ਅਜੀਤ ਖੰਨਾ
ਆਤਮ ਵਿਸ਼ਵਾਸ ਇਕ ਅਜਿਹਾ ਹਥਿਆਰ ਹੈ ਜੋ ਮਨੁੱਖ ਨੂੰ ਜ਼ਿੰਦਗੀ ਵਿਚ ਹਰ ਤਰ੍ਹਾਂ ਦੀ ਲੜਾਈ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਮੰਜ਼ਿਲ ਤਕ ਪੁੱਜਣ ਵਿਚ ਸਹਾਈ ਹੁੰਦਾ ਹੈ। ਜਿਸ ਮਨੁੱਖ ਵਿਚ ਆਤਮ ਵਿਸ਼ਵਾਸ ਦੀ ਘਾਟ ਹੈ, ਉਹ ਜਿੱਤ ਤੋਂ ਪਹਿਲਾਂ ਹੀ ਹਾਰਿਆ ਹੁੰਦਾ ਹੈ। ਇਹ ਗੱਲ ਕੰਧ ’ਤੇ ਲਿਖਿਆ ਸੱਚ ਹੈ। ਬਹੁਤ ਵਾਰ ਵੇਖਿਆ ਹੈ ਕਿ ਜਦੋਂ ਮਨੁੱਖ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਬ ਪਹੁੰਚ ਜਾਂਦਾ ਹੈ ਜਾਂ ਇੰਜ ਆਖ ਲਵੋ ਕਿ ਜਿੱਤ ਅਤੇ ਹਾਰ ਵਿਚ ਮਹਿਜ਼ ਸਕਿੰਟਾਂ ਦਾ ਹੀ ਫ਼ਰਕ ਹੁੰਦਾ ਹੈ, ਪਰ ਆਤਮ ਵਿਸ਼ਵਾਸ ਦੀ ਕਮੀ ਕਰਕੇ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਐਨ ਅੰਤਮ ਪੜਾਅ ’ਤੇ ਜਾ ਕੇ ਉਸ ਦਾ ਮਨ ਡੋਲਣ ਲੱਗ ਜਾਂਦਾ ਹੈ ਕਿ ਪਤਾ ਨਹੀਂ, ਮੈਂ ਇਸ ਵਿਚ ਸਫਲ ਹੋਵਾਂਗਾ ਜਾਂ ਨਹੀਂ ? ਅਜਿਹੇ ਸਮੇਂ ਜੋ ਆਤਮ ਵਿਸ਼ਵਾਸ ਤੇ ਹੌਸਲਾ ਰੱਖਦੇ ਹਨ, ਉਹ ਕਾਮਯਾਬ ਹੋ ਜਾਂਦੇ ਹਨ ਅਤੇ ਜੋ ਆਤਮ ਵਿਸ਼ਵਾਸ ਨਹੀਂ ਰੱਖਦੇ, ਉਹ ਹਾਰ ਜਾਂਦੇ ਹਨ। ਭਾਵ ਉਹ ਆਪਣੀ ਮੰਜ਼ਿਲ ਤਕ ਨਹੀਂ ਪਹੁੰਚ ਸਕਦੇ।
ਜੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਵੇਖਣ ਨੂੰ ਮਿਲੇਗਾ ਕਿ ਜਿਨ੍ਹਾਂ ਵਿਅਕਤੀਆਂ ਵਿਚ ਦ੍ਰਿੜਤਾ ਤੇ ਆਤਮ ਵਿਸ਼ਵਾਸ ਵਰਗੇ ਗੁਣ ਪਾਏ ਜਾਂਦੇ ਹਨ, ਉਹ ਜਲਦੀ ਕਾਮਯਾਬ ਹੁੰਦੇ ਹਨ। ਜਦੋਂ ਕਿ ਇਸ ਦੇ ਮੁਕਾਬਲੇ ਜਿਨ੍ਹਾਂ ਵਿਚ ਆਤਮ ਵਿਸ਼ਵਾਸ ਵਰਗੇ ਗੁਣ ਨਹੀਂ ਹੁੰਦੇ ਜਾਂ ਆਤਮ ਵਿਸ਼ਵਾਸ ਦੀ ਘਾਟ ਸਦਕਾ ਡੋਲ ਜਾਂਦੇ ਹਨ, ਉਹ ਦੇਰੀ ਨਾਲ ਕਾਮਯਾਬ ਹੁੰਦੇ ਹਨ ਅਤੇ ਜਾਂ ਫਿਰ ਅਸਫਲ ਹੀ ਰਹਿ ਜਾਂਦੇ ਹਨ। ਇੱਥੇ ਮੈਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਆਤਮ ਵਿਸ਼ਵਾਸ ਦੀ ਮਿਸਾਲ ਦੇਣੀ ਠੀਕ ਸਮਝਦਾ ਹਾਂ, ਜਿਨ੍ਹਾਂ ਨੇ ਆਪਣੇ ਦ੍ਰਿੜ ਆਤਮ ਵਿਸ਼ਵਾਸ ਨਾਲ ਲੱਖਾਂ ਦੀ ਤਾਦਾਦ ਵਾਲੀ ਮੁਗਲ ਸੈਨਾ ਦੇ ਵੱਖ ਵੱਖ ਲੜਾਈਆਂ ਵਿਚ ਅਜਿਹੇ ਦੰਦ ਖੱਟੇ ਕੀਤੇ ਕਿ ਮੁਗਲ ਸਿੱਖਾਂ ਦੇ ਨਾਂ ਤੋਂ ਹੀ ਕੰਬਣ ਲੱਗੇ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦਾ (7 ਤੇ 9 ਸਾਲ ਦੀ ਛੋਟੀ ਉਮਰ ਵਿਚ) ਆਤਮ ਵਿਸ਼ਵਾਸ ਹੀ ਸੀ ਕਿ ਉਨ੍ਹਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਈਨ ਨਾ ਮੰਨੀ ਤੇ ਆਪਣੇ ਆਪ ਨੂੰ ਕੰਧਾਂ ਵਿਚ ਚਿਣਵਾ ਕੇ ਸ਼ਹੀਦੀ ਪ੍ਰਾਪਤ ਕਰ ਗਏ। ਦੂਸਰੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੀ ਹੈ ਜਿਨ੍ਹਾਂ ਨੇ ਆਪਣੇ ਆਤਮ ਵਿਸ਼ਵਾਸ, ਹੌਸਲੇ ਤੇ ਸੂਝਬੂਝ ਦੇ ਬਲਬੂਤੇ ਪੰਜਾਬ ਅੰਦਰ ਵੱਖ ਵੱਖ ਮਿਸਲਾਂ ਨੂੰ ਇਕੱਠੇ ਕਰਕੇ ਆਪਣੇ ਨਾਲ ਜੋੜਿਆ ਅਤੇ ਫਿਰ ਅੰਗਰੇਜ਼ਾਂ ਨਾਲ ਵੀ ਦੋ ਹੱਥ ਕੀਤੇ। ਉਨ੍ਹਾਂ ਨੇ ਵੱਖ ਵੱਖ ਲੜਾਈਆਂ ਵਿਚ ਅੰਗਰੇਜ਼ਾਂ ਨੂੰ ਡਰਾ/ਹਰਾ ਕੇ ਸਿੱਖ ਰਾਜ ਕਾਇਮ ਕੀਤਾ। ਇਸ ਤੋਂ ਇਲਾਵਾ ਪਹਿਲਵਾਨ ਦਾਰਾ ਸਿੰਘ ਨੇ ਵੀ ਆਤਮ ਵਿਸ਼ਵਾਸ ਦੇ ਸਹਾਰੇ ਹੀ ਸੰਸਾਰ ਭਰ ਵਿਚ ਆਪਣੇ ਆਪ ਨੂੰ ਜੇਤੂ ਬਣਾਇਆ।
ਉੱਧਰ ਜਿਸ ਵਿਅਕਤੀ ਵਿਚ ਆਤਮ ਵਿਸ਼ਵਾਸ ਦੀ ਘਾਟ ਹੋਵੇਗੀ, ਉਹ ਹਮੇਸ਼ਾਂ ਕਿਸਮਤ ਨੂੰ ਕੋਸਦਾ ਰਹੇਗਾ ਅਤੇ ਆਪਣੀ ਜ਼ਿੰਦਗੀ ਵਿਚ ਕਦੇ ਸਫਲ ਨਹੀ ਹੋ ਸਕਦਾ, ਪਰ ਜੋ ਇਨਸਾਨ ਆਤਮ ਵਿਸ਼ਵਾਸ ਨੂੰ ਆਪਣਾ ਹਥਿਆਰ ਬਣਾ ਲੈਂਦਾ ਹੈ। ਉਸ ਅੱਗੇ ਕੋਈ ਔਕੜ ਨਹੀਂ ਟਿਕਦੀ। ਇਹ ਕੰਧ ’ਤੇ ਲਿਖਿਆ ਦੂਜਾ ਸੱਚ ਹੈ ਕਿਉਂਕਿ ਆਤਮ ਵਿਸ਼ਵਾਸ ਦੀ ਘਾਟ ਤੁਹਾਡੇ ਇਰਾਦਿਆਂ ਨੂੰ ਕਮਜ਼ੋਰ ਕਰਦੀ ਹੈ। ਤੁਹਾਡੀ ਸਫਲਤਾ ਵਿਚ ਰੁਕਾਵਟ ਖੜ੍ਹੀ ਕਰਦੀ ਹੈ ਤੇ ਤੁਹਾਨੂੰ ਜ਼ਿੰਦਗੀ ਵਿਚ ਇਕ ਸਫਲ ਇਨਸਾਨ ਨਹੀਂ ਬਣਨ ਦਿੰਦੀ। ਜਿਸ ਵਿਅਕਤੀ ਦਾ ਆਤਮ ਵਿਸ਼ਵਾਸ ਮਜ਼ਬੂਤ ਹੋਵੇਗਾ ਉਹ ਹਾਰੀ ਹੋਈ ਬਾਜ਼ੀ ਵੀ ਜਿੱਤਣ ਦੀ ਸਮਰੱਥਾ ਰੱਖਦਾ ਹੈ ਅਤੇ ਜਿਸ ਵਿਚ ਆਤਮ ਵਿਸ਼ਵਾਸ ਨਹੀਂ, ਉਹ ਜਿੱਤੀ ਹੋਈ ਬਾਜ਼ੀ ਵੀ ਹਾਰ ਜਾਂਦਾ ਹੈ। ਇਸ ਤਰ੍ਹਾਂ ਆਤਮ ਵਿਸ਼ਵਾਸ ਇਕ ਅਜਿਹਾ ਮਜ਼ਬੂਤ ਤੇ ਤਿੱਖਾ ਹਥਿਆਰ ਹੈ ਜੋ ਇਨਸਾਨ ਨੂੰ ਸਫਲਤਾ ਦੀ ਪੌੜੀ ਵੱਲ ਲਿਜਾਣ ਵਿਚ ਅਹਿਮ ਤੇ ਮਹੱਤਵਪੂਰਨ ਭੂਮਿਕਾ ਹੀ ਨਹੀਂ ਨਿਭਾਉਂਦਾ ਬਲਕਿ ਉਸ ਨੂੰ ਮੰਜ਼ਿਲ ਤਕ ਪੁੱਜਣ ਵਿਚ ਸਹਾਈ ਵੀ ਹੁੰਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ, ਉੱਡਣਾ ਸਿੱਖ ਮਿਲਖਾ ਸਿੰਘ, ਦੌੜਾਕ ਪੀਟੀ ਊਸ਼ਾ ਤੇ ਕਲਪਨਾ ਚਾਵਲਾ ਦਾ ਆਤਮ ਵਿਸ਼ਵਾਸ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ ਮੰਨਿਆ ਗਿਆ ਹੈ।
ਸੰਪਰਕ: 84376-60510