ਡਾ. ਸੁਰਿੰਦਰ ਗਿੱਲ
ਜਨਮ ਸਮੇਂ ਦੇ ਪੰਜਾਬੀ ਲੋਕ ਗੀਤ
ਲੋਕ ਗੀਤ ਸਮਾਜ ਦੇ ਵਿਸ਼ਾਲ ਜਨ ਸਮੂਹ ਦੇ ਮਨ ਦਾ ਸ਼ੀਸ਼ਾ ਹੁੰਦੇ ਹਨ, ਲੋਕ ਮਨ ਦੀ ਧੁਰ ਅੰਦਰਲੀ ਆਵਾਜ਼। ਪੰਜਾਬੀ ਸਮਾਜ ਦੇ ਸਮੁੱਚੇ ਜੀਵਨ ਵਿਚ ਤਿੰਨ ਘਟਨਾਵਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਤਿੰਨ ਘਟਨਾਵਾਂ ਹਨ: ਜਨਮ, ਵਿਆਹ ਅਤੇ ਮੌਤ। ਇਨ੍ਹਾਂ ਪੜਾਵਾਂ ਨੂੰ ਲੋਕ ਸੰਸਕ੍ਰਿਤੀ ਦੇ ਨਿਰੰਤਰ ਕਾਵਿ ਪ੍ਰਵਾਹ, ਲੋਕ ਗੀਤਾਂ ਵਿਚ ਲੋਕ ਭਾਵੀ ਦ੍ਰਿਸ਼ਟੀਕੋਣ ਤੋਂ ਪ੍ਰਗਟ ਕੀਤਾ ਗਿਆ ਜਾਂ ਆਪ ਮੁਹਾਰੇ ਪ੍ਰਗਟ ਹੋਇਆ ਹੈ।
ਪੰਜਾਬੀ ਸੱਭਿਆਚਾਰ ਵਿਚ ਬੱਚੇ, ਵਿਸ਼ੇਸ਼ ਕਰਕੇ ਪੁੱਤਰ ਦਾ ਜਨਮ, ਜਵਾਨ ਹੋਣ ’ਤੇ ਉਸ ਦਾ ਵਿਆਹ ਅਤੇ ਅੰਤ ਵਿਅਕਤੀ ਦੀ ਮੌਤ ਹੋਣ ਨਾਲ ਵਿਸ਼ੇਸ਼ ਰਸਮਾਂ-ਰੀਤਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਰਸਮਾਂ ਰੀਤਾਂ ਦੇ ਨਿਭਾਅ ਜਾਂ ਰਸਮ ਪੂਰਤੀ ਸਮੇਂ ਮਨੁੱਖੀ ਭਾਵਾਂ, ਉਦਗਾਰਾਂ ਜਾਂ ਮਨੁੱਖੀ ਮਨੋਸਥਿਤੀ ਦਾ ਪ੍ਰਗਟਾਵਾ ਕਰਨ ਵਿਚ ਲੋਕ ਗੀਤ ਹੀ ਮਨੁੱਖ ਦਾ ਸਾਥ ਦਿੰਦੇ ਹਨ ਜਾਂ ਕਹੋ ਕਿ ਉਪਰੋਕਤ ਪ੍ਰਸਥਿਤੀਆਂ ਸਮੇਂ ਪੈਦਾ ਹੋਏ ਹਾਵ-ਭਾਵ ਲੋਕ ਗੀਤਾਂ ਰਾਹੀਂ ਪ੍ਰਗਟ ਹੁੰਦੇ ਹਨ। ਪੰਜਾਬੀ ਸੱਭਿਆਚਾਰ ਦੀ ਕੋਈ ਰਸਮ ਲੋਕ ਗੀਤਾਂ ਤੋਂ ਸੱਖਣੀ ਨਹੀਂ ਅਤੇ ਲੋਕ ਗੀਤਾਂ ਬਿਨਾਂ ਸੰਪੂਰਨ ਨਹੀਂ ਸਮਝੀ ਜਾਂਦੀ। ਜਨਮ ਅਤੇ ਵਿਆਹ ਸਮੇਂ ਦੀਆਂ ਰੀਤਾਂ ਤਾਂ ਲੋਕ ਗੀਤਾਂ ਦਾ ਭੰਡਾਰ ਹਨ। ਪੰਜਾਬੀ ਸੱਭਿਆਚਾਰ ਗੀਤ-ਮਈ ਅਥਵਾ ਗੀਤ-ਮੁਖੀ ਸੱਭਿਆਚਾਰ ਹੈ। ਖ਼ੁਸ਼ੀ ਸਮੇਂ ਤਾਂ ਗੀਤ ਗਾਉਣੇ ਹੀ ਹੋਏ, ਮੌਤ ਸਮੇਂ ਦੀਆਂ ਸੋਗਵਾਰ ਰਸਮਾਂ ਸਮੇਂ ਵੀ ਪੰਜਾਬੀ ਸੁਭਾਅ ਗੀਤ-ਮਈ ਮਾਰਗ ਹੀ ਅਪਣਾਉਂਦਾ ਹੈ।
ਪੰਜਾਬੀ ਸੱਭਿਆਚਾਰ ਵਿਚ ਬੱਚੇ ਦਾ ਜਨਮ ਇਕ ਅਦੁੱਤੀ ਦੇਣ ਅਤੇ ਖ਼ੁਸ਼ੀਆਂ ਦਾ ਮਹਾਨ ਸੋਮਾ ਹੈ। ਬੱਚੇ ਦੇ ਜਨਮ ਤੋਂ ਪਹਿਲਾਂ ਦੀ ਲੋਕ ਮਾਨਸਿਕਤਾ ਵੀ ਪੰਜਾਬੀ ਲੋਕ ਗੀਤਾਂ ਰਾਹੀਂ ਭਲੀ-ਭਾਂਤ ਪ੍ਰਗਟ ਹੋਣੀ ਆਰੰਭ ਹੋ ਜਾਂਦੀ ਹੈ। ਕਿਸੇ ਜੋੜੀ ਦੇ ਵਿਆਹ ਹੋਏ ਨੂੰ ਵਰ੍ਹਾ, ਦੋ ਵਰ੍ਹੇ ਲੰਘ ਜਾਣ ਪਿੱਛੋਂ ਵਿਆਹੁਤਾ ਮੁਟਿਆਰ ਦੀ ਗੋਦ ਹਰੀ ਹੋਣ ਦੀ ਆਸ਼ਾ ਕੀਤੀ ਜਾਂਦੀ ਹੈ। ਜੇਕਰ ਇਹ ਸਮਾਂ ਦੋ ਤਿੰਨ ਵਰ੍ਹੇ ਸੁੱਕਾ ਲੰਘ ਜਾਵੇ ਤਾਂ ਵਿਆਹੁਤਾ ਕੁੜੀ ਨੂੰ ਅੰਦਰੇ ਅੰਦਰ ਚਿੰਤਾ ਲੱਗ ਜਾਂਦੀ ਹੈ। ਉੱਪਰੋਂ ਪੁੱਛਣ ਪੁਛਾਉਣ ਵਾਲੀਆਂ ਹਮਦਰਦ ਇਸਤਰੀਆਂ ਤਾਂ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੀ ਝੜੀ ਲਾ ਦਿੰਦੀਆਂ ਹਨ ਤੇ ਹਮਦਰਦੀ ਪ੍ਰਗਟ ਕਰਦੀਆਂ ਹਨ ਕਿ ਕੇਵਲ ਇਕ ਦੋ ਵਰ੍ਹੇ ਪਹਿਲਾਂ ਵਿਆਹੀ ਗਈ ਮੁਟਿਆਰ ਆਪਣੇ ਆਪ ਵਿਚ ਕੋਈ ਘਾਟ ਅਨੁਭਵ ਕਰਦਿਆਂ ਚਿੰਤਾ ਰੋਗ ਦੀ ਸ਼ਿਕਾਰ ਹੋ ਜਾਂਦੀ ਹੈ :
ਬੇਰੀਆਂ ਨੂੰ ਬੇਰ ਲੱਗ ਗਏ
ਤੈਨੂੰ ਕੁਝ ਨਾ ਲੱਗਾ ਮੁਟਿਆਰੇ।
ਵਰਗੇ ਬੋਲ ਦੁਖੀ ਮੁਟਿਆਰ ਦੇ ਹਿਰਦੇ ਨੂੰ ਵਲੂੰਧਰ ਦਿੰਦੇ ਹਨ। ਉਪਰੋਕਤ ਸਥਿਤੀ ਦੇ ਵਿਪਰੀਤ ਜਦੋਂ ਕਿਸੇ ਪੰਜਾਬੀ ਵਿਆਹੁਤਾ ਮੁਟਿਆਰ ਨੂੰ ਆਪਣੀ ਕੁੱਖ ਹਰੀ ਹੋਣ ਦਾ ਅਨੁਭਵ ਹੁੰਦਾ ਹੈ ਤਾਂ ਉਹ ਆਪਣੀ ਸੱਸ ਨੂੰ ਸੰਕੇਤਮਈ ਢੰਗ ਨਾਲ ਜੋ ਕੁਝ ਦੱਸਦੀ ਹੈ, ਉਹ ਵੀ ਲੋਕ ਗੀਤ ਰਾਹੀਂ ਹੀ ਪ੍ਰਗਟ ਹੁੰਦਾ ਹੈ:
ਦਾਈ ਨੂੰ ਸੱਦ ਲਿਆਵੋ
ਕਲੇਜੇ ਮੇਰੇ ਦਰਦ ਉੱਠੇ…।
ਉਪਰੋਕਤ ਲੋਕ ਗੀਤ ਵਿਚਲੀ ਪਾਤਰ ਕੋਈ ਸਾਧਾਰਨ ਵਹੁਟੀ ਜਾਂ ਕਿਸਾਨ ਇਸਤਰੀ ਨਹੀਂ ਹੈ। ਇਹ ਮੁਟਿਆਰ ਤਾਂ ਜਾਗੀਰਦਾਰੀ ਯੁੱਗ ਦੇ ਕਿਸੇ ਰੱਜੇ-ਪੁੱਜੇ ਘਰ ਦੀ ਵਹੁਟੀ ਜਾਪਦੀ ਹੈ ਤੇ ਉਸ ਦਾ ਗੱਭਰੂ ਕੋਈ ਜਾਗੀਰਦਾਰ ਜਾਂ ਵੱਡਾ ਜ਼ਿਮੀਂਦਾਰ ਦਾਈ ਨੂੰ ਸੱਦਣ ਜਾਣ ਵਾਲੇ ਸਾਧਾਰਨ ਜਿਹੇ ਕੰਮ ਵਾਸਤੇ ਇਕੱਲਾ ਨਹੀਂ, ਸਗੋਂ ਘੋੜੇ ’ਤੇ ਚੜ੍ਹ ਕੇ ਦੋ ਨੌਕਰਾਂ ਨੂੰ ਨਾਲ ਤੋਰਦੇ ਜਾਂਦਾ ਹੈ। ਇਸ ਸਥਿਤੀ ਨੂੰ ਪੰਜਾਬੀ ਲੋਕ ਗੀਤ ਵਿਚ ਨਿਮਨਲਿਖਤ ਅੰਦਾਜ਼ ਵਿਚ ਬਿਆਨਿਆ ਗਿਆ ਹੈ:
ਆਪ ਘੋੜੇ ਅਸਵਾਰ ਭਲਾ ਜੀ
ਅੱਗੇ ਤਾਂ ਦੋ ਨਫ਼ਰ ਹੋਏ।
ਪੁੱਛਦਾ ਨਗਰ ਬਾਜ਼ਾਰ
ਦਾਈ ਮਾਈ ਕਿਹੜਾ ਘਰ?
ਮਿਲਣ ਉਪਰੰਤ ਦਾਈ ਪ੍ਰਸ਼ਨ ਕਰਦੀ ਹੈ ਕਿ ਪੁੱਤਰ ਜੰਮਿਆ ਤਾਂ ਉਸ ਨੂੰ ਕੀ ਇਨਾਮ ਮਿਲੇਗਾ?
ਜੇ ਘਰ ਜੰਮਿਆ ਪੁੱਤਰ
ਦਾਈ ਮਾਈ ਕੀ ਜੀ ਮਿਲੂ?
