ਸਾਂਵਲ ਧਾਮੀ
ਪਿਛਲੇ ਕਈ ਵਰ੍ਹਿਆਂ ਤੋਂ ਮੈਂ ਸੰਤਾਲੀ ਦੇ ਚਸ਼ਮਦੀਦ ਗਵਾਹਾਂ ਨੂੰ ਮਿਲ ਰਿਹਾ ਹਾਂ। ਮੈਂ ਇਸ ਉਜਾੜੇ ਨਾਲ ਜੁੜੀਆਂ ਹਜ਼ਾਰਾਂ ਕਹਾਣੀਆਂ ਸੁਣੀਆਂ ਹਨ। ਅੱਜ ਵਾਲੀ ਕਹਾਣੀ ਬੜੀ ਅਨੋਖੀ ਏ। ਇਹ ਕਹਾਣੀ ਮੈਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ’ਚ ਵੱਸਦੇ ਬਾਬਰ ਨਸਰੁੱਲਾ ਖਾਂ ਸਾਹੀ ਹੋਰਾਂ ਸੁਣਾਈ ਸੀ।
ਸੰਤਾਲੀ ਤੋਂ ਕਰੀਬ ਦੋ ਵਰ੍ਹੇ ਬਾਅਦ ਦੀ ਗੱਲ ਏ। ਉੱਜੜੇ ਲੋਕ ਜ਼ਰਾ ਟਿਕ ਜ਼ਰੂਰ ਗਏ ਸਨ। ਉਨ੍ਹਾਂ ਨੂੰ ਮੁੜ ਤੋਂ ਵਸਣ ਲਈ ਤਾਂ ਸ਼ਾਇਦ ਜ਼ਿੰਦਗੀ ਵੀ ਥੋੜ੍ਹੀ ਸੀ।
ਸਿਆਲਕੋਟੀਆਂ ਨੂੰ ਗੁਰਦਾਸਪੁਰ ਅਤੇ ਹੁਸ਼ਿਅਰਪੁਰ ਜ਼ਿਲ੍ਹੇ ਮਿਲੇ ਸਨ। ਸਿਆਲਕੋਟ ਦੀ ਤਹਿਸੀਲ ਡਸਕੇ ਦੇ ਬਹੁਤੇ ਬਾਸ਼ਿੰਦੇ ਬਟਾਲੇ ਨੇੜਲੇ ਕਸਬੇ ਕਾਦੀਆਂ ’ਚ ਆਣ ਬੈਠੇ ਸਨ। ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਚੌਧਰੀ ਸਰ ਮੁਹੰਮਦ ਜ਼ਫ਼ਰੁੱਲਾ ਖਾਂ ਸਾਹੀ ਕਾਦੀਆਂ ਆਏ। ਉਹ ਜਿਸ ਗੈਸਟ ਹਾਊਸ ’ਚ ਠਹਿਰੇ ਹੋਏ ਸਨ, ਉਸ ਦੇ ਮੁੱਖ ਦਰਵਾਜ਼ੇ ’ਤੇ ਇਕ ਔਰਤ ਆਈ। ਉਹ ਸਾਹੀ ਹੋਰਾਂ ਨੂੰ ਮਿਲਣਾ ਚਾਹੁੰਦੀ ਸੀ। ਸੰਤਰੀ ਨੇ ਹੈਰਾਨੀ ਨਾਲ ਪੁੱਛਿਆ-ਬੀਬੀ ਤੂੰ ਮੰਤਰੀ ਸਾਹਿਬ ਨੂੰ ਜਾਣਦੀ ਏਂ?
