ਮੁੰਬਈ: ਵਿਵੇਕ ਅਗਨੀਹੋਤਰੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਇਹ ਕਸ਼ਮੀਰ ਵਿਚਲੀ ਦਹਿਸ਼ਤ, ਉਲਝਣ ਅਤੇ ਹਫੜਾ-ਦਫੜੀ ਦੀ ਝਲਕ ਪੇਸ਼ ਕਰਦਾ ਹੈ। ਕਸ਼ਮੀਰ ਕਤਲੇਆਮ ਦੇ ਪੀੜਤਾਂ ਦੀਆਂ ਸੱਚੀਆਂ ਕਹਾਣੀਆਂ ’ਤੇ ਆਧਾਰਿਤ ਇਸ ਫਿਲਮ ਵਿਚ ਪੱਲਵੀ ਜੋਸ਼ੀ, ਪ੍ਰਕਾਸ਼ ਬੇਲਾਵਾਦੀ, ਅਨੁਪਮ ਖੇਰ, ਮਿਥੁਨ ਚਕਰਬਰਤੀ, ਦਰਸ਼ਨ ਕੁਮਾਰ, ਭਾਸ਼ਾ ਸੁੰਬਲੀ ਸਮੇਤ ਹੋਰ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਟਰੇਲਰ ਬਾਰੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਕਿਹਾ ਕਿ ਫਿਲਮ ਦਾ ਸਕੈਚ ਤਿਆਰ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਉਸ ਨੇ ਕਿਹਾ, ‘‘ਕਸ਼ਮੀਰ ਕਤਲੇਆਮ ਦੀ ਕਹਾਣੀ ਵੱਡੇ ਪਰਦੇ ’ਤੇ ਲਿਆਉਣੀ ਸੌਖੀ ਨਹੀਂ। ਇਸ ’ਤੇ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਹੈ। ਇਹ ਫਿਲਮ ਲੋਕਾਂ ਦੀਆਂ ‘ਅੱਖਾਂ ਖੋਲ੍ਹ’ ਦੇਵੇਗੀ।’’ ਅਦਾਕਾਰਾ ਪੱਲਵੀ ਜੋਸ਼ੀ ਨੇ ਕਿਹਾ, ‘‘ਫਿਲਮ ਓਨੀ ਹੀ ਵਧੀਆ ਬਣੀ ਹੈ, ਜਿੰਨੀ ਵਧੀਆ ਇਸ ਦੀ ਸਕਰਿਪਟ ਸੀ। ‘ਦਿ ਕਸ਼ਮੀਰ ਫਾਈਲਜ਼’ ਰਾਹੀਂ ਦਰਸ਼ਕ ਅਸਲ ਵਿਚ ਉਹ ਮਹਿਸੂਸ ਕਰ ਸਕਣਗੇ, ਜਿਸ ’ਚੋਂ ਪਾਤਰ ਲੰਘਦੇ ਹਨ। ਸਾਰੇ ਅਦਾਕਾਰਾਂ ਨੇ ਇਸ ਦੁਖਦਾਈ ਅਤੇ ਹੈਰਾਨ ਕਰਨ ਵਾਲੀ ਕਹਾਣੀ ਪਰਦੇ ’ਤੇ ਲਿਆਉਣ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ।’’ ਤੇਜ ਨਾਰਾਇਣ ਅਗਰਵਾਲ, ਅਭਿਸ਼ੇਕ ਅਗਰਵਾਲ, ਪੱਲਵੀ ਜੋਸ਼ੀ ਤੇ ਵਿਵੇਕ ਅਗਨੀਹੋਤਰੀ ਫਿਲਮ ਦੇ ਨਿਰਮਾਤਾ ਹਨ। ਇਹ ਫਿਲਮ 11 ਮਾਰਚ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