ਹਰਦਿਆਲ ਸਿੰਘ ਥੂਹੀ
ਤੂੰਬੇ ਅਲਗੋਜ਼ੇ ਦੀ ਗਾਇਕੀ ਦੇ ਇਤਿਹਾਸ ਵਿੱਚ ਇੱਕ ਜ਼ਿਕਰਯੋਗ ਨਾਂ ਹੈ ਸੁੱਚਾ ਸਿੰਘ ਮਲੌਦ। ਇਸ ਗਾਇਕੀ ਨਾਲ ਸਬੰਧਿਤ ਗਾਇਕਾਂ ਅਤੇ ਸਰੋਤਿਆਂ ਵਿੱਚ ਉਹ ਸੁੱਚਾ ਮਲੌਦ ਵਾਲਾ ਜਾਂ ਸੁੱਚਾ ਮਲੋਦੀਆ ਕਰਕੇ ਜਾਣਿਆ ਜਾਂਦਾ ਸੀ। ਆਪਣੇ ਸਮੇਂ ਵਿੱਚ ਸੁੱਚੇ ਦੀ ਗਿਣਤੀ ਚੋਟੀ ਦੇ ਗਾਇਕਾਂ ਵਿੱਚ ਹੁੰਦੀ ਸੀ।
ਉਸ ਦਾ ਜਨਮ ਜ਼ਿਲ੍ਹਾ ਸੰਗਰੂਰ ਦੀ ਮਾਲੇਰਕੋਟਲਾ ਤਹਿਸੀਲ ਦੇ ਪ੍ਰਸਿੱਧ ਪਿੰਡ ਮਲੌਦ ਵਿਖੇ 1920 ਦੇ ਨੇੜੇ ਤੇੜੇ ਇੱਕ ਸਾਂਹਸੀ ਪਰਿਵਾਰ ਵਿੱਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਅਤਰ ਕੌਰ ਦੇ ਘਰ ਹੋਇਆ ਸੀ। ਪਿਤਾ ਕਿਸ਼ਨ ਸਿੰਘ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਸੁੱਚੇ ਦਾ ਬਚਪਨ ਪੇਂਡੂ ਸਮਾਜ ਦੇ ਨਿਮਨ ਵਰਗ ਦੇ ਆਮ ਬੱਚਿਆਂ ਵਾਂਗ ਰੁਲਦੇ ਖੁਲਦੇ ਹੀ ਬੀਤਿਆ। ਉਹ ਕੋਰਾ ਅਨਪੜ੍ਹ ਸੀ। ਬਚਪਨ ਵਿੱਚ ਉਸ ਨੇ ਪਸ਼ੂ ਚਾਰੇ, ਰੋਹੀਆਂ ਰੱਕੜ ਗਾਹੇ। ਚੜ੍ਹਦੀ ਜਵਾਨੀ ਵਿੱਚ ਜਰਗ, ਛਪਾਰ ਦੇ ਮੇਲਿਆਂ ਅਤੇ ਮਾਲੇਰਕੋਟਲਾ ਵਿਖੇ ਭਰਦੇ ਨਿਮਾਣੀ ਇਕਾਦਸ਼ੀ ਦੇ ਮੇਲੇ ’ਤੇ ਲੱਗਦੇ ਗਮੰਤਰੀਆਂ ਦੇ ‘ਗੌਣ’ ਸੁਣ ਸੁਣ ਕੇ ਉਸ ਨੂੰ ਗਾਇਕੀ ਦੀ ਚੇਟਕ ਲੱਗ ਗਈ। ਆਪਣੀ ਇਸ ਸੰਗੀਤਕ ਭੁੱਖ ਨੂੰ ਸ਼ਾਂਤ ਕਰਨ ਲਈ ਉਹ ਪ੍ਰਸਿੱਧ ਗਵੱਈਏ ਇਮਾਮਗੜ੍ਹ ਵਾਲੇ ਜਾਨੀ ਦੇ ਚਰਨੀ ਜਾ ਪਿਆ। ਇਮਾਮਗੜ੍ਹ ਪਿੰਡ ਮਾਲੇਰਕੋਟਲਾ ਦੇ ਲਹਿੰਦੇ ਪਾਸੇ ਸਥਿਤ ਹੈ। ਇੱਥੇ ਹੀ ਜਾਨੀ ਹੋਰਾਂ ਦੇ ਖੂਹ ’ਤੇ ਸੁੱਚੇ ਨੇ ‘ਗੌਣ’ ਸਿੱਖਿਆ। ਇਸੇ ਖੂਹ ’ਤੇ 1997-98 ਵਿੱਚ ਮੈਂ ਜਾਨੀ ਦੇ ਛੋਟੇ ਭਰਾ ਸੋਹਣੇ ਨੂੰ ਮਿਲਿਆ ਸੀ।
ਉਸਤਾਦ ਤੋਂ ਥਾਪੜਾ ਲੈ ਕੇ ਸੁੱਚਾ ਬੋੜ੍ਹ ਕਲਾਂ ਵਾਲੇ ਨਾਮੀ ਗਵੱਈਏ ਨਸੀਰੂਦੀਨ ਨਾਲ ਪਾਛੂ ਵਜੋਂ ਸਾਥ ਨਿਭਾਉਣ ਲੱਗਾ। ਨਸੀਰੂਦੀਨ ਦਾ ਪਿਛੋਕੜ ਪਿੰਡ ਸਿਲ ਸੋਤਲ ਦਾ ਸੀ ਅਤੇ ਉਹ ਨੂਰਦੀਨ ਸੇਖੇਵਾਲੀਏ ਦਾ ਸ਼ਾਗਿਰਦ ਸੀ। ਨੂਰਦੀਨ ਇਸ ਗਾਇਕੀ ਦੇ ਮੀਲ ਪੱਥਰ ਕਾਕਾ ਰਾਵਾਂ ਖੇਲਾ ਵਾਲੇ ਦਾ ਸ਼ਾਗਿਰਦ ਸੀ। ਇਸ ਤਰ੍ਹਾਂ ਸੁੱਚੇ ਨੂੰ ਘਰਾਣੇ ਦੀ ਗਾਇਕੀ ਵਿਰਾਸਤ ਵਿੱਚ ਮਿਲੀ। 1944 ਵਿੱਚ ਰਹਿਮਦੀਨ ਨਾਰੋਮਾਜਰੇ ਵਾਲਾ, ਨਸੀਰੂਦੀਨ ਦਾ ਸ਼ਾਗਿਰਦ ਬਣ ਗਿਆ। ਇਸ ਤਰ੍ਹਾਂ ਰਹਿਮਦੀਨ ਨੂੰ ਸੁੱਚੇ ਨਾਲ ਗਾਉਣ ਦਾ ਮੌਕਾ ਮਿਲਿਆ। ਤਿੰਨ ਸਾਲ ਇਨ੍ਹਾਂ ਨੇ ਇਕੱਠਿਆਂ ਨਸੀਰੂਦੀਨ ਦੀ ਅਗਵਾਈ ਅਧੀਨ ਗਾਇਆ। 1947 ਦੀ ਵੰਡ ਦੇ ਰੌਲਿਆਂ ਵੇਲੇ ਨਸੀਰੂਦੀਨ ਪਾਕਿਸਤਾਨ ਚਲਾ ਗਿਆ। ਰੌਲੇ ਰੱਪੇ ਸ਼ਾਂਤ ਹੋਣ ਤੋਂ ਬਾਅਦ ਰਹਿਮਦੀਨ ਨੇ ਆਪਣੇ ਭਰਾ ਹਸਨੇ ਨੂੰ ਜੋੜੀ ’ਤੇ ਲਾ ਲਿਆ ਅਤੇ ਸੁੱਚੇ ਦੀ ਅਗਵਾਈ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮਾਂ ਇਹ ਸਿਲਸਿਲਾ ਚੱਲਦਾ ਰਿਹਾ। ਬਾਅਦ ਵਿੱਚ ਰਹਿਮਦੀਨ ਤੇ ਹਸਨਾ ਗੁਲਾਮ ਨਬੀ ਦੀ ਅਗਵਾਈ ਹੇਠ ਪਾਛੂ ਵਜੋਂ ਗਾਉਣ ਲੱਗ ਪਏ।
