ਰਘਵੀਰ ਸਿੰਘ ਚੰਗਾਲ
ਸੰਨ 1974-75 ਦੀ ਗੱਲ ਹੋਵੇਗੀ, ਮੇਰੇ ਹੱਥ ਗੀਤਾਂ ਦੀ ਇੱਕ ਕਿਤਾਬ ਲੱਗੀ। ਕਿਤਾਬ ਦਾ ਨਾਂ ਸੀ ‘ਜੋਗੀ ਟਿੱਲਿਓਂ ਆ ਗਿਆ।’ ਕੁਲਦੀਪ ਮਾਣਕ ਦੀਆਂ ਗਾਈਆਂ ਕਲੀਆਂ ਨਾਲ ਪੰਜਾਬ ਦੀ ਫਿਜ਼ਾ ਵਿੱਚ ਅਜੀਬ ਕਿਸਮ ਦੀ ਮਸਤੀ ਸੀ। ਮੇਰੇ ਬਾਲ ਮਨ ’ਤੇ ਮਾਣਕ ਦੀਆਂ ਕਲੀਆਂ ਦਾ ਬਹੁਤ ਪ੍ਰਭਾਵ ਸੀ। ਕਿਤਾਬ ਦੇ ਗੀਤਾਂ ’ਤੇ ਨਜ਼ਰ ਪਈ ਤਾਂ ਹਰ ਗੀਤ ਤੋਂ ਪਹਿਲਾਂ ਉਸ ਦੀ ਭੂਮਿਕਾ ਵਿੱਚ ਛਪੇ ਛੋਟੇ ਛੋਟੇ ਅੱਖਰਾਂ ਵਿੱਚ ਭਾਵਪੂਰਤ ਸ਼ਬਦਾਂ ਨੇ ਇਸ ਕਿਤਾਬ ਦੇ ਲੇਖਕ ਦੀ ਕਾਲਪਨਿਕ ਤਸਵੀਰ ਦਿਮਾਗ਼ ’ਚ ਇੰਜ ਬਿਠਾ ਦਿੱਤੀ ਜਿਵੇਂ ਕਿਸੇ ਦਾਰਸ਼ਨਿਕ ਦੇ ਦਰਸ਼ਨ ਹੋ ਗਏ ਹੋਣ। ਇਸ ਲੇਖਕ ਬਾਰੇ ਕਿਤਾਬ ਦੇ ਅਖੀਰਲੇ ਸਰਵਰਕ ’ਤੇ ਛਪਿਆ ਉਸ ਦਾ ਰੇਖਾ ਚਿੱਤਰ ਹੋਰ ਵੀ ਡੂੰਘੀ ਛਾਪ ਛੱਡ ਗਿਆ। ਅੱਜ ਇਸ ਲੇਖਕ ਦਾ ਨਾਂ ਅਸੀਂ ਭਲੀ ਭਾਂਤ ਜਾਣਦੇ ਹਾਂ ਇਹ ਗਾਇਕੀ ਦੇ ਸੁਨਿਹਰੀ ਯੁੱਗ ਦਾ ਬਹੁ-ਚਰਚਿਤ ਗੀਤਕਾਰ ਸੀ ਦੇਵ ਥਰੀਕਿਆਂ ਵਾਲਾ। ਦੇਵ ਥਰੀਕਿਆਂ ਵਾਲੇ ਦੇ ਰਚੇ ਗੀਤਾਂ ਨਾਲੋਂ ਉਨ੍ਹਾਂ ਗੀਤਾਂ ਬਾਰੇ ਸੰਖੇਪ ਤੇ ਭਾਵਪੂਰਤ ਜਾਣਕਾਰੀ ਮੇਰੇ ਮਨ ’ਤੇ ਗਹਿਰਾ ਪ੍ਰਭਾਵ ਛੱਡ ਗਈ। ਜਿਸ ਕਰਕੇ ਮੈਂ ਇਸ ਸ਼ਖ਼ਸ ਦੇ ਨਾਲ ਨਾਲ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਵੀ ਮੁਰੀਦ ਬਣ ਗਿਆ।
ਦੇਵ ਥਰੀਕਿਆਂ ਵਾਲੇ ਨੇ ਕੁਲਦੀਪ ਮਾਣਕ ਤੋਂ ਵੱਖਰੇ ਅੰਦਾਜ਼ ਵਿੱਚ ਕਲੀਆਂ ਗਵਾਉਣ ਦਾ ਸਫਲ ਤਜਰਬਾ ਕੀਤਾ। ਪਿੰਡਾਂ ਵਿੱਚ ਵਿਆਹਾਂ ਸ਼ਾਦੀਆਂ ਤੇ ਹੋਰ ਖੁਸ਼ੀਆਂ ਦੇ ਮੌਕੇ ਜਦੋਂ ਬਾਲਟੀ ਨੁਮਾ ਲਾਊਡ ਸਪੀਕਰ ਦੋ ਮੰਜਿਆਂ ਨੂੰ ਜੋੜ ਕੇ ਕਿਸੇ ਘਰ ਵੱਜਣਾ ਸ਼ੁਰੂ ਹੁੰਦਾ ਤਾਂ ਉਸਤਾਦ ਗਾਇਕ ਯਮਲਾ ਜੱਟ ਦੇ ਧਾਰਮਿਕ ਗੀਤ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ’ ਤੋਂ ਬਾਅਦ ਵਾਰੀ ਆਉਂਦੀ ਮਾਣਕ ਦੇ ਐੱਲ.ਪੀ. ਰਿਕਾਰਡਾਂ ਦੀ। ਲੋਕ ਚਾਈਂ ਚਾਈਂ ਇਨ੍ਹਾਂ ਕਲੀਆਂ ਤੋਂ ਆਪਣੀ ਸੰਗੀਤਕ ਭੁੱਖ ਦੀ ਪੂਰਤੀ ਕਰਦੇ। ਮਾਣਕ ਦੇ ਅਖਾੜੇ ਮੌਕੇ ਗਾਈ ਜਾਂਦੀ ‘ਕੌਲਾਂ ਭਗਤਣੀ’ ਦੀ ਲੋਕ ਗਾਥਾ ਮਾਲਵੇ ਖਿੱਤੇ ਵਿੱਚ ਬਹੁਤ ਮਕਬੂਲ ਹੋਈ ਸੀ। ਜਿਹੜਾ ਵੀ ਕੋਈ ਵਿਅਕਤੀ ਮਾਣਕ ਦਾ ਅਖਾੜਾ ਸੁਣ ਕੇ ਆਉਂਦਾ ਤਾਂ ‘ਕੌਲਾਂ’ ਲਗਭਗ ਹਰੇਕ ਸਰੋਤੇ ਦੇ ਚੇਤੇ ਹੁੰਦੀ। ਮੈਂ ਹੈਰਾਨ ਹੋ ਜਾਂਦਾ ਕਿ ਇੰਜ ਪੂਰਾ ਗੀਤ ਯਾਦ ਕਿਵੇਂ ਰਹਿ ਗਿਆ। ਦੇਵ ਨੇ ਇਸ ਨੂੰ ਅਜਿਹੇ ਸਰਲ ਤੇ ਉਦਾਸ ਲਹਿਜੇ ਵਿੱਚ ਲਿਖਿਆ ਸੀ ਕਿ ਸੁਣਨ ਵਾਲੇ ਦੇ ਜ਼ਿਹਨ ਵਿੱਚ ਪੂਰੀ ਤਰ੍ਹਾਂ ਉਤਰ ਜਾਂਦੀ ਸੀ ‘ਕੌਲਾਂ ਭਗਤਣੀ’।
ਦੇਵ ਥਰੀਕਿਆਂ ਵਾਲੇ ਦੀ ਇਹ ਸਿਫਤ ਹੈ ਕਿ ਉਸ ਨੇ ਪੰਜਾਬ ਦੀ ਗਾਇਕੀ ਲਹਿਰ ਨੂੰ ਇੱਕ ਨਵਾਂ ਮੌੜ ਦਿੱਤਾ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰਕ ਵਿਰਾਸਤ ਦੀ ਖੂਬਸੂਰਤ ਪੇਸ਼ਕਾਰੀ ਹੈ। ਗੀਤਾਂ ਦੇ ਬੋਲ ਲੋਕ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਦੇਵ ਦੇ ਗੀਤਾਂ ਵਿੱਚ ਲੋਕ ਮਾਨਸਿਕਤਾ ਨੂੰ ਬਹੁਤ ਨੇੜਿਓਂ ਹੋ ਕੇ ਸਮਝਿਆ ਤੇ ਗੀਤਾਂ ਦੇ ਵਿਸ਼ਿਆਂ ਦੀ ਚੋਣ ਮੌਕੇ ਇਸ ਦਾ ਪ੍ਰਭਾਵ ਪੂਰੀ ਤਰ੍ਹਾਂ ਹਾਵੀ ਰਹਿੰਦਾ ਹੈ। ਲੋਕ ਗਾਥਾਵਾਂ ਤੇ ਕਿੱਸਿਆਂ ਨੂੰ ਭਾਵੇਂ ਪਹਿਲਾਂ ਵੀ ਕਵੀਸ਼ਰੀ ਰੰਗ ਵਿੱਚ ਲਿਖਿਆ ਤੇ ਗਾਇਆ ਜਾਂਦਾ ਰਿਹਾ ਸੀ, ਪਰ ਦੇਵ ਨੇ ਇਨ੍ਹਾਂ ਨੂੰ ਆਧੁਨਿਕ ਗਾਇਕੀ ਦੇ ਸਾਂਚੇ ਵਿੱਚ ਅਜਿਹਾ ਢਾਲਿਆ ਕਿ ਇਸ ਦਾ ਜਾਦੂ ਹਰ ਪੰਜਾਬੀ ਸੰਗੀਤ ਪ੍ਰੇਮੀ ਨੇ ਕਬੂਲ ਕੀਤਾ ਹੈ। ਕਿੱਸਾ-ਕਾਵਿ ਤੋਂ ਇਲਾਵਾ ਇਤਿਹਾਸ ਦੀਆਂ ਪਰਤਾਂ ਫਰੋਲਦੀਆਂ ਬੀਰ ਰਸ ਵਿੱਚ ਓਤ ਪੋਤ ‘ਵਾਰ ਬੰਦਾ ਸਿੰਘ ਬਹਾਦਰ’, ‘ਮਤੀ ਦਾਸ ਦੀ ਸ਼ਹੀਦੀ’, ‘ਭਗਤ ਸਿੰਘ ਦੀ ਵਾਰ’, ‘ਸ਼ਾਮ ਸਿੰਘ ਅਟਾਰੀ ਦੀ ਜੰਗ ਨੂੰ ਤਿਆਰੀ’, ‘ਬਾਬਾ ਦੀਪ ਸਿੰਘ ਦੀ ਬਹਾਦਰੀ ਦਾ ਬਿਰਤਾਂਤ’ ਅਜਿਹੀਆਂ ਰਚਨਾਵਾਂ ਹਨ ਜਿਨ੍ਹਾਂ ਤੋਂ ਦੇਵ ਦੀ ਸਿੱਖ ਇਤਿਹਾਸ ਬਾਰੇ ਡੂੰਘੀ ਸਮਝ ਦਾ ਪ੍ਰਗਟਾਵਾ ਹੁੰਦਾ ਹੈ।
ਜਦੋਂ ਪੰਜਾਬ ਵਿੱਚ ਦੋਗਾਣਾ ਗਾਇਕੀ ਤੇ ਦੋਹਰੇ ਅਰਥੀ ਗਾਇਕੀ ਆਪਣਾ ਸਿਰ ਚੁੱਕ ਰਹੀ ਸੀ ਤਾਂ ਐਨ ਉਸ ਮੌਕੇ ਦੇਵ ਨੇ ਇਸ ਸੱਭਿਆਚਾਰਕ ਪ੍ਰਦੂਸ਼ਣ ਦੀ ਝੁੱਲ ਰਹੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਜੈਮਲ-ਫੱਤਾ ਤੇ ਦੁੱਲੇ ਦੀ ਵਾਰ ਆਦਿ ਬੀਰ ਰਸ ਨਾਲ ਭਰਪੂਰ ਗੀਤਾਂ ਨੂੰ ਮਾਣਕ ਦੀ ਆਵਾਜ਼ ਵਿੱਚ ਗਵਾ ਕੇ ਅਜਿਹਾ ਕੰਮ ਕਰ ਦਿਖਾਇਆ ਜਿਸ ਦੀ ਸੱਭਿਆਚਾਰ ਦੇ ਮੁਦੱਈਆਂ ਤੇ ਸੁਹਿਰਦ ਲੋਕਾਂ ਨੇ ਭਰਵੀਂ ਦਾਦ ਦਿੱਤੀ। ‘ਛੇਤੀ ਕਰ ਸਰਵਣ ਪੁੱਤਰਾ’, ‘ਮਾਂ ਹੁੰਦੀ ਐ ਮਾਂ’, ‘ਜਦ ਧੀਆਂ ਹੋਣ ਜਵਾਨ’, ਤੇ ਅਨੇਕਾਂ ਲੋਕ ਤੱਥ ਵਰਗੀਆਂ ਰਚਨਾਵਾਂ ਨਾਲ ਸਮਾਜਿਕ ਤਾਣੇ ਬਾਣੇ ਦੀਆਂ ਉਲਝੀਆਂ ਤੰਦਾਂ ਨੂੰ ਸੰਵਾਰਨ ਦਾ ਕੰਮ ਦੇਵ ਨੇ ਬੜੀ ਸੁਹਿਰਦਤਾ ਨਾਲ ਕੀਤਾ ਸੀ।
