ਹਰਜਾਪ ਸਿੰਘ ਔਜਲਾ
ਬੌਲੀਵੁੱਡ ਦੇ ਸਭ ਤੋਂ ਉਮਰਦਰਾਜ਼ ਸੰਗੀਤ ਨਿਰਦੇਸ਼ਕ ਐੱਸ. ਮੋਹਿੰਦਰ ਬੀਤੀ 6 ਸਤੰਬਰ ਨੂੰ ਮੁੰਬਈ ਵਿਖੇ ਅੱਖਾਂ ਮੀਟ ਗਏ। ਉਹ 95 ਵਰ੍ਹਿਆਂ ਦੇ ਸਨ। ਐੱਸ. ਮੋਹਿੰਦਰ 1980ਵਿਆਂ ਤੋਂ ਜ਼ਿਆਦਾਤਰ ਅਮਰੀਕਾ ਵਿਚ ਵਾਸ਼ਿੰਗਟਨ ਡੀਸੀ ਵਿਖੇ ਰਹਿ ਰਹੇ ਸਨ, ਪਰ ਬੀਤੇ ਸਾਲ ਉਹ ਮੁੰਬਈ ਪਰਤ ਆਏ।
ਉਨ੍ਹਾਂ ਦਾ ਜਨਮ 24 ਫਰਵਰੀ, 1925 ਨੂੰ ਪੰਜਾਬ ਦੇ ਜ਼ਿਲ੍ਹਾ ਮਿੰਟਗੁਮਰੀ (ਹੁਣ ਜ਼ਿਲ੍ਹਾ ਸਾਹੀਵਾਲ, ਲਹਿੰਦਾ ਪੰਜਾਬ, ਪਾਕਿਸਤਾਨ) ਦੇ ਪਿੰਡ ਸਿਲਾਂਵਾਲਾ ਵਿਚ ਹੋਇਆ। ਉਹ ਦਸ ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ (ਹੁਣ ਫ਼ੈਸਲਾਬਾਦ) ਚਲਾ ਗਿਆ, ਜਿੱਥੇ ਉਨ੍ਹਾਂ ਨਾਮੀ ਸੰਗੀਤਕਾਰ ਸੰਤ ਸੁਜਾਨ ਸਿੰਘ ਤੋਂ ਸੰਗੀਤ ਦੇ ਮੁੱਢਲੇ ਗੁਰ ਸਿੱਖੇ। ਕੁਝ ਸਾਲਾਂ ਬਾਅਦ ਉਨ੍ਹਾਂ ਦਾ ਪਰਿਵਾਰ ਜ਼ਿਲ੍ਹਾ ਸ਼ੇਖ਼ੂਪੁਰਾ ਚਲਾ ਗਿਆ, ਜਿੱਥੇ ਉਨ੍ਹਾਂ ਨਨਕਾਣਾ ਸਾਹਿਬ ਵਿਖੇ ਇਕ ਹੋਰ ਨਾਮੀ ਸੰਗੀਤਕਾਰ ਭਾਈ ਸਮੁੰਦ ਸਿੰਘ ਤੋਂ ਸ਼ਾਸਤਰੀ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਉਨ੍ਹਾਂ ਦੇ ਪਿਤਾ ਕਿਉਂਕਿ ਸਰਕਾਰੀ ਸਰਵਿਸ ਵਿਚ ਸਨ, ਇਸ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਇਕ ਤੋਂ ਦੂਜੀ ਥਾਂ ਜਾਣਾ ਚੱਲਦਾ ਹੀ ਰਹਿੰਦਾ। ਬਾਅਦ ਵਿਚ ਉਨ੍ਹਾਂ ਨੂੰ ਉਦੋਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੈਂਦੇ ਪਿੰਡ ਕੈਰੋਂ ਸਥਿਤ ਖ਼ਾਲਸਾ ਹਾਈ ਸਕੂਲ ਦਾਖਲਾ ਦਿਵਾਇਆ ਗਿਆ।
