ਜਸਵਿੰਦਰ ਸਿੰਘ ਰੁਪਾਲ
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਜ਼ਿਹਨ ਵਿਚ ਆਉਂਦਿਆਂ ਹੀ ਇਕ ਤਪੱਸਵੀ, ਬੈਰਾਗੀ, ਸ਼ਾਂਤੀ ਅਤੇ ਭਗਤੀ ਕਰਨ ਵਾਲੀ ਸ਼ਖ਼ਸੀਅਤ ਦੀ ਤਸਵੀਰ ਸਾਹਮਣੇ ਆਉਂਦੀ ਹੈ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਲਈ ਆਪਣੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦੇ ਵਿਅਕਤੀਤਵ ਵਿਚ ਜਿੱਥੇ ਭਗਤ, ਸਾਧੂ ਸੁਭਾਅ, ਧਾਰਮਿਕ ਖੁੱਲ੍ਹਦਿਲੀ, ਖਿਮਾਸ਼ੀਲ, ਦਾਰਸ਼ਨਿਕ ਵੇਤਾ ਸ਼ਾਂਤੀ ਦੇ ਦੂਤ ਵਾਲੇ ਸੰਤ ਦੇ ਗੁਣ ਸ਼ਾਮਲ ਸਨ, ਉੱਥੇ ਬਹਾਦਰ ਯੋਧਾ, ਦ੍ਰਿੜ ਨਿਸ਼ਚੇ ਵਾਲੇ, ਨਿਡਰ ਨਿਰਭਉ, ਕ੍ਰਾਂਤੀਕਾਰੀ, ਬਾਗੀ ਆਦਿ ਵਰਗੇ ਇਕ ਸਿਪਾਹੀ ਦੇ ਗੁਣ ਵੀ ਭਰਪੂਰ ਮਾਤਰਾ ਵਿਚ ਮਿਲਦੇ ਹਨ। ਇਹ ਗੁਣ ਆਪਸ ਵਿਚ ਇੰਜ ਓਤ-ਪਰੋਤ ਹੋਏ, ਹੋਏ ਹਨ ਕਿ ਇਕ ਨੂੰ ਦੂਜੇ ਤੋਂ ਨਿਖੇੜਨਾ ਆਸਾਨ ਨਹੀਂ।
ਕੋਈ ਵੀ ਕਿਰਤ ਆਪਣੇ ਕਰਤੇ ਦੇ ਅਨੁਭਵ ਤੋਂ ਬਾਹਰ ਨਹੀਂ ਹੋ ਸਕਦੀ। ਹਰ ਕਿਰਤ ਵਿਚ ਕਰਤਾ ਆਪ ਸਮਾਇਆ ਹੋਇਆ ਹੁੰਦਾ ਹੈ। ਖ਼ਾਸ ਕਰਕੇ ਸੰਤ ਭਗਤ ਤਾਂ ਸਿਰਫ਼ ਓਹੀ ਆਖਦੇ ਹਨ, ਜੋ ਉਨ੍ਹਾਂ ਦੇਖਿਆ, ਪਰਖਿਆ, ਜਾਣਿਆ ਅਤੇ ਬੁੱਝਿਆ ਹੁੰਦਾ ਹੈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਜੋ ਲਿਖਿਆ, ਉਸ ਦਾ ਅੱਖਰ ਅੱਖਰ ਆਪਣੇ ਜੀਵਨ ਵਿਚ ਕਮਾਇਆ ਵੀ। ਇਸ ਲਈ ਉਨ੍ਹਾਂ ਦੀ ਬਾਣੀ ’ਤੇ ਵਿਚਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਜੀਵਨ-ਸ਼ੈਲੀ, ਜੀਵਨ ਪ੍ਰਤੀ ਦ੍ਰਿਸ਼ਟੀਕੋਣ, ਆਦਰਸ਼, ਪ੍ਰੇਰਨਾ, ਉਨ੍ਹਾਂ ਦਾ ਸਮਕਾਲੀ ਸਮਾਜ ਪ੍ਰਤੀ ਨਜ਼ਰੀਆ ਦੇਖਣਾ ਵੀ ਜ਼ਰੂਰੀ ਹੈ, ਜਿਸ ਨੇ ਉਨ੍ਹਾਂ ਦੀ ਬਾਣੀ ’ਤੇ ਪ੍ਰਭਾਵ ਪਾਇਆ। ਗੁਰੂ ਜੀ ’ਤੇ ਆਪਣੇ ਤੋਂ ਪਹਿਲਾਂ ਹੋਏ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਦਾ ਬਹੁਤ ਡੂੰਘਾ ਅਸਰ ਸੀ। ਗੁਰਬਾਣੀ ਨੂੰ ਸ਼ਬਦ ਰੂਪ ਵਿਚ ਪੂਰਨ ਸਤਿਕਾਰ ਮਿਲ ਚੁੱਕਿਆ ਸੀ। ਇਸ ਲਈ ਉਨ੍ਹਾਂ ਦੇ ਬਾਣੀ ਰਚਣ ਸਮੇਂ ਦੇ ਵਿਚਾਰ ਸਿਰਫ਼ ਖਿਆਲੀ ਉਡਾਰੀਆਂ ਨਹੀਂ ਹੋ ਸਕਦੇ ਕਿਉਂਕਿ ਉਹ ਪਹਿਲੇ ਗੁਰੂ ਸਾਹਿਬਾਨ ਵਾਂਗ ਹੀ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਸਨ ਕਿ ਉਨ੍ਹਾਂ ਵੱਲੋਂ ਰਚਿਆ ਇਕ ਇਕ ਸ਼ਬਦ ਸਿੱਖਾਂ ਦੀ ਜੀਵਨ-ਜਾਚ ਦਾ ਹਿੱਸਾ ਬਣਨਾ ਹੈ। ਉਨ੍ਹਾਂ ਦੇ ਜੀਵਨ ਦੇ ਸਿਰਫ਼ ਉਹ ਪੱਖ ਬਹੁਤ ਸੰਖੇਪ ਵਿਚ ਵਿਚਾਰਦੇ ਹਾਂ ਜਿਨ੍ਹਾਂ ਦਾ ਜ਼ਿਕਰ ਉਨ੍ਹਾਂ ਦੀ ਬਾਣੀ ਵਿਚ ਉੱਘੜ ਕੇ ਸਾਹਮਣੇ ਆਉਂਦਾ ਹੈ।
ਬਚਪਨ ਵਿਚ ਹੀ ਆਪਣਾ ਕੋਟ ਆਪਣੇ ਤਨ ਤੋਂ ਉਤਾਰ ਕੇ ਇਕ ਲੋੜਵੰਦ ਨੂੰ ਦੇਣਾ ਸਬੂਤ ਹੈ ਇਸ ਗੱਲ ਦਾ ਕਿ ਉਨ੍ਹਾਂ ਨੂੰ ਦੁਨਿਆਵੀ ਪਦਾਰਥਾਂ ਦੀ ਕੋਈ ਰੀਝ ਨਹੀਂ ਸੀ। ਬਾਬਾ ਬਕਾਲਾ ਵਿਖੇ 22 ਮੰਜੀਆਂ ਲੱਗਣ ਸਮੇਂ ਆਪ ਜੀ ਦਾ ਇਕਾਂਤ ਵਿਚ ਸਿਮਰਨ ਕਰਦੇ ਰਹਿਣਾ ਉਨ੍ਹਾਂ ਦੇ ਦੁਨਿਆਵੀ ਮਾਣ ਤੋਂ ਦੂਰ ਹੋਣ ਅਤੇ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਦਰਸਾਉਂਦਾ ਹੈ।
ਕਸ਼ਮੀਰੀ ਪੰਡਤਾਂ ਨੂੰ ਦਿੱਤਾ ਦਿਲਾਸਾ ਅਤੇ ਬਾਂਹ ਫੜਨ ਦਾ ਕਾਰਜ ਉਨ੍ਹਾਂ ਦੀ ਸਮਦ੍ਰਿਸ਼ਟੀ ਦਿਖਾਉਂਦਾ ਹੈ ਅਤੇ ਉਨ੍ਹਾਂ ਦੀ ਪਰਉਪਕਾਰੀ ਬਿਰਤੀ ਦੀ ਝਲਕ ਦਿਖਾਉਂਦਾ ਹੈ। ਜਿਸ ਜਨੇਊ ’ਤੇ ਉਨ੍ਹਾਂ ਦਾ ਆਪਣਾ ਵਿਸ਼ਵਾਸ ਹੀ ਨਹੀਂ ਸੀ, ਜਿਸ ਦਾ ਗੁਰੂ ਨਾਨਕ ਜੀ ਨੇ ਖੰਡਨ ਕੀਤਾ ਸੀ, ਉਸੇ ਜਨੇਊ ਦੀ ਰਖਵਾਲੀ ਲਈ ਆਪਣੀ ਜਾਨ ਕੁਰਬਾਨ ਕਰ ਦੇਣੀ ਜਿੱਥੇ ਇਕ ਪਾਸੇ ਉਨ੍ਹਾਂ ਦੀ ਧਾਰਮਿਕ ਖੁੱਲ੍ਹ ਦੀ ਲਖਾਇਕ ਹੈ, ਉੱਥੇ ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਪ੍ਰਤੀ ਵਚਨਵੱਧਤਾ ਦਾ ਸਬੂਤ ਵੀ ਹੈ।
ਬਾਣੀ ਦਾ ਵਿਚਾਰਧਾਰਕ ਪੱਖ: ਗੁਰੂ ਤੇਗ ਬਹਾਦਰ ਜੀ ਦੀ ਲਿਖੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਇਸ ਵਿਚ ਰਾਗਾਂ ਵਿਚ ਲਿਖੀ ਬਾਣੀ ਵੀ ਅਤੇ ਰਾਗ-ਮੁਕਤ ਬਾਣੀ ਵੀ ਦੋਵੇਂ ਆ ਜਾਂਦੀਆਂ ਹਨ। ਰਾਗ ਵਿਚ ਲਿਖੀ ਬਾਣੀ ਦੇ ਕੁੱਲ 59 ਪਦੇ ਹਨ, ਜਿਹੜੇ 15 ਰਾਗਾਂਂ ਵਿਚ ਲਿਖੇ ਗਏ ਹਨ। ਰਾਗ-ਰਹਿਤ ਬਾਣੀ ਵਿਚ ਉਹ ਬੈਰਾਗਮਈ 57 ਸਲੋਕ ਆਉਂਦੇ ਹਨ, ਜਿਨ੍ਹਾਂ ਨੂੰ ਅਖੰਡ ਪਾਠ ਜਾਂ ਸਹਿਜ ਪਾਠ ਦੀ ਸਮਾਪਤੀ ’ਤੇ ਪੜਿ੍ਹਆ ਜਾਂਦਾ ਹੈ। ਇਹ ਸਾਰੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਤਰਤੀਬ ਵਿਚ ਸ਼ਾਮਲ ਕੀਤੀ ਸੀ, ਜਿਹੜੀ ਤਰਤੀਬ ਗੁਰੂ ਅਰਜਨ ਦੇਵ ਜੀ ਨੇ ਨਿਸ਼ਚਤ ਕੀਤੀ ਸੀ।
ਗੁਰੂ ਜੀ ਦੀ ਬਾਣੀ ਦਾ ਵਿਸ਼ਾ ਪੱਖ ਮੁੱਖ ਰੂਪ ਵਿਚ ਮਨੁੱਖ ਨੂੰ ਸੰਸਾਰਕ ਮੋਹ ਤਿਆਗ ਕੇ ਪ੍ਰਭੂ ਭਗਤੀ ਵੱਲ ਲਗਾਉਣਾ ਹੈ। ਸਾਰੀ ਬਾਣੀ ਵਿਚ ਇਸੇ ਵਿਸ਼ੇ ਦਾ ਵਿਸਥਾਰ ਕੀਤਾ ਗਿਆ ਹੈ:
ਰੇ ਮਨ ਰਾਮ ਸਿਉ ਕਰਿ ਪ੍ਰੀਤਿ।
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ॥
(ਸੋਰਠਿ ਮਹਲਾ 9 ਪੰਨਾ 631)
**
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ।
