ਨਵੀਂ ਦਿੱਲੀ: ਬੌਲੀਵੁੱਡ ਅਦਾਕਾਰਾ ਕੀਰਤੀ ਕੁਲਹਾਰੀ ਇਸ ਗੱਲ ਲਈ ਸਹਿਮਤ ਹੈ ਕਿ ਜੇਕਰ ਅਦਾਕਾਰ ਚੰਗੀ ਪੇਸ਼ਕਾਰੀ ਨਹੀਂ ਦਿੰਦੇ ਤਾਂ ਫਿਲਮ ਦੀ ਅਸਫ਼ਲਤਾ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨ ਲੈਣਾ ਚਾਹੀਦਾ ਹੈ। ਹਾਲਾਂਕਿ ਫ਼ਿਲਮ ‘ਪਿੰਕ’ ਸਟਾਰ ਨੇ ਕਿਹਾ ਕਿ ਉਸ ਨੂੰ ਸੱਚਮੁੱਚ ਸਮਝ ਨਹੀਂ ਆਉਂਦੀ ਕਿ ਇੱਕ ਫਿਲਮ ਸਫ਼ਲ ਜਾਂ ਅਸਫ਼ਲ ਕਿਉਂ ਹੁੰਦੀ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਕੀਰਤੀ ਨੇ ਕਿਹਾ, ‘‘ਬੇਸ਼ੱਕ, ਜੇਕਰ ਅਦਾਕਾਰ ਚੰਗੀ ਪੇਸ਼ਕਾਰੀ ਨਹੀਂ ਦਿੰਦੇ ਤਾਂ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਪਰ ਇਮਾਨਦਾਰੀ ਨਾਲ ਕਹਾ ਤਾਂ ਮੈਨੂੰ ਬੌਲੀਵੁੱਡ ਵਿੱਚ ਕੰਮ ਕਰਦਿਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਅਤੇ ਮੈਨੂੰ ਸੱਚੀਂ ਸਮਝ ਨਹੀਂ ਆਉਂਦੀ ਕਿ ਇੱਕ ਫਿਲਮ ਸਫ਼ਲ ਜਾਂ ਅਸਫ਼ਲ ਕਿਉਂ ਹੁੰਦੀ ਹੈ।’’ ਅਦਾਕਾਰਾ ਨੇ ਕਿਹਾ, ‘‘ਫਿਲਮ ਦੀ ਅਸਫ਼ਲਤਾ ਅਤੇ ਬੌਕਸ-ਆਫਿਸ ’ਤੇ ਸਫ਼ਲਤਾ ਬਹੁਤ ਵਾਰ ਅਜਿਹੀ ਚੀਜ਼ ਹੈ, ਜਿਸ ਦਾ ਕਈ ਵਾਰ ਤੁਸੀਂ ਅਨੁਮਾਨ ਨਹੀਂ ਲਗਾ ਸਕਦੇ ਅਤੇ ਕਈ ਵਾਰ ਠੀਕ-ਠਾਕ ਫਿਲਮਾਂ ਵੀ ਸਫ਼ਲ ਹੋ ਜਾਂਦੀਆਂ ਹਨ ਅਤੇ ਕਈ ਵਾਰ ਬਹੁਤ ਚੰਗੀਆਂ ਫਿਲਮਾਂ ਵੀ ਅਸਫ਼ਲ ਹੋ ਜਾਂਦੀਆਂ ਹਨ ਅਤੇ ਤੁਸੀਂ ਨਹੀਂ ਜਾਣਦੇ ਅਜਿਹਾ ਕਿਉਂ ਹੁੰਦਾ। ਮੈਂ ਵੀ ਹਾਲੇ ਇਸੇ ਅਵਸਥਾ ਵਿੱਚ ਹਾਂ, ਮੈਨੂੰ ਨਹੀਂ ਪਤਾ ਕਿਉਂ। ਮੈਂ ਇਸ ਦਾ ਪਤਾ ਨਹੀਂ ਲਗਾਇਆ ਅਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਪਤਾ ਲਾਉਣਾ ਬਹੁਤ ਮੁਸ਼ਕਲ ਹੈ।’’ ਕੀਰਤੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ‘ਹਿਊਮਨ’ ਵਿੱਚ ਸ਼ੈਫਾਲੀ ਸ਼ਾਹ ਨਾਲ ਦਿਖਾਈ ਦੇਵੇਗੀ। -ਆਈਏਐੱਨਐੱਸ