ਮੁੰਬਈ: ਅਦਾਕਾਰ ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਨੇ ਫਿਲਮ ‘ਸੱਤਿਆਪ੍ਰੇਮ ਦੀ ਕਥਾ’ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇੱਕ ਰੂਹਾਨੀ ਸੰਗੀਤਕ ਕਥਾ ਵਜੋਂ ਤਿਆਰ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਕੌਮੀ ਐਵਾਰਡ ਜੇਤੂ ਫਿਲਮ ਨਿਰਮਾਤਾ ਸਮੀਰ ਵਿਦਵਾਨਜ਼ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ 2019 ਵਿੱਚ ਪ੍ਰਸਿੱਧ ਮਰਾਠੀ ਡਰਾਮਾ ‘ਆਨੰਦੀ ਗੋਪਾਲ’ ਤਿਆਰ ਕਰ ਚੁੱਕਿਆ ਹੈ। ਅਦਾਕਾਰ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਸੰਖੇਪ ਜਿਹੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਫਿਲਮ ਦਾ ਅਮਲਾ ਪਹਿਲੇ ਭਾਗ ਦੀ ਸ਼ੂਟਿੰਗ ਮੁਕੰਮਲ ਕਰਨ ਮਗਰੋਂ ਕੇਕ ਕੱਟਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨਾਲ ਅਦਾਕਾਰ ਨੇ ਲਿਖਿਆ ਹੈ, ‘ਅੱਜ ਦਸਹਿਰੇ ਮੌਕੇ ਮਹੀਨੇ ਭਰ ਤੋਂ ਚੱਲ ਰਹੀ ਸਾਡੀ ਫਿਲਮ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਬਹੁਤ ਸਾਰੇ ਜਸ਼ਨਾਂ ਅਤੇ ਗਰਬੇ ਨਾਲ ਇਸ ਦਾ ਸਵਾਗਤ।’ ਅਦਾਕਾਰਾ ਕਿਆਰਾ ਅਡਵਾਨੀ ਵੱਲੋਂ ਵੀ ਇਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੇ ਇੱਕ ਭਾਗ ਦੀ ਸ਼ੂਟਿੰਗ ਮੁਕੰਮਲ ਹੋਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੋਵੇਂ ਅਦਾਕਾਰ ‘ਭੂਲ ਭੁਲੱਈਆ 2’ ਮਗਰੋਂ ਇਸ ਫਿਲਮ ਵਿੱਚ ਦੋ ਸਾਲਾਂ ਬਾਅਦ ਮੁੜ ਇਕੱਠੇ ਦਿਖਾਈ ਦੇਣਗੇ। ਸਤੰਬਰ ਮਹੀਨੇ ਵਿੱਚ ਇਸ ਫਿਲਮ ਦੀ ਸ਼ੂਟਿੰਗ ਆਰੰਭ ਹੋਈ ਸੀ। ਇਹ ਫਿਲਮ ਨਮਹ ਪ੍ਰੋਡਕਸ਼ਨਜ਼ ਅਤੇ ਸਾਜਿਦ ਨਾਡਿਆਵਾਲਾ ਦੇ ਬੈਨਰ ‘ਨਾਡਿਆਵਾਲਾ ਗ੍ਰੈਂਡਸਨਜ਼ ਐਂਟਰਟੇਨਮੈਂਟ’ ਤਹਿਤ ਤਿਆਰ ਹੋ ਰਹੀ ਹੈ। ਇਹ ਫਿਲਮ ਅਗਲੇ ਸਾਲ 29 ਜੂਨ ਨੂੰ ਰਿਲੀਜ਼ ਹੋਣੀ ਤੈਅ ਕੀਤੀ ਗਈ ਹੈ। -ਪੀਟੀਆਈ