ਗੁਰਮੀਤ ਸਿੰਘ*
ਮੋਰੰਗੀ ਇੱਲ੍ਹ ਨੂੰ ਹਵਾ ਵਿੱਚ ਉੱਡਦੇ ਪੰਛੀਆਂ ਦਾ ਸ਼ਿਕਾਰ ਕਰਨ ਲਈ ਜਾਣਿਆ ਜਾਂਦਾ ਹੈ। ਇਸ ਨੂੰ ਹਿੰਦੀ ਵਿੱਚ ਮੋਰੰਗੀ ਚੀਲ ਅਤੇ ਅੰਗਰੇਜ਼ੀ ਵਿੱਚ ਬੋਨੇਲੀ ਈਗਲ (Bonelli’s eagle) ਕਹਿੰਦੇ ਹਨ। ਇਹ ਜ਼ਿਆਦਾ ਪਹਾੜੀ ਖੇਤਰ ਨੂੰ ਪਸੰਦ ਕਰਨ ਵਾਲਾ ਪੰਛੀ ਹੈ। ਇਹ ਕਿਸਮ ਦੱਖਣੀ ਯੂਰੋਪ, ਅਫ਼ਰੀਕਾ ਤੋਂ ਸਹਾਰਾ ਮਾਰੂਥਲ ਦੇ ਮੌਨਟੇਨ ਘੇਰੇ, ਇੰਡੋਨੇਸ਼ੀਆ ਅਤੇ ਭਾਰਤੀ ਮਹਾਂਦੀਪ ਵਿੱਚ ਮਿਲਦੀ ਹੈ। ਮੋਰੰਗੀ ਇੱਲ੍ਹ ਦਰਮਿਆਨੇ ਆਕਾਰ ਦਾ ਇੱਕ ਵੱਡਾ ਪੰਛੀ ਹੈ। ਸਾਰੀਆਂ ਇੱਲ੍ਹਾਂ ਦੀ ਤਰ੍ਹਾਂ ਇਹ ਵੀ ਬਾਜ਼ ਦੇ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਹ ਇੱਲ੍ਹ ਵੀ ਬਾਜ਼ ਦੀ ਤਰ੍ਹਾਂ ਸ਼ਿਕਾਰੀ ਪੰਛੀ ਹੈ। ਇਸ ਦੀ ਲੰਬਾਈ 65 ਤੋਂ 70 ਸੈਂਟੀਮੀਟਰ ਹੁੰਦੀ ਹੈ। ਇਸ ਦੇ ਖੰਭਾਂ ਦਾ ਘੇਰਾ 150 ਸੈਂਟੀਮੀਟਰ ਦੇ ਲਗਭਗ ਹੁੰਦਾ ਹੈ ਅਤੇ ਭਾਰ 1,600 ਤੋਂ 2,400 ਗ੍ਰਾਮ ਹੁੰਦਾ ਹੈ। ਇਸ ਦੇ ਖੰਭਾਂ ਦੇ ਵਿਚਕਾਰ ਚਿੱਟੇ ਧੱਬਿਆਂ ਦੇ ਨਾਲ ਗੂੜ੍ਹੇ ਭੂਰੇ ਨਿਸ਼ਾਨ ਹੁੰਦੇ ਹਨ। ਸਰੀਰ ਹੇਠੋਂ ਗੂੜ੍ਹੀਆਂ ਧਾਰੀਆਂ ਨਾਲ ਚਿੱਟਾ ਹੁੰਦਾ ਹੈ ਅਤੇ ਖੰਭ ਕਾਲੇ ਹੁੰਦੇ ਹਨ। ਇਸ ਦੀ ਪੂੰਛ ਲੰਬੀ, ਹੇਠੋਂ ਸਲੇਟੀ ਅਤੇ ਚਿੱਟੀ ਭਾਹ ਮਾਰਦੀ ਹੈ। ਇਸ ਦੇ ਪੈਰ ਅਤੇ ਅੱਖਾਂ ਪੀਲੀਆਂ ਹੁੰਦੀਆਂ ਹਨ। ਇਸ ਇੱਲ੍ਹ ਦੀ ਲੰਮੀ ਧੌਣ ’ਤੇ ਦਰਮਿਆਨੇ ਆਕਾਰ ਦਾ ਸਿਰ ਅਤੇ ਮਜ਼ਬੂਤ ਚੁੰਝ ਹੁੰਦੀ ਹੈ। ਇਸ ਦੀਆਂ ਲੰਬੀਆਂ ਲੱਤਾਂ ਵਾਲਾਂ ਨਾਲ ਢਕੀਆਂ ਦਿਖਾਈ ਦਿੰਦੀਆਂ ਹਨ। ਇਸ ਦੇ ਨਰ ਮਾਦਾ ਵੇਖਣ ਵਿੱਚ ਸਮਾਨ ਲੱਗਦੇ ਹਨ, ਪਰ ਮਾਦਾ ਇੱਲ੍ਹ ਥੋੜ੍ਹੀ ਵੱਡੀ ਹੁੰਦੀ ਹੈ ਅਤੇ ਆਮ ਤੌਰ ’ਤੇ ਥੱਲੇ ਤੋਂ ਵਧੇਰੇ ਗਹਿਰੀਆਂ ਧਾਰੀਆਂ ਨਾਲ ਗੂੜ੍ਹੇ ਰੰਗੀ ਹੁੰਦੀ ਹੈ।
ਮੋਰੰਗੀ ਇੱਲ੍ਹ ਛੋਟੇ ਤੇ ਦਰਮਿਆਨੇ ਆਕਾਰ ਦੇ ਪੰਛੀਆਂ ਨੂੰ ਹਵਾ ਵਿੱਚੋਂ ਉੱਡਦਿਆਂ ਵੀ ਫੜ ਲੈਂਦੀ ਹੈ। ਇਸ ਦੀ ਖੁਰਾਕ ਦਾ ਹਿੱਸਾ ਤੇਜ਼ੀ ਨਾਲ ਉੱਡਣ ਵਾਲੇ ਪੰਛੀ ਜਿਵੇਂ ਕਿ ਕਬੂਤਰ, ਘੁੱਗੀ, ਤੋਤੇ, ਮੈਨਾ ਅਤੇ ਤਿੱਤਰ, ਬਟੇਰੇ, ਜੰਗਲੀ ਮੁਰਗੇ ਅਤੇ ਕਦੀ-ਕਦਾਈਂ ਮੋਰ ਵੀ ਹੁੰਦੇ ਹਨ। ਇਹ ਪਾਣੀ ਦੇ ਪੰਛੀਆਂ ਮੁਰਗਾਬੀਆਂ, ਬਗਲੇ ਆਦਿ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੀ ਹੈ। ਇਹ ਗਿਲਹਿਰੀਆਂ, ਸਹਿਆਂ, ਨਿਓਲਿਆਂ, ਚੂਹਿਆਂ ਆਦਿ ਨੂੰ ਫੜਨ ਵਿੱਚ ਢਿੱਲ ਨਹੀਂ ਕਰਦੀ। ਇਹ ਕਈ ਵਾਰੀ ਪਾਲਤੂ ਮੁਰਗੀਆਂ ਨੂੰ ਵੀ ਨਹੀਂ ਛੱਡਦੀ।
ਇਹ ਇੱਲ੍ਹ ਆਮਤੌਰ ’ਤੇ ਇਕੱਲੇ ਜਾਂ ਜੋੜੇ ਵਿੱਚ ਰਹਿੰਦੀ ਹੈ। ਨਰ ਮਾਦਾ ਜੀਵਨ ਭਰ ਲਈ ਸਾਥੀ ਰਹਿੰਦੇ ਹਨ। ਇਨ੍ਹਾਂ ਵੱਲੋਂ ਆਸਮਾਨ ਵਿੱਚ ਹਵਾ ਵਿੱਚ ਉੱਡਕੇ ਆਪਣੇ ਇਲਾਕੇ ਦੀ ਹੱਦਬੰਦੀ ਕੀਤੀ ਜਾਂਦੀ ਹੈ। ਇਸ ਵਿੱਚ ਅਕਸਰ ਆਵਾਜ਼ਾਂ ਕੱਢਣੀਆਂ ਜਾ ਆਪਸੀ ਉੱਚ ਚੱਕਰੀ ਅਤੇ ਆਕਾਸ਼ ਨਾਚ ਵੀ ਸ਼ਾਮਲ ਹੁੰਦਾ ਹੈ। ਇਨ੍ਹਾਂ ਦਾ ਆਲ੍ਹਣਾ ਸ਼ਾਖਾਵਾਂ ਤੇ ਡੰਡੀਆਂ ਦਾ ਇੱਕ ਵਿਸ਼ਾਲ ਢਾਂਚਾ ਹੁੰਦਾ ਹੈ। ਇਨ੍ਹਾਂ ਦੇ ਪ੍ਰਜਣਨ ਦਾ ਸਮਾਂ ਭਾਰਤੀ ਉਪ ਮਹਾਂਦੀਪ ਵਿੱਚ ਸਤੰਬਰ, ਅਗਸਤ, ਨਵੰਬਰ ਤੇ ਦਸੰਬਰ ਵਿੱਚ ਹੁੰਦਾ ਹੈ। ਮਾਦਾ ਇੱਕ ਤੋਂ ਤਿੰਨ ਆਂਡੇ ਦਿੰਦੀ ਹੈ। ਇਨ੍ਹਾਂ ਵਿੱਚੋਂ ਬੱਚੇ 37-40 ਦਿਨਾਂ ਵਿੱਚ ਨਿਕਲਦੇ ਹਨ। ਚੂਜ਼ੇ 55-65 ਦਿਨਾਂ ਦੇ ਹੋਣ ਤੱਕ ਆਲ੍ਹਣੇ ਵਿੱਚ ਰਹਿੰਦੇ ਹਨ। ਇਹ ਆਮਤੌਰ ’ਤੇ 143-163 ਦਿਨਾਂ ਤੋਂ ਬਾਅਦ ਉਡਾਰੀ ਮਾਰ ਜਾਂਦੇ ਹਨ।
ਇਹ ਕਈ ਬਾਰ ਘਰੇਲੂ ਕਬੂਤਰਾਂ ਨੂੰ ਮਾਰ ਦਿੰਦੀਆਂ ਹਨ। ਇਹ ਘਰੇਲੂ ਮੁਰਗੀਆਂ ਅਤੇ ਪੋਲਟਰੀ ਪੰਛੀਆਂ ਦੀਆਂ ਵੀ ਦੁਸ਼ਮਣ ਹਨ। ਕਈ ਬਾਰ ਤੰਗ ਆ ਕੇ ਲੋਕਾਂ ਵੱਲੋਂ ਇਨ੍ਹਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਜ਼ਹਿਰ ਜਾਂ ਗੋਲੀ ਮਾਰ ਦਿੱਤੀ ਜਾਂਦੀ ਹੈ। ਸ਼ਹਿਰੀ ਵਿਕਾਸ, ਸੜਕਾਂ ਅਤੇ ਜੰਗਲਾਂ ਦੀ ਕਟਾਈ ਕਾਰਨ ਉਨ੍ਹਾਂ ਦਾ ਨਿਵਾਸ ਤਬਾਹ ਹੋ ਰਿਹਾ ਹੈ। ਆਈ.ਯੂ. ਸੀ.ਐੱਨ. ਨੇ ਮੋਰੰਗੀ ਇੱਲ੍ਹ ਨੂੰ ਕਿਸੇ ਖ਼ਤਰੇ ਦੇ ਨਿਸ਼ਾਨ ਹੇਠ ਨਹੀਂ ਦੱਸਿਆ। ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਜੰਗਲੀ ਜੀਵਾਂ ਨੂੰ ਮਾਰਨ ’ਤੇ ਸਖ਼ਤ ਪਾਬੰਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910