ਮੁੰਬਈ: ਫਿਲਮ ਨਿਰਦੇਸ਼ਕ ਨਾਗਰਾਜ ਮੰਜੁਲੇ ਦਾ ਕਹਿਣਾ ਹੈ ਕਿ ਛਤਰਪਤੀ ਸ਼ਿਵਾਜੀ ਮਹਾਰਾਜ ’ਤੇ ਆਧਾਰਿਤ ਉਸ ਦੀ ਆਉਣ ਵਾਲੀ ਬਹੁਭਾਸ਼ੀ ਫਿਲਮ ਦੀ ਰਿਲੀਜ਼ ਤਾਰੀਕ ਮਹਾਮਾਰੀ ਕਾਰਨ ਅੱਗੇ ਪਾਉਣੀ ਪੈ ਰਹੀ ਹੈ। ਮੰਜੁਲੇ ਅਤੇ ਅਦਾਕਾਰ ਰਿਤੇਸ਼ ਦੇਸ਼ਮੁਖ ਨੇ 2019 ਵਿੱਚ ਫਿਲਮ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਰਿਤੇਸ਼ ਦੇ ਬੈਨਰ ‘ਮੁੰਬਈ ਫਿਲਮ ਕੰਪਨੀ’ ਹੇਠ 2021 ਵਿੱਚ ਰਿਲੀਜ਼ ਕੀਤਾ ਜਾਣਾ ਸੀ।
ਇਸ ਬਾਰੇ ਮੰਜੁਲੇ ਨੇ ਕਿਹਾ, ‘‘ਮਹਾਮਾਰੀ ਕਾਰਨ ਸਾਡਾ ਸਾਰਾ ਸ਼ਡਿਊਲ ਖਰਾਬ ਹੋ ਗਿਆ। ਦੋ ਸਾਲ ਬਿਨਾਂ ਕੰਮ ਕੀਤੇ ਲੰਘਣ ਕਾਰਨ ਅਸੀਂ ਇਸ ਦੀ ਤਿਆਰੀ ਨਹੀਂ ਕਰ ਸਕੇ। ਅਜਿਹਾ ਨਹੀਂ ਹੈ ਕਿ ਅਸੀਂ ਫਿਲਮ ਰੱਦ ਕਰ ਦਿੱਤੀ ਹੋਵੇ। ਇਸ ਪ੍ਰਾਜੈਕਟ ਨੂੰ ਲੈ ਕੇ ਮੈਂ ਬਹੁਤ ਉਤਸ਼ਾਹਿਤ ਹਾਂ। ਇਕ ਵਾਰ ਸਭ ਕੁਝ ਠੀਕ ਹੋ ਜਾਵੇ, ਤੁਹਾਨੂੰ ਸਭ ਪਤਾ ਲੱਗ ਜਾਵੇਗਾ।’’ ਉਸ ਨੇ ਕਿਹਾ, ‘‘ਜਦੋਂ ਮੈਂ ਬੱਚਾ ਸੀ ਤਾਂ ਮੈਂ ਸੋਚਦਾ ਸੀ ਕਿ ਸ਼ਿਵਾਜੀ ਮਹਾਰਾਜ ’ਤੇ ਬਣੀ ਫਿਲਮ ਕਿੰਨੀ ਸ਼ਾਨਦਾਰ ਹੋਵੇਗੀ। ਮੈਂ ਉਨ੍ਹਾਂ ਦੇ ਜੀਵਨ ’ਤੇ ਆਧਾਰਿਤ ਦੋ ਫਿਲਮਾਂ ਦੇਖੀਆਂ ਸਨ ਅਤੇ ਇੱਕ ਮੈਂ ਖੁਦ ਬਣਾਉਣੀ ਚਾਹੁੰਦਾ ਸੀ। ਇਸ ਕਰਕੇ ਇਹ ਮੇਰਾ ਡਰੀਮ ਪ੍ਰਾਜੈਕਟ ਹੈ।’’ ਮੰਜੁਲੇ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਝੁੰਡ’ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਹੋਈ ਹੈ। ਇਸ ਵਿੱਚ ਅਮਿਤਾਭ ਬੱਚਨ ਨੇ ਇੱਕ ਸੇਵਾਮੁਕਤ ਖੇਡ ਅਧਿਆਪਕ ਦਾ ਕਿਰਦਾਰ ਨਿਭਾਇਆ ਹੈ। -ਪੀਟੀਆਈ