“ਉਹ ਮੇਰੇ ਦਿਓਰ ਜੀ ਨੇ, ਪੁੱਤਰੋ!” ਔਰਤ ਨੇ ਮਾਣ ਨਾਲ ਮੁਸਕਰਾਉਂਦਿਆਂ ਜਵਾਬ ਦਿੱਤਾ।
ਓਥੇ ਮੌਜੂਦ ਬਹੁਤੇ ਲੋਕ ਹੱਸ ਪਏ। ਹਾਜ਼ਰ ਲੋਕਾਂ ’ਚੋਂ ਇਕ ਬਜ਼ੁਰਗ ਚਾਣਚੱਕ ਸਾਹਮਣੇ ਆਉਂਦਿਆਂ ਬੋਲਿਆ- ਮੈਂ ਵੀ ਡਸਕੇ ਤੋਂ ਉੱਜੜ ਕੇ ਆਇਆਂ। ਤੁਸੀਂ ਨਹੀਂ ਜਾਣਦੇ ਕਿ ਇਹ ਔਰਤ ਕੌਣ ਏਂ! ਅਗਰ ਚੌਧਰੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਤੁਸੀਂ ਉਨ੍ਹਾਂ ਦੀ ਭਰਜਾਈ ਨੂੰ ਮਿਲਣ ਨਹੀਂ ਦਿੱਤਾ ਤਾਂ ਤੁਹਾਡੀ ਸ਼ਾਮਤ ਆ ਜਾਏਗੀ।
ਪੁਲੀਸ ਵਾਲੇ ਸੋਚੀਂ ਪੈ ਗਏ। ਉਨ੍ਹਾਂ ਨੇ ਵਿਚਕਾਰਲਾ ਰਾਹ ਲੱਭ ਲਿਆ। ਉਨ੍ਹਾਂ ਨੇ ਉਸ ਔਰਤ ਦਾ ਨਾਂ-ਪਤਾ ਕਾਗਜ਼ ਦੇ ਟੁਕੜੇ ’ਤੇ ਲਿਖ ਲਿਆ ਤੇ ਉਸਨੂੰ ਕਿਹਾ,“ਮਾਤਾ ਜੀ ਤੁਸੀਂ ਘਰ ਜਾਓ। ਤੁਹਾਡਾ ਸੁਨੇਹਾ ਮੰਤਰੀ ਹੋਰਾਂ ਤਕ ਪਹੁੰਚ ਜਾਏਗਾ। ਜੇਕਰ ਉਹ ਮਿਲਣਾ ਚਾਹੁਣਗੇ ਤਾਂ ਅਸੀਂ ਤੁਹਾਨੂੰ ਬੁਲਾ ਲਵਾਂਗੇ।”
ਉਹ ਔਰਤ ਚੁੱਪ ਚਾਪ ਓਥੋਂ ਚਲੀ ਗਈ। ਥੋੜ੍ਹੀ ਦੇਰ ਬਾਅਦ ਸਿਪਾਹੀਆਂ ਨੇ ਆਪਣੇ ਅਫ਼ਸਰ ਨਾਲ ਗੱਲ ਕੀਤੀ। ਉਹ ਪੁਲੀਸ ਅਫ਼ਸਰ ਮੰਤਰੀ ਹੋਰਾਂ ਕੋਲ ਪਹੁੰਚਿਆ। ਉਨ੍ਹਾਂ ਨੂੰ ਦੱਸਿਆ ਕਿ ਕੋਈ ਔਰਤ ਤੁਹਾਨੂੰ ਮਿਲਣਾ ਚਾਹੁੰਦੀ ਹੈ। ਮੰਤਰੀ ਹੋਰਾਂ ਉਸ ਔਰਤ ਦਾ ਨਾਂ ਪੁੱਛਿਆ ਤਾਂ ਅਫ਼ਸਰ ਬੋਲਿਆ- ਸੁਣਿਆ ਹੈ ਕਿ ਉਹ ਡਸਕੇ ਦੇ ਜ਼ੈਲਦਾਰ ਤਾਰਾ ਸਿੰਘ ਦੀ ਪਤਨੀ ਏ। ਇਹ ਸੁਣਦਿਆਂ ਮੰਤਰੀ ਹੋਰੀਂ ਉੱਠ ਖੜੋਤੇ।
“ਜੇਕਰ ਤੁਹਾਡਾ ਹੁਕਮ ਹੋਵੇ ਤਾਂ ਉਸਨੂੰ ਘਰੋਂ ਬੁਲਾ ਲੈਂਦੇ ਆਂ।” ਅਫ਼ਸਰ ਨੇ ਘਬਰਾਉਂਦਿਆ ਪੁੱਛਿਆ।