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ॥
(ਤਿਲੰਗ ਮਹਲਾ 9 ਪੰਨਾ 727)
**
ਰੇ ਮਨ ਓਟਿ ਲੇਹੁ ਹਰਿ ਨਾਮਾ।
ਜਾ ਕੈ ਸਿਮਰਨਿ ਦੁਰਮਤਿ ਨਾਸੇ ਪਾਵਹਿ ਪਦੁ ਨਿਰਬਾਨਾ॥
(ਰਾਗੁ ਰਾਮਕਲੀ ਮਹਲਾ 9 ਪੰਨਾ 901)
ਉਸ ਦੀ ਪ੍ਰਾਪਤੀ ਲਈ ਬਾਹਰਲੇ ਦਿਖਾਵੇ ਅਤੇ ਕਰਮ-ਕਾਂਡਾਂ ਦੀ ਜ਼ਰੂਰਤ ਨਹੀਂ, ਸਗੋਂ ਉਸ ਨੂੰ ਤਾਂ ਆਪਣੇ ਅੰਦਰੋਂ ਹੀ ਪਾਇਆ ਜਾ ਸਕਦਾ ਹੈ। ਉਹ ਨਿਰਗੁਣ ਪ੍ਰਭੂ ਜੋ ਸਭ ਕੁਝ ਤੋਂ ਨਿਰਲੇਪ ਹੈ, ਉਹ ਤਾਂ ਸਦਾ ਹੀ ਇਨਸਾਨ ਦੇ ਨਾਲ ਰਹਿੰਦਾ ਹੈ। ਲੋੜ ਉਸ ਨੂੰ ਖੋਜਣ ਦੀ ਹੈ ਅਤੇ ਆਪਣੀ ਅੰਦਰੂਨੀ ਯਾਤਰਾ ਕਰਨ ਨਾਲ ਹੀ ਉਸ ਤਕ ਪੁੱਜਿਆ ਜਾ ਸਕਦਾ ਹੈ।
ਕਾਹੇ ਰੇ ਬਨ ਖੋਜਨ ਜਾਈ।
ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗਿ ਸਮਾਈ॥
(ਰਾਗ ਧਨਾਸਰੀ ਮਹਲਾ 9,ਪੰਨਾ 684)
ਉਸ ਪ੍ਰਭੂ ਦੀ ਬੇਅੰਤਤਾ, ਸਰਬ-ਸ਼ਕਤੀਮਾਨਤਾ ਦੱਸਦੇ ਹੋਏ ਉਸ ਦਾ ਹੁਕਮ ਪਛਾਣਨਾ, ਉਸ ਦੀ ਰਜ਼ਾ ਵਿਚ ਰਹਿਣਾ ਅਤੇ ਉਸ ’ਤੇ ਵਿਸ਼ਵਾਸ ਕਰਨਾ ਹਰ ਮਨੁੱਖ ਦਾ ਮੁੱਢਲਾ ਕਰਮ ਹੈ। ਸਾਰੇ ਸੁੱਖਾਂ ਦਾ ਦਾਤਾ ਕੇਵਲ ਪ੍ਰਭੂ ਹੀ ਹੈ। “ਸਭ ਸੁਖ ਦਾਤਾ ਰਾਮੁ ਹੈ, ਦੂਸਰ ਨਾਹਿਨ ਕੋਇ” (ਸਲੋਕ ਮਹਲਾ 9 ਪੰਨਾ 1426) ਮਨੁੱਖ ਦਾ ਆਪਣਾ ਬਲ ਇੰਨਾ ਨਹੀਂ ਕਿ ਉਹ ਆਪ ਦੁੱਖਾਂ ਨੂੰ ਦੂਰ ਕਰ ਸਕੇ ਅਤੇ ਸੁੱਖਾਂ ਦੀ ਪ੍ਰਾਪਤੀ ਕਰ ਸਕੇ, ਭਾਵੇਂ ਉਹ ਲਗਾਤਾਰ ਸੁੱਖ ਲਈ ਯਤਨ ਕਰਦਾ ਹੈ।
ਨਾਸ਼ਮਾਨਤਾ ਨੂੰ ਜਿੰਨਾ ਜ਼ੋਰ ਦੇ ਕੇ ਗੁਰੂ ਤੇਗ ਬਹਾਦਰ ਜੀ ਨੇ ਦਰਸਾਇਆ ਹੈ, ਸ਼ਾਇਦ ਹੋਰ ਕਿਸੇ ਵੀ ਗੁਰੂ ਜਾਂ ਭਗਤ ਨੇ ਨਹੀਂ ਲਿਖਿਆ। ਉਨ੍ਹਾਂ ਨੂੰ ਜੱਗ ਦੀ ਨਾਸ਼ਮਾਨਤਾ ਦਾ ਜੋ ਅਨੁਭਵ ਅਤੇ ਸੋਝੀ ਸੀ, ਉਸੇ ਨੂੰ ਉਹ ਆਪਣੀ ਰਚਨਾ ਵਿਚ ਪ੍ਰਗਟ ਕਰਦੇ ਹਨ ਅਤੇ ਲੋਕਾਈ ਨੂੰ ਸੁਚੇਤ ਕਰਦੇ ਹਨ ਕਿ ਉਹ ਜੱਗ ਦੀ, ਪਰਿਵਾਰ ਦੀ, ਧਨ ਸੰਪਤੀ ਦੀ ਅਤੇ ਨਿੱਜ ਦੀ ਪਕੜ ਤੋਂ ਉੱਚਾ ਉੱਠੇ।
ਨਾਸ਼ਮਾਨਤਾ ਕਈ ਪ੍ਰਕਾਰ ਦੀ ਹੈ- ਵਸਤੂ ਪੂਰਨ ਸੰਸਾਰ ਦੀ ਨਾਸ਼ਮਾਨਤਾ ਵਿਚ ਇਹ ਦਿਸਦਾ ਜਗਤ ਅਤੇ ਇਸ ਦੀਆਂ ਸਾਰੀਆਂ ਵਸਤੂਆਂ ਆ ਜਾਂਦੀਆਂ ਹਨ । ਗੁਰੂ ਜੀ ਅਨੁਸਾਰ ਜੋ ਵੀ ਪੈਦਾ ਹੋਇਆ ਹੈ, ਉਸ ਨੇ ਖ਼ਤਮ ਵੀ ਜ਼ਰੂਰ ਹੋਣਾ ਹੈ, ਫਿਰ ਉਸ ਨਾਲ ਮੋਹ ਕਿਉਂ ਪਾਇਆ ਜਾਵੇ।
ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈ ਕਾਲ ॥
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥
(ਸਲੋਕ ਮਹਲਾ 9, ਪੰਨਾ 1429)
**
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ॥
ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਹੀ॥
(ਰਾਗੁ ਸਾਰੰਗ ਮਹਲਾ 9 ਪੰਨਾ 1231)
ਇਸ ਥੋੜ੍ਹ-ਚਿਰੇ ਸੰਸਾਰ ਨੂੰ ਸਿਰਫ਼ ਨਾਸ਼ਮਾਨ ਹੀ ਨਹੀਂ ਕਿਹਾ, ਸਗੋਂ ਇਸ ਨੂੰ ਮਿਥਿਆ ਵੀ ਕਿਹਾ ਹੈ। ਮਿਥਿਆ ਓਨੀ ਦੇਰ ਹੈ, ਜਿੰਨੀ ਦੇਰ ਇਸ ਜਗਤ ਵਿਚ ਰਮੇ ਹੋਏ ਪ੍ਰਭੂ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ। ਸਿਰਫ਼ ਅਕਾਲ-ਪੁਰਖ ਹੀ ਸੱਚ ਹੈ, ਉਸ ਤੋਂ ਬਿਨਾਂ ਸਭ ਝੂਠ ਦਾ ਹੀ ਪਸਾਰਾ ਹੈ, ਪਰ ਇਸ ਨੂੰ ਇਨਸਾਨ ਸੱਚ ਸਮਝੀ ਬੈਠਾ ਹੈ।
ਇਹ ਸੰਸਾਰ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ॥
(ਸਾਰੰਗ ਮਹਲਾ 9 ਪੰਨਾ 1231)
