ਬਲਜਿੰਦਰ ਜੌੜਕੀਆਂ
ਸਭ ਦੇ ਹੁਸੀਨ ਸੁਪਨੇ ਹੁੰਦੇ ਹਨ। ਹਰ ਕੋਈ ਸੁਪਨਮਈ ਜ਼ਿੰਦਗੀ ਲੋਚਦਾ ਹੈ। ਪਾਲਣ ਪੋਸ਼ਣ ਤੇ ਪਰਿਵਾਰਕ ਪਿਛੋਕੜ ਦੇ ਮੁਤਾਬਿਕ ਹਰ ਇੱਕ ਦੀਆਂ ਚਾਹਤਾਂ ਵਿੱਚ ਫ਼ਰਕ ਹੁੰਦਾ ਹੈ। ਹਰ ਇੱਕ ਦਾ ਆਪਣੀ ਸਮਝ ਅਨੁਸਾਰ ਮਾਨਸਿਕ ਪੱਧਰ ਹੁੰਦਾ ਹੈ। ਅਕਲ ਮੁਤਾਬਿਕ ਵਿਅਕਤੀਗਤ ਵਖਰੇਵੇਂ ਹੁੰਦੇ ਹਨ। ਜੀਵਨ ਦੀਆਂ ਉਮੰਗਾਂ ਤੇ ਤਰੰਗਾਂ ਪੂਰੀਆਂ ਕਰਨ ਲਈ ਹੱਥ ਪੈਰ ਮਾਰਨੇ ਪੈਂਦੇ ਹਨ। ਦੁਖਾਂਤ ਇਹ ਹੈ ਕਿ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਉਨ੍ਹਾਂ ਨੂੰ ਆਪਣੇ ਜੀਵਨ ਨੂੰ ਹੋਰ ਬਿਹਤਰ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਕੋਲ ਇਸ ਦਾ ਕੋਈ ਖਾਕਾ ਨਹੀਂ ਹੈ। ਅਰਧ ਗਿਆਨ ਤੇ ਛੋਟੇ ਦਾਇਰੇ ਅਕਸਰ ਡਰਪੋਕਤਾ ਦਾ ਕਾਰਨ ਬਣ ਜਾਂਦੇ ਹਨ। ਬੇਲੋੜੇ ਅੜਿੱਕੇ ਤਰੱਕੀ ਲਈ ਮਾਰੂ ਸਾਬਤ ਹੁੰਦੇ ਹਨ। ਅਸੀਂ ਜਾਣਦੇ ਹਾਂ ਕਿ ਨਿਵੇਸ਼ ਕਰਨਾ ਸਾਡੇ ਭਵਿੱਖ ਲਈ ਚੰਗਾ ਹੈ, ਪਰ ਫਿਰ ਵੀ ਅਸੀਂ ਘਾਟੇ ਦੇ ਡਰੋਂ ਪੂੰਜੀ ਲਾਉਣੋਂ ਝਿਜਕਦੇ ਹਾਂ। ਅਸੀਂ ਅਜਿਹੇ ਮਾਹੌਲ ਵਿੱਚ ਪਲੇ ਹਾਂ ਕਿ ਡਰ ਦੀਆਂ ਕੰਧਾਂ ਸਾਡੇ ਸੁਪਨਿਆਂ ਤੋਂ ਉੱਚੀਆਂ ਹਨ। ਛੋਟੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਕੰਮ ਵਧਣ ਨਾਲ ਹੋਰ ਅੱਗੇ ਵਧਿਆ ਜਾ ਸਕਦਾ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਕੁਦਰਤ ਦੀ ਸੈਰ, ਕਸਰਤ ਦਾ ਕੋਈ ਰੂਪ ਭਾਵੇਂ ਕਿੰਨਾ ਵੀ ਛੋਟਾ ਹੋਵੇ, ਸਿਹਤਮੰਦ ਭੋਜਨ ਦੇ ਵਿਕਲਪ ਅਤੇ ਦਿਮਾਗ਼ ਨੂੰ ਬਰੇਕ ਲਈ ਸਮਾਂ ਕੱਢਣਾ ਸਾਡੀ ਲੰਬੀ ਉਮਰ ਤੇ ਤੰਦਰੁਸਤੀ ਦੀ ਬੁਨਿਆਦ ਹੈ, ਪਰ ਫਿਰ ਵੀ ਅਜਿਹੇ ਸਿਹਤਵਰਧਕ ਕੰਮਾਂ ਲਈ ਸਮਾਂ ਨਹੀਂ ਕੱਢਦੇ। ਸਭ ਜਾਣਦੇ ਹੋਏ ਵੀ ਇਨ੍ਹਾਂ ਵਿੱਚੋਂ ਇੱਕ ਆਦਤ ਨੂੰ ਆਪਣੀ ਜ਼ਿੰਦਗੀ ਦਾ ਪੱਕਾ ਰੁਟੀਨ ਬਣਾਉਣ ਲਈ ਸਮਾਂ ਨਹੀਂ ਕੱਢ ਰਹੇ। ਘੌਲ ਵਿੱਚੋਂ ਉਪਜੀਆਂ ਸੁਸਤੀਆਂ ਸਾਨੂੰ ਬਹੁਤ ਪਿੱਛੇ ਧੱਕ ਦਿੰਦੀਆਂ ਹਨ। ਚੰਗੀਆਂ ਆਦਤਾਂ ਜੋ ਸਾਡੇ ਭਵਿੱਖ ਲਈ ਲੋੜੀਂਦੀਆਂ ਹਨ, ਦੀ ਮਹੱਤਤਾ ਨੂੰ ਜਾਣਨਾ ਇੱਕ ਮਨੁੱਖੀ ਭੇਤ ਹੈ। ਅਜਿਹੀਆਂ ਅਣਦੇਖੀਆਂ ਕਰਕੇ ਬਹੁਤ ਸਾਰੇ ਲੋਕ ਆਪਣਾ ਉੱਤਮ ਰੂਪ ਪ੍ਰਾਪਤ ਕਰਨ ਵਿੱਚ ਸਫਲ ਨਹੀਂ ਹੁੰਦੇ। ਅਸੀਂ ਜ਼ਿੰਦਗੀ ਵਿੱਚ ਜੋ ਚਾਹੁੰਦੇ ਹਾਂ, ਉਸ ਲਈ ਸਮਾਂ ਨਾ ਕੱਢ ਸਕਣਾ ਵੱਡਾ ਦੁਖਾਂਤ ਹੈ। ਅਜਿਹੀਆਂ ਚੰਗੀਆਂ ਸ਼ੁਰੂਆਤਾਂ ਨਾ ਕਰ ਸਕਣ ਦੇ ਹੱਕ ਵਿੱਚ ਸਾਡੇ ਕੋਲ ਕੋਈ ਵਜ਼ਨਦਾਰ ਦਲੀਲ ਨਹੀਂ ਹੈ। ਹਾਲਾਂਕਿ ਅਸੀਂ ਬਦਲਾਅ ਲਈ ਬੇਤਾਬ ਹਾਂ, ਪਰ ਸੁਧਾਰ ਲਈ ਸਾਡੇ ਯਤਨ ਜ਼ੀਰੋ ਹਨ। ਪਹਿਲਾ ਕਦਮ ਅਕਸਰ ਔਖਾ ਹੁੰਦਾ ਹੈ। ਜਦੋਂ ਕਠਿਨ ਕੰਮ ਰੁਟੀਨ ਵਿੱਚ ਬਦਲ ਜਾਂਦੇ ਹਨ ਤਾਂ ਬੋਝ ਨਹੀਂ ਰਹਿੰਦੇ।
ਕੁਝ ਵੀ ਨਵਾਂ ਸ਼ੁਰੂ ਕਰਨਾ ਜਾਂ ਮੌਜੂਦਾ ਸਿਸਟਮ ਨੂੰ ਬਦਲਣਾ ਔਖਾ ਹੋ ਸਕਦਾ ਹੈ, ਪਰ ਅਸੰਭਵ ਨਹੀਂ। ਸਾਡੀਆਂ ਚੁਣੌਤੀਆਂ ਅਤੇ ਡਰਾਂ ਨਾਲ ਸਿੱਧਾ ਟੱਕਰਨ ਨਾਲ ਹੀ ਮਸਲੇ ਹੱਲ ਹੋਣੇ ਹਨ। ਮਾਨਸਿਕਤਾ ਦੀ ਠੋਸਤਾ ਬਦਲਾਅ ਵਿੱਚ ਵੱਡਾ ਅੜਿੱਕਾ ਹੁੰਦੀ ਹੈ, ਇਸ ਲਈ ਕੰਮਾਂ ਪ੍ਰਤੀ ਲਚਕਦਾਰ ਪਹੁੰਚ ਰੱਖੋ। ਕੁਝ ਵੀ ਨਵਾਂ ਸ਼ੁਰੂ ਕਰਨਾ ਮਨੋਂ ਸਥਿਤੀਆਂ ’ਤੇ ਨਿਰਭਰ ਕਰਦਾ ਹੈ। ਸਾਡੀ ਸਫਲਤਾ ਸਮੱਸਿਆਵਾਂ ਬਾਰੇ ਸਮਝ ਤੇ ਹਾਲਤਾਂ ’ਤੇ ਪਕੜ ’ਤੇ ਨਿਰਭਰ ਕਰਦੀ ਹੈ। ਜੇਕਰ ਤੁਸੀਂ ਚੁਣੌਤੀਆਂ ਅੱਗੇ ਗੋਡੇ ਟੇਕ ਦਿੰਦੇ ਹੋ ਤਾਂ ਕੋਈ ਵੀ ਸਲਾਹ ਤੁਹਾਨੂੰ ਨਵਾਂ ਸ਼ੁਰੂ ਕਰਨ ਜਾਂ ਅੱਗੇ ਵਧਣ ਵਿੱਚ ਮਦਦ ਨਹੀਂ ਕਰੇਗੀ। ਅੱਜ ਸਿੱਖਿਆ ਢਾਂਚੇ ਵਿੱਚ ਵੀ ਵੱਡੇ ਸੁਧਾਰਾਂ ਦੀ ਲੋੜ ਹੈ। ਪੜ੍ਹੇ ਲਿਖੇ ਸਫੈਦ ਪੋਸ਼ ਦਿਨੋਂ-ਦਿਨ ਵਧ ਰਹੇ ਹਨ ਜਦੋਂ ਕਿ ਕੰਮ ਕਰਨ ਵਾਲੇ ਹੱਥ ਘਟ ਰਹੇ ਹਨ। ਸਿੱਖਿਆ ਦੇ ਜੀਵਨ ਮੁੱਲਾਂ ਤੋਂ ਪਾਸੇ ਹਟਣ ਕਰਕੇ ਅੱਜ ਗਿਆਨ ਕੇਵਲ ਧਨ ਇਕੱਠਾ ਕਰਨ ਦਾ ਸਾਧਨ ਬਣ ਕੇ ਰਹਿ ਗਿਆ ਹੈ। ਸਿੱਖਣ ਦਾ ਉਦੇਸ਼ ਕੇਵਲ ਗਿਆਨ ਇਕੱਠਾ ਕਰਨਾ ਨਹੀਂ ਸਗੋਂ ਕੰਮਾਂ ਵਿੱਚ ਜੁਟਦੇ ਹੋਏ ਜੀਵਨ ਯਾਤਰਾ ਨੂੰ ਸੁਹਾਵਣਾ ਬਣਾਉਣਾ ਹੈ।
ਕੰਮ ਵਿੱਚ ਸਰਗਰਮ ਸ਼ਮੂਲੀਅਤ ਰੱਖਣਾ ਹੀ ਅਸਲ ਪੜ੍ਹਾਈ ਹੈ। ਇਸੇ ਕਰਕੇ ਪਾਬਲੋ ਪਿਕਾਸੋ ਨੇ ਕਿਹਾ ਸੀ, ‘‘ਕਾਰਜ ਸਾਰੀ ਸਫਲਤਾ ਦੀ ਬੁਨਿਆਦੀ ਕੁੰਜੀ ਹੈ।’’ ਪਹਿਲੇ ਕਦਮ ’ਤੇ ਕਿਸੇ ਵੀ ਕੰਮ ਲਈ ਸਾਰੇ ਸੰਦ ਤੇ ਸਾਧਨ ਮੌਜੂਦ ਨਹੀਂ ਹੁੰਦੇ ਬਲਕਿ ਸ਼ੁਰੂਆਤ ਹੋਣ ’ਤੇ ਨਵੇਂ ਨਵੇਂ ਹੱਲ ਆਪੇ ਹੀ ਟੱਕਰਦੇ ਜਾਂਦੇ ਹਨ। ਉਡਾਣ ਭਰਨ ਲਈ ਹੈਲੀਪੈਡ ਖ਼ੁਦ ਤਿਆਰ ਕਰਨਾ ਪੈਂਦਾ ਹੈ, ਪਰ ਅਕਸਰ ਲੋਕ ਸਹੀ ਸਮੇਂ ਦੀ ਉਡੀਕ ਕਰਦੇ ਹਨ, ਲੋੜੀਂਦੇ ਸਾਧਨ ਲੱਭਣ ਲਈ ਉਡੀਕ ਕਰਦੇ ਹਨ। ਇੱਥੋਂ ਤੱਕ ਕਿ ਹਿੰਮਤ ਲੱਭਣ ਦੀ ਉਡੀਕ ਕਰਦੇ ਹਨ, ਪਰ ਜਦੋਂ ਤੁਸੀਂ ਉਡੀਕ ਕਰ ਰਹੇ ਹੁੰਦੇ ਹੋ ਤਾਂ ਸਮਾਂ ਖਿਸਕ ਚੁੱਕਾ ਹੁੰਦਾ ਹੈ। ਹੁਣੇ ਹੀ ਜੁਟ ਜਾਓ ਤੇ ਕਦੇ ਕਿਸੇ ਵੱਡੇ ਸਹਾਰੇ ਦੀ ਉਡੀਕ ਨਾ ਕਰੋ। ਮੈਰੀ ਮੈਨਿਨ ਮੋਰੀਸੀ ਕਹਿੰਦੀ ਹੈ ਕਿ ਤੁਹਾਡੇ ਕੋਲ ਜੋ ਕੁਝ ਹੈ, ਉਸ ਨਾਲ ਤੁਸੀਂ ਜਿੱਥੇ ਹੋ, ਉੱਥੋਂ ਹੀ ਸ਼ੁਰੂ ਕਰੋ ਅਤੇ ਇਹ ਤੁਹਾਨੂੰ ਅਣਕਿਆਸੀਆਂ ਅਦਭੁੱਤ ਪ੍ਰਾਪਤੀਆਂ ਵੱਲ ਲੈ ਜਾਵੇਗਾ। ਨਵੇਂ ਦੁਆਰ ਖੁੱਲ੍ਹ ਜਾਣਗੇ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਪ੍ਰਾਪਤੀਆਂ ਕਾਰਜਸ਼ੀਲ ਲੋਕਾਂ ਦੀਆਂ ਗ਼ੁਲਾਮ ਹੁੰਦੀਆਂ ਹਨ।
ਹਰ ਸਫਲਤਾ ਹੇਠਾਂ ਤੋਂ ਸ਼ੁਰੂ ਹੁੰਦੀ ਹੈ, ਪਰ ਸੁਧਾਰ ਪੌੜੀਆਂ ਸਾਫ਼ ਕਰਨ ਵਾਂਗ ਉੱਪਰੋਂ ਸ਼ੁਰੂ ਹੁੰਦੇ ਹਨ। ਯਤਨਾਂ ਦੇ ਘੋੜੇ ਦੀ ਕਾਠੀ ’ਤੇ ਬੈਠ ਕੇ ਰਣ ਖੇਤਰ ਵਿੱਚ ਜਾਣ ਵਾਲੇ ਜੇਤੂ ਹੋ ਕੇ ਹੀ ਮੁੜਦੇ ਹਨ। ਹਰ ਸਫਲ ਕਹਾਣੀ ਦੀ ਇੱਕ ਸ਼ੁਰੂਆਤ ਹੁੰਦੀ ਹੈ। ਇਹ ਕਹਾਣੀ ਦੂਰ ਦੇ ਅਤੀਤ ਵਿੱਚ ਹੋ ਸਕਦੀ ਹੈ, ਪਰ ਇਹ ਅਜੇ ਵੀ ਉਸ ਸਫਲਤਾ ਵਿੱਚ ਯੋਗਦਾਨ ਪਾਉਂਦੀ ਹੈ ਜੋ ਤੁਸੀਂ ਵੇਖ ਜਾਂ ਮਾਣ ਰਹੇ ਹੁੰਦੇ ਹੋ। ਨਵੀਂ ਆਦਤ, ਰੁਟੀਨ, ਵਿਵਹਾਰ ਜਾਂ ਰੀਤੀ ਰਿਵਾਜ ਸ਼ੁਰੂ ਕਰਨ ਬਾਰੇ ਚੰਗੀ ਗੱਲ ਇਹ ਹੈ ਕਿ ਤੁਸੀਂ ਕਿਰਿਆ/ਕਾਰਜ ਨੂੰ ਆਪਣੀ ਅਕਲ ’ਤੇ ਸਾਧਨਾਂ ਅਨੁਸਾਰ ਇੰਨਾ ਛੋਟਾ ਤੇ ਸਰਲ ਕਰ ਸਕਦੇ ਹੋ ਕਿ ਇਸ ਨੂੰ ਕਰਨਾ ਆਸਾਨ ਤੇ ਰੌਚਕ ਹੋ ਜਾਵੇ। ਖੁਸ਼ਗਵਾਰ ਜ਼ਿੰਦਗੀ ਲਈ ਬੁੱਧੀ ਨੂੰ ਆਧੁਨਿਕ ਬਣਾ ਕੇ ਕੰਮਾਂ ਨੂੰ ਸਮਾਰਟ ਤਰੀਕਿਆਂ ਨਾਲ ਕਰਨਾ ਸ਼ੁਰੂ ਕਰੋ ਤੇ ਵੇਖਣਾ ਕਿ ਕਿਵੇਂ ਚਮਤਕਾਰ ਵਾਪਰਦੇ ਹਨ।
ਜ਼ਿੰਦਗੀ ਨੂੰ ਬਣਾਉਣ ਬਾਰੇ ਆਪਣੀ ਮਨਪਸੰਦ ਕਿਤਾਬ ਖਰੀਦੋ ਅਤੇ ਹਰ ਰੋਜ਼ ਸਿਰਫ਼ ਇੱਕ ਪੰਨਾ ਪੜ੍ਹੋ। ਉਦੇਸ਼ ਪੜ੍ਹਨ ਦੀ ਆਦਤ ਬਣਾਉਣਾ ਹੈ, ਪਰ ਪੜ੍ਹਨ ਦੀ ਚੁਣੌਤੀ ਨੂੰ ਕੁਚਲਣਾ ਨਹੀਂ ਹੈ। ਗਿਆਨ ਦਾ ਵਿਵਹਾਰਕ ਹੋਣਾ ਅਤੀ ਜ਼ਰੂਰੀ ਹੈ, ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਕਿਤਾਬ ਪੜ੍ਹ ਕੇ ਜੋ ਸਿੱਖਦੇ ਹੋ, ਉਸ ਨੂੰ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਲਾਗੂ ਕਰੋ। ਜੇਕਰ ਤੁਸੀਂ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਹਰ ਸਵੇਰ ਨੂੰ ਸਿਰਫ਼ 10 ਮਿੰਟ ਜਾਂ ਇਸ ਤੋਂ ਘੱਟ ਸਮੇਂ ਲਈ ਆਪਣੀ ਮਨਪਸੰਦ ਕਸਰਤ ਦਾ ਅਭਿਆਸ ਕਰੋ। ਛੋਟੀਆਂ ਕੋਸ਼ਿਸ਼ਾਂ ਦੇ ਅੰਜ਼ਾਮ ਵੱਡੇ ਹੁੰਦੇ ਹਨ।