“ਕੀ ਕਹਿ ਰਹੇ ਹੋ?…” ਜ਼ਫ਼ਰੁੱਲਾ ਖਾਂ ਸਾਹੀ ਨੇ ਉਦਾਸੀ ਭਰੀ ਤਲਖ਼ੀ ’ਚ ਗੱਲ ਸ਼ੁਰੂ ਕੀਤੀ।
“…ਮੇਰੇ ਵੱਡੇ ਭਰਾ ਸ. ਤਾਰਾ ਸਿੰਘ ਦੀ ਬੇਗ਼ਮ ਮੈਨੂੰ ਮਿਲਣ ਲਈ ਆਏਗੀ? ਇਹ ਕਿਵੇਂ ਹੋ ਸਕਦਾ! ਮੈਂ ਖ਼ੁਦ ਉਨ੍ਹਾਂ ਨੂੰ ਮਿਲਣ ਜਾਵਾਂਗਾ। ਮੈਨੂੰ ਉਨ੍ਹਾਂ ਦੇ ਘਰ ਲੈ ਚੱਲੋ।”
ਸੁਰੱਖਿਆ ਦਸਤਾ ਸਰਗਰਮ ਹੋ ਗਿਆ। ਗੱਡੀ ਸਟਾਰਟ ਹੋ ਗਈ। ਸਾਹੀ ਹੋਰਾਂ ਆਖਿਆ ਕਿ ਉਹ ਆਪਣੀ ਭਰਜਾਈ ਨੂੰ ਮੰਤਰੀ ਦੀ ਹੈਸੀਅਤ ’ਚ ਨਹੀਂ ਸਗੋਂ ਦਿਓਰ ਦੀ ਹੈਸੀਅਤ ’ਚ ਮਿਲਣ ਲਈ ਜਾਣਾ ਚਾਹੁੰਦੇ ਨੇ। ਇਸ ਲਈ ਉਹ ਤੁਰ ਕੇ ਜਾਣਗੇ। ਤੁਰਦੇ-ਤੁਰਦੇ ਉਹ ਉਸ ਔਰਤ ਦੇ ਘਰ ਮੂਹਰੇ ਪਹੁੰਚ ਗਏ। ਅਫ਼ਸਰ ਦਰਵਾਜ਼ੇ ’ਤੇ ਦਸਤਕ ਦੇਣ ਲੱਗਾ ਤਾਂ ਸਾਹੀ ਹੋਰਾਂ ਉਸਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ। ਉਨ੍ਹਾਂ ਨੇ ਖ਼ੁਦ ਦਸਤਕ ਦਿੱਤੀ। ਕੁਝ ਪਲਾਂ ਬਾਅਦ ਇਕ ਬੁੱਢੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਚੌਧਰੀ ਸਰ ਮੁਹੰਮਦ ਜ਼ਫ਼ਰੁੱਲਾ ਖਾਂ ਸਾਹੀ ਨੂੰ ਖੜੋਤਾ ਵੇਖਿਆ ਤਾਂ ਉਹ ਖ਼ੁਸ਼ੀ ’ਚ ਰੋ ਪਈ। ਉਸਨੇ ਮੰਤਰੀ ਹੋਰਾਂ ਦਾ ਕਲਾਵਾ ਭਰਿਆ ਤੇ ਬੱਚਿਆਂ ਵਾਂਗ ਡੁਸਕਣ ਲੱਗੀ।
ਕੁਝ ਪਲਾਂ ਬਾਅਦ ਉਹ ਸੰਭਲੀ ਤੇ ਸਾਹੀ ਹੋਰਾਂ ਨੂੰ ਮੰਜੇ ’ਤੇ ਬੈਠਣ ਲਈ ਆਖਿਆ। ਸਾਹੀ ਹੋਰਾਂ ਖ਼ਸਤਾ ਹਾਲ ਮਕਾਨ ਦਾ ਜਾਇਜ਼ਾ ਲਿਆ। ਤਾਰਾ ਸਿੰਘ ਦੀ ਡਸਕੇ ਵਾਲੀ ਮਹਿਲ-ਨੁਮਾ ਹਵੇਲੀ ਨੂੰ ਯਾਦ ਕੀਤਾ। ਇਕ ਠੰਢਾ ਹਉਕਾ ਭਰਿਆ ਤੇ ਅਲਾਣੇ ਮੰਜੇ ’ਤੇ ਬੈਠ ਗਏ।
ਔਰਤ ਨੇ ਅੱਖਾਂ ਪੂੰਝੀਆਂ। ਸਾਹੀ ਹੋਰਾਂ ਦੇ ਘਰ-ਪਰਿਵਾਰ ਦਾ ਹਾਲ ਪੁੱਛਿਆ। ਆਪਣੇ ਉੱਜੜ ਕੇ ਆਉਣ ਦੀ ਵਿਥਿਆ ਸੁਣਾਈ। ਉਹ ਕੁਝ ਦੇਰ ਦੋਵੇਂ ਭਰੇ ਦਿਲ ਅਤੇ ਅੱਖਾਂ ਨਾਲ ਬੀਤੇ ਦੀ ਰਾਖ਼ ਨੂੰ ਫਰੋਲਦੇ ਰਹੇ। ਫਿਰ ਉਹ ਔਰਤ ਉੱਠ ਪਈ। ਉਸ ਔਰਤ ਨੇ ਚੁੱਲ੍ਹੇ ’ਚ ਅੱਗ ਬਾਲੀ। ਦੁੱਧ ਗਰਮ ਕੀਤਾ। ਕੰਗਣੀ ਵਾਲਾ ਗਿਲਾਸ ਨੱਕੋ-ਨੱਕ ਭਰਿਆ ਤੇ ਸਾਹੀ ਹੋਰਾਂ ਨੂੰ ਫੜਾ ਦਿੱਤਾ। ਸਾਹੀ ਹੋਰੀਂ ਖਾਣ-ਪੀਣ ਦੇ ਪੂਰੇ-ਪੂਰੇ ਪਾਬੰਦ ਵਿਅਕਤੀ ਸਨ। ਉਨ੍ਹਾਂ ਨੇ ਕੁਝ ਦੇਰ ਪਹਿਲਾਂ ਦੁਪਹਿਰ ਦਾ ਖਾਣਾ ਖਾਧਾ ਸੀ। ਪਰ ਉਹ ਆਪਣੀ ਭਰਜਾਈ ਨੂੰ ਨਾਂਹ ਨਹੀਂ ਸਨ ਕਰ ਸਕਦੇ। ਉਨ੍ਹਾਂ ਨੇ ਪਹਿਲੇ ਘੁੱਟ ’ਚ ਮਹਿਸੂਸ ਕਰ ਲਿਆ ਸੀ ਕਿ ਦੁੱਧ ਡਾਹਢਾ ਮਿੱਠਾ ਏ। ਉਹ ਸ਼ੂਗਰ ਦੇ ਮਰੀਜ਼ ਸਨ, ਪਰ ਉਹ ਪੁਰਾਣੀ ਸਾਂਝ ਦਾ ਮਾਣ ਨਹੀਂ ਸਨ ਤੋੜ ਸਕਦੇ। ਉਨ੍ਹਾਂ ਨੇ ਦੁੱਧ ਪੀਤਾ ਤੇ ਆਪਣੀ ਭਰਜਾਈ ਨੂੰ ਆਖਿਆ- ਭੈਣ ਮੇਰੀਏ, ਜੇਕਰ ਤੂੰ ਚਾਹਵੇਂ ਤਾਂ ਮੁੜ ਡਸਕੇ ਆ ਸਕਦੀ ਏ। ਤੁਸੀਂ ਜਿਸ ਹਵੇਲੀ ਦੀਆਂ ਚਾਬੀਆਂ ਚੌਧਰੀ ਸ਼ਕਰੁੱਲਾ ਖਾਂ ਨੂੰ ਫੜਾ ਆਏ ਸੀ, ਉਹ ਹਵੇਲੀ ਅਸੀਂ ਤੁਹਾਡੇ ਲਈ ਮੁੜ ਤੋਂ ਖਾਲੀ ਕਰਵਾ ਲਵਾਂਗੇ।
ਬਿਨਾਂ ਸ਼ੱਕ, ਸਾਹੀ ਹੋਰਾਂ ਲਈ ਇਹ ਸਭ ਕੁਝ ਮੁਮਕਿਨ ਸੀ। ਪਰ ਹੁਣ ਉਸ ਔਰਤ ਦਾ ਡਸਕੇ ਵੱਲ ਪਰਤਣਾ ਗੰਗਾ ਨੂੰ ਹਰਿਦਵਾਰ ਤੋਂ ਗੰਗੋਤਰੀ ਵੱਲ ਮੋੜਨ ਵਾਲੀ ਗੱਲ ਸੀ। ਉਸ ਔਰਤ ਨੇ ਨਾਂਹ ਕਰ ਦਿੱਤੀ। ਲੌਢੇ ਵੇਲੇ ਸਾਹੀ ਹੋਰੀਂ ਆਪਣੇ ਗੈਸਟ-ਹਾਊਸ ਵੱਲ ਮੁੜ ਆਏ। ਉਸ ਸ਼ਾਮ ਪੰਜਾਬ ਦੇ ਕੁਝ ਮੰਤਰੀਆਂ ਤੇ ਹੋਰ ਮੁਅੱਜ਼ਜ਼ ਵਿਅਕਤੀਆਂ ਨੇ ਸਾਹੀ ਹੋਰਾਂ ਨੂੰ ਰਾਤ ਦੇ ਖਾਣੇ ਦੀ ਦਾਵਤ ਕੀਤੀ ਹੋਈ ਸੀ। ਉਹ ਬੜੇ ਦੇਰ ਸਿਆਸਤ ਦੀਆਂ ਗੱਲਾਂ ਕਰਦੇ ਰਹੇ। ਰਾਤ ਦੇ ਖਾਣੇ ਤੋਂ ਠੀਕ ਪਹਿਲਾਂ ਸਾਹੀ ਹੋਰਾਂ ਆਖਿਆ-ਮੈਂ ਤੁਹਾਨੂੰ ਇਕ ਔਰਤ ਦੀ ਕਹਾਣੀ ਸੁਣਾਉਣੀ ਚਾਹੁੰਦਾ ਹਾਂ। ਸਾਰੇ ਲੋਕ ਖ਼ਾਮੋਸ਼ ਹੋ ਗਏ।
“…ਸਾਡੇ ਡਸਕੇ ’ਚ ਤਿੰਨ ਜ਼ੈਲਦਾਰੀਆਂ ਸਨ।” ਸਾਹੀ ਹੋਰਾਂ ਕਹਾਣੀ ਸ਼ੁਰੂ ਕੀਤੀ।
“….ਪੁਰਾਣੇ ਡਸਕੇ ਦੇ ਜ਼ੈਲਦਾਰ ਸ. ਤਾਰਾ ਸਿੰਘ ਸਾਹੀ, ਨਵੇਂ ਦੇ ਸ. ਅਮਰ ਸਿੰਘ ਸਾਹੀ ਤੇ ਤੀਸਰੇ ਮੇਰੇ ਅੱਬਾ ਚੌਧਰੀ ਨਸਰੁੱਲਾ ਖਾਂ ਸਾਹੀ ਜ਼ੈਲਦਾਰ ਹੁੰਦੇ ਸਨ। ਇਹ ਤਿੰਨੋਂ ਇਕੋ ਖ਼ਾਨਦਾਨ ਨਾਲ ਸਬੰਧਿਤ ਸਨ। ਮੇਰੇ ਪੜਦਾਦੇ ਦਾ ਦਾਦਾ ਨਬਾਈਦਾਰ ਸਿੰਘ ਭੰਗੀਆਂ ਦੇ ਰਾਜ ਵੇਲੇ ਮੁਸਲਮਾਨ ਹੋ ਗਿਆ ਸੀ। ਉਸਦੇ ਭਰਾ ਸਿੱਖ ਹੀ ਰਹੇ ਤੇ ਇਹ ਦੋਵੇਂ ਸਿੱਖ ਜ਼ੈਲਦਾਰ ਅਗਾਂਹ ਉਨ੍ਹਾਂ ਦੀ ਔਲਾਦ ਸਨ। ਮਜ਼ਹਬ ਵੱਖਰੇ ਸਨ, ਪਰ ਲਹੂ ਇਕ ਸੀ। ਸੋ ਅਸੀਂ ਸਿੱਖ ਸਾਹੀਆਂ ਨਾਲ ਭਰਾਵਾਂ ਵਾਂਗ ਮਿਲਦੇ-ਵਰਤਦੇ ਸਾਂ।
ਸ. ਤਾਰਾ ਸਿੰਘ ਜ਼ੈਲਦਾਰ ਦੀ ਕੋਈ ਔਲਾਦ ਨਹੀਂ ਸੀ। ਉਹ ਪਾਕਿਸਤਾਨ ਬਣਨ ਤੋਂ ਅੱਠ-ਦਸ ਵਰ੍ਹੇ ਪਹਿਲਾਂ ਫ਼ੌਤ ਹੋ ਗਏ ਸਨ। ਮੈਂ ਜਿਸ ਔਰਤ ਦੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਿਹਾਂ ਉਹ ਤਾਰਾ ਸਿੰਘ ਜੀ ਦੀ ਬੇਗ਼ਮ ਏ। ਸੰਤਾਲੀ ਤਕ ਉਹ ਤਾਰਾ ਸਿੰਘ ਹੋਰਾਂ ਦੀ ਪੁਸ਼ਤੈਨੀ ਹਵੇਲੀ ’ਚ ਇਕੱਲੀ ਰਹਿੰਦੀ ਰਹੀ। ਓਸ ਹਵੇਲੀ ਦੇ ਦੁਆਲੇ ਬਹੁਤ ਵੱਡਾ ਬਾਗ਼ ਸੀ। ਓਥੇ ਤਾਰਾ ਸਿੰਘ ਹੋਰਾਂ ਦਾ ਇਕ ਬੜਾ ਖ਼ੂਬਸੂਰਤ ਮੁਜੱਸਮਾ ਵੀ ਰੱਖਿਆ ਹੁੰਦਾ ਸੀ।
ਸੰਤਾਲੀ ਦਾ ਅਗਸਤ ਮਹੀਨਾ ਆ ਗਿਆ। ਦੁਨੀਆਂ ਉੱਜੜ ਰਹੀ ਸੀ। ਉੱਜੜ ਕੇ ਆ ਜਾ ਰਹੇ ਲੋਕ ਨਾ ਤਾਂ ਸਿਰਾਂ ’ਤੇ ਘਰ ਰੱਖ ਕੇ ਲਿਆ ਲਿਜਾ ਸਕਦੇ ਸਨ ਨਾ ਘਰਾਂ ਦਾ ਸਾਰਾ ਸਾਮਾਨ। ਉਹ ਰੋ-ਰੋ ਨਿੱਕੀਆਂ-ਨਿੱਕੀਆਂ ਪੋਟਲੀਆਂ ਬੰਨ੍ਹਦੇ ਪਏ ਸਨ। ਕੋਈ ਟੂੰਮਾਂ, ਕੋਈ ਜ਼ੇਵਰ, ਕੋਈ ਆਪਣੇ ਪਿਆਰੇ ਦੀ ਖ਼ਾਸ ਨਿਸ਼ਾਨੀ। ਜਿਨ੍ਹਾਂ ਦਿਨਾਂ ’ਚ ਲੋਕ ਆਪਣੇ ਘਰਾਂ ’ਚੋਂ ਸਭ ਨਾਲੋਂ ਕੀਮਤੀ ਸਾਮਾਨ ਸਾਂਭ ਰਹੇ ਸਨ, ਉਸ ਵੇਲੇ ਇਸ ਔਰਤ ਨੇ ਆਪਣੀ ਹਵੇਲੀ ’ਚ ਬੰਦੇ ਸੱਦੇ। ਸਾਰੇ ਘਰ ’ਚ ਮੁਰੰਮਤਾਂ ਕਰਵਾਈਆਂ। ਸਾਰਾ ਘਰ ਸਫ਼ੈਦੀ ਕਰਵਾਇਆ। ਪੇਂਟ ਕਰਵਾਇਆ।” ਸਾਹੀ ਹੋਰਾਂ ਦੇ ਬੋਲ ਭਾਰੇ ਹੋ ਗਏ। ਉਹ ਕੁਝ ਪਲਾਂ ਲਈ ਚੁੱਪ ਹੋ ਗਏ।
“ਮੈਂ ਇੰਗਲੈਂਡ ਦਾ ਪੜ੍ਹਿਆਂ ਵਾਂ। ਉਂਜ ਵੀ ਮੈਂ ਬੜੀ ਦੁਨੀਆਂ ਘੁੰਮੀ ਏ।…” ਉਨ੍ਹਾਂ ਨੇ ਗੱਲ ਅਗਾਂਹ ਤੋਰੀ।
“…ਅੱਜ ਮੈਂ ਤੁਹਾਨੂੰ ਇਕ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਦੁਨੀਆਂ ਦੀ ਸਭ ਨਾਲੋਂ ਸੁਚੱਜੀ ਔਰਤ ਇਸ ਕਸਬੇ ਕਾਦੀਆਂ ’ਚ ਰਹਿ ਰਹੀ ਏ!…”
ਸੁਣਨ ਵਾਲਿਆਂ ਦੇ ਮੂੰਹ ਅੱਡੇ ਗਏ। ਹਰ ਚਿਹਰੇ ’ਤੇ ਇਕੋ ਸਵਾਲ ਉੱਗ ਆਇਆ ਸੀ- ਉਹ ਕਿਵੇਂ?