ਜਿਉ ਸੁਪਨਾ ਅਰ ਪੇਖਨਾ ਐਸੇ ਜਗ ਕਉ ਜਾਨਿ ॥
ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ॥
(ਸਲੋਕ ਮਹਲਾ 9 ਪੰਨਾ 1427)
ਵਸਤੂ ਸੰਸਾਰ ਦੇ ਦੋ ਪੱਖ ਹਨ-ਬਾਹਰੀ ਅਤੇ ਅੰਦਰੂਨੀ। ਬਾਹਰੀ ਉਹ ਜੋ ਨਾਸ਼ਮਾਨ ਹੈ ਅਤੇ ਮਿਥਿਆ ਹੈ। ਅੰਦਰੂਨੀ ਉਹ ਜਿਸ ਵਿਚ ਰਮਿਆ ਰਾਮ ਨਜ਼ਰ ਆਉਂਦਾ ਹੈ:
ਸਾਧੋ ਰਚਨਾ ਰਾਮ ਬਨਾਈ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ॥
(ਗਉੜੀ ਮਹਲਾ 9 ਪੰਨਾ 219)
ਨਾਸ਼ਮਾਨਤਾ ਨੂੰ ਜਿਉਂ ਜਿਉਂ ਮਨੁੱਖੀ ਮਨ ਸਮਝਣ ਲੱਗਦਾ ਹੈ, ਤਿਉਂ ਤਿਉਂ ਉਸ ਵਿਚ ਬੈਰਾਗ ਪੈਦਾ ਹੁੰਦਾ ਹੈ। ਪਰ ਗੁਰੂ ਜੀ ਜੋਗੀਆਂ ਸੰਨਿਆਸੀਆਂ ਦੇ ਘਰ ਬਾਰ ਛੱਡ ਕੇ ਜੰਗਲਾਂ ਵਿਚ ਜਾਣ ਨੂੰ ਕੋਈ ਮਾਨਤਾ ਨਹੀਂ ਦਿੰਦੇ, ਅਜਿਹੇ ਕਰਮ-ਕਾਂਡ ਜੋ ਵੀ ਪ੍ਰਭੂ ਨੂੰ ਮਿਲਣ ਲਈ ਕੀਤੇ ਜਾਂਦੇ ਸਨ, ਆਪ ਨੇ ਸਭ ਦਾ ਖੰਡਨ ਕੀਤਾ ਹੈ। ਜਾਗਿਆ ਬੈਰਾਗ ਇਸ ਜਗਤ ਵਿਚ ਰਹਿੰਦੇ ਹੋਏ ਹੀ ਇਸ ਵਿਚ ਖਚਿਤ ਹੋਣ ਤੋਂ ਬਚ ਸਕਦਾ ਹੈ। ਇਹੀ ਅੱਗੇ ਚੱਲ ਕੇ ਉਸ ਪਰਮਾਤਮਾ ਨਾਲ ਪ੍ਰੇਮ ਕਰਨ ਲਈ ਵੀ ਸਹਾਇਕ ਬਣਦਾ ਹੈ, ਪਰ ਕਰਮ ਕਾਂਡਾਂ ਵਿਚ ਫਸ ਕੇ ਉਸ ਸੱਚਾਈ ਤੋਂ ਕੋਹਾਂ ਦੂਰ ਹੋ ਕੇ ਹਉਮੈ ਦੀ ਮੈਲ ਲਗਾ ਬੈਠਦਾ ਹੈ।
ਕਾਹੇ ਰੇ ਬਨ ਖੋਜਨ ਜਾਈ।
ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗਿ ਸਮਾਈ॥
(ਰਾਗ ਧਨਾਸਰੀ ਮਹਲਾ 9, ਪੰਨਾ 684)
**
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥
ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥
(ਸਲੋਕ ਮਹਲਾ 9 ਪੰਨਾ 1428)
