ਹਰਦਿਆਲ ਸਿੰਘ ਥੂਹੀ
ਦੂਜੀ ਪੀੜ੍ਹੀ ਦੇ ਰਿਕਾਰਡ ਹੋਏ ਢਾਡੀਆਂ ਵਿਚੋਂ ਇਕ ਵੱਡਾ ਨਾਂ ਹੈ ਢਾਡੀ ਨਿਰਵੈਰ ਸਿੰਘ ਪੰਡੋਰੀ ਨਿੱਝਰਾਂ। ਨਿਰਵੈਰ ਸਿੰਘ ਹੋਰਾਂ ਦੀ ਜਿੰਨੀ ਵੀ ਰਿਕਾਰਡਿੰਗ ਮਿਲਦੀ ਹੈ, ਉਹ ਸਾਰੀ ਧਾਰਮਿਕ ਹੈ, ਜੋ ਵੱਖ-ਵੱਖ ਪ੍ਰਸੰਗਾਂ ਨਾਲ ਸਬੰਧਤ ਹੈ।
ਨਿਰਵੈਰ ਸਿੰਘ ਦਾ ਜਨਮ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਆਦਮਪੁਰ ਦੋਆਬਾ ਦੇ ਪਿੰਡ ਪੰਡੋਰੀ ਨਿੱਝਰਾਂ ਵਿਖੇ 1898 ਦੇ ਨੇੜੇ ਤੇੜੇ ਪਿਤਾ ਸ. ਸੰਤਾ ਸਿੰਘ ਦੇ ਘਰ ਹੋਇਆ। ਉਸ ਦੇ ਦਾਦੇ ਦਾ ਨਾਂ ਸ. ਗੁਲਾਬ ਸਿੰਘ ਸੀ। ਅਜੇ ਨਿਰਵੈਰ ਸਿੰਘ ਨੇ ਹੋਸ਼ ਵੀ ਨਹੀਂ ਸੰਭਾਲੀ ਸੀ ਕਿ ਉਸ ਦੇ ਮਾਤਾ ਜੀ ਦੀ ਮੌਤ ਹੋ ਗਈ। ਉਸ ਦਾ ਪਾਲਣ ਪੋਸ਼ਣ ਉਸ ਦੀ ਮਾਮੀ ਦੀਪ ਕੌਰ ਨੇ ਕੀਤਾ। ਮਾਮੀ ਦੀਪ ਕੌਰ ਅੰਮ੍ਰਿਤਧਾਰੀ ਸਿੰਘਣੀ ਸੀ ਅਤੇ ਹਮੇਸ਼ਾਂ ਨੀਲਾ ਬਾਣਾ ਪਹਿਨ ਕੇ ਰੱਖਦੀ ਸੀ। ਇਸ ਮਾਹੌਲ ਵਿਚ ਨਿਰਵੈਰ ਸਿੰਘ ’ਤੇ ਬਚਪਨ ਤੋਂ ਹੀ ਸਿੱਖੀ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਸੀ। ਗੁਜ਼ਾਰੇ ਜੋਗੀ ਗੁਰਮੁਖੀ ਪੜ੍ਹਨੀ ਲਿਖਣੀ ਸਿੱਖ ਲਈ। ਗੁਰਦੁਆਰੇ ਜਾਣਾ ਨਿੱਤ ਕਰਮ ਵਿਚ ਸ਼ਾਮਲ ਸੀ। ਗੁਰਦੁਆਰੇ ਵਿਚ ਹੁੰਦੇ ਸਮਾਗਮਾਂ ਸਮੇਂ ਢਾਡੀਆਂ ਦੇ ਪ੍ਰੋਗਰਾਮ ਸੁਣ ਸੁਣ ਕੇ ਉਹ ਢਾਡੀ ਗਾਇਕੀ ਵੱਲ ਖਿੱਚਿਆ ਗਿਆ। ਚੜ੍ਹਦੀ ਜਵਾਨੀ ਤਕ ਉਹ ਸਟੇਜਾਂ ਤੋਂ ਧਾਰਮਿਕ ਅਤੇ ਦੇਸ਼ ਪਿਆਰ ਦੀਆਂ ਜੋਸ਼ ਭਰੀਆਂ ਕਵਿਤਾਵਾਂ ਬੋਲਣ ਲੱਗ ਪਿਆ।
ਜੱਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੇ ਉਸ ਦੇ ਮਨ ਵਿਚ ਅੰਗਰੇਜ਼ਾਂ ਪ੍ਰਤੀ ਨਫ਼ਰਤ ਭਰ ਦਿੱਤੀ ਅਤੇ ਉਹ ਆਜ਼ਾਦੀ ਦੀ ਲਹਿਰ ਨਾਲ ਜੁੜ ਗਿਆ। ਬੱਬਰ ਅਕਾਲੀ ਲਹਿਰ ਦੇ ਅਧੀਨ ਉਹ 1921 ਤੋਂ 1925 ਤਕ ਚਾਰ ਵਾਰ ਜੇਲ੍ਹ ਗਿਆ। ਬਾਅਦ ਵਿਚ ਉਹ ਧਰਮ ਪ੍ਰਚਾਰ ਹਿੱਤ ਪੂਰੀ ਤਰ੍ਹਾਂ ਢਾਡੀ ਗਾਇਕੀ ਨਾਲ ਜੁੜ ਗਿਆ। ਢਾਡੀ ਸੰਗੀਤ ਦੀ ਬਕਾਇਦਾ ਸਿੱਖਿਆ ਉਸ ਨੇ ਪ੍ਰਸਿੱਧ ਸਾਰੰਗੀਵਾਦਕ ਬੂਆ ਦਿੱਤਾ ਤੋਂ ਪ੍ਰਾਪਤ ਕੀਤੀ। ਇਸੇ ਉਸਤਾਦ ਤੋਂ ਗੋਨਾ ਕਲਾਂ ਵਾਲੇ ਢਾਡੀ ਬਾਵਾ ਸਿੰਘ ਅਤੇ ਭੋਜੋਵਾਲੀਏ ਢਾਡੀ ਕਾਲਾ ਸਿੰਘ ਨੇ ਵੀ ਸਿੱਖਿਆ ਹਾਸਲ ਕੀਤੀ। ਬਾਅਦ ਵਿਚ ਢਾਡੀ ਮੱਸਾ ਸਿੰਘ ਨੇ ਵੀ ਬੂਆ ਦਿੱਤਾ ਨੂੰ ਉਸਤਾਦ ਧਾਰਿਆ। ਦਹਾਕਾ ਭਰ ਇਹ ਸਾਰੇ ਸਾਥੀ ਇਕ ਦੂਜੇ ਨਾਲ ਮਿਲਕੇ ਪ੍ਰੋਗਰਾਮ ਕਰਦੇ ਰਹੇ। ਕਦੇ ਕੋਈ ਕਿਸੇ ਗਰੁੱਪ ਨਾਲ ਚਲਾ ਜਾਂਦਾ ਤੇ ਕਦੇ ਕੋਈ ਕਿਸੇ ਹੋਰ ਨਾਲ। ਬੁਲੰਦ ਤੇ ਸੁਰੀਲੀ ਆਵਾਜ਼ ਕਾਰਨ ਨਿਰਵੈਰ ਸਿੰਘ ਦੀ ਨਿਵੇਕਲੀ ਪਛਾਣ ਸੀ।
ਪੰਜਵੇਂ ਦਹਾਕੇ ਦੇ ਆਰੰਭ ਵਿਚ ਨਿਰਵੈਰ ਸਿੰਘ ਨੇ ਵੀ ਦੂਸਰੇ ਢਾਡੀਆਂ ਵਾਂਗ ਤਵੇ ਭਰਾਉਣ ਦਾ ਮਨ ਬਣਾ ਲਿਆ। ਮੱਸਾ ਸਿੰਘ ਸਾਰੰਗੀ ਮਾਸਟਰ ਅਤੇ ਪਾਖਰ ਸਿੰਘ ਬੁਲੰਦਪੁਰ ਨੂੰ ਨਾਲ ਲੈ ਕੇ ਐੱਚ.ਐੱਮ.