ਬਾਪ ਬਣਨ ਵਾਲੇ ਜਵਾਨ ਦਾ ਉੱਤਰ ਵੀ ਹੌਸਲੇ ਵਾਲਾ ਹੈ:
ਪੰਜ ਰੁਪਈਏ ਰੋਕ
ਸਿਰੇ ਨੂੰ ਚੋਪ
ਦਾਈ ਮਾਈ ਇਹੋ ਮਿਲੇ।
-ਆਪ ਘੋੜੇ ਅਸਵਾਰ
ਦਾਈ ਮਾਈ ਪਾਲਕੀਆਂ।
ਪੁਰਾਣੇ ਪੰਜਾਬ ਵਿਚ ਕਿਸੇ ਦਾਈ ਦਾ ਕਿਸੇ ਜੱਚਾ ਦੇ ਘਰ ਜਾਣਾ ਵੀ ਸ਼ਗਨ ਸਮਝਿਆ ਜਾਂਦਾ ਸੀ:
ਦਾਈ ਮਾਈ ਵੜੀ ਦਰਵਾਜ਼ੇ
ਭਲਾ ਜੀ ਸ਼ੁਭ ਸ਼ਗਨ ਹੋਏ
ਜੱਚਾ ਰਾਣੀ! ਆ ਨੀਂ! ਪਲੰਘ ’ਤੇ ਲੇਟ
ਮਲ੍ਹਾਂ ਤੇਰਾ ਪੇਟ
ਹੌਲਾ ਤੇਰਾ ਪੇਟ ਹੋਏ।
ਨਵੇਂ ਜਨਮੇ ਬੱਚੇ ਦੀ ਤਿੱਖੀ ਚੀਕ ਨਾਲ ਵਾਤਾਵਰਨ ਸੁੱਖ ਦਾ ਸਾਹ ਭਰਦਾ ਅਤੇ ਅੱਖਾਂ ਤੇ ਕੰਨ ਦਾਈ ਵੱਲ ਸਰਕ ਜਾਂਦੇ ਹਨ। ਪੁੱਤਰ ਦਾ ਜਨਮ ਹੁੰਦਾ ਤਾਂ ਚੁਪਾਸੇ ਖ਼ੁਸ਼ੀ ਟਪਕ ਪੈਂਦੀ, ਧੀ ਜੰਮਦੀ ਤਾਂ ਚੁੱਪ ਤੇ ਗੰਭੀਰਤਾ। ਉਪਰੋਕਤ ਕਥਨ ਅਜੋਕੇ ਸਮਾਜ ’ਤੇ ਨਹੀਂ ਢੁਕਦਾ। ਹੁਣ ਧੀ ਦੇ ਜਨਮ ਦੀ ਵੀ ਖ਼ੁਸ਼ੀ ਮਨਾਈ ਜਾਂਦੀ ਹੈ। ਨਵੇਂ ਜਨਮ ‘ਕਾਕੇ’ ਦੀ ਭੂਆ ਜਾਂ ਘਰ ਦੀ ਕੋਈ ਮੁਟਿਆਰ ਆਪਣੀ ਬਾਂਹ ਉਲਾਰ ਕੇ ਉੱਚੀ ਆਵਾਜ਼ ਵਿਚ ਗਾਉਂਦੀ ਹੈ:
ਵੀਰ ਘਰ ਪੁੱਤ ਜੰਮਿਆ
ਚੰਦ ਚੜਿ੍ਹਆ ਬਾਪ ਦੇ ਵਿਹੜੇ।
ਪੁੱਤਰ ਦੇ ਜਨਮ ਨਾਲ ਸਬੰਧਤ ਹੋਰ ਵੀ ਬਹੁਤ ਸਾਰੇ ਗੀਤ ਹਨ, ਜਿਨ੍ਹਾਂ ਗੀਤਾਂ ਨੂੰ ਵਧਾਈ ਵਾਲੇ ਘਰ ਬੈਠ ਕੇ ਗਲੀ-ਮੁਹੱਲੇ ਜਾਂ ਪੱਤੀ ਦੀਆਂ ਮੁਟਿਆਰਾਂ ਲੰਮੀਆਂ-ਲੰਮੀਆਂ ਹੇਕਾਂ ਵਿਚ ਗਾਉਂਦੀਆਂ ਹਨ, ਜਿਵੇਂ:
