ਡਾ. ਸਾਹਿਬ ਸਿੰਘ
ਡਾ. ਆਤਮਜੀਤ ਸੰਤਾਲੀ ਦੇ ਦੁਖਾਂਤ ਬਾਰੇ ਕਿਤਾਬੀ ਸੰਗ੍ਰਹਿ ਤਿਆਰ ਕਰਨ ਤੋਂ ਪਹਿਲਾਂ ਹੁਣ ਤਕ ਲਿਖੇ ਸਾਰੇ ਨਾਟਕਾਂ ਨੂੰ ਫਰੋਲਣ, ਪੜ੍ਹਨ, ਖੰਘਾਲਣ ਦੇ ਰਾਹ ਪੈਂਦਾ ਹੈ। ਉਸ ਦੇ ਹੱਥ ਲੱਗਦੇ ਹਨ 58 ਮੌਲਿਕ ਪੰਜਾਬੀ ਨਾਟਕ, ਜੋ ਵੰਡ ਬਾਰੇ ਲਿਖੇ ਗਏ ਹਨ। 54 ਨਾਟਕ ਅਜਿਹੇ ਲੱਭ ਲੈਂਦਾ ਹੈ ਜੋ ਕਹਾਣੀਆਂ, ਕਵਿਤਾਵਾਂ, ਨਾਵਲਾਂ ਤੋਂ ਰੂਪਾਂਤ੍ਰਿਤ ਕਰਕੇ ਲਿਖੇ ਗਏ ਹਨ। ਲੇਖਕ ਹਿੰਦੋਸਤਾਨ, ਪਾਕਿਸਤਾਨ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਅਮਰੀਕਾ ’ਚ ਬੈਠੇ ਹਨ। ਕੁਝ ਮੁੱਕ ਗਏ ਹਨ ਤੇ ਕੁਝ ਜ਼ਿੰਦਾ ਹਨ, ਪਰ ਉਹ ਸਭ ਨੂੰ ਜ਼ਿੰਦਾ ਕਰ ਦਿੰਦਾ ਹੈ। ਉਹ ਇਨ੍ਹਾਂ 112 ਨਾਟਕਾਂ ’ਚੋਂ 16 ਨਾਟਕ ਚੁਣਦਾ ਹੈ:
ਦੁੱਖ ਦਰਿਆ (ਸ਼ਾਹਿਦ ਨਦੀਮ), ਰਿਸ਼ਤਿਆਂ ਦਾ ਕੀ ਰੱਖੀਏ ਨਾਂ (ਆਤਮਜੀਤ), ਪੁਲ ਸਿਰਾਤ (ਸਵਰਾਜਬੀਰ), ਪਰਮੇਸ਼ਰ ਸਿੰਘ (ਆਮਿਰ ਨਵਾਜ਼), ਮੁਨਸ਼ੀ ਖਾਨ (ਗੁਰਸ਼ਰਨ ਸਿੰਘ), ਅੰਨ੍ਹੇ ਨਿਸ਼ਾਨਚੀ (ਅਜਮੇਰ ਔਲਖ), ਇਸ ਜਗ੍ਹਾ ਇਕ ਪਿੰਡ ਸੀ (ਜਗਦੀਸ਼ ਸਚਦੇਵਾ), ਜਦੋਂ ਮੈਂ ਸਿਰਫ਼ ਇਕ ਔਰਤ ਹੁੰਦੀ ਹਾਂ (ਪਾਲੀ ਭੁਪਿੰਦਰ), ਬੇਘਰੇ (ਗੁਰਦਿਆਲ ਸਿੰਘ ਖੋਸਲਾ), ਇਕ ਉਧਾਲੀ ਹੋਈ ਕੁੜੀ (ਕਪੂਰ ਸਿੰਘ ਘੁੰਮਣ), ਇਕ ਵਿਚਾਰੀ ਮਾਂ (ਹਰਸਰਨ ਸਿੰਘ), ਮਸੀਹਾ (ਸਾਗਰ ਸਰਹੱਦੀ), ਕਾਲਾ ਲਹੂ (ਦਵਿੰਦਰ ਦਮਨ), ਯਾਤਰਾ 1947 (ਕੇਵਲ ਧਾਲੀਵਾਲ), ਅਮਰ ਕਥਾ (ਸਾਹਿਬ ਸਿੰਘ), ਧਾਰਾਬੀ 1947 (ਗੁਰਪ੍ਰੀਤ ਸਿੰਘ ਰਟੌਲ)।
