹੋ ਜਾਂਦਾ ਹੈ।
ਮੁਟਿਆਰਾਂ ਆਪਣੀਆਂ ਮਾਵਾਂ, ਚਾਚੀਆਂ, ਤਾਈਆਂ ਤੇ ਹੋਰ ਸਿਆਣੀਆਂ ਔਰਤਾਂ ਦੀ ਸੰਗਤ ਵਿੱਚ ਘਰਾਂ ਦੇ ਕੰਮਾਂ-ਕਾਰਾਂ ਤੋਂ ਵਿਹਲ ਕੱਢ ਕੇ ਇੱਕ ਥਾਂ ਇਕੱਠੀਆਂ ਬੈਠ ਕੇ ਇੱਕ ਦੂਜੇ ਨਾਲ ਦਿਲਾਂ ਦੀ ਸਾਂਝ ਪਾਉਂਦੀਆਂ ਤੇ ਚਾਦਰਾਂ ਤੇ ਫੁਲਕਾਰੀਆਂ ਕੱਢਦੀਆਂ। ਰੰਗ-ਬਿਰੰਗੇ ਰੇਸ਼ਮੀ ਧਾਗਿਆਂ ਨਾਲ ਮੁਟਿਆਰਾਂ ਸੁੰਦਰ ਫੁੱਲ ਬੂਟੇ ਪਾ ਕੇ ਆਪਣੇ ਮਨਾਂ ਦੀਆਂ ਰੀਝਾਂ, ਸੁਪਨਿਆਂ ਤੇ ਉਮੰਗਾਂ ਦੀ ਸੰਵੇਦਨਾ ਨੂੰ ਪ੍ਰਗਟ ਕਰਦੀਆਂ। ਤ੍ਰਿੰਝਣ ਜੁੜਦੇ ਤੇ ਚਰਖਿਆਂ ਦੀ ਘੂਕਰ ਪੈਂਦੀ। ਮਨਾਂ ਦੇ ਵਲਵਲਿਆਂ ਦਾ ਪ੍ਰਗਟਾਵਾ ਲੋਕ ਗੀਤਾਂ ਦੇ ਅਗੰਮੀ ਬੋਲਾਂ ਨਾਲ ਹੁੰਦਾ। ਹੁਣ ਨਾ ਤ੍ਰਿੰਝਣ ਰਹੇ ਹਨ ਤੇ ਨਾ ਹੀ ਚਰਖੇ। ਚਰਖੇ ਦਾ ਜ਼ਿਕਰ ਤਾਂ ਹੁਣ ਕੇਵਲ ਲੋਕ ਗੀਤ ਦੇ ਬੋਲਾਂ ਤੱਕ ਸਿਮਟ ਕੇ ਰਹਿ ਗਿਆ ਹੈ:
ਨੀਂ ਮੈਂ ਕੱਤਾਂ ਪ੍ਰੀਤਾਂ ਨਾਲ
ਚਰਖਾ ਚੰਨਣ ਦਾ
ਫੁਲਕਾਰੀ ਦਾ ਜ਼ਿਕਰ ਵੀ ਹੁਣ ਗੁਰਦਾਸ ਮਾਨ ਦੇ ਗਾਏ ਗੀਤ ਵਿੱਚ ਹੀ ਰਹਿ ਗਿਆ ਹੈ:
ਘੱਗਰੇ ਵੀ ਗਏ
ਫੁਲਕਾਰੀਆਂ ਵੀ ਗਈਆਂ….
ਘੁੰਡ ਵੀ ਗਏ
ਤੇ ਘੁੰਡਾਂ ਵਾਲੀਆਂ ਵੀ ਗਈਆਂ
ਚੱਲ ਪਏੇ ਵਲੈਤੀ ਬਾਣੇ
ਕੀ ਬਣੂ ਦੁਨੀਆ ਦਾ
ਸੱਚੇ ਪਾਤਸ਼ਾਹ ਵਹਿਗੁਰੂ ਜਾਣੇ
ਗੱਲ ਕੀ ਬਹੁਤ ਕੁਝ ਅਲੋਪ ਹੋ ਚੁੱਕਾ ਹੈ ਤੇ ਰਹਿੰਦਾ ਦਿਨੋਂ-ਦਿਨ ਹੁੰਦਾ ਜਾ ਰਿਹਾ ਹੈ। ਸਾਡੇ ਲੋਕ ਵਿਰਸੇ ਦੀਆਂ ਬਹੁਤ ਸਾਰੀਆਂ ਵਿਲੱਖਣਤਾਵਾਂ ਹੌਲੀ ਹੌਲੀ ਬੀਤੇ ਦੀ ਯਾਦ ਬਣਦੀਆਂ ਜਾ ਰਹੀਆਂ ਹਨ। ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਹਨ ਕਿ ਵਿਗਿਆਨ ਦੀ ਪ੍ਰਗਤੀ ਸਦਕਾ ਮਨੁੱਖ ਨੂੰ ਜ਼ਿੰਦਗੀ ਦੀਆਂ ਅਨੇਕਾਂ ਸੁੱਖ-ਸਹੂਲਤਾਂ ਮਿਲੀਆਂ ਹਨ, ਪਰ ਇਸ ਮਸ਼ੀਨੀ ਯੁੱਗ ਦੀ ਟੁੱਟ-ਭੱਜ ਨੇ ਮਨੁੱਖੀ ਸੁਭਾਅ, ਮਨੁੱਖੀ ਰਿਸ਼ਤਿਆਂ ਦੀ ਆਪਸੀ ਸਾਂਝ ਨੂੰ ਏਨੇ ਸੰਕੀਰਨ ਬਣਾ ਦਿੱਤਾ ਹੈ ਕਿ ਸਾਡੇ ਵਿੱਚੋਂ ਮੋਹ ਮੁਹੱਬਤ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਬਹੁਤ ਪੇਤਲੀਆਂ ਪੈਂਦੀਆਂ ਜਾ ਰਹੀਆਂ ਹਨ। ਅਜੋਕਾ ਮਨੁੱਖ ਆਪਣੇ ਸੱਭਿਆਚਾਰਕ ਵਿਰਸੇ ਦੇ ਮੁੱਲਵਾਨ ਆਦਰਸ਼ਾਂ ਨੂੰ ਤਿਲਾਂਜਲੀ ਦੇ ਕੇ ਉੱਚਾ ਉੱਠਣ ਦੇ ਯਤਨਾਂ ਵਿੱਚ ਲਗਾਤਾਰ ਨਿੱਘਰਦਾ ਜਾ ਰਿਹਾ ਹੈ। ਸਮੇਂ ਦੇ ਬਦਲਣ ਨਾਲ ਵਿਕਾਸ ਦੀ ਪ੍ਰਕਿਰਿਆ ਨੂੰ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਸੁਭਾਵਿਕ ਅਮਲ ਹੈ। ਲੋੜ ਇਸ ਗੱਲ ਦੀ ਹੈ ਕਿ ਆਪਣੇ ਸੱਭਿਆਚਾਰ ਦੇ ਸ਼ਾਨਾਮੱਤੇ ਮੂਲ ਆਦਰਸ਼ਾਂ ਨੂੰ ਆਪਣੇ ਮਨੋਂ ਨਾ ਵਿਸਾਰੀਏ।
ਸੰਪਰਕ: 98153-56086