ਹਰਿਆ ਨੀਂ ਮਾਏ
ਹਰਿਆ ਨੀਂ ਭੈਣੇ
ਹਰਿਆ ਤੇ ਭਾਗੀਂ ਭਰਿਆ
ਜਿਸ ਦਿਹਾੜੇ ਮੇਰਾ ਹਰਿਆ ਨੀਂ ਜੰਮਿਆ
ਸੋਈ ਦਿਹਾੜਾ ਭਾਗੀਂ ਭਰਿਆ
ਜੰਮਦਾ ਹਰਿਆ ਪੱਟ ਵਲ੍ਹੇਟਿਆ
ਕੁਛੜ ਦਿਉ ਇਨ੍ਹਾਂ ਦਾਈਆਂ
ਮਾਈਆਂ ਦਾਈਆਂ ਤੇ ਸਕੀਆਂ ਭਰਜਾਈਆਂ।
ਸਾਮੰਤਸ਼ਾਹੀ ਤੇ ਜਾਗੀਰਦਾਰੀ ਪ੍ਰਬੰਧ ਵਿਚ ਪੁੱਤਰ ਪ੍ਰਤੀ ਵਿਸ਼ੇਸ਼ ਮਾਣ ਸਤਿਕਾਰ ਅਤੇ ਚਾਅ-ਮਲ੍ਹਾਰ ਪ੍ਰਾਪਤ ਸਨ, ਧੀ ਪ੍ਰਤੀ ਨਹੀਂ। ਲੋਕ ਗੀਤ ਕਿਉਂਕਿ ਕਿਸੇ ਵੀ ਸਮਾਜਿਕ ਪਰੰਪਰਾ ਦਾ ਅੰਗ ਹੁੰਦੇ ਹਨ, ਇਸ ਲਈ ਆਧੁਨਿਕ ਯੁੱਗ ਵਿਚਲੀ ਪੁਰਸ਼-ਇਸਤਰੀ ਸਮਾਨਤਾ ਜਾਂ ਪੁੱਤ ਧੀ ਪ੍ਰਤੀ ਇਹੋ ਜਿਹਾ ਵਿਵਹਾਰ ਪੰਜਾਬੀ ਲੋਕ ਗੀਤਾਂ ਵਿਚ ਉਪਲੱਬਧ ਨਹੀਂ ਹੈ। ਪੰਜਾਬੀ ਲੋਕ ਗੀਤਾਂ ਵਿਚ ਪੁੱਤਰ ਪ੍ਰਧਾਨ ਹੈ, ਧੀ ਨਹੀਂ।
ਪੁੱਤਰ ਨੂੰ ਜਨਮ ਦੇਣ ਵਾਲੀ ਭਾਵੇਂ ਇਸਤਰੀ ਹੀ ਹੁੰਦੀ ਹੈ, ਪਰ ਪੁੱਤਰ ਜਨਮ ਦਾ ਸਾਰਾ ਸਿਹਰਾ ਅਤੇ ਸ਼ੋਭਾ ਮਰਦ ਪ੍ਰਤੀ ਗਾਈ ਗਈ ਹੈ। ਜੇਕਰ ਧੀ ਜੰਮ ਪਵੇ ਤਾਂ ਦੋਸ਼ ਇਸਤਰੀ ਦਾ ਹੀ ਮੰਨਿਆ ਜਾਂਦਾ ਸੀ। ਇਸ ਗੱਲ ਪਿੱਛੇ ਵੀ ਤਤਕਾਲੀ ਸਮਾਜ ਦੀ ਜਾਗੀਰਦਾਰੀ ਸੋਚ ਦੀ ਦ੍ਰਿਸ਼ਟੀ ਕਾਰਜਸ਼ੀਲ ਸੀ। ਉਦਾਹਰਣ ਹਿੱਤ:
ਵੀਰ ਘਰ ਪੁੱਤ ਜੰਮਿਆ
ਚੰਨ ਚੜਿ੍ਹਆ ਬਾਪ ਦੇ ਵਿਹੜੇ…।
ਇੱਥੇ ਵਿਚਾਰੀ ਮਾਂ ਦਾ ਕੋਈ ਜ਼ਿਕਰ ਨਹੀਂ ਹੈ, ਪਰ ਧੀ ਜੰਮ ਪਵੇ ਤਾਂ:
ਵੀਰ ਮੇਰਾ ਤਾਂ ਰਾਜੇ ਦਾ ਨੌਕਰ
