ਮੇਜਰ ਸਿੰਘ ਜਖੇਪਲ
ਜਦੋਂ ਕੋਈ ਵੀ ਸੰਗਤ ਗੁਰਦੁਆਰਾ ਮੈਹਦੇਆਣਾ ਸਾਹਿਬ (ਲੁਧਿਆਣਾ) ਦੇ ਦਰਸ਼ਨ ਕਰਦੀ ਹੈ ਤਾਂ ਉੱਥੇ ਲੱਗੇ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਊਨ੍ਹਾਂ ਨੂੰ ਆਪਣੇ ਵੱਲ ਖਿੱਚਦੇ ਹਨ। ਇੱਥੇ ਲੱਗੇ ਬੁੱਤ ਜਿੱਥੇ ਸਿੱਖਾਂ ਉੱਪਰ ਹੋਏ ਅੱਤਿਆਚਾਰਾਂ ਦੀ ਕਹਾਣੀ ਬਿਆਨ ਕਰਦੇ ਹਨ, ਉੱਥੇ ਸਿੱਖਾਂ ਦੇ ਮਾਣਮੱਤੇ ਤੇ ਕੁਰਬਾਨੀਆਂ ਭਰੇ ਇਤਿਹਾਸ ਦੀ ਵੀ ਗਵਾਹੀ ਭਰਦੇ ਹਨ। ਇਨ੍ਹਾਂ ਬੁੱਤਾਂ ਨੂੰ ਬਣਾਉਣ ਵਾਲੇ ਕਲਾਕਾਰਾਂ ਵਿਚ ਸਭ ਤੋਂ ਪਹਿਲਾਂ ਤਾਰਾ ਸਿੰਘ ਰਾਏਕੋਟੀ ਦਾ ਨਾਂ ਆਉਂਦਾ ਹੈ ਤੇ ਉਸ ਤੋਂ ਬਾਅਦ ਬੰਤ ਸਿੰਘ ਪੱਖੋਵਾਲ ਤੇ ਅਜੀਤ ਸਿੰਘ ਸਾਰੋਂ ਦਾ। ਇਨ੍ਹਾਂ ਵਿਚੋਂ ਬੁੱਤਸਾਜ਼ ਅਜੀਤ ਸਿੰਘ ਸਾਰੋਂ ਦੀ ਜ਼ਿੰਦਗੀ ਬਾਰੇ ਗੱਲ ਕਰਦੇ ਹਾਂ।
ਅਜੀਤ ਸਿੰਘ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਧੂਰੀ ਨੇੜਲੇ ਪਿੰਡ ਸਾਰੋਂ ਵਿਚ ਪਿਤਾ ਗੁਰਬਖਸ਼ ਸਿੰਘ ਰਾਮਗੜ੍ਹੀਆ ਤੇ ਮਾਤਾ ਗੁਰਦੇਵ ਕੌਰ ਦੇ ਘਰ 1940 ਵਿਚ ਹੋਇਆ। ਅਜੀਤ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਉਚੇਰੀ ਵਿੱਦਿਆ ਲਈ ਮਸਤੂਆਣਾ ਸਾਹਿਬ ਵਿਖੇ ਦਾਖਲਾ ਲਿਆ। ਘਰ ਦੀ ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਨੌਵੀਂ ਦੀ ਪੜ੍ਹਾਈ ਅੱਧ ਵਿਚਕਾਰ ਹੀ ਛੱਡਣੀ ਪਈ। ਉਸਦੇ ਪਿਤਾ ਪਿੰਡ ਵਿਚ ਕਿਰਸਾਨਾਂ ਦੀ ਸੇਪੀ ਦਾ ਕੰਮ ਕਰਦੇ ਸਨ, ਪਰ ਇਸਦੇ ਉਲਟ ਅਜੀਤ ਸਿੰਘ ਨੇ ਰਾਜਗਿਰੀ ਦੇ ਕੰਮ ਨੂੰ ਤਰਜੀਹ ਦਿੱਤੀ। ਰਾਜਗਿਰੀ ਵਿਚ ਵਧੇਰੇ ਰੁਚੀ ਹੋਣ ਕਰਕੇ ਉਸਨੂੰ ਘਰਾਂ ਵਿਚ ਵੇਲਾਂ, ਬੂਟੇ ਤੇ ਤਸਵੀਰਾਂ ਬਣਾਉਣੀਆਂ ਚੰਗੀਆਂ ਲੱਗਦੀਆਂ ਸਨ। ਦਰਵਾਜ਼ਿਆਂ, ਚੁਗਾਠਾਂ ਤੇ ਮੰਦਰਾਂ ਵਿਚ ਕਲਾਕਾਰੀ ਕਰਨ ਨਾਲ ਉਸਨੂੰ ਵੱਖਰਾ ਸਕੂਨ ਮਿਲਦਾ। ਰਾਜਗਿਰੀ ਦੇ ਕੰਮ ਤੋਂ ਪਾਸਾ ਵੱਟ, ਉਸਨੇ ਸੀਮਿੰਟ ਦੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਸਭ ਤੋਂ ਪਹਿਲਾਂ ਸੁਨਾਮ ਦੇ ਸ਼ਿਵਜੀ ਦੇ ਮੰਦਰ ਵਿਚ ਸ਼ਿਵਜੀ, ਪਾਰਵਤੀ ਤੇ ਲਕਸ਼ਮੀ ਆਦਿ ਦੀਆਂ ਮੂਰਤੀਆਂ ਬਣਾਈਆਂ। ਸੁਨਾਮ ਦੇ ਹੋਰ ਮੰਦਰਾਂ ਵਿਚ ਕਾਫ਼ੀ ਕੰਮ ਕੀਤਾ ਤੇ ਉਸਦੀ ਕਲਾ ਹੋਰ ਨਿੱਖਰ ਕੇ ਸਾਹਮਣੇ ਆਈ। ਇਨ੍ਹਾਂ ਦਿਨਾਂ ਵਿਚ ਹੀ ਅਜੀਤ ਸਿੰਘ ਪਰਿਵਾਰ ਸਮੇਤ ਸੁਨਾਮ ਸ਼ਹਿਰ ਆ ਕੇ ਰਹਿਣ ਲੱਗ ਪਿਆ।
1977-78 ਵਿਚ ਉਸਨੇ ਇਕ ਸ਼ਿਪਿੰਗ ਕੰਪਨੀ ਵਿਚ ਕੰਮ ਕੀਤਾ। ਜਿਸ ਸਦਕਾ ਉਹ ਇਟਲੀ, ਸਪੇਨ, ਲਬਿਨਾਨ, ਗਰੀਸ, ਲੀਬੀਆ ਤੇ ਮਾਲਟਾ ਆਦਿ ਦੇਸ਼ਾਂ ਵਿਚ ਘੁੰਮਿਆ। ਉਹ ਇਟਲੀ ਦੇ ਰੋਮ ਸ਼ਹਿਰ ਦੀ ਕਲਾ ਤੋਂ ਬਹੁਤ ਪ੍ਰਭਾਵਿਤ ਹੋਇਆ। ਸਾਲ-ਡੇਢ ਸਾਲ ਇੱਥੇ ਰਹਿਣ ਤੋਂ ਬਾਅਦ ਉਹ ਵਾਪਸ ਆ ਗਿਆ ਤੇ ਮੁੜ ਰਾਜਗੀਰੀ ਦਾ ਕੰਮ ਕਰਨ ਲੱਗਾ। 1980 ਵਿਚ ਮੈਹਦੇਆਣਾ ਸਾਹਿਬ ਦੇ ਬੁੱਤ ਦੀ ਚਰਚਾ ਸੁਣ ਕੇ ਅਜੀਤ ਸਿੰਘ ਉੱਥੇ ਗਿਆ। ਸਿੱਖ ਇਤਿਹਾਸ ਨਾਲ ਸਬੰਧਿਤ ਜੁਝਾਰੂ ਤੇ ਜੰਗਜੂ ਯੋਧਿਆਂ ਦੇ ਬੁੱਤਾਂ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਇਆ। ਉਸਨੇ ਇਨ੍ਹਾਂ ਬੁੱਤਾਂ ਦੇ ਬੁੱਤਸਾਜ਼ ਤਾਰਾ ਸਿੰਘ ਰਾਏਕੋਟੀ ਨੂੰ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਅਜੀਤ ਸਿੰਘ ਨੂੰ ਆਪਣੇ ਸਹਾਇਕ ਵਜੋਂ ਕੰਮ ’ਤੇ ਲਾ ਲਿਆ। ਇੱਥੇ ਕੰਮ ਕਰਦਿਆਂ ਉਸਨੂੰ ਪੰਜਾਬ ਦੇ ਇਕ ਹੋਰ ਪ੍ਰਸਿੱਧ ਬੁੱਤਸਾਜ਼ ਬੰਤ ਸਿੰਘ ਪੱਖੋਵਾਲ ਨਾਲ ਕੰਮ ਕਰਨ ਦਾ ਮੌਕਾ ਵੀ ਮਿਲਿਆ। ਲੁਧਿਆਣਾ ਦੇ ਕਈ ਮੰਦਿਰਾਂ ਵਿਚ ਬੰਤ ਸਿੰਘ ਦੇ ਬਣਾਏ ਹੋਏ ਬੁੱਤ ਲੱਗੇ ਹੋਏ ਹਨ। ਗੁਰਦੁਆਰਾ ਸਾਹਿਬ ਮੈਹਦੇਆਣਾ ਸਾਹਿਬ ਵਿਚ ਵੀ ਉਨ੍ਹਾਂ ਦੇ ਬਣਾਏ ਹੋਏ ਕਈ ਬੁੱਤ ਸੁਸ਼ੋਭਿਤ ਹਨ।
ਇੱਥੇ ਦੋ ਪ੍ਰਸਿੱਧ ਬੁੱਤਸਾਜ਼ਾਂ ਦੀ ਸੰਗਤ ਵਿਚ ਰਹਿ ਕੇ ਜਿੱਥੇ ਅਜੀਤ ਸਿੰਘ ਨੇ ਸਰੀਏ ਦੇ ਮਜ਼ਬੂਤ ਢਾਂਚਿਆਂ ਵਿਚ ਬਜਰੀ, ਮਸਾਲਾਂ ਭਰਨ ਦਾ ਠੋਸ ਕੰਮ ਤੋਂ ਲੈ ਕੇ ਬੁਰਸ਼ ਦੀਆਂ ਬਾਰੀਕ ਤੇ ਮੁਲਾਇਮ ਛੋਹਾਂ ਤਕ ਦਾ ਸਫ਼ਰ ਕੀਤਾ, ਉੱਥੇ ਬੁੱਤਸਾਜ਼ੀ ਦੀਆਂ ਬਾਰੀਕੀਆਂ ਨੂੰ ਵੀ ਜਾਣਿਆ। 2001 ਵਿਚ ਅਜੀਤ ਸਿੰਘ ਨੇ ਪੱਗੜੀ ਦੀ ਰਸਮ ਨਾਲ ਤਾਰਾ ਸਿੰਘ ਰਾਏਕੋਟੀ ਨੂੰ ਉਸਤਾਦ ਧਾਰ ਲਿਆ। ਮੈਹਦੇਆਣਾ ਸਾਹਿਬ ਵਿਚ ਉਸਨੇ ਸੱਤ-ਅੱਠ ਸਾਲ ਕੰਮ ਕੀਤਾ। ਭਾਈ ਮਤੀਦਾਸ ਦਾ ਬੁੱਤ, ਉਸਨੇ ਬੰਤ ਸਿੰਘ ਨਾਲ ਪੂਰਾ ਕਰਵਾਇਆ ਸੀ। ਮੁਕਤਸਰ ਦੀ ਜੰਗ, ਜਿਸਨੂੰ ਬੰਤਾ ਸਿੰਘ ਹਾਦਸੇ ਵਿਚ ਅਕਾਲ ਚਲਾਣੇ ਕਾਰਨ ਅਧੂਰਾ ਛੱਡ ਗਏ ਸਨ, ਨੂੰ ਵੀ ਅਜੀਤ ਸਿੰਘ ਨੇ ਪੂਰਾ ਕੀਤਾ ਹੈ।
ਸਾਂਈ ਮੀਆਂ ਮੀਰ ਦਾ ਬੁੱਤ ਉਨ੍ਹਾਂ ਆਪ ਬਣਾਇਆ। ਉਹ ਬੁੱਤ ਨੂੰ 20-22 ਦਿਨਾਂ ਵਿਚ ਤਿਆਰ ਕਰ ਦਿੰਦਾ ਹੈ। ਮੈਹਦੇਆਣਾ ਸਾਹਿਬ ਵਿਖੇ ਪ੍ਰਧਾਨ ਜੋਗ ਸਿੰਘ ਦੀ ਦੇਖ-ਰੇਖ ਵਿਚ ਉਸਨੇ ਕਾਫ਼ੀ ਕੰਮ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਬੁੱਤਸਾਜ਼ੀ ਦਾ ਕੰਮ ਇਕ ਤਪੱਸਿਆ ਹੈ ਜਿਸ ਨੂੰ ਪੂਰਾ ਕਰਨ ਲਈ ਮਨ ਮਾਰ ਕੇ ਬੈਠਣਾ ਪੈਂਦਾ ਹੈ। ਅਜੀਤ ਸਿੰਘ ਨੱਕਾਸੀ ਦਾ ਕੰਮ ਵੀ ਕਰਦਾ ਹੈ। ਉਹ ਗੁਰੂ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਵਾਲੀਆਂ ਪਾਲਕੀਆਂ ਬਣਾਉਣ ਦਾ ਮਾਹਿਰ ਹੈ। ਪਾਲਕੀਆਂ ਉੱਪਰ ਨੱਕਾਸੀ ਤੇ ਮੀਨਾਕਾਰੀ ਇਸ ਦੀ ਖ਼ੂਬਸੂਰਤੀ ਨੂੰ ਚਾਰ ਗੁਣਾ ਵਧਾ ਦਿੰਦੀ ਹੈ। ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਲਗਭਗ ਸੌ ਥਾਵਾਂ ਉੱਪਰ ਕੰਮ ਕਰ ਚੁੱਕਾ ਹੈ। ਉਸਨੇ ਆਪਣੇ ਜੀਵਨ ਦੇ 82 ਸਾਲਾਂ ਵਿਚੋਂ 50 ਸਾਲ ਇਸ ਕੰਮ ਦੇ ਲੇਖੇ ਲਾਏ ਹਨ।
ਅਜੀਤ ਸਿੰਘ ਸਾਰੋਂ ਫਾਈਬਰ ਦੇ ਕੰਮ ਵਿਚ ਵੀ ਚੰਗੀ ਮੁਹਾਰਤ ਰੱਖਦਾ ਹੈ। ਇਹ ਕੰਮ ਉਹ ਘਰ ਵਿਚ ਵੀ ਕਰਦਾ ਹੈ। ਫਾਈਬਰ ਦੇ ਸਟੈਚੂ ਤੇ ਡੈਕੋਰੇਸ਼ਨ ਪੀਸ ਖ਼ਾਸ ਮੰਗ ’ਤੇ ਤਿਆਰ ਕੀਤੇ ਜਾਂਦੇ ਹਨ। ਉਸਨੇ ਕਿਹਾ ਕਿ ਸਿੱਖ ਧਰਮ ਵਿਚ ਬੁੱਤ ਬਣਾਉਣ ਦੀ ਮਨਾਹੀ ਕਾਰਨ ਉਹ ਗੁਰੂਆਂ ਦੇ ਬੁੱਤ ਨਹੀਂ ਬਣਾਉਂਦੇ। ਸਿੱਖ ਇਤਿਹਾਸ ਦੇ ਪ੍ਰਚਾਰ ਹਿੱਤ ਸਿੱਖ ਯੋਧਿਆਂ ਤੇ ਸੂਰਬੀਰਾਂ ਦੇ ਬੁੱਤ ਹੀ ਬਣਾਉਦੇਂ ਹਨ ਤਾਂ ਕਿ ਅਜੋਕੀਆਂ ਨਸਲਾਂ ਸਿੱਖ ਇਤਿਹਾਸ ਬਾਰੇ ਜਾਣੂੰ ਹੋ ਸਕਣ। ਇਹ ਬੁੱਤ ਪੂਜਾ ਲਈ ਨਹੀਂ ਸਗੋਂ ਵੇਖਣ ਲਈ ਬਣਾਏ ਜਾਂਦੇ ਹਨ। ਉਸਦੇ ਸ਼ਾਗਿਰਦ ਹਰਜਿੰਦਰ ਸਿੰਘ ਕਾਸਮਪੁਰ ਤੇ ਜਗਤਾਰ ਸਿੰਘ ਮਾਣੂੰਕੇ ਇੰਗਲੈਂਡ ਵਿਚ ਇਸ ਵਿਰਾਸਤ ਨੂੰ ਅੱਗੇ ਤੌਰ ਰਹੇ ਹਨ। ਅੱਜਕੱਲ੍ਹ ਅਜੀਤ ਸਿੰਘ ਸਾਰੋਂ ਪਰਿਵਾਰ ਸਮੇਤ ਸੁਨਾਮ ਸ਼ਹਿਰ ਵਿਚ ਰਹਿ ਰਿਹਾ ਹੈ।
ਸੰਪਰਕ: 94631-28483