ਅੱਜ ਦੀ ਗੀਤਕਾਰੀ ਦਾ ਵਰਗੀਕਰਨ ਹੋ ਚੁੱਕਾ ਹੈ। ਕੋਈ ਗੀਤਕਾਰ ਧਾਰਮਿਕ ਗੀਤਕਾਰੀ, ਕੋਈ ਰੁਮਾਂਟਿਕ ਕਿਸਮ ਦੀ ਗੀਤਕਾਰੀ ਤੇ ਕੋਈ ਲੱਚਰ ਗੀਤਕਾਰੀ ਵਿੱਚ ਮੁਹਾਰਤ ਰੱਖਦਾ ਹੈ। ਪਰ ਦੇਵ ਨੇ ਇਸ ਵਰਗੀਕਰਨ ਦੀਆਂ ਬੰਦਿਸ਼ਾਂ ਵਿੱਚੋਂ ਮੁਕਤ ਗੀਤਕਾਰੀ ਦਾ ਰੂਪ ਦੇ ਕੇ ਨਵੇਂ ਪੂਰਨੇ ਪਾਏ ਸਨ। ਉਸ ਦੀਆਂ ਮਿਆਰੀ ਰਚਨਾਵਾਂ ਲੋਕ ਮਨਾਂ ਵਿੱਚ ਸਦੀਵੀ ਤੌਰ ’ਤੇ ਘਰ ਕਰ ਗਈਆਂ ਹਨ। ਵੰਨ-ਸੁਵੰਨੇ ਵਿਸ਼ਿਆਂ ਦੀ ਚੋਣ ਨਾਲ ਗੀਤਕਾਰੀ ’ਚ ਵਿਲੱਖਣ ਮੁਕਾਮ ਹਾਸਲ ਕਰ ਚੁੱਕੇ ਦੇਵ ਨੇ ਸਹਿਜਤਾ ਦਾ ਲੜ ਘੁੱਟ ਕੇ ਫੜਿਆ ਹੋਇਆ ਸੀ। ਸੈਂਕੜੇ ਗਾਇਕ ਉਸ ਦੇ ਗੀਤਾਂ ਨੂੰ ਆਵਾਜ਼ ਦੇਣ ਲਈ ਉਸ ਦੀ ਚੌਖਟ ’ਤੇ ਦਸਤਕ ਦੇ ਚੁੱਕੇ ਸਨ। ਯੁੱਗ ਗਾਇਕ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲੇ ਨੂੰ ਗਾਇਕੀ ਤੇ ਸਮਾਜਿਕ ਪਿੜ ਅੰਦਰ ਕਦੇ ਵੀ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਮਾਣਕ ਨੂੰ ਉਸ ਦੀ ਆਵਾਜ਼ ਦੇ ਮੇਚ ਦੀਆਂ ਵੰਨਗੀਆਂ ਗਾਉਣ ਲਈ ਦੇ ਕੇ ਦੇਵ ਨੇ ਉਸ ਨੂੰ ਅਜਿਹੀ ਦਿਸ਼ਾ ਪ੍ਰਦਾਨ ਕੀਤੀ ਜਿਸ ਕਰਕੇ ਮਾਣਕ ’ਤੇ ਹਰ ਪੰਜਾਬੀ ਮਾਣ ਮਹਿਸੂਸ ਕਰਦਾ ਹੈ।
ਦੇਵ ਦੀ ਕਲਮ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਧਾਰਮਿਕ, ਸੱਭਿਆਚਾਰਕ ਤੇ ਸਮਾਜਿਕ ਗੀਤਾਂ ਤੋਂ ਇਲਾਵਾ ਕਲੀਆਂ ਤੇ ਲੋਕ ਗਾਥਾਵਾਂ ਉਪਜੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਕਲਾਕਾਰਾਂ ਨੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ ਹੈ। ਦੇਵ ਦੇ ਪਹਿਲੇ ਗੀਤ ਗਾਇਕ ਪ੍ਰੇਮ ਸ਼ਰਮਾ ਸਿਹੋੜੇ ਵਾਲਾ ਦੀ ਆਵਾਜ਼ ਵਿੱਚ ‘ਹੌਲੀ ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ ਵਿੱਚ ਵੱਜਦੀ’ ਤੇ ‘ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲ੍ਹਦੀ ਨਾਗ ਬਣਾ ਕਾਲਾ’ ਐੱਚ.ਐੱਮ.ਵੀ. ਕੰਪਨੀ ਵਿੱਚ ਰਿਕਾਰਡ ਹੋਏ। ਫਿਰ ਚੱਲ ਸੋ ਚੱਲ। ਦੇਵ ਦੇ ਲਿਖੇ ਗੀਤ ਉਸ ਸਮੇਂ ਦੀਆਂ ਪ੍ਰਸਿੱਧ ਗਾਇਕਾਵਾਂ ਸਵਰਨ ਲਤਾ ਤੇ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਰਿਕਾਰਡ ਹੋਏ। ਨਰਿੰਦਰ ਬੀਬਾ ਦੇ ਗੀਤ ‘ਭੱਖੜੇ ਨੇ ਪੈਰ ਗਾਲਤੇ ਜੁੱਤੀ ਲੈ ਦੇ ਮੁਲਾਹਜ਼ੇਦਾਰਾ’ ਤੇ ‘ਖਾਲੀ ਗੱਡੀ ਲੈ ਜਾ ਮੋੜ ਕੇ’ ਨਾਲ ਪੰਜਾਬ ਦੀ ਸੰਗੀਤਕ ਲਹਿਰ ਵਿੱਚ ਦੇਵ ਦਾ ਨਾਂ ਗੂੰਜਣ ਲੱਗ ਪਿਆ। ਫਿਰ ਮੁਹੰਮਦ ਸਦੀਕ ਤੇ ਨਰਿੰਦਰ ਬੀਬਾ ਦੇ ਗਾਏ ਗੀਤ ‘ਲੌਂਗ ਨੀਂ ਬਿਸ਼ਨੀਏ ਤੇਰਾ, ਨਰਮੇ ’ਚੋਂ ਲਿਆਇਆ ਲੱਭ ਕੇ’ ਅਤੇ ‘ਰਾਤੀ ਰੋਂਦੀ ਦਾ ਭਿੱਜ ਗਿਆ ਲਾਲ ਪੰਘੂੜਾ’ ਨਾਲ ਚਾਰੇ ਪਾਸੇ ਦੇਵ ਦੀ ਬੱਲੇ ਬੱਲੇ ਹੋਣ ਲੱਗ ਪਈ। ਜਦੋਂ ਭਾਰਤ-ਚੀਨ ਜੰਗ ਚੱਲ ਰਹੀ ਸੀ ਤਾਂ ਦੇਵ ਦੀ ਕਲਮ ’ਚੋਂ ਫੁੱਟੇ ਅੰਗਿਆਰੇ:
ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ
ਕੋਈ ਵੈਰੀ ਚੜ੍ਹ ਕੇ ਆ ਗਿਆ ਤੁਸੀਂ ਜਾ ਲਲਕਾਰੋ।
ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਰਿਕਾਰਡ ਹੋ
ਕੇ ਸਰਹੱਦਾਂ ’ਤੇ ਜੂਝਦੇ ਸਿਪਾਹੀਆਂ ਨੂੰ ਸ਼ੋਅਲੇ
ਬਣ ਜਾਣ ਦੀ ਪ੍ਰੇਰਨਾ ਬਣੇ। ਜੰਗ ਦੇ ਦਿਨਾਂ ਵਿੱਚ
ਇਹ ਗੀਤ ਵਾਰ ਵਾਰ ਰੇਡਿਓ ਤੋਂ ਸੁਣਾਇਆ