ਮਨੁੱਖ ਆਪਣੇ ਪਰਿਵਾਰ ਨਾਲ ਬਹੁਤ ਮੋਹ ਰੱਖਦਾ ਹੈ ਤੇ ਆਪਣੇ ਮਾਤਾ ਪਿਤਾ, ਭੈਣ, ਭਰਾ, ਪਤਨੀ, ਪੁੱਤ, ਧੀਆਂ ਅਤੇ ਸਾਕ ਸਬੰਧੀਆਂ ਦੀ ਪਿਆਰ ਖਿੱਚ ਵਿਚ ਪ੍ਰਭੂ ਨੂੰ ਵਿਸਾਰ ਦਿੰਦਾ ਹੈ। ਗੁਰੂ ਜੀ ਅਨੁਸਾਰ ਇਨ੍ਹਾਂ ਸਭਨਾਂ ਦੀ ਪ੍ਰੀਤ ਸਵਾਰਥ ਭਰੀ ਹੈ, ਕਾਰਨ ਮਾਇਆ ਹੈ ਅਤੇ ਅੰਤ ਨਹੀਂ ਨਿਭਣੀ।
ਇਨਸਾਨ ਦੀ ਅਗਲੀ ਖਿੱਚ ਉਸ ਦੀ ਧਨ ਸੰਪਤੀ, ਮਹੱਲ ਮਾੜੀਆਂ, ਜਾਇਦਾਦ ਹੈ, ਉਹ ਇਨ੍ਹਾਂ ਦੀ ਪ੍ਰਾਪਤੀ ਲਈ ਵਿਕਾਰਾਂ ਵਿਚ ਵੀ ਫਸਿਆ ਰਹਿੰਦਾ ਹੈ ਅਤੇ ਇਨ੍ਹਾਂ ’ਤੇ ਗਰੂਰ ਵੀ ਕਰਦਾ ਹੈ। ਸਾਰੀ ਜ਼ਿੰਦਗੀ ਧਨ ਜੋੜਦਾ ਰਹਿੰਦਾ ਹੈ ਅਤੇ ਜਾਇਦਾਦ ਬਣਾਉਂਦਾ ਰਹਿੰਦਾ ਹੈ। ਆਪਣਾ ਕੀਮਤੀ ਸਮਾਂ ਇਨ੍ਹਾਂ ਨਾਸ਼ਮਾਨ ਅਤੇ ਨਾਲ ਨਾ ਜਾਣ ਵਾਲੀਆਂ ਵਸਤਾਂ ਨੂੰ ਇਕੱਠਾ ਕਰਨ ਵਿਚ ਲੱਗਿਆ ਰਹਿੰਦਾ ਹੈ।
ਗੁਰੂ ਤੇਗ ਬਹਾਦਰ ਜੀ ਨੇ ਦਾਰਸ਼ਨਿਕ ਪੱਖ ਵੀ ਆਪਣੀ ਬਾਣੀ ਵਿਚ ਲਿਖਿਆ ਹੈ, ਪਰ ਉਸ ਨੂੰ ਆਪਣੀ ਰਚਨਾ ’ਤੇ ਕਿਤੇ ਵੀ ਭਾਰੂ ਨਹੀਂ ਹੋਣ ਦਿੱਤਾ। ਬ੍ਰਹਮ, ਜਗਤ, ਜੀਵ, ਮਾਇਆ, ਮੁਕਤੀ ਆਦਿ ਵਰਗੇ ਦਾਰਸ਼ਨਿਕ ਵਿਸ਼ਿਆਂ ’ਤੇ ਕਲਮ ਚਲਾਉਂਦੇ ਹੋਏ ਵੀ ਸਹਿਜਤਾ ਅਤੇ ਸਰਲਤਾ ਨੂੰ ਆਂਚ ਨਹੀਂ ਆਉਣ ਦਿੱਤੀ। ਇਨ੍ਹਾਂ ਸ਼ਬਦਾਂ ਦੀ ਵਿਆਖਿਆ ਵੀ ਇੰਨੀ ਸਰਲ ਹੈ ਕਿ ਆਮ ਪਾਠਕ ਵੀ ਸਮਝ ਲੈਂਦਾ ਹੈ।
ਗੁਰੂ ਜੀ ਦਾ ਮਨੁੱਖ ਨੂੰ ਇਹੋ ਸੰਦੇਸ਼ ਹੈ ਕਿ ਉਹ ਆਪਣੇ ਜੀਵਨ ਦਾ ਮਕਸਦ ਪਛਾਣੇ। ਜਗਤ ਦੀ, ਧਨ-ਜਾਇਦਾਦ ਦੀ, ਪਰਿਵਾਰ ਦੀ ਅਤੇ ਆਪਣੇ ਤਨ ਦੀ ਹਰ ਖਿੱਚ ਤੋਂ ਆਜ਼ਾਦ ਹੋ ਕੇ ਵਿਚਰੇ। ਪ੍ਰਭੂ ਪ੍ਰਾਪਤੀ ਦੇ ਰਸਤੇ ਦੀਆਂ ਰੁਕਾਵਟਾਂ ਜੋ ਮਨ ਦੇ ਵਿਕਾਰ ਹਨ, ਉਨ੍ਹਾਂ ਤੋਂ ਬਚੇ।