ਸੁੱਚੇ ਨੇ ਕੁੱਝ ਸਮਾਂ ਇਸ ਗਾਇਕੀ ਦੇ ਬਾਬਾ ਬੋਹੜ ਇਬਰਾਹੀਮ ਘੁੱਦੂ ਨਾਲ ਵੀ ਗਾਇਆ। ਸਿੱਟੇ ਵਜੋਂ ਉਸ ਦੀ ਗਾਇਕੀ ਹੋਰ ਪਰਿਪੱਕ ਹੋ ਗਈ। ਇਸੇ ਤਰ੍ਹਾਂ ਕਦੇ ਕਦੇ ਉਹ ਘੁੱਦੂ ਦੇ ਭਤੀਜੇ ਨੂਰਦੀਨ ਨਾਲ ਵੀ ਚਲਾ ਜਾਂਦਾ ਸੀ। ਜਦੋਂ ਕੋਈ ਪ੍ਰੋਗਰਾਮ ਉਸ ਨੂੰ ਖ਼ੁਦ ਨੂੰ ਮਿਲ ਜਾਂਦਾ ਸੀ ਤਾਂ ਉਹ ਮਾਲੇਰਕੋਟਲਾ ਵਾਲੇ ਫੰਮਣ ਜੋੜੀ ਵਾਲੇ ਅਤੇ ਸ਼ਾਦੀ ਤੂੰਬੇ ਵਾਲੇ ਨੂੰ ਨਾਲ ਲੈ ਕੇ ਜਾਂਦਾ ਸੀ। ਫੇਰ ਸੁੱਚੇ ਨੇ ਰਾੜਾ ਸਾਹਿਬ ਨੇੜਲੇ ਪਿੰਡ ਹੰਸਾਂ ਦੇ ਦਿਆਲ ਨੂੰ ਤੂੰਬੇ ’ਤੇ ਅਤੇ ਸਾਧੋਹੇੜੀ (ਨੇੜੇ ਨਾਭਾ) ਵਾਲੇ ਕਾਕੇ ਨੂੰ ਜੋੜੀ ’ਤੇ ਲਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਕਦੇ ਕਦੇ ਦੁੱਗਰੀ ਵਾਲਾ ਗੁਲਜ਼ਾਰ ਵੀ ਉਸ ਦਾ ਪਾਛੂ ਵਜੋਂ ਸਾਥ ਨਿਭਾ ਦਿੰਦਾ ਸੀ।
ਗਾਇਕੀ ਦੇ ਇਸ ਲੰਬੇ ਸਫ਼ਰ ਦੌਰਾਨ ਸੁੱਚੇ ਨੇ ਵੱਖ-ਵੱਖ ਸਾਥੀਆਂ ਨਾਲ ਪੰਜਾਬ ਦੇ ਪ੍ਰਸਿੱਧ ਮੇਲਿਆਂ ਜਰਗ, ਛਪਾਰ, ਜਗਰਾਵਾਂ ਦੀ ਰੌਸ਼ਨੀ, ਸੁਨਾਮ ਅਤੇ ਜੈਤੋਂ ਦੀ ਮੰਡੀ, ਸੰਗਰੂਰ ਦੇ ਦੁਸਹਿਰੇ ਆਦਿ ਤੋਂ ਇਲਾਵਾ ਹੀਰੋ ਝਾੜੋਂ ਵਾਲੇ ਮਹੰਤਾਂ ਦੇ ਸਥਾਨਾਂ, ਘੜਾਮ ਦੇ ਉਰਸ, ਸੰਢੌਰੇ ਦੇ ਉਰਸ, ਹੈਦਰ ਸ਼ੇਖ ਮਾਲੇਰਕੋਟਲਾ, ਨੈਣਾ ਦੇਵੀ, ਪਹੋਏ, ਕਪਾਲ ਮੋਚਨ ਜਿਹੇ ਧਾਰਮਿਕ ਮੇਲਿਆਂ ’ਤੇ ਵੀ ਅਨੇਕਾਂ ਪ੍ਰੋਗਰਾਮ ਕੀਤੇ। ਇਸ ਦੇ ਨਾਲ ਨਾਲ ਇਨ੍ਹਾਂ ਦੀ ਗਾਇਕੀ ਦੇ ਦੀਵਾਨੇ ਲੋਕ ਇਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਵਿਆਹਾਂ, ਮੰਗਣਿਆਂ ਅਤੇ ਛਿਟੀ ਦੇ ਪ੍ਰੋਗਰਾਮਾਂ ’ਤੇ ਵਿਸ਼ੇਸ਼ ਤੌਰ ’ਤੇ ਵੀ ਬੁਲਾਉਂਦੇ ਸਨ। ਸੁੱਚੇ ਹੁਰੀਂ ਵੀ ਆਮ ਪ੍ਰਚੱਲਤ ਲੋਕ ਗਾਥਾਵਾਂ ਜਿਵੇਂ ਹੀਰ, ਸੱਸੀ, ਮਲਕੀ, ਸੋਹਣੀ, ਮਿਰਜ਼ਾ, ਪੂਰਨ, ਰਸਾਲੂ, ਕੌਲਾਂ, ਦੁੱਲਾ ਭੱਟੀ, ਜੈਮਲ ਫੱਤਾ, ਸ਼ਾਹ ਬਹਿਰਾਮ, ਢੋਲ ਬਾਦਸ਼ਾਹ, ਜਿਉਣਾ ਮੌੜ, ਸੁੱਚਾ ਸੂਰਮਾ ਆਦਿ ਲੜੀ ਦੇ ਰਾਗ ਗਾਉਂਦੇ ਸਨ। ਇਸ ਦੇ ਨਾਲ ਨਾਲ ਉਹ ਵਿਕੋਲਿਤਰੇ ਰੰਗ ਗਾ ਕੇ ਵੀ ਸਰੋਤਿਆਂ ਦੀ ਰੂਹ ਰਾਜ਼ੀ ਕਰਦੇ ਸਨ। ਇਸ ਦੇ ਨਮੂਨੇ ਹਨ:
ਹਾਕਾਂ ਮਾਰਾਂ ਪੁੰਨਣਾ ਵੇ,
ਕਿਉਂ ਸੁੱਤੜੀ ਛੋੜ ਸਿੱਧਾ ਚੱਲਿਆ।
ਦੱਸ ਜਾ ਕੀ ਤਕਸੀਰ ਹੋਈ,
ਕਿਹੜੀ ਗੱਲੋਂ ਮੁੱਖ ਭੁਆ ਚੱਲਿਆ।
ਸੁਫ਼ਨੇ ਵਾਂਗੂ ਮਿਲਿਆ ਮੈਨੂੰ,
ਇਹ ਕੀ ਭਲਾ ਯਰਾਨਾ ਸੀ।
ਚੰਦਰਿਆ ਅੱਖੀਆਂ ਨਾ ਹੀ ਲਾਉਂਦਾ,
ਜੇ ਲਾ ਕੇ ਨੱਸ ਜਾਣਾ ਸੀ।
ਮਰਦਾਂ ਵਾਲੀ ਕਾਰ ਕਮਾਉਂਦਾ,
ਕਿਸ ਗੱਲੋਂ ਘਬਰਾਣਾ ਸੀ।
ਜਦ ਮੈਂ ਤੇਰੀ ਸੀ ਫੇਰ