“ਲੋਕਾਂ ਜ਼ੈਲਦਾਰ ਹੋਰਾਂ ਦੀ ਬੇਗ਼ਮ ਨੂੰ ਹੈਰਾਨੀ ਨਾਲ ਪੁੱਛਿਆ-ਬੀਬੀ ਸਰਦਾਰਨੀਏਂ, ਉੱਜੜ ਚੱਲੀ ਏਂ। ਕੀ ਪਈ ਕਰਨੀਂ ਏਂ? ਇੱਥੇ ਤਾਂ ਭੱਜਾ ਦੌੜ ਪਈ ਹੋਈ ਏ। ਲੋਕ ਜਾ ਰਹੇ ਨੇ। ਤੂੰ ਘਰ ਦੀਆਂ ਮੁਰੰਮਤਾਂ ਕਰਵਾਉਂਦੀ ਪਈ ਏਂ?’’
ਇਸ ਔਰਤ ਨੇ ਕਿਹਾ-ਮੇਰੇ ਜਾਣ ਤੋਂ ਬਾਅਦ, ਮੇਰਾ ਜੇਠ ਚੌਧਰੀ ਸ਼ਕਰੁੱਲਾ ਖਾਂ ਇਸ ਘਰ ’ਚ ਜ਼ਰੂਰ ਆਏਗਾ। ਆਪਣੇ ਭਰਾ ਦਾ ਖਸਤਾ ਹਾਲ ਘਰ ਵੇਖ ਉਸਨੇ ਸੋਚਣਾ ਕਿ ਮੇਰੀ ਭਰਜਾਈ ਤਾਂ ਕੁੱਚਜੀ ਸੀ। ਉਸਨੂੰ ਤਾਂ ਜਿਉਣ ਦਾ ਕੋਈ ਚੱਜ ਨਹੀਂ ਸੀ। ਉਸਨੇ ਤਾਂ ਆਪਣਾ ਘਰ ਠੀਕ ਢੰਗ ਨਾਲ ਨਹੀਂ ਸੀ ਰੱਖਿਆ ਹੋਇਆ। ਪਰ ਹੁਣ ਜਦੋਂ ਮੈਂ ਇਸ ਘਰ ਨੂੰ ਸੰਵਾਰ ਕੇ ਜਾਵਾਂਗੀ ਤਾਂ ਉਹ ਇਹ ਤਾਂ ਜ਼ਰੂਰ ਕਹੇਗਾ ਕਿ ਮੇਰੀ ਭਰਜਾਈ ਸੁਚੱਜੀ ਸੀ।” ਕਹਾਣੀ ਮੁਕਾਉਂਦਿਆ ਮੰਤਰੀ ਹੋਰਾਂ ਦਾ ਗੱਚ ਭਰ ਆਇਆ ਸੀ।
ਇਸ ਕਹਾਣੀ ਨੂੰ ਸੁਣਨ ਵਾਲੇ ਹਰ ਸ਼ਖ਼ਸ ਦੀ ਅੱਖ ਨਮ ਹੋ ਗਈ ਸੀ।
ਸੰਪਰਕ: 97818-43444