ਰਜਵਿੰਦਰ ਪਾਲ ਸ਼ਰਮਾ
ਆਪਣੀ ਅਦਾਕਾਰੀ ਅਤੇ ਲੇਖਣੀ ਨਾਲ ਪੰਜਾਬੀ ਬੋਲੀ ਦੀ ਸੇਵਾ ਅਤੇ ਪੰਜਾਬੀ ਸੱਭਿਆਚਾਰ ਦੀ ਗੱਲ ਕਰਨ ਵਾਲੇ ਗੁਰਚੇਤ ਚਿੱਤਰਕਾਰ ਦਾ ਇਸ ਨਾਲ ਮੋਹ ਬਚਪਨ ਵਿੱਚ ਹੀ ਪੈ ਗਿਆ ਸੀ। ਸਕੂਲ ਵਿੱਚ ਹੁੰਦੇ ਸੱਭਿਆਚਾਰ ਮੁਕਾਬਲਿਆਂ ਵਿੱਚ ਉਹ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਸ ਨੇ ਅੱਠਵੀਂ ਜਮਾਤ ਤੋਂ ਹੀ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਸਨ। ਗੁਰਚੇਤ ਦੀ ਅਦਾਕਾਰੀ ਵਿੱਚ ਉਦੋਂ ਹੋਰ ਨਿਖਾਰ ਆਇਆ ਜਦੋਂ ਉਹ ਗੁਰਸ਼ਰਨ ਭਾਅ ਜੀ ਦੀ ਸ਼ਰਨ ਵਿੱਚ ਗਿਆ। ਉਸ ਨੇ ਗੁਰਸ਼ਰਨ ਭਾਅ ਜੀ ਦੀ ਅਗਵਾਈ ਵਿੱਚ ਕਈ ਨਾਟਕ ਖੇਡੇ ਜਿਨ੍ਹਾਂ ਨੇ ਉਸ ਨੂੰ ਥੀਏਟਰ ਦੀ ਦੁਨੀਆ ਵਿੱਚ ਪ੍ਰਵੇਸ਼ ਕਰਵਾ ਕੇ ਉਸ ਦੀ ਸ਼ਖ਼ਸੀਅਤ ਨੂੰ ਉਸਾਰਨ ਵਿੱਚ ਅਹਿਮ ਯੋਗਦਾਨ ਪਾਇਆ।
ਉਸ ਦਾ ਜਨਮ ਕਰਨੈਲ ਸਿੰਘ ਸੰਧੂ ਅਤੇ ਬਲਵੀਰ ਕੌਰ ਦੇ ਘਰ 12 ਮਾਰਚ 1975 ਨੂੰ ਪਿੰਡ ਈਲਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਆਪਣੀ ਮੁੱਢਲੀ ਪੜ੍ਹਾਈ ਉਸ ਨੇ ਪਿੰਡ ਵਿੱਚੋਂ ਹੀ ਪ੍ਰਾਪਤ ਕੀਤੀ। ਮਾਪਿਆਂ ਨੇ ਉਸ ਦਾ ਨਾਮ ਗੁਰਚੇਤ ਸਿੰਘ ਸੰਧੂ ਰੱਖਿਆ ਪਰ ਉਸ ਦੇ ਨਾਂ ਪਿੱਛੇ ਚਿੱਤਰਕਾਰ ਲੱਗਣਾ ਉਸ ਦੀ ਬਹੁ-ਪੱਖੀ ਸ਼ਖ਼ਸੀਅਤ ਨੂੰ ਪ੍ਰਗਟ ਕਰਦਾ ਹੈ। ਬਚਪਨ ਤੋਂ ਹੀ ਗੁਰਚੇਤ ਨੂੰ ਭੰਗੜੇ ਅਤੇ ਚਿੱਤਰਕਾਰੀ ਦਾ ਬਹੁਤ ਸ਼ੌਕ ਸੀ। ਉਸ ਨੇ ਪੰਜ ਹਜ਼ਾਰ ਤੋਂ ਵੱਧ ਬਿਹਤਰੀਨ ਪੇਂਟਿੰਗਾਂ ਬਣਾਈਆਂ ਹਨ। ਚਿੱਤਰਕਾਰੀ ਦੇ ਸ਼ੌਕ ਨੇ ਹੀ ਗੁਰਚੇਤ ਸਿੰਘ ਸੰਧੂ ਨੂੰ ਗੁਰਚੇਤ ਚਿੱਤਰਕਾਰ ਬਣਾ ਦਿੱਤਾ। ਉਸ ਨੂੰ ਆਪਣੇ ਬਣਾਏ ਚਿੱਤਰਾਂ ਅਤੇ ਪੇਂਟਿੰਗਾਂ ਤੋਂ ਬਹੁਤ ਆਮਦਨ ਹੁੰਦੀ ਸੀ, ਪ੍ਰੰਤੂ ਉਸ ਦਾ ਵਧੇਰੇ ਝੁਕਾਅ ਥੀਏਟਰ ਵੱਲ ਸੀ। ਇਸੇ ਜਨੂੰਨ ਨੂੰ ਜਾਰੀ ਰੱਖਣ ਲਈ ਉਸ ਨੇ ਪੰਜਾਬ ਪੁਲੀਸ ਵਿੱਚ ਮਿਲੀ ਨੌਕਰੀ ਵੀ ਛੱਡ ਦਿੱਤੀ। ਉਹ ਆਪਣਾ ਪੂਰਾ ਸਮਾਂ ਰੰਗਮੰਚ ਨੂੰ ਦੇਣ ਲੱਗਾ।
