ਦਿਗਵਿਜੈ ਧੰਜੂ
ਕਿਸੇ ਨੇ ਕਿਹਾ ਹੈ ਕਿ ਜੇਕਰ ਲੋਕਾਂ ਨੂੰ ਤੁਹਾਡੀ ਕੀਤੀ ਹੋਈ ਤਪੱਸਿਆ, ਘਾਲਣਾ ਅਤੇ ਸਖ਼ਤ ਮਿਹਨਤ ਬਾਰੇ ਜਾਣਕਾਰੀ ਨਹੀਂ ਤਾਂ ਉਨ੍ਹਾਂ ਨੂੰ ਤੁਹਾਡੀ ਕਾਮਯਾਬੀ ਤੀਰ-ਤੁੱਕਾ ਅਤੇ ਕਿਸਮਤ ਦਾ ਖੇਡ ਹੀ ਲੱਗਦੀ ਹੈ। ਸਮਾਂ ਬੀਤਣ ਨਾਲ ਤੁਹਾਡੀ ਘਾਲਣਾ ਮੀਲ ਪੱਥਰਾਂ ਦੇ ਰੂਪ ਵਿਚ ਜਹਾਨ ਦੇ ਸਾਹਮਣੇ ਪ੍ਰਤੱਖ ਰੂਪ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬੀ ਸੰਗੀਤਕ ਦੁਨੀਆਂ ਦੀ ਜੇਕਰ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਦਾ ਨਾਮ ਅੱਜ ਹਰ ਸੰਗੀਤ ਪ੍ਰੇਮੀ ਦੀ ਜ਼ੁਬਾਨ ’ਤੇ ਹੈ। ਸਰਤਾਜ ਵੀ ਘੋਰ ਤਪੱਸਵੀ ਸੰਤਾਂ ਅਤੇ ਨਾਥਾਂ ਦੇ ਧੂਣਿਆਂ ਵਿਚੋਂ ਨਿਕਲੇ ਕੁਕਨਸ ਦਾ ਮਨੁੱਖੀ ਰੂਪ ਹੈ। ਮੇਰੇ ਜੀਵਨ ਵਿਚ ਸਰਤਾਜ ਨਾਲ ਜੁੜੀਆਂ ਅਨੇਕਾਂ ਕਹਾਣੀਆਂ ਅਜਿਹੀਆਂ ਹਨ, ਪਰ ਦੋ ਘਟਨਾਵਾਂ ਬਾਰੇ ਜ਼ਿਕਰ ਕਰਾਂਗਾ ਜਿਸ ਤੋਂ ਇਹ ਪ੍ਰਤੱਖ ਜ਼ਾਹਿਰ ਹੁੰਦਾ ਹੈ ਕਿ ਜੇਕਰ ਹੀਰਾ ਬੇਸ਼ਕੀਮਤੀ ਹੋਵੇ ਤਾਂ ਉਸ ਨੂੰ ਲੱਭਣ ਵਾਲੇ ਜੌਹਰੀ ਮਿਲ ਹੀ ਜਾਂਦੇ ਹਨ।
ਸਰਤਾਜ ਨੇ ਆਪਣੀ ਜ਼ਿੰਦਗੀ ਦੇ ਵੱਡਮੁੱਲੇ ਸਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਗੁਜ਼ਾਰੇ ਅਤੇ ਉੱਥੋਂ ਹੀ ਸ਼ੁਹਰਤ ਦੀਆਂ ਪੌੜੀਆਂ ਚੜ੍ਹਿਆ। ਇਨ੍ਹਾਂ ਸਾਲਾਂ ਦਰਮਿਆਨ ਉਸ ਨੇ ਯੂਨੀਵਰਸਿਟੀ ਦੇ ਸਾਲਾਨਾ ਪ੍ਰੋਗਰਾਮਾਂ ਤੋਂ ਬਿਨਾਂ ‘ਸੋਪੂ’ ਪਾਰਟੀ ਦੇ ਹਰ ਪ੍ਰੋਗਰਾਮ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਅਤੇ ਥੋੜ੍ਹੀ ਬਹੁਤੀ ਪਛਾਣ ਬਣਾਈ। ਇਸੇ ਦੌਰਾਨ ਹੀ ਉਸਨੇ ਆਪਣਾ ਗੀਤ ‘ਸਾਈਂ’ ਰਿਲੀਜ਼ ਕੀਤਾ ਜਿਸ ਨਾਲ ਲੋਕਾਂ ਵਿਚ ਸਰਤਾਜ ਦਾ ਕਾਫ਼ੀ ਨਾਮ ਹੋਇਆ।
ਇਸੇ ਦੌਰਾਨ ਹੀ ਇਕ ਦਿਨ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਤੇ ਆਪਣੇ ਮਿੱਤਰਾਂ ਨਾਲ ਚਾਹ ਦੀਆਂ ਚੁਸਕੀਆਂ ਲੈਂਦੇ ਸਰਤਾਜ ਨੂੰ ਕਿਸੇ ਬੇਪਛਾਣੇ ਨੰਬਰ ਤੋਂ ਫੋਨ ਆਇਆ। ਫੋਨ ਚੁੱਕਦੇ ਸਾਰ ਹੀ ਸਰਤਾਜ ਦੀਆਂ ਅੱਖਾਂ ਖ਼ੁਸ਼ੀ ਨਾਲ ਨਮ ਹੋ ਗਈਆਂ। ਇਹ ਫੋਨ ਪੰਜਾਬੀ ਸੰਗੀਤ ਦੇ ਬਾਬਾ ਬੋਹੜ ਗੁਰਦਾਸ ਮਾਨ ਦਾ ਸੀ ਜਿਨ੍ਹਾਂ ਨੇ ਸਰਤਾਜ ਦਾ ਗੀਤ ‘ਸਾਈਂ’ ਸੁਣ ਕੇ ਆਪਣੇ ਲਫ਼ਜ਼ਾਂ ਵਿਚ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ, ਹੁਣ ਮੈਨੂੰ ਲੱਗਦਾ ਹੈ ਕਿ ਪੰਜਾਬੀ ਸੰਗੀਤ ਦਾ ਪਤਨ ਛੇਤੀ ਨਹੀਂ ਹੋਣ ਲੱਗਾ ਕਿਉਂ ਜੋ ਤੁਹਾਡੇ ਵਰਗੇ ਫ਼ਨਕਾਰ ਇਸ ਨੂੰ ਆਪਣੀ ਬੁੱਕਲ ਵਿਚ ਸਾਂਭ ਕੇ ਰੱਖਣਗੇ। ਉਸ ਦਿਨ ਸਰਤਾਜ ਘਰ ਬੈਠਾ ਹੀ ਕਠੋਤੀ ਵਿਚ ਗੰਗਾ ਨ੍ਹਾਤਾ ਅਤੇ ਚਾਹ ਦੀ ਚੁਸਕੀ ਲੈਂਦਾ ਹਾਜੀ ਹੋ ਗਿਆ। ਕਿਸੇ ਆਮ ਸੰਘਰਸ਼ਸ਼ੀਲ ਗਾਇਕ ਲਈ ਗੁਰਦਾਸ ਮਾਨ ਵੱਲੋਂ ਮਿਲੀ ਹੱਲਾਸ਼ੇਰੀ ਕਿਸੇ ਅਰਬਾਂ-ਖਰਬਾਂ ਦੀ ਲੱਗੀ ਲਾਟਰੀ ਤੋਂ ਘੱਟ ਨਹੀਂ ਹੁੰਦੀ। ਇਸ ਘਟਨਾ ਤੋਂ ਬਾਅਦ ਸਰਤਾਜ ਦੀ ਗੁਰਦਾਸ ਮਾਨ ਨਾਲ ਕਾਫ਼ੀ ਨੇੜਤਾ ਹੋ ਗਈ ਜੋ ਅੱਜ ਵੀ ਬਰਕਰਾਰ ਹੈ।
ਦੂਜੀ ਘਟਨਾ ਸਾਲ 2008 ਦੀ ਹੈ। ਅੰਮ੍ਰਿਤਸਰ ਦੇ ਲਾਗਲੇ ਚੌਕ ਮਹਿਤਾ ਵਿਖੇ ਰਹਿੰਦੇ ਸਾਡੇ ਮਿੱਤਰ ਸਿਮਰਨਜੀਤ ਸਿੰਘ ਰੰਧਾਵਾ (ਸ਼ਾਹ) ਦੇ ਵਿਆਹ ਮੌਕੇ ਗਾਉਂਦਿਆਂ ਸਰਤਾਜ ਨਾਲ ਕੁਝ ਅਜਿਹਾ ਵਾਪਰਿਆ ਕਿ ਉਹ ਧੁਰ ਅੰਦਰ ਤਕ ਹਲੂਣਿਆ ਗਿਆ। ਸ਼ਾਹ ਬਾਈ ਦਾ ਸਾਰਾ ਪਰਿਵਾਰ ਅਤੇ ਸਹੁਰਾ ਪਰਿਵਾਰ ਵੀ ਗੁਰਸਿੱਖ ਸੀ ਜਿਸ ਕਾਰਨ ਉਨ੍ਹਾਂ ਨੂੰ ਵਿਆਹ ’ਤੇ ਅਜਿਹੇ ਕਲਾਕਾਰ ਦੀ ਲੋੜ ਸੀ ਜੋ ਬਹੁਤਾ ਨੱਚਣ ਟੱਪਣ ਦੀ ਥਾਂ ’ਤੇ ਬੈਠ ਕੇ ਮਹਿਫ਼ਿਲ ਸਜਾ ਕੇ ਲੋਕਾਂ ਦਾ ਮਨੋਰੰਜਨ ਕਰ ਸਕੇ। ਵਡਾਲੀ ਭਰਾਵਾਂ ਦੀ ਪਹਿਲਾਂ ਤੋਂ ਹੀ ਬੁਕਿੰਗ ਹੋਣ ਕਾਰਨ ਉਹ ਪਰੇਸ਼ਾਨ ਸੀ। ਇਸੇ ਦੌਰਾਨ ਹੀ ਮੇਰੇ ਮਿੱਤਰ ਐਡਵੋਕੇਟ ਮਨੀਪਾਲ ਅਟਵਾਲ ਅਤੇ ਐਡਵੋਕੇਟ ਪ੍ਰਕਾਸ਼ ਬਰਾੜ ਨੇ ਉਨ੍ਹਾਂ ਨੂੰ ਸਰਤਾਜ ਦੀ ਦੱਸ ਪਾਈ, ਪਰ ਨਵਾਂ ਕਲਾਕਾਰ ਹੋਣ ਕਾਰਨ ਉਹ ਬਹੁਤੇ ਪ੍ਰਭਾਵਿਤ ਨਾ ਹੋਏ, ਪਰ ਮਨੀ ਅਤੇ ਬਰਾੜ ਦੇ ਕਹਿਣ ’ਤੇ ਸ਼ਾਹ ਨੇ ਆਪਣੇ ਵਿਆਹ ਲਈ ਸਰਤਾਜ ਨੂੰ ਬੁੱਕ ਕਰ ਲਿਆ। ਵਿਆਹ ਵਾਲੇ ਦਿਨ ਬਹੁਤਾ ਮੇਲ ਪਰਵਾਸੀ ਪੰਜਾਬੀਆਂ ਦਾ ਸੀ ਜਿਸ ਦੌਰਾਨ ਸਰਤਾਜ ਨੇ ਖ਼ੂਬ ਰੰਗ ਬੰਨ੍ਹਿਆ ਅਤੇ ਖੇਤਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਨੇ ਮਝੈਲੀ ਬਾਪੂਆਂ ਦੀ ਤਾਰੀਫ਼ ਵਿਚ ‘ਏਸ ਧਰਤ ਦੇ ਬਾਬੇ ਉੱਚੇ ਲੰਮੇ’ ਗੀਤ ਉਚੇਚੇ ਤੌਰ ’ਤੇ ਗਾਇਆ ਜੋ ਮੈਂ ਪਹਿਲੀ ਵਾਰ ਸੁਣਿਆ ਸੀ। ਸਰਤਾਜ ਨੇ ਚੰਗਾ ਸਮਾਂ ਬੰਨ੍ਹਿਆ ਹੋਇਆ ਸੀ। ਇਸੇ ਦੌਰਾਨ ਸਰੋਤਿਆਂ ਵਿਚੋਂ ਇਕ ਅਧਖੜ ਉਮਰ ਦੇ ਹਿੰਦੂ ਜੈਂਟਲਮੈਨ ਉੱਠ ਕੇ ਸਰਤਾਜ ਵੱਲ ਗਏ ਅਤੇ ਉਨ੍ਹਾਂ ਨਾਲ ਕੋਈ ਗੱਲ ਕਰਨੀ ਚਾਹੀ। ਸਰਤਾਜ ਨੇ ਸਾਜੀਆਂ ਨੂੰ ਇਸ਼ਾਰਾ ਕਰਕੇ ਆਵਾਜ਼ ਹੌਲੀ ਕਰਨ ਲਈ ਕਿਹਾ ਤਾਂ ਉਸ ਵਿਅਕਤੀ ਨੇ ਸਰਤਾਜ ਦਾ ਹੱਥ ਫੜ ਲਿਆ। ਇਸ ਤੋਂ ਪਹਿਲਾਂ ਕਿ ਸਰਤਾਜ ਕੁਝ ਅਸਹਿਜ ਮਹਿਸੂਸ ਕਰਦਾ ਉਸ ਵਿਅਕਤੀ ਨੇ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਉਹ ਲਾਗਲੇ ਸ਼ਹਿਰ ਬਟਾਲੇ ਨਾਲ ਸਬੰਧ ਰੱਖਦਾ ਹੈ ਅਤੇ ਸ਼ਿਵ ਕੁਮਾਰ ਬਟਾਲਵੀ ਅਤੇ ਉਹ ਬਚਪਨ ਦੇ ਲੰਗੋਟੀਏ ਯਾਰ ਸਨ। ਉਸ ਨੇ ਚੜ੍ਹਦੀ ਜਵਾਨੀ ਵਿਚ ਸ਼ਿਵ ਤੋਂ ਅਨੇਕਾਂ ਕਵਿਤਾਵਾਂ ਮੂੰਹ-ਜ਼ੁਬਾਨੀ ਸੁਣੀਆਂ ਅਤੇ ਸ਼ਿਵ ਨਾਲ ਉਸ ਦੀਆਂ ਅਣਗਿਣਤ ਮਹਿਫ਼ਿਲਾਂ ਵਿਚ ਸ਼ਿਰਕਤ ਕੀਤੀ।