ਇੱਕ ਚੰਗੀ ਆਦਤ ਦੇ ਰੁਟੀਨ ਦੇ ਨਤੀਜੇ ਹੈਰਾਨੀਜਨਕ ਹੁੰਦੇ ਹਨ। ਕੱਲ੍ਹ ਦੀ ਚੰਗੀ ਜ਼ਿੰਦਗੀ ਲਈ ਆਪਣੇ ਆਪ ਨੂੰ ਸਭ ਤੋਂ ਵਧੀਆ ਸਥਿਤੀ ਵਿੱਚ ਰੱਖਣ ਦਾ ਅਕਸਰ ਮਤਲਬ ਹੁੰਦਾ ਹੈ ਕਿ ਲੰਬੇ ਸਮੇਂ ਦੀਆਂ ਆਦਤਾਂ ਨਾਲ ਦੋਸਤੀ ਕਰਨਾ ਜੋ ਸਮੇਂ ਦੇ ਨਾਲ ਤੁਹਾਡੇ ਪੱਖ ਵਿੱਚ ਤੁਹਾਡੀ ਮਜ਼ਬੂਤ ਧਿਰ ਬਣ ਜਾਂਦੀਆਂ ਹਨ। ਇਸ ਦਾ ਅਰਥ ਇਹ ਵੀ ਹੈ ਕਿ ਚੰਗੀਆਂ ਆਦਤਾਂ ਲਈ ਸਮੇਂ ਤੇ ਸ਼ਕਤੀ ਦਾ ਨਿਵੇਸ਼ ਤੁਹਾਨੂੰ ਵਧੇਰੇ ਕਮਾਈ ਕਰਨ, ਬੁੱਧੀਮਾਨ ਅਤੇ ਇੱਕ ਸੰਪੂਰਨ ਜੀਵਨ ਜਿਉਣ ਵਾਲਾ ਸਭ ਦਾ ਹਰਮਨਪਿਆਰਾ ਹਸਤਾਖਰ ਬਣ ਦਿੰਦਾ ਹੈ। ਨੈਪੋਲੀਅਨ ਹਿੱਲ ਕਹਿੰਦਾ ਹੈ, ‘‘ਕਾਰਜ/ਕਿਰਿਆ ਬੁੱਧੀ ਦਾ ਅਸਲ ਮਾਪ ਹੈ।’’ ਜੋ ਲੋਕ ਲਗਾਤਾਰ ਚੰਗੀਆਂ ਆਦਤਾਂ ਦਾ ਅਭਿਆਸ ਕਰਦੇ ਹਨ, ਉਹ ਵਧੇਰੇ ਖੁਸ਼, ਸਿਹਤਮੰਦ ਅਤੇ ਬੁੱਧੀਮਾਨ ਹੁੰਦੇ ਹਨ। ਟੀਚਾ ਨਵੇਂ ਤੇ ਉਸਾਰੂ ਵਿਵਹਾਰਾਂ ਨੂੰ ਸਾਡੇ ਸੁਭਾਅ ਦਾ ਪੱਕਾ ਹਿੱਸਾ ਬਣਾਉਣਾ ਹੈ, ਅਜਿਹੇ ਕਾਰਜਾਂ ਨੂੰ ਬਿਨਾਂ ਸੁਚੇਤ ਤੌਰ ’ਤੇ ਰੋਜ਼ਾਨਾ ਕਰਨ ਨਾਲ ਸਾਡੇ ਅੰਦਰਲੀਆਂ ਸੁੱਤੀਆਂ ਸ਼ਕਤੀਆਂ ਜਾਗ ਉੱਠਦੀਆਂ ਹਨ। ਅਸੀਂ ਲੋਕਾਂ ਲਈ ਕਾਮਯਾਬੀ ਦਾ ਸਿਰਨਾਵਾਂ ਬਣ ਜਾਂਦੇ ਹਾਂ ਤੇ ਸਾਡੀਆਂ ਪੈੜਾਂ ’ਤੇ ਜ਼ਮਾਨੇ ਨੂੰ ਤੁਰਦਾ ਵੇਖ ਸਾਡੀ ਰੂਹ ਰੱਜ ਜਾਂਦੀ ਹੈ। ਆਓ! ਇਹ ਮਾਨਸਿਕ ਤ੍ਰਿਪਤੀ ਹਾਸਲ ਕਰਨ ਲਈ ਯਤਨ ਕਰ ਰਹੇ ਕਾਫ਼ਲਿਆਂ ਦਾ ਹਿੱਸਾ ਬਣੀਏ।
ਸੰਪਰਕ: 94630-24575