ਵੀ. ਕੰਪਨੀ ਵਿਚ ਜਾ ਪਹੁੰਚੇ। ਇਸ ਗਰੁੱਪ ਦੀ ਪਹਿਲੀ ਰਿਕਾਰਡਿੰਗ 1942 ਵਿਚ ‘ਰੀਗਲ’ ਲੇਬਲ ਅਧੀਨ ‘ਨਿਰਵੈਰ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਹੋਈ। ਇਸ ਤਵੇ ਦੇ ਦੋਵੇਂ ਪਾਸੇ ਸਿੱਖ ਜਰਨੈਲ ਹਰੀ ਸਿੰਘ ਨਲੂਆ ਨਾਲ ਸਬੰਧਤ ਹਨ। ਮੁੱਖੜੇ ਇਸ ਪ੍ਰਕਾਰ ਹਨ:
* ਹਰੀ ਸਿੰਘ ਸਰਦਾਰ ਫੇਰ ਗੱਜਿਆ,
ਕਹਿੰਦਾ ਮੁੜਾਂਗਾ ਮੈਂ ਰੇੜਕਾ ਮੁਕਾ ਕੇ।
ਜਾਂ ਤਾਂ ਆਪ ਵੀ ਸ਼ਹੀਦ ਅੱਜ ਹੋ ਗਿਆ,
ਨਹੀਂ ਤਾਂ ਵੈਰੀ ਤਾਈਂ ਛੱਡਾਂਗਾ ਭਜਾਕੇ।
* ਮੌਤ ਸੁਣਕੇ ਹਰੀ ਸਿੰਘ ਰਾਠ ਦੀ,
ਡਾਢ੍ਹਾ ਸੋਗ ਸਰਕਾਰ ਨੇ ਮਨਾਇਆ।
ਸਿੰਘ ਰਾਜ ਦਾ ਬੁਰਜ ਅੱਜ ਢਹਿ ਗਿਆ,
ਮੇਰਾ ਲੱਦਿਆ ਵੀਰ ਹਮਸਾਇਆ।
ਇਸ ਤਵੇ ਦਾ ਸੀਰੀਅਲ ਨੰ: ਆਰ.ਐੱਲ 3092 ਹੈ। ਫੇਰ ਲਗਾਤਾਰ ਰਿਕਾਰਡਿੰਗ ਹੋਈ। ਇਸੇ ਕੰਪਨੀ ਦੇ ਨੰ: ਆਰ.ਐੱਲ. 3101, 3105 ਅਤੇ 3107 ਵੀ ਨਿਰਵੈਰ ਸਿੰਘ ਐਂਡ ਪਾਰਟੀ ਦੇ ਨਾਂ ਹੇਠ ਹੀ ਹਨ। ਇਨ੍ਹਾਂ ਤੋਂ ਇਲਾਵਾ ਐੱਚ.ਐੱਮ.ਵੀ. ਰਿਕਾਰਡਿੰਗ ਕੰਪਨੀ ਵਿਚ ਐੱਨ ਸੀਰੀਜ਼ ਅਧੀਨ ਐੱਨ.4788 ਅਤੇ ਐੱਨ. 4808 ਤਵੇ ਨਿਰਵੈਰ ਸਿੰਘ, ਸ਼ਾਮ ਸਿੰਘ ਐਂਡ ਪਾਰਟੀ ਵੀ ਮਿਲਦੇ ਹਨ। ਹੋ ਸਕਦਾ ਹੈ ਕਿ ਕਿਸੇ ਸੰਗੀਤ ਪ੍ਰੇਮੀ ਦੇ ਸੰਗੀਤ ਭੰਡਾਰ ਵਿਚ ਹੋਰ ਤਵੇ ਵੀ ਹੋਣ।