ਜਾਂਦਾ ਸੀ। ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦੇ ਗਾਏ ਦੋਗਾਣੇ ਉਨ੍ਹਾਂ ਦੀ ਸਮਕਾਲੀ ਪੀੜ੍ਹੀ ਦੇ ਚੇਤਿਆਂ ਵਿੱਚ ਅੱਜ ਵੀ ਵਸੇ ਹੋਏ ਹਨ।
ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲਾ ਗਾਇਕੀ ਯੁੱਗ ਦੇ ਸਿੱਕੇ ਦੇ ਦੋ ਪਾਸੇ ਹਨ। ਮਾਣਕ ਦੀ ਆਵਾਜ਼ ਵਿੱਚ ਗਾਇਆ ਗੀਤ ‘ਮਾਂ ਹੁੰਦੀ ਐ ਮਾਂ, ਓ ਦੁਨੀਆ ਵਾਲਿਓ’ ਦੇਵ ਦੀ ਸ਼ਾਹਕਾਰ ਰਚਨਾ ਤੇ ਮਾਣਕ ਦਾ ਸਰਵੋਤਮ ਗੀਤ ਹੈ। ਅੱਜ ਵੀ ਜਦੋਂ ਕੋਈ ਗਾਇਕ ਕਿਸੇ ਗੀਤਕਾਰ ਤੋਂ ‘ਮਾਂ’ ਦੀ ਮਮਤਾ ਸਬੰਧੀ ਗੀਤ ਦੀ ਮੰਗ ਕਰਦਾ ਹੈ ਤਾਂ ਅੱਜ ਤੀਕ ਉਸਦੇ ਮੂੰਹੋਂ ਸੁਭਾਵਿਕ ਹੀ ਨਿਕਲ ਜਾਂਦਾ ਹੈ- ‘‘ਮਾਂ’ ਤਾਂ ਦੇਵ ਲਿਖ ਗਿਆ ਤੇ ਮਾਣਕ ਗਾ ਗਿਆ।’ ਕੁਲਦੀਪ ਮਾਣਕ ਤੋਂ ਇਲਾਵਾ ਸੁਰਿੰਦਰ ਛਿੰਦਾ ਦੀ ਆਵਾਜ਼ ਨੂੰ ਪੌਣਾਂ ਦੇ ਘਨੇੜੇ ਚਾੜ੍ਹ ਕੇ ਦੇਵ ਨੇ ਇੱਕ ਹੋਰ ਗਾਇਕ ਨੂੰ ਸਥਾਪਤੀ ਦੇ ਸਿਖਰਲੇ ਟੰਬੇ ’ਤੇ ਬਿਠਾਇਆ। ਛਿੰਦੇ ਦਾ ‘ਦੋ ਊਠਾਂ ਵਾਲੇ ਨੀਂ’ ਵਾਲਾ ਐੱਲ.ਪੀ. ਰਿਕਾਰਡ, ‘ਉੱਚਾ ਬੁਰਜ ਲਾਹੌਰ ਦਾ’ ਸੁਪਰ ਸੈਵਨ ਡਿਸਕ ਦੇ ਜ਼ਰੀਏ ਪੰਜਾਬ ਦੇ ਵਿਹੜਿਆਂ ਵਿੱਚ ਸੰਗੀਤਕ ਨਿੱਘ ਵੰਡ ਰਹੇ ਸਨ ਅਤੇ ਕੁਝ ਅਰਸੇ ਬਾਅਦ ਹੀ ਪੰਜਾਬ ਦੇ ਬਨੇਰਿਆਂ ’ਤੇ ਵੱਜਦੇ ਲਾਊਡ ਸਪੀਕਰਾਂ ’ਚੋਂ ਜਿਊਣੇ ਮੌੜ ਦੇ ਲਲਕਾਰੇ ਸੁਣਨ ਲੱਗ ਪਏ। ਅੱਜ ਵੀ ਸੁਰਿੰਦਰ ਛਿੰਦੇ ਦੇ ਇਸ ਸ਼ਾਹਕਾਰ ਓਪੇਰੇ ਦੀ ਮੰਗ ਸਦਾ ਬਹਾਰ ਗੀਤਾਂ ਵਾਂਗ ਕਾਇਮ ਹੈ।
