ਗੁਰਦੀਪ ਢੁੱਡੀ
ਇਸ ਧਰਤੀ ਦੇ ਸਾਰੇ ਜੀਵ-ਜੰਤੂਆਂ ਦਾ ਜੀਵਨ ਜਿਉਣ ਦਾ ਢੰਗ ਵਿਲੱਖਣ ਹੋਣ ਕਰਕੇ ਹੀ ਇਹ ਦੁਨੀਆ ਬਹੁਤ ਸੋਹਣੀ ਅਤੇ ਰੁਮਾਂਚਕ ਹੈ। ਧਰਤੀ ਦੇ ਜੀਵਾਂ ਵਿੱਚੋਂ ਮਨੁੱਖ ਜਾਤੀ ਨੂੰ ਜੇਕਰ ਪਾਸੇ ਕਰ ਦੇਈਏ ਤਾਂ ਬਾਕੀ ਸਾਰੇ ਜੀਵ-ਜੰਤੂਆਂ ਵਿੱਚੋਂ ਹਰੇਕ ਪ੍ਰਜਾਤੀ ਦੀ ਆਪਣੀ ਇੱਕ ਜਾਤੀ ਹੁੰਦੀ ਹੈ ਅਤੇ ਸਾਰੇ ਜੀਵਾਂ ਦਾ ਜਿਉਣ ਢੰਗ ਇੱਕੋ ਜਿਹਾ ਹੁੰਦਾ ਹੈ। ਇਹ ਗੱਲ ਕੋਈ ਅਰਥ ਨਹੀਂ ਰੱਖਦੀ ਕਿ ਕਿਹੜਾ ਜੀਵ ਕਿਸ ਖਿੱਤੇ ਵਿੱਚ ਪਾਇਆ ਜਾਂਦਾ ਹੈ।
ਜਦੋਂ ਕਿ ਧਰਤੀ ਦੇ ਸਾਰੇ ਮਨੁੱਖਾਂ ਦੇ ਜੀਵਨ ਜਿਉਣ ਦੇ ਢੰਗ ਤਰੀਕਿਆਂ ਦਾ ਜੇਕਰ ਅਧਿਐਨ ਕੀਤਾ ਜਾਵੇ ਤਾਂ ਇੱਕ ਹੀ ਖਿੱਤੇ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਜਿਉਣ ਢੰਗ ਵਿੱਚ ਅੰਤਰ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਮਨੁੱਖਾਂ ਅਤੇ ਹੋਰਨਾਂ ਜੀਵਾਂ ਦੇ ਜਿਉਣ ਢੰਗ ਦੇ ਇਸ ਵੱਡੇ ਫ਼ਰਕ ਦੇ ਕਾਰਨਾਂ ਵੱਲ ਸਰਸਰੀ ਝਾਤ ਮਾਰੀਏ ਤਾਂ ਅਸੀਂ ਵੇਖਾਂਗੇ ਕਿ ਮਨੁੱਖ ਤੋਂ ਬਿਨਾਂ ਬਾਕੀ ਜੀਵਾਂ ਦੇ ਸਿੱਖਣ ਦੀ ਪ੍ਰਕਿਰਿਆ ਬਹੁਤ ਥੋੜ੍ਹੀ ਹੁੰਦੀ ਹੈ ਅਤੇ ਜੋ ਕੁੱਝ ਉਹ ਇੱਕ ਵਾਰੀ ਸਿੱਖ ਜਾਂਦੇ ਹਨ। ਉਸ ਵਿੱਚ ਕੋਈ ਉਲੇਖਯੋਗ ਤਬਦੀਲੀ ਬਾਅਦ ਵਿੱਚ ਨਹੀਂ ਪਾਈ ਜਾ ਸਕਦੀ। ਇਸ ਦੀ ਨਿਸਬਤ ਸਧਾਰਨ ਮਨੁੱਖ ਮਾਂ ਦੇ ਗਰਭ ਵਿੱਚੋਂ ਸਿੱਖਣਾ ਸ਼ੁਰੂ ਕਰਦਾ ਹੈ ਅਤੇ ਆਪਣੇ ਆਖਰੀ ਸਾਹਾਂ ਤੱਕ ਸਿੱਖਦਾ ਰਹਿੰਦਾ ਹੈ। ਇਸ ਵਿੱਚ ਜੀਵਨਸ਼ੈਲੀ ਪੂਰੀ ਤਰ੍ਹਾਂ ਪ੍ਰਭਾਵੀ ਹੁੰਦੀ ਹੈ।