ਐੱਸ. ਮੋਹਿੰਦਰ ਨੂੰ 1944 ਵਿਚ ਆਲ ਇੰਡੀਆ
ਰੇਡੀਓ ਲਾਹੌਰ ਵਿਖੇ ਰੇਡੀਓ ਗਾਇਕ ਵਜੋਂ ਮਾਨਤਾ ਮਿਲ ਗਈ, ਜਿੱਥੇ ਉਹ ਮਹੀਨੇ ਵਿਚ ਇਕ ਵਾਰ ਗਾਇਨ ਪੇਸ਼ ਕਰਦੇ ਸਨ। ਇੰਜ ਹੀ ਇਕ ਦਿਨ ਜਦੋਂ ਉਹ ਲਾਹੌਰ ਰੇਡੀਓ ਸਟੇਸ਼ਨ ਵਿਚ ਸਨ, ਤਾਂ ਸ਼ਹਿਰ ਵਿਚ ਦੇਸ਼ ਦੀ ਵੰਡ ਕਾਰਨ ਫ਼ਿਰਕੂ ਫ਼ਸਾਦ ਸ਼ੁਰੂ ਹੋ ਗਏ ਤੇ ਉਨ੍ਹਾਂ ਨੂੰ ਅਚਾਨਕ ਫੌਰੀ ਲਾਹੌਰ ਛੱਡ ਕੇ ਭਾਰਤ ਆਉਣਾ ਪਿਆ। ਉਹ ਬੰਬਈ ਜਾਣ ਵਾਲੀ ਰੇਲ ਵਿਚ ਸਵਾਰ ਹੋ ਗਏ, ਹਾਲਾਂਕਿ ਉਨ੍ਹਾਂ ਕੋਲ ਲਾਇਲਪੁਰ ਤਕ ਦੀ ਹੀ ਟਿਕਟ ਸੀ। ਉਨ੍ਹਾਂ ਕੁਝ ਸਮੇਂ ਬਨਾਰਸ (ਵਾਰਾਣਸੀ) ਵਿਖੇ ਸ਼ਾਸਤਰੀ ਸੰਗੀਤ ਦੀ ਹੋਰ ਸਿੱਖਿਆ ਲਈ ਅਤੇ ਫਿਰ ਮੁੰਬਈ ਪਰਤ ਆਏ ਤੇ ਸੰਗੀਤ ਨਿਰਦੇਸ਼ਕ ਬਣ ਗਏ। ਉਨ੍ਹਾਂ ਵੱਡੀ ਗਿਣਤੀ ਬੌਲੀਵੁੱਡ ਫ਼ਿਲਮਾਂ ਅਤੇ ‘ਨਾਨਕ ਨਾਮ ਜਹਾਜ਼ ਹੈ’ ਵਰਗੀ ਸੁਪਰਹਿੱਟ ਪੰਜਾਬੀ ਫ਼ਿਲਮ ਸਣੇ ਕੁਝ ਪੰਜਾਬੀ ਫ਼ਿਲਮਾਂ ਨੂੰ ਵੀ ਸੰਗੀਤ ਦਿੱਤਾ। ਉਨ੍ਹਾਂ ਵੱਲੋਂ ਸੰਗੀਤ ਬੱਧ ਫ਼ਿਲਮਾਂ ਵਿਚ ‘ਸਿਹਰਾ’ 1948, ‘ਜੀਵਨ ਸਾਥੀ’ 1949, ‘ਨੀਲੀ’ 1950, ‘ਸ੍ਰੀਮਤੀ ਜੀ’ 1952, ‘ਵੀਰ ਅਰਜੁਨ’ 1952, ‘ਬਹਾਦੁਰ’ 1953, ‘ਪਾਪੀ’ 1953, ‘ਨਾਤਾ’ 1955, ‘ਅਲਾਦੀਨ ਕਾ ਬੇਟਾ’ 1955, ‘ਸੌ ਕਾ ਨੋਟ’ 1955, ‘ਸ਼ਹਿਜ਼ਾਦਾ’ 1955, ‘ਸੁਲਤਾਨ-ਏ-ਆਲਮ’ 1956, ‘ਸ਼ੀਰੀਂ ਫ਼ਰਹਾਦ’ 1956, ‘ਕਾਰਵਾਂ’ 1956, ‘ਪਤਾਲ ਪਰੀ’ 1957, ‘ਸੁਨ ਤੋ ਲੇ ਹਸੀਨਾ’ 1958, ‘ਖ਼ੂਬਸੂਰਤ ਧੋਖਾ’ 1959, ‘ਦੋ ਦੋਸਤ’ 1960, ‘ਜੈ ਭਵਾਨੀ’ 1961, ‘ਬਾਂਕੇ ਸਾਂਵਰੀਆ’ 1962, ‘ਰਿਪੋਰਟਰ ਰਾਜੂ’ 1962, ‘ਜ਼ਰਾਕ ਖ਼ਾਨ’ 1963, ‘ਕੈਪਟਨ ਸ਼ੇਰੂ’ 1963, ‘ਸਰਫ਼ਰੋਸ਼’ 1964, ‘ਸੁਨਹਿਰੇ ਕਦਮ’ 1966, ‘ਪ੍ਰੋਫੈਸਰ ਐਕਸ’ 1966, ‘ਪਿਕਨਿਕ’ 1966, ‘ਨਾਨਕ ਨਾਮ ਜਹਾਜ਼ ਹੈ’ 1969, ‘ਮਨ ਜੀਤੇ ਜਗਜੀਤ’ 1973, ‘ਦੁੱਖ ਭੰਜਨ ਤੇਰਾ ਨਾਮ’ 1974 ਅਤੇ ‘ਦਹੇਜ’ 1981 ਆਦਿ ਸ਼ਾਮਲ ਸਨ।
ਫ਼ਿਲਮ ‘ਸ਼ੀਰੀਂ ਫ਼ਰਹਾਦ’ ਲਈ ਉਨ੍ਹਾਂ ਦੇ ਸੰਗੀਤ ਦੀ ਸੰਗੀਤਕ ਭਾਈਚਾਰੇ ਵਿਚ ਵਿਆਪਕ ਸ਼ਲਾਘਾ ਹੋਈ। ਪਰ ਉਨ੍ਹਾਂ ਨੂੰ ਸਾਲ ਦੇ ਬਿਹਤਰੀਨ ਫ਼ਿਲਮੀ ਸੰਗੀਤ ਦਾ ‘ਰਾਸ਼ਟਰਪਤੀ ਐਵਾਰਡ’ ਫਿਲਮ ‘ਨਾਨਕ ਨਾਮ ਜਹਾਜ਼ ਹੈ’ ਲਈ ਮਿਲਿਆ। ਬਾਅਦ ਵਿਚ ਉਨ੍ਹਾਂ ਦੀ ਸਿਹਤ ਜ਼ਿਆਦਾ ਠੀਕ ਨਾ ਰਹੀ ਤੇ ਉਨ੍ਹਾਂ ਫ਼ਿਲਮੀ ਸੰਗੀਤਕਾਰੀ ਛੱਡ ਦਿੱਤੀ। ਨਾਮੀ ਸੰਗੀਤਕਾਰ ਖੱਯਾਮ ਦੇ ਚਲਾਣੇ ਤੋਂ ਬਾਅਦ ਭਾਰਤੀ ਫ਼ਿਲਮ ਸੰਗੀਤ ਦੇ ਸੁਨਹਿਰੇ ਦੌਰ ਨਾਲ ਸਬੰਧਤ ਉਹੋ ਇਕੋ-ਇਕ ਜ਼ਿੰਦਾ ਸਭ ਤੋਂ ਉਮਰਦਰਾਜ਼ ਸੰਗੀਤਕਾਰ ਸਨ, ਜੋ ਹੁਣ ਸਾਡੇ ਵਿਚਕਾਰ ਨਹੀਂ ਰਹੇ।