ਪੰਜਾਬੀ ਫ਼ਿਲਮਾਂ ਵਿੱਚ ਕੁਲਦੀਪ ਮਾਣਕ ਦੀ ਆਵਾਜ਼ ’ਚ ਗਾਏ ਗੀਤ ‘ਯਾਰਾਂ ਦਾ ਟਰੱਕ ਬੱਲੀਏ, ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ’ ਤੇ ‘ਜੁਗਨੀ’ ਤੇ ‘ਬਲਵੀਰੋ ਭਾਬੀ’ ਫ਼ਿਲਮ ਦੇ ‘ਸੁੱਚੇ ਯਾਰ ਬਿਨਾਂ’, ‘ਸੁੱਚਿਆ ਵੇ ਭਾਬੀ ਤੇਰੀ’, ‘ਦਾਤਾ ਤੇ ਭਗਤ ਸੂਰਮਾ’ ਏਨੇ ਮਕਬੂਲ ਹੋਏ ਸਨ ਕਿ ਮਾਣਕ ਦੀ ਆਵਾਜ਼ ਦੇ ਸ਼ੈਦਾਈਆਂ ਨੇ ਗੀਤਾਂ ਦਾ ਫ਼ਿਲਮਾਂਕਣ ਦੇਖਣ ਦੀ ਇੱਛਾ ਨਾਲ ਕਈ ਵਾਰ ਇਨ੍ਹਾਂ ਫ਼ਿਲਮਾਂ ਨੂੰ ਵੇਖਿਆ। ਏਥੇ ਹੀ ਬਸ ਨਹੀਂ, ਸੁਰਿੰਦਰ ਛਿੰਦੇ ਦੀ ਆਵਾਜ਼ ’ਚ ਗਾਇਆ ‘ਪੁੱਤ ਜੱਟਾਂ ਦੇ’ ਫ਼ਿਲਮ ਦਾ ਟਾਈਟਲ ਗੀਤ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਜੇਕਰ ਅਸੀਂ ਗੱਲ ਸਮੇਟਣੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਦੇਵ ਥਰੀਕਿਆਂ ਵਾਲੇ ਦੀ ਕਲਮ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦੇ ਜਿਹੇ ਪਰਿਪੱਕ ਗਾਇਕਾਂ ਦੀਆਂ ਬੁਲੰਦ ਆਵਾਜ਼ਾਂ ਦਾ ਸੁਮੇਲ ਗਾਇਕੀ ਦੇ ਇਤਿਹਾਸ ਦੇ ਇੱਕ ਅਧਿਆਏ ਵਜੋਂ ਲੋਕ ਮਨਾਂ ਵਿੱਚ ਚਿਰ ਸਦੀਵੀ ਸਾਂਭ ਕੇ ਰੱਖਿਆ ਜਾਵੇਗਾ।
ਦੇਵ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਯਾਰਾਂ ਦਾ ਯਾਰ ਤੇ ਅਤਿ ਮਿਲਾਪੜੇ ਸੁਭਾਅ ਵਾਲਾ ਬਹੁਤ ਹੀ ਪਿਆਰਾ ਇਨਸਾਨ ਸੀ, ਏਨੀ ਸ਼ੋਹਰਤ ਦੀਆਂ ਬੁਲੰਦੀਆਂ ਛੋਹ ਕੇ ਵੀ ਉਸ ਨੇ ਆਪਣੇ ਆਪ ਨੂੰ ਬੜੀ ਹਲੀਮੀ ਨਾਲ ਤੇ ਹਰ ਇੱਕ ਨੂੰ ਚਾਹ ਕੇ ਗਲਵੱਕੜੀ ’ਚ ਸਮੇਟ ਲੈਣ ਦਾ ਅਨਮੋਲ ਗੁਣ ਵੀ ਕੁਦਰਤ ਦੇ ਖਜ਼ਾਨੇ ’ਚੋਂ ਆਪਣੇ ਨਾਮ ਕਰਵਾ ਰੱਖਿਆ ਸੀ। ਦੇਵ ਵਰਗੇ ਲੋਕ ਕਦੇ ਕਦਾਈਂ ਹੀ ਪੈਦਾ ਹੁੰਦੇ ਹਨ।
ਸੰਪਰਕ: 98552-64144