ਤੈਨੂੰ ਕਾਹਦਾ ਦੇਸ ਬਗਾਨਾ ਸੀ।
ਚੰਗੀ ਕੀਤੀ ਦਿਲ ਦਾਰੀ,
ਮੈਨੂੰ ਉਮਰ ਦਾ ਰੋਣਾ ਪਾ ਚੱਲਿਆ।
ਹਾਕਾਂ ਮਾਰਾਂ ਪੁੰਨਣਾ ਵੇ,
ਕਿਉਂ ਸੁੱਤੜੀ ਛੋੜ ਸਿੱਧਾ ਚੱਲਿਆ।
ਨਾਲ ਪ੍ਰਦੇਸੀ ਨਹੀਂ ਨਿਭਣੀ,
ਤੈਨੂੰ ਅੰਤ ਵਿਛੋੜਾ ਪੈ ਜੂਗਾ।
ਨਾ ਦੇਹ ਦਿਲ ਪ੍ਰਦੇਸੀ ਨੂੰ,
ਤੈਨੂੰ ਨਿੱਤ ਦਾ ਰੋਣਾ ਪੈ ਜੂਗਾ।
ਨਾਲ ਪ੍ਰਦੇਸੀ ਨਿਹੁੰ ਲਗਾ ਕੇ ਰੋਵੇਂਗੀ ਕੁਰਲਾਵੇਂਗੀ।
ਨਿਹੁੰ ਲਗਾਕੇ ਤੁਰਜੂ ਸੋਹਣਾ, ਫੇਰ ਕਿੱਧਰ ਨੂੰ ਜਾਵੇਂਗੀ।
ਦਰ ਦਰ ਦੀ ਤੂੰ ਮੰਗਤੀ ਬਣ ਕੇ, ਧੱਕੇ ਧੋੜੇ ਖਾਵੇਂਗੀ।
ਆਹ ਵੇਲਾ ਤੇਰੇ ਹੱਥ ਨ੍ਹੀਂ ਆਉਣਾ,
ਫੇਰ ਪਿੱਛੋਂ ਪਛਤਾਵੇਂਗੀ।
ਛੱਡ ਖਹਿੜਾ ਪ੍ਰਦੇਸੀ ਦਾ,
ਤੈਨੂ ਡਾਹਢਾ ਖੋਹਣਾ ਪੈ ਜੂਗਾ।
ਨਾ ਦੇਹ ਦਿਲ ਪ੍ਰਦੇਸੀ ਨੂੰ,
ਤੈਨੂੰ ਨਿੱਤ ਦਾ ਰੋਣਾ ਪੈ ਜੂਗਾ।
ਵੀਹ ਇੱਕੀ ਸਾਲ ਦੀ ਉਮਰ ਵਿੱਚ ਸੁੱਚਾ ਸਿੰਘ
ਦਾ ਵਿਆਹ ਬਚਨ ਕੌਰ ਨਾਲ ਹੋ ਗਿਆ ਸੀ। ਇਨ੍ਹਾਂ
ਦੇ ਘਰ ਤਿੰਨ ਲੜਕੇ ਤੇ ਚਾਰ ਲੜਕੀਆਂ ਨੇ ਜਨਮ ਲਿਆ। ਪੁੱਤਰਾਂ ਵਿੱਚੋਂ ਕੋਈ ਵੀ ਉਸ ਵਾਲੀ ਲਾਈਨ
’ਤੇ ਨਾ ਚੱਲਿਆ। ਲਗਭਗ ਪੈਂਹਟ ਸਾਲ ਦੀ ਉਮਰ
ਤੱਕ ਉਹ ਗਾਉਂਦਾ ਰਿਹਾ। ਫੇਰ ਉਸ ਨੇ ਦੂਰ
ਪਾਰ ਮੇਲਿਆਂ ’ਤੇ ਜਾਣਾ ਛੱਡ ਦਿੱਤਾ। ਅਖ਼ੀਰ
27 ਫਰਵਰੀ 1997 ਨੂੰ ਉਸ ਦੇ ‘ਵਜੂਦ’ ਵਿੱਚੋਂ ‘ਭੌਰ’
ਸਦਾ ਲਈ ਉਡਾਰੀ ਮਾਰ ਗਿਆ।
ਸੰਪਰਕ: 84271-00341