ਗੁਰਮੀਤ ਸਿੰਘ*
ਚੰਚਲ ਪਿੱਦੀ ਨਾਮਕ ਪੰਛੀ ਸਭ ਤੋਂ ਛੋਟੀਆਂ ਪਿੱਦੀਆਂ (ਵਾਰਬਲਰ) ਵਿੱਚੋਂ ਇੱਕ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਹਿਊਮਜ਼ ਲੀਫ ਵਾਰਬਲਰ’ (The Hume’s Leaf Warbler) ਕਹਿੰਦੇ ਹਨ। ਇਹ ਪਰਵਾਸੀ ਪੰਛੀ ਹੈ ਅਤੇ ਮੁੱਖ ਤੌਰ ’ਤੇ ਭਾਰਤ ਵਿੱਚ ਸਰਦੀਆਂ ਵਿੱਚ ਆਉਂਦਾ ਹੈ। ਇਸ ਪੰਛੀ ਦਾ ਨਾਂ ਬ੍ਰਿਟਿਸ਼ ਪ੍ਰਸ਼ਾਸਨਿਕ ਅਧਿਕਾਰੀ ਐਲਨ ਔਕਟਾਵੀਅਨ ਹਿਊਮ ਜੋ ਕਿ ਭਾਰਤ ਵਿੱਚ ਸਥਿਤ ਪੰਛੀ ਵਿਗਿਆਨੀ ਸੀ, ਦੀ ਯਾਦ ਵਿੱਚ ਰੱਖਿਆ ਗਿਆ ਸੀ। ਇਸ ਪੰਛੀ ਦੀ ਚੰਗੀ ਆਬਾਦੀ ਹੈ ਅਤੇ ਇਹ ਏਸ਼ੀਆ ਵਿੱਚ ਇਰਾਕ ਅਤੇ ਇਰਾਨ ਤੋਂ ਪੂਰਬ ਵੱਲ, ਭਾਰਤ ਤੋਂ ਚੀਨ ਅਤੇ ਵੀਅਤਨਾਮ ਤੱਕ ਅਤੇ ਉੱਤਰ ਵਿੱਚ ਰੂਸ ਤੱਕ ਮਿਲਦਾ ਹੈ। ਇਹ ਕਦੇ-ਕਦਾਈਂ ਮਿਸਰ ਅਤੇ ਯੂਰਪ ਵਿੱਚ ਵੀ ਵੇਖਿਆ ਗਿਆ ਹੈ।
ਇਸ ਦੇ ਉੱਪਰਲੇ ਹਿੱਸੇ ਹਰੇ ਅਤੇ ਹੇਠਲੇ ਚਿੱਟੇ ਰੰਗ ਦੇ ਹੁੰਦੇ ਹਨ। ਇਸ ਦੀ ਲੰਬਾਈ 10 ਸੈਂਟੀਮੀਟਰ, ਭਾਰ 5 ਤੋਂ 9 ਗ੍ਰਾਮ ਹੁੰਦਾ ਹੈ। ਇਸ ਦੇ ਖੰਭਾਂ ਦਾ ਰੰਗ ਗੂੜ੍ਹਾ, ਥੱਲੇ ਤੋਂ ਕਾਲੀ ਗੂੜ੍ਹੀ ਚੁੰਝ ਅਤੇ ਲੱਤਾਂ ਕਾਲੇ ਗੂੜ੍ਹੇ ਰੰਗ ਦੀਆਂ ਹੋਣ ਕਰਕੇ ਦੂਸਰੀ ਪੀਲੇ-ਭੂਰੇ ਰੰਗੀ ਪਿੱਦੀ ਤੋਂ ਅਲੱਗ ਪਛਾਣ ਬਣਾਉਣ ਵਿੱਚ ਮਦਦ ਕਰਦੀਆਂ ਹਨ।
ਇਹ ਪੰਛੀ ਸ਼ਰਮੀਲਾ ਨਹੀਂ ਹੈ, ਹਾਲਾਂਕਿ ਇਸ ਦੀ ਜੀਵਨਸ਼ੈਲੀ ਹਵਾ ਵਿੱਚ ਰਹਿਣ ਕਰ ਕੇ ਇਸ ਨੂੰ ਵੇਖਣਾ ਮੁਸ਼ਕਲ ਬਣਾਉਂਦੀ ਹੈ। ਇਹ ਲਗਾਤਾਰ ਗਤੀ ਵਿੱਚ ਰਹਿੰਦਾ ਹੈ। ਚੰਚਲ ਪਿੱਦੀ ਦੀ ਗਾਉਣ ਵੇਲੇ ਆਵਾਜ਼ ਗੂੰਜਦੀ ਹੈ ਅਤੇ ਉੱਚੀ-ਉੱਚੀ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ। ਪੰਛੀ ਪ੍ਰੇਮੀਆਂ ਨੇ ਤਾਂ ਇਸ ਪੰਛੀ ਦੀਆਂ ਪੰਜਾਬ ਵਿੱਚ ਕਈ ਥਾਵਾਂ ਤੋਂ ਫੋਟੋਆਂ ਵੀ ਖਿੱਚੀਆਂ ਹਨ। ਜੰਗਲੀ ਖੇਤਰ, ਬਗੀਚੇ ਅਤੇ ਖੇਤੀ ਵਾਲੀਆਂ ਥਾਵਾਂ ਇਨ੍ਹਾਂ ਦੀਆਂ ਮਨ ਭਾਉਂਦੀਆਂ ਥਾਵਾਂ ਹਨ।
ਇਹ ਇੱਕ ਕੀਟਨਾਸ਼ਕ ਪੰਛੀ ਹੈ, ਜਿਸ ਦੀ ਖੁਰਾਕ ਵਿੱਚ ਮੁੱਖ ਤੌਰ ’ਤੇ ਟਿੱਡੇ, ਮੱਕੜੀਆਂ, ਕੀੜੇ-ਮਕੌੜੇ, ਘੋਗੇ ਅਤੇ ਲਾਰਵਾ ਸ਼ਾਮਲ ਹੁੰਦਾ ਹੈ, ਜਿਨ੍ਹਾਂ ਦਾ ਉਹ ਸੁੱਕੇ ਰੁੱਖਾਂ ਦੇ ਪੱਤਿਆਂ ਦੇ ਗੁੱਛਿਆਂ ਵਿੱਚ ਅਤੇ ਹਰੇ ਪੱਤਿਆਂ ਵਿੱਚੋਂ ਸ਼ਿਕਾਰ ਕਰਦੇ ਹਨ। ਉਹ ਸੁੱਕੀ ਅਤੇ ਸੜੀ ਹੋਈ ਲੱਕੜੀ ਵਿੱਚੋਂ ਵੀ ਕੀੜੇ ਕੱਢ ਕੇ ਖਾਂਦੇ ਹਨ। ਜਦੋਂ ਉਹ ਉਲਟੇ ਲਟਕਦੇ ਹਨ ਤਾਂ ਉਹ ਅਕਸਰ ਸੱਕ ਜਾ ਸੁੱਕੇ ਹੋਏ ਪੱਤਿਆਂ ਵਿੱਚੋਂ ਕੀੜੇ-ਮਕੌੜਿਆਂ ਦੀ ਭਾਲ ਕਰ ਰਹੇ ਹੁੰਦੇ ਹਨ।
ਇਹ ਕਸ਼ਮੀਰ ਵਿੱਚ ਮਈ ਤੋਂ ਅਗਸਤ ਦੇ ਮਹੀਨੇ ਵਿੱਚ ਪ੍ਰਜਣਨ ਕਰਦੇ ਹਨ। ਇਨ੍ਹਾਂ ਦਾ ਆਲ੍ਹਣਾ ਮੋਟੇ ਘਾਹ ਦਾ ਇੱਕ ਪਿਆਲਾ ਜੋ ਕਿ ਕਾਹੀ ਦੀਆਂ ਜੜਾਂ ਨਾਲ ਕਤਾਰਬੱਧ, ਕੰਢਿਆਂ ਅਤੇ ਖੱਡਾਂ ਦੇ ਕੰਢਿਆਂ ’ਤੇ ਬਣਾਇਆ ਜਾਂਦਾ ਹੈ। ਇਨ੍ਹਾਂ ਦੇ ਜੋੜੇ ਦਾ ਸਬੰਧ ਕਈ ਸਾਲਾਂ ਤੱਕ ਚੱਲਣ ਲਈ ਜਾਣਿਆ ਜਾਂਦਾ ਹੈ। ਜੋੜਾ ਉਦੋਂ ਬਣਦਾ ਹੈ ਜਦੋਂ ਮਾਦਾ, ਨਰ ਦੇ ਗੀਤ ਖੇਤਰ ਵਿੱਚ ਦਾਖਲ ਹੁੰਦੀ ਹੈ। ਫਿਰ ਦੋਵੇਂ ਇੱਕ ਹੀ ਸ਼ਾਖਾ ’ਤੇ ਉਡਾਰੀਆਂ ਮਾਰਦੇ ਹਨ ਅਤੇ ਇੱਕ ਦੂਜੇ ਵੱਲ ਟਪੂਸੀਆਂ ਮਾਰਦੇ ਹਨ। ਉਨ੍ਹਾਂ ਦਾ ਸਰੀਰ ਕੰਬਦੇ ਖੰਭਾਂ ਨਾਲ ਅੱਧਾ ਫੈਲਿਆ ਹੋਇਆ ਹੁੰਦਾ ਹੈ ਅਤੇ ਪੂਛ ਨੂੰ ਪੱਖੀ ਦੀ ਤਰ੍ਹਾਂ ਚੁੱਕਿਆ ਹੁੰਦਾ ਹੈ। ਇਨ੍ਹਾਂ ਦੇ ਆਂਡੇ ਚਾਰ ਜਾਂ ਪੰਜ ਦੀ ਗਿਣਤੀ ਵਿੱਚ ਲਾਲ ਰੰਗ ਦੇ ਨਾਲ ਚਿੱਟੇ ਧੱਬਿਆਂ ਵਾਲੇ ਹੁੰਦੇ ਹਨ। ਮਾਦਾ ਵੱਲੋਂ ਚੂਚਿਆਂ ਨੂੰ ਪ੍ਰਫੁੱਲਿਤ ਕੀਤਾ ਜਾਂਦਾ ਹੈ। ਪ੍ਰਫੁੱਲਿਤ ਕਰਨ ਦੀ ਮਿਆਦ 11 ਤੋਂ 14 ਦਿਨ ਦੇ ਲਗਭਗ ਹੁੰਦੀ ਹੈ। ਚੂਚੇ 21 ਦਿਨਾਂ ਵਿੱਚ ਸੁਤੰਤਰ ਹੋ ਜਾਂਦੇ ਹਨ। ਇਨ੍ਹਾਂ ਨੂੰ ਕਾਂ ਤੇ ਕੋਇਲ ਵਰਗੇ ਪੰਛੀਆਂ ਤੋਂ ਹਰ ਵੇਲੇ ਖ਼ਤਰਾ ਰਹਿੰਦਾ ਹੈ। ਇਹ ਨਿੱਕੀ ਜਿਹੀ ਪਿੱਦੀ ਚਿੜੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਦੇਣ ਵਾਲੇ ਕੀੜੇ-ਮਕੌੜਿਆਂ ਨੂੰ ਖਾ ਕੇ ਸਾਡੀ ਮਦਦ ਕਰਦੀ ਹੈ। ਅੱਜ ਇਨ੍ਹਾਂ ਨੂੰ ਸੰਭਾਲਣ ਤੇ ਸੁਰੱਖਿਅਤ ਵਾਤਾਵਰਨ ਦੇਣ ਦੀ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910