ਮੁੰਬਈ: ‘ਕੌਨ ਬਨੇਗਾ ਕਰੋੜਪਤੀ-13’ ਵਿੱਚ ਇਸ ਵਾਰ ‘ਸ਼ਾਨਦਾਰ ਸ਼ੁਕਰੀਆ’ ਐਪੀਸੋਡ ’ਚ ਵਿਸ਼ੇਸ਼ ਮਹਿਮਾਨ ਵਜੋਂ ਰੈਪਰ ਬਾਦਸ਼ਾਹ ਅਤੇ ਗਾਇਕਾ ਨੇਹਾ ਕੱਕੜ ਨੇ ਸ਼ਿਰਕਤ ਕੀਤੀ। ਇਸ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਰੈਪਰ ਬਾਦਸ਼ਾਹ ਨੇ ਆਪਣੇ ਨਾਮ ਪਿਛਲੀ ਕਹਾਣੀ ਵੀ ਸਾਂਝੀ ਕੀਤੀ। ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਨੇ ਬਾਦਸ਼ਾਹ, ਜਿਸ ਦਾ ਅਸਲੀ ਨਾਂ ਆਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ, ਦੇ ਸਟੇਜ ਨਾਮ ਪਿਛਲੀ ਕਹਾਣੀ ਪੁੱਛੀ, ਜਿਸ ਦਾ ਜਵਾਬ ਦਿੰਦਿਆਂ ਬਾਦਸ਼ਾਹ ਨੇ ਦੱਸਿਆ, ‘ਸਭ ਤੋਂ ਪਹਿਲਾਂ ਮੇਰਾ ਨਾਮ ‘ਕੂਲ ਈਕੁਅਲ’ ਸੀ, ਜੋ ਅਸਲ ਵਿੱਚ ਪਹਿਲਾਂ ਮੇਰੀ ਈ-ਮੇਲ ਆਈਡੀ ਹੁੰਦੀ ਸੀ ਤੇ ਮਗਰੋਂ ਇਸ ਨੂੰ ਮੈਂ ਆਪਣੇ ਸਟੇਜ ਨਾਂ ਵਜੋਂ ਵੀ ਵਰਤਿਆ। ਇਸ ਮਗਰੋਂ ਮੈਂ ਖ਼ੁਦ ਲਈ ਇੱਕ ਨਵੇਂ ਸਟੇਜ ਨਾਂ ਦੀ ਭਾਲ ਕੀਤੀ।’ ਬਾਦਸ਼ਾਹ ਨੇ ਦੱਸਿਆ ਕਿ ਉਹ ਸ਼ਾਹਰੁਖ਼ ਖ਼ਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਤੇ ਉਸ ਵੇਲੇ ਸ਼ਾਹਰੁਖ ਦੀ ਫਿਲਮ ‘ਬਾਦਸ਼ਾਹ’ (1999) ਰਿਲੀਜ਼ ਹੋਈ ਸੀ। ਜਿਸ ਮਗਰੋਂ ਉਸ ਨੇ ਆਪਣਾ ਸਟੇਜੀ ਨਾਂ ਬਾਦਸ਼ਾਹ ਰੱਖ ਲਿਆ। ਬਿੱਗ ਬੀ ਨੇ ਬਾਦਸ਼ਾਹ ਨੂੰ ਪੁੱਛਿਆ ਕਿ ਜੇਕਰ ਉਹ ਰੈਪਰ ਹੁੰਦੇ ਤਾਂ ਉਨ੍ਹਾਂ ਦਾ ਸਟੇਜ ਨਾਂ ਕੀ ਹੋਣਾ ਸੀ ਤਾਂ ਬਾਦਸ਼ਾਹ ਨੇ ਕਿਹਾ, ਰੈਪਰ ਅਮਿਤਾਭ ਬੱਚਨ ਦਾ ਸਟੇਜ ਨਾਂ ਹੁੰਦਾ ‘ਏਬੀ ਬੇਬੀ’। -ਆਈਏਐੱਨਐੱਸ