ਭਾਬੀ ਨੇ ਜੰਮੀ ਏ ਧੀ।
ਇਸ ਦਾ ਦੋਸ਼ ਇਸਤਰੀ ਸਿਰ। ਕਾਰਨ ਉਹੀ ਭੂਪਵਾਦੀ ਸਾਮੰਤਵਾਦੀ ਦ੍ਰਿਸ਼ਟੀਕੋਣ। ਧੀ ਦੇ ਜਨਮ ਸਮੇਂ ਤਾਂ ਮਰਦ ਆਪਣੇ ਆਪ ਨੂੰ ਦੋਸ਼ ਮੁਕਤ ਕਰ ਲੈਂਦਾ ਸੀ, ਪਰ ਧੀ ਪ੍ਰਤੀ ਕਰਤੱਵਾਂ ਅਤੇ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਸੀ ਹੋ ਸਕਦਾ। ਧੀ ਦੇ ਜਨਮ ਸਮੇਂ ਤੋਂ ਹੀ ਧੀ ਦੇ ਪਿਓ ਨੂੰ ਉਸ ਦੀ ਜ਼ਿੰਮੇਵਾਰੀ ਅਤੇ ਕਬੀਲਦਾਰੀ ਦਾ ਅਨੁਭਵ ਕਰਵਾਇਆ ਜਾਂਦਾ ਸੀ। ਧੀ ਦਾ ਜਨਮ ਕਠਿਨਾਈਆਂ ਦਾ ਸੰਕੇਤ ਸੀ। ਇਸ ਦੇ ਵਿਪਰੀਤ ਪੁੱਤਰ ਦਾ ਜਨਮ, ਬੇਫਿਕਰੀ, ਨਿਸਚਿੰਤਤਾ ਅਤੇ ਜਸ਼ਨਾਂ ਦਾ, ਜਿਵੇਂ ਬੁਢਾਪੇ ਵਾਸਤੇ ਬੇਫਿਕਰੀ ਦਾ ਬੀਮਾ ਹੋਵੇ। ਲੋਕ ਗੀਤ ਅਨੁਸਾਰ:
* ਜੇ ਘਰ ਜੰਮ ਪਈ ਧੀ ਵੇ ਨਿਰੰਜਣਾ
ਥੋੜ੍ਹੀ ਦਾਰੂ ਪੀ ਵੇ ਨਿਰੰਜਣਾ।
* ਜੇ ਘਰ ਜੰਮਿਆ ਪੁੱਤ ਵੇ ਨਿਰੰਜਣਾ
ਹੁਣ ਦਾਰੂ ਦੀ ਰੁੱਤ ਵੇ ਨਿਰੰਜਣਾ।
ਜਿਵੇਂ ਪੁੱਤਰ ਪ੍ਰਤੀ ਪਿਤਾ ਦੀ ਕੋਈ ਜ਼ਿੰਮੇਵਾਰੀ ਹੀ ਨਾ ਹੋਵੇ। ਬੱਚੇ ਦੇ ਜਨਮ ਨਾਲ ਸਬੰਧਿਤ ਅਣਗਿਣਤ ਲੋਕ ਗੀਤ ਪੰਜਾਬੀ ਸੱਭਿਆਚਾਰ, ਪੰਜਾਬੀ ਬੋਲੀ ਅਤੇ ਸਾਹਿਤ ਦਾ ਅਨਿੱਖੜ ਅੰਗ ਹਨ। ਪੁੱਤਰ ਦੇ ਜਨਮ ਤੋਂ ਬਾਅਦ ਆਈ ਪਹਿਲੀ ਲੋਹੜੀ ਵੀ ਵਧਾਈ, ਖ਼ੁਸ਼ੀ ਅਤੇ ਜਸ਼ਨਾਂ ਨਾਲ ਸਬੰਧਿਤ ਅਥਾਹ ਲੋਕ ਗੀਤਾਂ ਦਾ ਖ਼ਜ਼ਾਨਾ ਹੈ।
ਸੰਪਰਕ: 99154-73505