ਨਿਰਵੈਰ ਸਿੰਘ ਦੇ ਜਥੇ ਵਿਚ ਸਮੇਂ ਸਮੇਂ ’ਤੇ ਕਈ ਸਾਥੀ ਸ਼ਾਮਲ ਹੁੰਦੇ ਤੇ ਨਿਖੜਦੇ ਰਹੇ। ਇਨ੍ਹਾਂ ਵਿਚ ਬਾਵਾ ਸਿੰਘ, ਮੱਸਾ ਸਿੰਘ, ਬੂਆ ਦਿੱਤਾ, ਗਿਆਨੀ ਸ਼ੰਕਰ ਸਿੰਘ, ਦੀਵਾਨ ਸਿੰਘ ਮਸਤਾਨਾ, ਗਿਆਨੀ ਸ਼ਾਮ ਸਿੰਘ ਮਿਰਜ਼ਾਪੁਰ ਆਦਿ ਸ਼ਾਮਲ ਸਨ। ਸ਼ਾਮ ਸਿੰਘ ਗੜ੍ਹਦੀਵਾਲਾ ਦੇ ਨੇੜਲੇ ਪਿੰਡ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ ਅਤੇ ਇਕ ਵਧੀਆ ਢਾਡੀ ਪ੍ਰਚਾਰਕ ਸੀ। ਨਿਰਵੈਰ ਸਿੰਘ ਐਂਡ ਪਾਰਟੀ ਦੇ ਨਾਂ ਹੇਠ ਰੀਗਲ ਕੰਪਨੀ ਵਿਚ ਮਿਲਦੀ ਰਿਕਾਰਡਿੰਗ ਨਿਮਨ ਲਿਖਤ ਹੈ:
* ਮੈਂ ਤੇਰੇ ਦਰਸ਼ਨ ਦੀ ਪਿਆਸੀ,
ਪਿਆਸ ਬੁਝਾ ਦੇ ਵੀਰਨਾ
ਕਿਹੜੇ ਦੇਸ ਦਾ ਟਿਕਟ ਕਟਵਾਇਆ,
ਜਾਂਦਾ ਹੋਇਆ ਦੱਸ ਨਾ ਗਿਆ।
(ਬੀਬੀ ਨਾਨਕੀ ਦੀ ਯਾਦ)
* ਅੱਜ ਚੜ੍ਹ ਕੋਠੇ ’ਤੇ ਭੈਣ ਨੇ,
ਜਦ ਕੀਤੀ ਫੇਰ ਪੁਕਾਰ।
ਉਹ ਤਾਂ ਕਹਿੰਦੇ ਮਰਦਾਨਿਆ ਉਠ ਕੇ,
ਹੋ ਜਾ ਛੇਤੀ ਪੌਣ ਅਸਵਾਰ
ਉਹ ਬਈ ਭੈਣ ਅਵਾਜ਼ਾਂ ਮਾਰਦੀ,
ਨਾਲੇ ਚੇਤੇ ਕਰਦੇ ਯਾਰ।
(ਗੁਰੂ ਨਾਨਕ ਦਾ ਦਰਸ਼ਨ ਦੇਣਾ)
* ਜੰਗ ਨਾਮਾ ਭਾਗ ਪਹਿਲਾ ਤੇ ਦੂਜਾ
* ਗੁਰੂ ਨਾਨਕ ਭਾਗ ਪਹਿਲਾ ਤੇ ਦੂਜਾ
‘ਨਿਰਵੈਰ ਸਿੰਘ, ਸ਼ਾਮ ਸਿੰਘ ਐਂਡ ਪਾਰਟੀ’ ਦੇ ਨਾਂ ਹੇਠ ਐੱਚ.ਐੱਮ.ਵੀ. ਕੰਪਨੀ ਵਿਚ ਮਿਲਦੀ ਰਿਕਾਰਡਿੰਗ:
* ਸ਼ਹੀਦੀ ਬਾਬਾ ਦੀਪ ਸਿੰਘ ਜੀ ਭਾਗ ਪਹਿਲਾ ਤੇ ਦੂਜਾ
* ਬਚਿੱਤਰ ਸਿੰਘ ਦਾ ਹਾਥੀ ਨਾਲ ਮੁਕਾਬਲਾ
* ਗੁਰਪੁਰਬ ਵਿਸਾਖੀ
