ਮੁਨੀਸ਼ ਭਾਟੀਆ
ਅੱਜ ਸਮਾਜ ਵਿੱਚ ਹਰ ਪਾਸੇ ਹਿੰਸਾ, ਅਰਾਜਕਤਾ ਅਤੇ ਝੂਠ ਦਾ ਬੋਲਬਾਲਾ ਹੈ। ਹਿੰਸਾ ਅਤੇ ਨਫ਼ਰਤ ਨਾਲ ਭਰੇ ਮਾਹੌਲ ਕਾਰਨ ਅੱਜ ਨੈਤਿਕ ਕਦਰਾਂ ਕੀਮਤਾਂ ਨੂੰ ਬਹੁਤ ਠੇਸ ਪੁੱਜੀ ਹੈ। ਇਹ ਸੱਚ ਹੈ ਕਿ ਜਦੋਂ ਸਮਾਜ ਵਿੱਚ ਹਿੰਸਾ, ਨਫ਼ਰਤ ਅਤੇ ਅਰਾਜਕਤਾ ਦਾ ਬੋਲਬਾਲਾ ਹੁੰਦਾ ਹੈ ਤਾਂ ਇਹ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਦਾ ਹੈ। ਸਾਡੇ ਮਨ ਵਿੱਚ ਜਮ੍ਹਾਂ ਹੋਈ ਨਕਾਰਾਤਮਕਤਾ ਅਤੇ ਦੂਜਿਆਂ ਨੂੰ ਦੋਸ਼ ਦੇਣ ਦੀ ਪ੍ਰਵਿਰਤੀ ਸਮਾਜ ਵਿੱਚ ਨੈਤਿਕਤਾ ਦੇ ਪੱਧਰ ਨੂੰ ਨੀਵਾਂ ਕਰ ਰਹੀ ਹੈ।
ਇਹ ਕਿਹਾ ਜਾਂਦਾ ਹੈ ਕਿ ‘ਆਤਮ-ਨਿਰੀਖਣ ਸਵੈ-ਸੁਧਾਰ ਦਾ ਪਹਿਲਾ ਕਦਮ ਹੈ।’ ਜੇਕਰ ਅਸੀਂ ਆਪਣੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਇਸ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਅ ਆ ਸਕਦਾ ਹੈ। ਅਸੀਂ ਦੂਜਿਆਂ ਦੇ ਦੋਸ਼ਾਂ ਦੀ ਤਾਂ ਬਹੁਤ ਚਰਚਾ ਕਰਦੇ ਹਾਂ, ਪਰ ਆਪਣੀਆਂ ਗ਼ਲਤੀਆਂ ਨੂੰ ਛੁਪਾਉਂਦੇ ਹਾਂ। ਅਸੀਂ ਦੂਸਰਿਆਂ ਦੇ ਨੁਕਸ ਤਾਂ ਦੇਖ ਸਕਦੇ ਹਾਂ, ਪਰ ਆਪਣੇ ਵੱਡੇ ਤੋਂ ਵੱਡੇ ਗੁਨਾਹਾਂ ਬਾਰੇ ਆਤਮ-ਪੜਚੋਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਜੇਕਰ ਅਸੀਂ ਇਸ ਨੂੰ ਦੂਰ ਕਰਕੇ ਸੱਚਾਈ ਅਤੇ ਮਾਨਵਤਾ ਪੱਖੀ ਰੁਖ਼ ਅਪਣਾਉਣ ਦਾ ਯਤਨ ਕਰਾਂਗੇ ਤਾਂ ਇਹ ਨਾ ਸਿਰਫ਼ ਸਮਾਜ ਲਈ ਸਗੋਂ ਆਪਣੇ ਲਈ ਵੀ ਬਹੁਤ ਲਾਭਦਾਇਕ ਹੋਵੇਗਾ।
ਕਬੂਤਰ ਵਾਂਗ ਅੱਖਾਂ ਮੀਚਣ ਦੀ ਭਾਵਨਾ ਨੇ ਸਮਾਜ ਨੂੰ ਬਹੁਤ ਗਹਿਰਾਈ ਤੱਕ ਨੁਕਸਾਨ ਪਹੁੰਚਾਇਆ ਹੈ। ਸਿਆਸੀ ਬਦਲਾਖੋਰੀ ਦੀ ਭਾਵਨਾ ਇੰਨੀ ਮਜ਼ਬੂਤ ਹੋ ਗਈ ਹੈ ਕਿ ਨੈਤਿਕਤਾ ਦੇ ਸਾਰੇ ਪਹਿਲੂਆਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਅਸੀਂ ਆਪਣੇ ਮਨ ਵਿੱਚ ਆਤਮ-ਵਿਸ਼ਵਾਸ ਦਾ ਦੀਵਾ ਜਗਾਉਣ ਦਾ ਯਤਨ ਵੀ ਨਹੀਂ ਕਰਦੇ। ਇਹੀ ਕਾਰਨ ਹੈ ਕਿ ਸਮਾਜਿਕ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰਿਵਾਰ ਇਸ ਦੀ ਪਹਿਲੀ ਇਕਾਈ ਹੋਣ ਕਰਕੇ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਜੇਕਰ ਪਰਿਵਾਰ ਵਿੱਚ ਔਰਤਾਂ ਵਿਰੁੱਧ ਅਪਰਾਧ, ਹਿੰਸਾ ਅਤੇ ਸ਼ੋਸ਼ਣ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਇਸ ਦਾ ਸਮਾਜ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਸਮਾਜ ਦੀ ਪਹਿਲੀ ਇਕਾਈ ਅਰਥਾਤ ਪਰਿਵਾਰ ਉਹ ਹਨ ਜਿੱਥੇ ਘਰੇਲੂ ਅਪਰਾਧ ਹੁੰਦੇ ਹਨ ਅਤੇ ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਜਦੋਂ ਪਰਿਵਾਰ ਵਿੱਚ ਇੱਜ਼ਤ, ਸੁਰੱਖਿਆ ਅਤੇ ਹਮਦਰਦੀ ਦੀ ਘਾਟ ਹੁੰਦੀ ਹੈ ਤਾਂ ਸਮਾਜ ਦਾ ਢਾਂਚਾ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ, ਸਿੱਖਿਆ ਅਤੇ ਮਾਨਸਿਕ ਸਿਹਤ ਨੂੰ ਪਹਿਲ ਦੇਣਾ ਜ਼ਰੂਰੀ ਹੈ ਕਿਉਂਕਿ ਇੱਕ ਮਜ਼ਬੂਤ ਪਰਿਵਾਰ ਹੀ ਚੰਗੇ ਸਮਾਜ ਦੀ ਨੀਂਹ ਰੱਖਦਾ ਹੈ। ਪਰਿਵਾਰ ਵਿੱਚ ਔਰਤਾਂ-ਬੱਚਿਆਂ ਪ੍ਰਤੀ ਸਮਾਨਤਾ, ਦਇਆ ਅਤੇ ਸਤਿਕਾਰ ਦਿਖਾ ਕੇ ਹੀ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਂਦੀ ਜਾ ਸਕਦੀ ਹੈ।
ਅਜੋਕੇ ਸਮੇਂ ਵਿੱਚ ਸਿਖਰਲੇ ਨੇਤਾਵਾਂ ਅਤੇ ਜਨ ਪ੍ਰਤੀਨਿਧੀਆਂ ਵਿੱਚ ਆਤਮ ਚਿੰਤਨ ਦੀ ਘਾਟ ਅਤੇ ਬਦਲੇ ਦੀ ਭਾਵਨਾ ਦਾ ਵਧਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਸਮਾਜ ਵਿੱਚ ਵਧ ਰਹੇ ਅਪਰਾਧ ਅਤੇ ਅਨੈਤਿਕਤਾ ਕੁਝ ਹੱਦ ਤੱਕ ਉਨ੍ਹਾਂ ਵਿਅਕਤੀਆਂ ਦੀ ਨੈਤਿਕ ਗਿਰਾਵਟ ਨੂੰ ਦਰਸਾਉਂਦੇ ਹਨ ਜੋ ਸਮਾਜ ਨੂੰ ਸੇਧ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਜੇਕਰ ਸਿਖਰ ’ਤੇ ਬੈਠੇ ਲੋਕ ਨੈਤਿਕਤਾ ਦੇ ਉੱਚੇ ਮਿਆਰਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਸ ਦਾ ਸਮਾਜ ’ਤੇ ਮਾੜਾ ਪ੍ਰਭਾਵ ਪਵੇਗਾ ਅਤੇ ਫਿਰ ਆਮ ਲੋਕਾਂ ਵਿੱਚ ਵੀ ਅਨੁਸ਼ਾਸਨ ਅਤੇ ਸੰਵੇਦਨਸ਼ੀਲਤਾ ਦੀ ਘਾਟ ਹੋਣੀ ਸ਼ੁਰੂ ਹੋ ਜਾਵੇਗੀ। ਜਦੋਂ ਮਨੁੱਖ ਆਪਣੇ ਅੰਦਰ ਝਾਤੀ ਮਾਰਦਾ ਹੈ ਅਤੇ ਆਪਣੀਆਂ ਕਮਜ਼ੋਰੀਆਂ ਅਤੇ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਸਮਾਜ ਲਈ ਮਿਸਾਲ ਬਣ ਜਾਂਦਾ ਹੈ।
‘ਵਸੁਧੈਵ ਕੁਟੁੰਬਕਮ’ ਦਾ ਆਦਰਸ਼ ਉਦੋਂ ਹੀ ਸਾਕਾਰ ਹੋ ਸਕਦਾ ਹੈ ਜਦੋਂ ਸਮਾਜ ਦਾ ਹਰ ਮੈਂਬਰ ਖ਼ਾਸ ਕਰਕੇ ਸ਼ਾਸਨ ਪ੍ਰਣਾਲੀ ਵਿੱਚ ਸ਼ਾਮਲ ਲੋਕ ਆਪਣੇ ਫਰਜ਼ਾਂ ਪ੍ਰਤੀ ਇਮਾਨਦਾਰ ਅਤੇ ਜ਼ਿੰਮੇਵਾਰ ਹੋਣ। ਇਸ ਲਈ ਲੋੜ ਹੈ ਕਿ ਰਾਜ ਪ੍ਰਬੰਧ ਵਿੱਚ ਬੈਠੇ ਸਾਡੇ ਨੇਤਾ ਅਤੇ ਲੋਕ ਨੁਮਾਇੰਦੇ ਆਪਣੇ ਫਰਜ਼ਾਂ ਅਤੇ ਨੈਤਿਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਹੋਣ। ਨਾਲ ਹੀ, ਹਰੇਕ ਨਾਗਰਿਕ ਨੂੰ ਆਪਣੇ ਪੱਧਰ ’ਤੇ ਆਤਮ-ਨਿਰੀਖਣ ਅਤੇ ਸਵੈ-ਸੁਧਾਰ ਲਈ ਪ੍ਰਣ ਲੈਣਾ ਚਾਹੀਦਾ ਹੈ ਤਾਂ ਹੀ ਅਸੀਂ ਇੱਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ, ਜਿੱਥੇ ‘ਵਸੁਧੈਵ ਕੁਟੁੰਬਕਮ’ ਦੇ ਆਦਰਸ਼ ਨੂੰ ਸਾਕਾਰ ਕੀਤਾ ਜਾ ਸਕਦਾ ਹੈ।