ਗੁਰਚੇਤ ਚਿੱਤਰਕਾਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ‘ਸੰਦੂਕ ’ਚ ਬੰਦੂਕ’ ਨਾਲ ਕੀਤੀ। ਇਸ ਤੋਂ ਬਾਅਦ ਉਸ ਨੇ ਕਦੇ ਮੁੜ ਪਿੱਛੇ ਨਹੀਂ ਦੇਖਿਆ। ਉਸ ਦੀਆਂ ਬਿਹਤਰੀਨ ਫਿਲਮਾਂ ਵਿੱਚ ‘ਪੰਜਾਬ ਬੋਲਦਾ’, ‘ਟੌਹਰ ਮਿੱਤਰਾਂ ਦੀ’, ‘ਚੱਕ ਦੇ ਫੱਟੇ’, ‘ਜੱਟੀ ਪੰਦਰਾਂ ਮੁਰੱਬਿਆਂ ਵਾਲੀ’, ‘ਫੌਜੀ ਦੀ ਫੈਮਿਲੀ’, ‘ਫੈਮਿਲੀ’ ਸੀਰੀਜ਼ ਜਿਸ ਵਿੱਚ ‘ਫੈਮਿਲੀ 420’, ‘423’, ‘424’, ‘429’, ‘427’, ‘432’, ‘ਢੀਠ ਜਵਾਈ’ ਅਤੇ ‘ਫੈਮਿਲੀ ਵੰਸ ਅਗੇਨ’ ਸ਼ਾਮਿਲ ਹਨ।
ਗੁਰਚੇਤ ਆਪਣੀਆਂ ਫਿਲਮਾਂ ਅਤੇ ਲਿਖਤਾਂ ਰਾਹੀਂ ਵੰਡ ਦੇ ਦਰਦ, ਸਮਾਜ ਵਿੱਚ ਫੈਲੀ ਕਾਣੀ ਵੰਡ, ਘਟਦੀ ਭਾਈਚਾਰਕ ਸਾਂਝ, ਪੰਜਾਬੀ ਸੱਭਿਆਚਾਰ ਵਿੱਚ ਦਿਨੋਂ ਦਿਨ ਆ ਰਹੇ ਨਿਘਾਰ ਅਤੇ ਪੰਜਾਬ ਨੂੰ ਪੇਸ਼ ਆ ਰਹੇ ਬਹੁ-ਪੱਖੀ ਸੰਕਟ ਦੀ ਗੱਲ ਕਰਦਾ ਹੈ। ਕਿਤੇ ਉਹ ਕਰਜ਼ੇ ਹੇਠ ਡੁੱਬੇ ਕਿਸਾਨ ਦੀ ਗੱਲ ਕਰਦਾ ਹੈ ਅਤੇ ਕਿਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ’ਤੇ ਵਿਅੰਗ ਕਸਦਾ ਹੋਇਆ ਉਹ ਸਮਾਜ ਨੂੰ ਲਾਮਬੰਦ ਹੋਣ ਦਾ ਹੋਕਾ ਦਿੰਦਾ ਦਿਖਾਈ ਦਿੰਦਾ ਹੈ। ਉਸ ਦੀ ਅਦਾਕਾਰੀ ਹਸਾਉਣ ਦੇ ਨਾਲ ਨਾਲ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਚਿੰਤਨ ਕਰਨ ਲਈ ਵੀ ਮਜਬੂਰ ਕਰਦੀ ਹੈ। ਉਹ ਆਪਣੀਆਂ ਫਿਲਮਾਂ ਵਿੱਚ ਪੇਂਡੂ ਸੱਭਿਆਚਾਰ ਨੂੰ ਦਿਖਾਉਣ ਵਿੱਚ ਕਾਮਯਾਬ ਰਿਹਾ ਹੈ। ਗੁਰਚੇਤ ਦੁਆਰਾ ਲਿਖੀਆਂ, ਡਾਇਰੈਕਟ ਕੀਤੀਆਂ ਅਤੇ ਅਦਾਕਾਰੀ ਦੀਆਂ ਸੁਮੇਲ ਸਾਰੀਆਂ ਹੀ ਫਿਲਮਾਂ ਪਰਿਵਾਰ ਵਿੱਚ ਬੈਠ ਕੇ ਦੇਖਣਯੋਗ ਹਨ। ਅਸ਼ਲੀਲਤਾ ਅਤੇ ਲੱਚਰਤਾ ਤੋਂ ਗੁਰਚੇਤ ਕੋਹਾਂ ਦੂਰ ਹੈ। ਉਹ ਇਸ ਗੱਲ ਨੂੰ ਵਾਰ ਵਾਰ ਕਹਿੰਦਾ ਹੈ ਕਿ ਜਿਹੜੇ ਗਾਇਕ ਅਤੇ ਅਦਾਕਾਰ ਪੰਜਾਬੀ ਸੱਭਿਆਚਾਰ ਦੀ ਗੱਲ ਨੂੰ ਕਿਨਾਰੇ ਰੱਖ ਕੇ ਅਸ਼ਲੀਲਤਾ ਪਰੋਸ ਰਹੇ ਹਨ, ਉਹ ਕਦੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਰਾਖੇ ਨਹੀਂ ਹੋ ਸਕਦੇ। ਪੰਜਾਬ ਦੇ ਹੀ ਨਹੀਂ ਵਿਦੇਸ਼ਾਂ ਵਿੱਚ ਵੱਸਦੇ ਸੂਝਵਾਨ ਪੰਜਾਬੀ ਦਰਸ਼ਕ ਗੁਰਚੇਤ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਅਰਦਾਸ ਕਰਦੇ ਹਨ।
ਸੰਪਰਕ: 70873-67969