ਮਨੁੱਖਾਂ ਵੱਲ ਝਾਤੀ ਮਾਰੀਏ ਤਾਂ ਇਨ੍ਹਾਂ ਦੀ ਸਿੱਖਣ ਸ਼ਕਤੀ ਤਾਂ ਇੱਕੋ ਜਿਹੀ ਹੋ ਸਕਦੀ ਹੈ, ਪ੍ਰੰਤੂ ਸਾਰੇ ਇੱਕੋ ਜਿਹਾ ਸਿੱਖਦੇ ਨਹੀਂ ਹਨ। ਬਹੁਤ ਸਾਰਿਆਂ ਨੇ ਆਪਣੇ ਆਪ ਨੂੰ ਇੱਕ ਸੀਮਾ ਵਿੱਚ ਬੰਨ੍ਹ ਲਿਆ ਹੁੰਦਾ ਹੈ ਅਤੇ ਆਪਣੀਆਂ ਸੀਮਾਵਾਂ ਦੀਆਂ ਲਕੀਰਾਂ ਨੂੰ ਪਾਰ ਕਰਨ ਵਿੱਚ ਉਹ ਆਪਣੀ ਹੇਠੀ ਸਮਝਦੇ ਹਨ। ‘ਕਿਛੁ ਸੁਣੀਐ ਕਿਛੁ ਕਹੀਏ’ ਵਾਲੇ ਲੋਕ ਕੁੱਝ ਸੁਣਨ ਅਤੇ ਕਹਿਣ ਨੂੰ ਪੱਲੇ ਬੰਨ੍ਹਣ ਸਦਕਾ ਮੁਸੀਬਤਾਂ ਵਿੱਚ ਵੀ ਆ ਸਕਦੇ ਹਨ, ਪ੍ਰੰਤੂ ਉਹ ਦਰਿਆਵਾਂ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ ਹੋਣ ਕਰਕੇ ਮੁਸੀਬਤਾਂ ’ਤੇ ਜਿੱਤ ਵੀ ਹਾਸਲ ਕਰ ਲੈਂਦੇ ਹਨ। ‘ਜੀਵਨ ਨੂੰ ਜੀਅ ਭਰ ਕੇ ਜਿਉਣਾ’ ਇਨ੍ਹਾਂ ਦਾ ਜੀਵਨ ਫ਼ਲਸਫ਼ਾ ਹੁੰਦਾ ਹੈ। ਜੀਵਨ ਵਿੱਚ ਨਿਰਾਸ਼ਤਾ ਇਨ੍ਹਾਂ ਨੂੰ ਵੀ ਮਿਲਦੀ ਹੈ, ਪ੍ਰੰਤੂ ਉਹ ਇਸ ਨਿਰਾਸ਼ਤਾ ਵਿੱਚੋਂ ਵੀ ਆਪਣੀ ਸਿੱਖਣ-ਸਿਖਾਉਣ ਦੀ ਜਾਚ ਸਦਕਾ ਅਸਾਨੀ ਨਾਲ ਹੀ ਬਾਹਰ ਨਿਕਲ ਆਉਂਦੇ ਹਨ।
ਸਾਡੀਆਂ ਗਿਆਨ ਇੰਦਰੀਆਂ ਦਾ ਖ਼ਜ਼ਾਨਾ ਸਾਨੂੰ ਕੁਦਰਤ ਨੇ ਬਖ਼ਸ਼ਿਆ ਹੋਇਆ ਹੈ। ਜਿਹੜੇ ਲੋਕ ਇਨ੍ਹਾਂ ਗਿਆਨ ਇੰਦਰੀਆਂ ਦੀ ਠੀਕ ਵਰਤੋਂ ਸਫਲਤਾ ਸਹਿਤ ਕਰਦੇ ਹਨ ਉਨ੍ਹਾਂ ਦਾ ਜਿਉਣ ਦਾ ਢੰਗ ਨਿਵੇਕਲਾ ਹੁੰਦਾ ਹੈ। ਅੱਖਾਂ ਵੇਖਦੀਆਂ ਹੋਈਆਂ ਸਾਨੂੰ ਕੇਵਲ ਆਕਾਰ ਹੀ ਨਹੀਂ ਦੱਸਦੀਆਂ ਸਗੋਂ ਇਹ ਸਾਨੂੰ ਸੁਚੇਤ ਵੀ ਕਰਦੀਆਂ ਹਨ। ਬਿਖੜੇ ਪੈਂਡਿਆਂ ’ਤੇ ਜਾਂਦਿਆਂ ਹੋਇਆਂ ਸਾਡੇ ਅੱਗੇ ਟੋਆ, ਰੋੜਾ ਜਾਂ ਫਿਰ ਕੋਈ ਅਟਕਾਉਣ ਵਾਲੀ ਚੀਜ਼ ਆ ਜਾਂਦੀ ਹੈ। ਅੱਖਾਂ ਸਾਨੂੰ ਇਸ ਬਾਰੇ ਦੱਸ ਦਿੰਦੀਆਂ ਹਨ। ਜਿਹੜੇ ਲੋਕ ਇਸ ਟੋਏ, ਰੋੜੇ ਆਦਿ ਕਾਰਨ ਸਾਡੀ ਤੋਰ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਸਮਝ ਜਾਂਦੇ ਹਨ ਅਤੇ ਇਸ ਸਮਝ ਦੇ ਆਧਾਰ ’ਤੇ ਇਨ੍ਹਾਂ ਤੋਂ ਅੱਗੇ ਜਾਣ ਦੇ ਰਾਹ ਤਲਾਸ਼ ਲੈਂਦੇ ਹਨ ਉਨ੍ਹਾਂ ਵਾਸਤੇ ਇਨ੍ਹਾਂ ਰੋਕਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ ਜਦੋਂ ਕਿ ਅੱਖਾਂ ਦੁਆਰਾ ਦੱਸਣ ਦੇ ਬਾਵਜੂਦ ਜਿਹੜੇ ਲੋਕ ਸੁਚੇਤ ਨਹੀਂ ਹੁੰਦੇ ਹਨ ਉਨ੍ਹਾਂ ਦੇ ਪੈਰ ਜ਼ਖ਼ਮੀ ਹੋ ਜਾਂਦੇ ਹਨ ਅਤੇ ਉਹ ਤੁਰਨੋਂ ਆਰੀ ਹੋ ਜਾਂਦੇ ਹਨ। ਉਨ੍ਹਾਂ ਦੇ ਪੱਲੇ ਭਟਕਣ ਪੈਂਦੀ ਹੈ। ਇਸੇ ਤਰ੍ਹਾਂ ਸਾਡੇ ਕੰਨ ਸੁਣ ਕੇ ਸਾਨੂੰ ਸੁਚੇਤ ਕਰਦੇ ਹਨ, ਜੀਭ ਕੌੜੇ ਮਿੱਠੇ ਦਾ ਫ਼ਰਕ ਦੱਸਦਾ ਹੈ, ਨੱਕ ਸੁਗੰਧ ਦੁਰਗੰਧ ਦਾ ਅਹਿਸਾਸ ਕਰਵਾਉਂਦਾ ਹੈ। ਸਾਡੀ ਚਮੜੀ ਛੋਹ ਨਾਲ ਸਾਨੂੰ ਦੱਸਦੀ ਹੈ। ਜਿਹੜੇ ਲੋਕ ਇਨ੍ਹਾਂ ਗਿਆਨ ਇੰਦਰੀਆਂ ਦੁਆਰਾ ਦੱਸੇ ਜਾਣ ’ਤੇ ਸਮਝ ਜਾਂਦੇ ਹਨ ਉਹ ਜ਼ਿੰਦਗੀ ਵਿੱਚ ਢਹਿੰਦੇ ਨਹੀਂ ਹਨ ਅਤੇ ਜੇਕਰ ਢਹਿ ਵੀ ਜਾਣ ਤਾਂ ਫਿਰ ਸੰਭਲਣ ਦੇ ਯੋਗ ਹੁੰਦੇ ਹਨ। ਜਦੋਂ ਕਿ ਬਾਕੀ ਵਿਅਕਤੀਆਂ ਦੀ ਜ਼ਿੰਦਗੀ ਠੇਡਿਆਂ ਨਾਲ ਭਰੀ ਹੁੰਦੀ ਹੈ। ਉਹ ਮੰਜ਼ਿਲ ਵਿਹੂਣੇ ਹੀ ਰਹਿੰਦੇ ਹਨ।
ਸੰਪਰਕ: 95010-20731