ਪਰਿਵਾਰ ਵਿੱਚ ਕਿਸੇ ਵਿਅਕਤੀ ਦੇ ਵਿਹਾਰ ਦੀ ਸਮੀਖਿਆ ਅਤੇ ਆਤਮ ਨਿਰੀਖਣ ਦੀ ਭਾਵਨਾ ਪੈਦਾ ਕਰਨਾ ਸਮੇਂ ਦੀ ਲੋੜ ਹੈ। ਜਦੋਂ ਅਸੀਂ ਆਪਣੇ ਦਿਲ ਨੂੰ ਸ਼ੀਸ਼ਾ ਸਮਝਦੇ ਹਾਂ ਅਤੇ ਆਪਣੇ ਕੰਮਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਆਪਣੇ ਆਚਰਣ ਦੀ ਸੱਚਾਈ ਦਾ ਪਤਾ ਲੱਗ ਜਾਂਦਾ ਹੈ। ਇਹ ਆਤਮ ਨਿਰੀਖਣ ਸਾਨੂੰ ਨਾ ਸਿਰਫ਼ ਆਪਣੀਆਂ ਕਮੀਆਂ ਤੋਂ ਜਾਣੂ ਕਰਵਾਉਂਦਾ ਹੈ ਸਗੋਂ ਉਨ੍ਹਾਂ ਨੂੰ ਦੂਰ ਕਰਨ ਲਈ ਵੀ ਪ੍ਰੇਰਿਤ ਵੀ ਕਰਦਾ ਹੈ। ਕਿਸੇ ਵੀ ਵਿਅਕਤੀ ਨਾਲ ਕੀਤਾ ਗਿਆ ਵਿਹਾਰ ਚਾਹੇ ਅਣਜਾਣੇ ਵਿੱਚ ਹੋਵੇ ਜਾਂ ਜਾਣਬੁੱਝ ਕੇ, ਜੇਕਰ ਉਸ ਵਿਹਾਰ ਨਾਲ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਠੇਸ ਪਹੁੰਚਦੀ ਹੈ ਤਾਂ ਇਹ ਸਾਡੇ ਲਈ ਚਿਤਾਵਨੀ ਹੈ ਕਿ ਸਾਨੂੰ ਆਪਣੇ ਵਿਹਾਰ ਨੂੰ ਸੁਧਾਰਨ ਦੀ ਲੋੜ ਹੈ। ਸ਼ਾਂਤ ਅਤੇ ਚੇਤੰਨ ਮਨ ਨਾਲ ਆਪਣੇ ਵਿਹਾਰ ’ਤੇ ਵਿਚਾਰ ਕਰਨਾ ਸਾਨੂੰ ਸਵੈ-ਸੁਧਾਰ ਦੇ ਮਾਰਗ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਦਾ ਆਤਮ-ਨਿਰੀਖਣ ਸਾਡੀ ਮਾਨਸਿਕਤਾ ਨੂੰ ਬਦਲਣ ਅਤੇ ਸਾਡੇ ਵਿਹਾਰ ਨੂੰ ਵਧੇਰੇ ਸਕਾਰਾਤਮਕ ਬਣਾਉਣ ਵਿੱਚ ਮਦਦਗਾਰ ਹੁੰਦਾ ਹੈ।
ਜੇਕਰ ਅਸੀਂ ਸਾਰੇ ਇਸ ਦਿਸ਼ਾ ਵੱਲ ਵਧਦੇ ਹਾਂ ਤਾਂ ਨਿਸ਼ਚਿਤ ਤੌਰ ’ਤੇ ਸਮਾਜ ਵਿੱਚ ਸਕਾਰਾਤਮਕ ਤਬਦੀਲੀਆਂ ਆਉਣਗੀਆਂ ਅਤੇ ਅਸੀਂ ਸੰਤੁਸ਼ਟੀ ਅਤੇ ਅੰਦਰੂਨੀ ਸ਼ਾਂਤੀ ਦਾ ਅਨੁਭਵ ਵੀ ਕਰਾਂਗੇ। ਪਰਿਵਾਰ ਵਿੱਚ ਅੰਤਰ-ਆਤਮਾ ਦੀ ਇਹ ਭਾਵਨਾ ਸਮਾਜ ਦੇ ਹਰ ਵਿਅਕਤੀ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾ ਸਕਦੀ ਹੈ। ਇਸ ਨੂੰ ਅਪਣਾ ਕੇ ਹੀ ਅਸੀਂ ਆਪਣੇ ਮਨ ਨੂੰ ਚਾਨਣ ਵਿੱਚ ਬਦਲ ਸਕਦੇ ਹਾਂ।
ਸੰਪਰਕ: 70271-20349