ਰਣਬੀਰ ਸਿੰਘ ਮਹਿਮੀ
ਪੰਜਾਬ ਦਾ ਸਭਿਆਚਾਰ ਸੰਯੁਕਤ ਸਭਿਆਚਾਰ ਹੈ। ਇੱਥੇ ਲੱਗਣ ਵਾਲੇ ਮੇਲੇ ਇਸ ਦੀ ਗਵਾਹੀ ਭਰਦੇ ਹਨ। ਇਸ ਵਿੱਚ ਲੋਕ ਚਾਅ ਨਾਲ ਇਕੱਠੇ ਹੁੰਦੇ ਹਨ, ਮਨੋਰੰਜਨ ਕਰਦੇ ਹਨ ਅਤੇ ਵਸਤੂਆਂ ਦਾ ਲੈਣ-ਦੇਣ ਕਰਦੇ ਹਨ। ਇਸੇ ਕਰਕੇ ਹੀ ਇਹ ਕਹਾਵਤ ਪ੍ਰਸਿੱਧ ਹੈ:
ਮੇਲਾ ਮੇਲੀਆਂ ਦਾ
ਪੈਸਾ ਧੇਲੀਆਂ ਦਾ
ਯਾਰਾਂ ਬੇਲੀਆਂ ਦਾ।
ਮੇਲਾ ਲੋਕਾਂ ਦੇ ਮੇਲ-ਮਿਲਾਪ ਦਾ ਵਧੀਆ ਸਾਧਨ ਹੈ ਤੇ ਮੌਜ-ਮਸਤੀ ਦਾ ਵੀ। ਪੰਜਾਬ ’ਚ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਕੋਈ ਮੇਲਾ ਨਾ ਲੱਗਦਾ ਹੋਵੇ। ਮੇਲੇ ਵਿੱਚ ਸ਼ਾਮਲ ਲੋਕ ਸਭਿਆਚਾਰਕ ਸੋਚ ਦੀ ਪ੍ਰਦਰਸ਼ਨੀ ਕਰਦੇ ਹਨ। ਪੰਜਾਬ ਵਿੱਚ ਲੱਗਣ ਵਾਲੇ ਮੇਲਿਆਂ ਵਿੱਚੋਂ ਪਿੰਡ ਛਪਾਰ ਦਾ ਮੇਲਾ ਸਾਰੇ ਪੰਜਾਬ ’ਚ ਤਾਂ ਕੀ ਸਗੋਂ ਦੇਸ਼ ਦੇ ਉੱਤਰੀ ਖੇਤਰ ਦਾ ਪ੍ਰਸਿੱਧ ਮੇਲਾ ਮੰਨਿਆ ਗਿਆ ਹੈ।
ਇਸ ਵਰ੍ਹੇ ਇਹ ਮੇਲਾ 20 ਸਤੰਬਰ ਤੋਂ 22 ਸਤੰਬਰ ਤੱਕ ਮਨਾਇਆ ਗਿਆ। ਇਹ ਮੇਲਾ ਘੁੱਗ ਵੱਸਦੇ ਪਿੰਡ ਛਪਾਰ, ਜ਼ਿਲ੍ਹਾ ਲੁਧਿਆਣਾ ਵਿਖੇ ਭਾਦੋਂ ਮਹੀਨੇ ਦੀ ਚਾਨਣੀ ਚੌਦਸ ਨੂੰ ਭਰਦਾ ਹੈ। ਇਹ ਪੰਜਾਬ ਦੇ ਪੁਰਾਤਨ ਸਭਿਆਚਾਰ ਅਤੇ ਨਵੀਨ ਝੁਕਾਅ ਨੂੰ ਇੱਕੋ ਵੇਲੇ ਪੇਸ਼ ਕਰਦਾ ਹੈ। ਆਦਿ ਮਨੁੱਖ ਕੁਦਰਤ ਦੀ ਪੂਜਾ ਕਰਦਾ ਸੀ, ਜਿਸ ਵਿੱਚ ਸੱਪਾਂ ਦੀ ਪੂਜਾ ਪ੍ਰਮੁੱਖ ਸੀ। ਕਸ਼ਯਪ ਕਬੀਲਿਆਂ ਵਿੱਚ ਸੱਪਾਂ ਦੀ ਪੂਜਾ ਖ਼ਾਸ ਤੌਰ ’ਤੇ ਪ੍ਰਚੱਲਿਤ ਸੀ। ਛਪਾਰ ਮੇਲਾ ‘ਗੁੱਗੇ’ ਪੀਰ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੂਲ ਰੂਪ ਵਿੱਚ ਨਾਗ ਦੇ ਤਿੰਨ ਅਰਥ ਹਨ: ਸੱਪ, ਹਾਥੀ ਅਤੇ ਦਰੱਖਤ। ਮਹਾਭਾਰਤ ਵਿੱਚ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਹਾਥੀ ਅਤੇ ਸੱਪ ਹੀ ਉਸ ਉੱਪਰ ਪਾਣੀ ਪਾਉਂਦੇ ਹਨ। ਦਰੱਖਤ ਵੀ ਨਾਗ ਪੂਜਾ ਨਾਲ ਜੁੜਿਆ ਹੋਇਆ ਹੈ। ਗੁੱਗੇ ਦੀ ਮਾੜੀ ਨਾਲ ਕੋਈ ਨਾ ਕੋਈ ਦਰੱਖਤ ਜ਼ਰੂਰ ਸਬੰਧਤ ਹੁੰਦਾ ਹੈ।
ਇਸ ਮੇਲੇ ਬਾਰੇ ਬਹੁਤ ਕਥਾਵਾਂ ਪ੍ਰਚੱਲਿਤ ਹਨ, ਪਰ ਇਬਟਾਸਨ ਅਨੁਸਾਰ ਗੁੱਗਾ ਪੀਰ ਇੱਕ ‘ਬੀਰ’ ਸੀ। ਗੁੱਗਾ, ਰਾਣੀ ਬਾਛਲ ਦੀ ਕੁੱਖੋਂ ਗੁਰੂ ਗੋਰਖ ਨਾਥ ਦੇ ਵਰ ਨਾਲ ਜੰਮਿਆ ਸੀ। ਰਾਣੀ ਬਾਛਲ ਨੇ ਗੁਰੂ ਗੋਰਖ ਨਾਥ ਦੀ ਘੋਰ ਤਪੱਸਿਆ ਕੀਤੀ ਸੀ। ਉਸ ਦੇ ਪਤੀ ਜੈਮਲ ਨੂੰ, ਜੋ ਕਿ ਉਸ ਸਮੇਂ ਬੀਕਾਨੇਰ ਦਾ ਰਾਜਾ ਸੀ, ਰਾਣੀ ਦੇ ਚਰਿੱਤਰ ’ਤੇ ਸ਼ੱਕ ਪੈ ਗਿਆ। ਉਸ ਨੇ ਰਾਣੀ ਨੂੰ ਮਹਿਲਾਂ ਵਿੱਚ ਵੜਨ ਨਾ ਦਿੱਤਾ, ਪਰ ਜਵਾਨ ਹੋ ਕੇ ਗੁੱਗਾ ਧੱਕੇ ਨਾਲ ਮਹਿਲਾਂ ਵਿੱਚ ਜਾ ਵੜਿਆ। ਗੁੱਗੇ ਦੀ ਕੁੜਮਾਈ ਸੁੰਦਰ ਮੁਟਿਆਰ ‘ਸੀਲੀਅਰ’ ਨਾਲ ਹੋ ਗਈ। ਗੁੱਗੇ ਦੀ ਮਾਸੀ ਦੇ ਪੁੱਤਰ ਅਰਜੁਨ ਤੇ ਸੁਰਜਨ ਇਸ ਗੱਲੋਂ ਉਸ ਨਾਲ ਖਾਰ ਖਾਣ ਲੱਗੇ। ਗੁੱਗੇ ਦੀ ਮਾਂ ਨੇ ਬਹੁਤ ਯਤਨ ਕੀਤੇ ਕਿ ਇਹ ਦੁਸ਼ਮਣੀ ਅੱਗੇ ਨਾ ਵਧੇ, ਪਰ ਗੁੱਗਾ ‘ਸੀਲੀਅਰ’ ਨੂੰ ਨਹੀਂ ਛੱਡਣਾ ਚਾਹੁੰਦਾ ਸੀ। ਆਖਰਕਾਰ ਅਰਜੁਨ ਤੇ ਸੁਰਜਨ ਨੇ ਗੁੱਗੇ ਦੀ ਕੁੜਮਾਈ ਛੁਡਾ ਦਿੱਤੀ। ਗੁੱਗਾ ਬਹੁਤ ਦੁਖੀ ਹੋਇਆ, ਪਰ ਬਾਅਦ ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਇਸ ’ਤੇ ਅਰਜੁਨ ਤੇ ਸੁਰਜਨ ਨੇ ਗੁੱਸੇ ’ਚ ਆ ਕੇ ਗੁੱਗੇ ਨਾਲ ਲੜਾਈ ਕੀਤੀ। ਇਸ ਲੜਾਈ ’ਚ ਅਰਜੁਨ ਤੇ ਸੁਰਜਨ ਮਾਰੇ ਗਏ। ਗੁੱਗੇ ਦੀ ਮਾਂ ਬਾਛਲ ਨੇ ਆਪਣੀ ਭੈਣ ਦੇ ਪੁੱਤਰਾਂ ਦੇ ਮਾਰੇ ਜਾਣ ਦਾ ਬਹੁਤ ਦੁਖ ਮਨਾਇਆ। ਉਸ ਨੇ ਗੁੱਗੇ ਨੂੰ ਜਿਉਂਦੇ ਹੀ ਗਰਕ ਹੋਣ ਦੀ ਦੁਰ-ਅਸੀਸ ਦਿੱਤੀ ਅਤੇ ਹੋਰ ਵੀ ਬੁਰਾ-ਭਲਾ ਆਖਿਆ।
ਇਸ ’ਤੇ ਗੁੱਗੇ ਨੇ ਆਪਣੇ ਆਪ ਨੂੰ ਜਿਉਂਦੇ ਹੀ ਗਰਕ ਕਰਨ ਦਾ ਫ਼ੈਸਲਾ ਕਰ ਲਿਆ। ਦੰਦ ਕਥਾ ਅਨੁਸਾਰ ਗੁੱਗੇ ਨੇ ਬਠਿੰਡਾ ਦੇ ਹਾਜੀ ਰਤਨ ਵਿਖੇ ਇਸਲਾਮ ਧਰਮ ਧਾਰਨ ਕਰ ਲਿਆ। ਉਸ ਤੋਂ ਬਾਅਦ ਉਹ ਘੋੜੇ ਸਮੇਤ ਧਰਤੀ ਵਿੱਚ ਸਮਾ ਗਿਆ। ਮੇਲੇ ਮੌਕੇ ਲੋਕ ਮਿੱਟੀ ਕੱਢ ਕੇ ਸ਼ਾਇਦ ਧਰਤੀ ਹੇਠ ਗਰਕ ਹੋਏ ਗੁੱਗੇ ਪੀਰ ਦੀ ਹੀ ਤਲਾਸ਼ ਕਰਦੇ ਹਨ। ਇਸਲਾਮ ਧਾਰਨ ਕਰਨ ਉਪਰੰਤ ਗੁੱਗਾ-ਬੀਰ ‘ਗੁੱਗਾ ਪੀਰ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਲੋਕਾਂ ਦਾ ਵਿਸ਼ਵਾਸ ਹੈ ਕਿ ਭਾਦੋਂ ਦੀ ਚਾਨਣੀ ਚੌਦਸ ਵਾਲੇ ਦਿਨ ਗੁੱਗਾ ਜਾਹਿਰ ਪੀਰ ਆਪ ਆਪਣੀ ਸੱਪਾਂ ਦੀ ਫ਼ੌਜ ਸਮੇਤ ਇਸ ਛਪਾਰ ਦੀ ਮਾੜੀ ’ਤੇ ਪੁੱਜਦਾ ਹੈ। ਮੇਲੇ ਤੋਂ ਪਹਿਲਾਂ ਲੋਕ ਚੌਕੀਆਂ ਭਰਦੇ ਹਨ। ਪੁਜਾਰੀ ਗੁੱਗੇ ਦੀਆਂ ਭੇਟਾਂ ਗਾਉਂਦੇ ਹਨ। ਗੁੱਗੇ ਪੀਰ ਦੇ ਕਈ ਭਗਤ ਜੋਸ਼ ਵਿੱਚ ਆ ਕੇ ਲੋਹੇ ਦੀਆਂ ਛੜੀਆਂ ਨਾਲ ਆਪਣਾ ਪਿੰਡਾ ਲਹੂ-ਲੁਹਾਣ ਕਰ ਲੈਂਦੇ ਹਨ।
ਛਪਾਰ ਮੇਲੇ ਦੀ ਇੱਕ ਹੋਰ ਮਹੱਤਤਾ ਇਸ ਦੇ ਸਭਿਆਚਾਰਕ ਪ੍ਰਸੰਗ ਕਰਕੇ ਵੀ ਹੈ। ਇਸ ਮੇਲੇ ਸਦਕਾ ਹੀ ਮਲਵਈ ਗਿੱਧਾ ਵਿਸ਼ਾਲ ਪਿੜ ’ਚ ਦਾਖਲ ਹੋ ਸਕਿਆ। ਛਪਾਰ ਦੇ ਮੇਲੇ ’ਚ ਮਲਵਈ ਗਿੱਧੇ ਵਾਲੀਆਂ ਟੋਲੀਆਂ ਦੂਰੋਂ-ਦੂਰੋਂ ਆਉਂਦੀਆਂ ਹਨ ਅਤੇ ਸਾਰੀ ਰਾਤ ਬੋਲੀਆਂ ਪਾ ਕੇ ਮੇਲੀਆਂ ਦਾ ਖੂਬ ਮਨੋਰੰਜਨ ਕਰਦੀਆਂ ਹਨ। ਇਹ ਮੇਲਾ ਕੋਈ 10 ਕਿਲੋਮੀਟਰ ਦੇ ਘੇਰੇ ’ਚ ਫੈਲਿਆ ਹੁੰਦਾ ਹੈ, ਜਿਸ ਵਿੱਚ ਹਰੇਕ ਤਰ੍ਹਾਂ ਦੇ ਦੁਕਾਨਦਾਰ ਸ਼ਿਰਕਤ ਕਰਦੇ ਹਨ। ਲੋਕ ਦੂਰੋਂ-ਦੂਰੋਂ ਇਸ ਨੂੰ ਦੇਖਣ ਆਉਂਦੇ ਹਨ। ਘੋੜਿਆਂ, ਬੱਕਰੀਆਂ, ਭੇਡਾਂ ਆਦਿ ਦੀਆਂ ਮੰਡੀਆਂ ਵੀ ਇਸ ਮੇਲੇ ਦੀ ਸ਼ਾਨ ਬਣਦੀਆਂ ਹਨ।
ਛਪਾਰ ਦੇ ਮੇਲੇ ’ਚ ਬਿਜਲੀ ਵਾਲੇ ਵੱਡੇ ਝੂਲੇ, ਖੇਡ ਤਮਾਸ਼ਿਆਂ ਵਾਲੇ ਸ਼ੋਅ ਤੇ ਵੱਡੀ ਤਾਦਾਦ ਵਿੱਚ ਸਰਕਸਾਂ ਆਦਿ ਲੋਕਾਂ ਦੀ ਖਿੱਚ ਦਾ ਕੇਂਦਰ ਹੁੰਦੀਆਂ ਹਨ। ਛਪਾਰ ਵਿਖੇ ਗੁੱਗੇ ਦੇ ਨਾਂ ’ਤੇ ਇੱਕ ਵਿਸ਼ਾਲ ਮਾੜੀ ‘ਸਿੱਧ ਸੁਲੱਖਣ ਗੁੱਗਾ ਮਾੜੀ’ ਬਣੀ ਹੋਈ ਹੈ, ਜਿੱਥੇ ਲੋਕ ਦੂਰੋਂ-ਦੂਰੋਂ ਆ ਕੇ ਆਪਣੀਆਂ ਮੰਨਤਾਂ ਦਿੰਦੇ ਹਨ। ਰਾਤ ਨੂੰ ਡਰਾਮੇ ਅਤੇ ਲੋਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਹਨ। ਇਸ ਮੇਲੇ ’ਚ ਹਿੰਦੂ, ਸਿੱਖ ਤੇ ਮੁਸਲਮਾਨ ਆਦਿ ਧਰਮਾਂ ਦੇ ਸਾਰੇ ਹੀ ਲੋਕ ਸ਼ਿਰਕਤ ਕਰਦੇ ਹਨ। ਇਸ ਮੇਲੇ ’ਚ ਲੋਕ ਖੂਬ ਮੌਜ-ਮਸਤੀ ਕਰਦੇ ਹਨ ਤੇ ਖ਼ਰੀਦੋ-ਫ਼ਰੋਖ਼ਤ ਕਰਕੇ ਘਰਾਂ ਨੂੰ ਅਗਲੇ ਸਾਲ ਫਿਰ ਮੇਲੇ ਦਾ ਹਿੱਸਾ ਬਣਨ ਲਈ ਖ਼ੁਸ਼ੀ-ਖ਼ੁਸ਼ੀ ਮੁੜਦੇ ਹਨ।
ਸੰਪਰਕ: 98147-75141