‘ਬੜੀਆਂ ਮਹਿਫ਼ਿਲਾਂ ਵੇਖੀਆਂ ਜਵਾਨਾਂ, ਪਰ ਸ਼ਿਵ ਦੀ ਮਹਿਫ਼ਿਲ ਵਰਗਾ ਸਵਾਦ ਕਦੀ ਨਹੀਂ ਆਇਆ। ਅੱਜ 40 ਸਾਲਾਂ ਬਾਅਦ ਮੁੜ ਕੇ ਗੱਲ ਬਣੀ ਆਂ। ਤੂੰ ਤੇ ਮੈਨੂੰ ਸ਼ਿਵ ਯਾਦ ਕਰਵਾ ਤਾ।’
ਕੁਝ ਪਲਾਂ ਲਈ ਸਰਤਾਜ ਪੱਥਰ ਹੋ ਗਿਆ। ਪੰਜਾਬੀ ਕਵਿਤਾ ਅਤੇ ਸੱਭਿਆਚਾਰ ਦੇ ਲਾਡਲੇ ਪੁੱਤਰ ਨਾਲ ਆਪਣੀ ਤੁਲਨਾ ਹੁੰਦਿਆਂ ਵੇਖ ਕਿਸੇ ਦਾ ਵੀ ਸੀਨਾ ਫਟਣ ਤੋਂ ਕਿਵੇਂ ਰਹਿ ਸਕਦਾ ਹੈ। ਸਰਤਾਜ ਆਪਣੀ ਚੌਕੜੀ ਤੋਂ ਉੱਠ ਕੇ ਗੋਡਿਆਂ ਭਾਰ ਹੋ ਗਿਆ ਤੇ ਬਜ਼ੁਰਗ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਿਆ। ਕਿਸੇ ਫ਼ਨਕਾਰ ਲਈ ਇਸ ਤੋਂ ਮਿੱਠੀ ਯਾਦ ਅਤੇ ਇਸ ਤੋਂ ਵੱਡਾ ਸਨਮਾਨ ਹੋਰ ਕੀ ਹੋ ਸਕਦਾ ਹੈ?
ਇਸ ਤੋਂ ਪਿੱਛੋਂ ਸਰਤਾਜ ਨੇ ਵਿਦੇਸ਼ ਦੌਰਾ ਕੀਤਾ ਅਤੇ ਆਪਣੀ ਕਲਾ ਦਾ ਲੋਹਾ ਮਨਵਾਇਆ। ਹਰ ਨਵੇਂ ਗੀਤ ਦੇ ਨਾਲ ਸਰਤਾਜ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਧਦੀ ਗਈ। ਇਸ ਸਮੇਂ ਸਰਤਾਜ ਪੰਜਾਬੀ ਸੰਗੀਤ ਜਗਤ ਵਿਚ ਇਕ ਅਲੱਗ ਪਛਾਣ ਬਣਾ ਚੁੱਕਿਆ ਹੈ ਅਤੇ ਸਰੋਤੇ ਉਸ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਰਹਿੰਦਿਆਂ ਸਰਤਾਜ ਨੂੰ ਮਿਲਣ ਦਾ ਸਬੱਬ ਬਣਨਾ ਅਤੇ ਕਈ ਸਾਲਾਂ ਤਕ ਉਸ ਦੀ ਗਾਇਕੀ ਨੂੰ ਨੇੜਿਓਂ ਤੱਕਣਾ ਮੇਰੀ ਜ਼ਿੰਦਗੀ ਦੇ ਖ਼ੂਬਸੂਰਤ ਪਲਾਂ ਵਿਚੋਂ ਇਕ ਹੈ। ਸ਼ਾਲਾ! ਪੰਜਾਬੀ ਸੰਗੀਤ ਦੇ ਵਿਹੜੇ ਉੱਗੇ ਇਸ ਗੁਲਾਬ ਦੀ ਮਹਿਕ ਦੇਸ਼ਾਂ ਵਿਦੇਸ਼ਾਂ ਵਿਚ ਇੰਜ ਹੀ ਫੈਲਦੀ ਰਹੇ ਅਤੇ ਉਹ ਸੰਗੀਤ ਦੀ ਦੁਨੀਆਂ ਦਾ ਸਰਤਾਜ ਹੋ ਨਿੱਬੜੇ।
ਸੰਪਰਕ: 98149-90756