ਨਿਰਵੈਰ ਸਿੰਘ ਨੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਕਾਲ ਸਮੇਂ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿਚ ਵੀ ਸੇਵਾ ਨਿਭਾਈ। ਉਸ ਦਾ ਵਿਆਹ ਸੁਰਜੀਤ ਕੌਰ ਨਾਲ ਹੋਇਆ। ਇਸ ਜੋੜੇ ਦੇ ਘਰ ਪੰਜ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। ਪੁੱਤਰਾਂ ਵਿਚੋਂ ਕੋਈ ਵੀ ਸੰਗੀਤ ਨਾਲ ਨਹੀਂ ਜੁੜਿਆ। ਅੱਠ ਅਗਸਤ 1969 ਨੂੰ ਨਿਰਵੈਰ ਸਿੰਘ ਦਾ ਐਕਸੀਡੈਂਟ ਹੋਣ ਕਾਰਨ ਸਿਰ ਵਿਚ ਸੱਟ ਲੱਗ ਗਈ। ਇਕ ਰਾਤ ਹਸਪਤਾਲ ਵਿਚ ਰਹਿਣ ਤੋਂ ਬਾਅਦ 9 ਅਗਸਤ ਨੂੰ ਉਸ ਦਾ ਦੇਹਾਂਤ ਹੋ ਗਿਆ। ਉਸ ਦਾ ਸਾਰਿਆਂ ਤੋਂ ਛੋਟਾ ਪੁੱਤਰ ਕੁਲਵੰਤ ਸਿੰਘ ਰੋਜ਼ੀ ਰੋਟੀ ਦੇ ਜੁਗਾੜ ਲਈ ਦਿੱਲੀ ਚਲਾ ਗਿਆ ਸੀ। ਉੱਥੇ ਉਹ ਪਰਿਵਾਰ ਸਮੇਤ ਲੰਮਾ ਸਮਾਂ ਰਹਿੰਦਾ ਰਿਹਾ। 1994 ਵਿਚ ਨਿਰਵੈਰ ਸਿੰਘ ਦੀ ਪਤਨੀ ਸੁਰਜੀਤ ਕੌਰ ਦਾ ਦੇਹਾਂਤ ਹੋ ਗਿਆ। ਕੁਲਵੰਤ ਸਿੰਘ ਦੇ ਬੱਚੇ ਵਿਦੇਸ਼ ਚਲੇ ਗਏ। ਕੁਲਵੰਤ ਸਿੰਘ ਦਿੱਲੀ ਤੋਂ ਜਲੰਧਰ ਆ ਗਿਆ।
ਉਸ ਦੇ ਕੁਝ ਭਤੀਜੇ ਜੱਦੀ ਪਿੰਡ ਪੰਡੋਰੀ ਨਿੱਝਰਾਂ ਰਹਿ ਰਹੇ ਹਨ। ਕੁਝ ਮਹੀਨੇ ਪਹਿਲਾਂ ਕੁਲਵੰਤ ਸਿੰਘ ਨੇ ਨਿਰਵੈਰ ਸਿੰਘ ਦੀ ਪੇਟੀ ਵਿਚ ਸਾਂਭ ਕੇ ਰੱਖੀ ਹੋਈ ਸਾਰੰਗੀ ਕੱਢੀ। ਉਸ ਨੇ ਇਸ ਦੀ ਮੁਰੰਮਤ ਕਰਵਾ ਕੇ ਨਿਸ਼ਾਨੀ ਵਜੋਂ ਸੰਭਾਲ ਲਈ ਹੈ। ਇਸ ’ਤੇ ਉਹ ਕਦੇ ਕਦਾਈਂ ਥੋੜ੍ਹਾ ਮੋਟਾ ਗਜ਼ ਵੀ ਫੇਰ ਲੈਂਦਾ ਹੈ। ਕੁਝ ਸਮਾਂ ਪਹਿਲਾਂ ਉਸ ਨੇ ਮੇਰੇ ਨਾਲ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਸੰਪਰਕ: 84271-00341