ਅਮੀਨ ਜ਼ੈੱਡ ਚੀਮਾ, ਰਾਣਾ ਨਈਅਰ, ਸਵਰਾਜ ਰਾਜ, ਵਿਵੇਕ ਸਚਦੇਵਾ ਨੂੰ ਇਨ੍ਹਾਂ ਨਾਟਕਾਂ ਦੇ ਅੰਗਰੇਜ਼ੀ ਤਰਜਮੇ ਲਈ ਪ੍ਰੇਰਿਤ ਕਰਦਾ ਹੈ ਤੇ ਤਿੰਨ ਸੌ ਸੱਠ ਸਫਿਆਂ ਦੀ ਕਿਤਾਬ ‘The Plays from the Fractured Land-ਦਿ ਪਲੇਅ ਫਰਾਮ ਦਿ ਫਰੈਕਚਰਡ ਲੈਂਡ’ ਅੰਗਰੇਜ਼ੀ ’ਚ ਛਪ ਕੇ ਸਾਹਮਣੇ ਆਉਂਦੀ ਹੈ, ਜਿਸ ਨੂੰ ਸਾਹਿਤ ਅਕਾਦਮੀ ਨੇ ਛਾਪਿਆ ਹੈ। ਉਹ ਇਨ੍ਹਾਂ ਨਾਟਕਾਂ (112) ਨੂੰ ਅੱਗੇ ਚਾਰ ਰੰਗਾਂ ’ਚ ਵੰਡ ਲੈਂਦਾ ਹੈ-ਸੰਘਰਸ਼ ਅਤੇ ਉਮੀਦ ਦੇ ਨਾਟਕ, ਮਾਨਸਿਕ ਪੀੜਾ ਦੇ ਨਾਟਕ, ਬਹਾਦਰੀ ਦੇ ਨਾਟਕ, ਨਿਰਾਸ਼ਾ ਦੇ ਨਾਟਕ।
ਵੰਡ ਕਿਉਂ ਹੋਈ? ਇਸ ਨੇ ਸਾਥੋਂ ਕੀ ਖੋਹਿਆ? ਵੱਢੀ ਟੁੱਕੀ ਧਰਤ ਨੂੰ ਇਹ ਸਰਾਪ ਕਿਉਂ ਭੋਗਣਾ ਪਿਆ? ਇਨ੍ਹਾਂ ਸਵਾਲਾਂ ਦਾ ਜਵਾਬ ਪੰਜਾਬੀ ਜਾਂ ਬੰਗਾਲੀ ਬਿਹਤਰ ਦੇ ਸਕਦੇ ਹਨ ਜਿਨ੍ਹਾਂ ਦੇ ਦਿਲਾਂ ’ਤੇ ਲੀਕ ਵਾਹੀ ਗਈ। ਆਤਮਜੀਤ ਜਦੋਂ ਇਹ ਨਾਟਕ ਇਕੱਠੇ ਕਰਦਾ ਹੈ ਤਾਂ ਨਾਟਕ ਪੇਸ਼ ਕਰਨ ਤੋਂ ਪਹਿਲਾਂ ਚੌਂਤੀ ਸਫ਼ਿਆਂ ਦੀ ਇਕ ਭੂਮਿਕਾ ਲਿਖਦਾ ਹੈ। ਆਤਮਜੀਤ ਇਲਜ਼ਾਮ ਦੀ ਉਂਗਲ ਧਰਨ ਤੋਂ ਨਹੀਂ ਡਰਦਾ, ਪਰ ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਇਲਜ਼ਾਮ ਸਹਿਣ ਜੋਗੇ ਵੀ ਹੋਈਏ। ਇਹ ਸਪੱਸ਼ਟ ਹੈ ਕਿ ਸੌੜੀ ਰਾਜਨੀਤੀ ਕਰਨ ਵਾਲੇ ਲੀਡਰਾਂ ਤੇ ਧਾਰਮਿਕ ਕੱਟੜਤਾ ਨੂੰ ਪ੍ਰਣਾਏ ਆਗੂਆਂ ਦੇ ਅਡੰਬਰੀ ਫ਼ਿਰਕੂ ਭਾਸ਼ਣਾਂ ਤੇ ਅੱਗ ਲਾਉਣ ਵਾਲੀਆਂ ਭਾਵਨਾਵਾਂ ਨੇ ਸਾਨੂੰ ਉਕਸਾਇਆ ਤੇ ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ, ਪਰ ਆਤਮਜੀਤ ਸਵਾਲ ਕਰ ਰਿਹਾ ਹੈ ਕਿ ਸਾਡੀ ਸਰਹੱਦ ਦੇ ਦੋਵੇਂ ਪਾਸੇ ਰਹਿੰਦੇ ਨਾਨਕ ਲੇਵਾ ਲੋਕ ਟਕੂਏ ਕਿਰਪਾਨਾਂ ਚੁੱਕ ਆਪਣੇ ਹਮਸਾਇਆਂ ਦੇ ਗਲੇ ਕਿਵੇਂ ਵੱਢਣ ਲੱਗ ਪਏ?
ਜੇ ਫੁੱਟ ਦਾ ਬੀਜ ਬਸਤੀਵਾਦੀ ਹਾਕਮਾਂ ਨੇ ਹੀ ਬੀਜਿਆ ਸੀ ਤਾਂ ਸਦੀਆਂ ਤੋਂ ਚੱਲੀ ਆ ਰਹੀ ਭਾਈਚਾਰਕ ਸਾਂਝ ਦੀ ਤਾਕਤ ਇੰਨੀ ਕਮਜ਼ੋਰ ਕਿਉਂ ਤੇ ਕਿਵੇਂ ਪੈ ਗਈ ਕਿ ਅਸੀਂ ਆਪਣਿਆਂ ਦੇ ਹੀ ਖ਼ੂਨ ਦੇ ਪਿਆਸੇ ਹੋ ਗਏ। ਇਹ ਸਵਾਲ ਉਠਾਉਂਦਿਆਂ ਆਤਮਜੀਤ ਇਸ ਗੱਲ ਦੀ ਤਸੱਲੀ ਪ੍ਰਗਟ ਕਰਦਾ ਹੈ ਕਿ ਜਿਵੇਂ ਜਿਵੇਂ ਪੰਜਾਬੀ ਨਾਟਕ ਸੰਤਾਲੀ ਤੋਂ ਅੱਜ ਵੱਲ ਵਧਿਆ ਹੈ, ਨਾਟਕਕਾਰਾਂ ਨੇ ਇਨ੍ਹਾਂ ਸਵਾਲਾਂ ਨਾਲ ਸਿੱਝਣਾ ਆਰੰਭ ਕੀਤਾ ਹੈ ਤੇ ਸਵੈ ਪੜਚੋਲ ਸ਼ੁਰੂ ਹੋਈ ਹੈ। ਆਤਮਜੀਤ ਚਾਹੁੰਦਾ ਹੈ ਕਿ ਜਿੱਥੇ ਅਸੀਂ ਆਪਣੀ ਵਾਜਬ ਬਹਾਦਰੀ ਦੇ ਕਿੱਸੇ ਗਾਈਏ, ਉੱਥੇ ਆਪਣੀਆਂ ਸਤਹੀ ਭਾਵਨਾਵਾਂ ਤੇ ਬੇਮੁਹਾਰੇ ਉਬਾਲ ਦਾ ਵਿਸ਼ਲੇਸ਼ਣ ਵੀ ਕਰੀਏ।
ਉਹ ਇਸ ਕਿਤਾਬ ਰਾਹੀਂ ਇਤਿਹਾਸ ਸਾਂਭ ਰਿਹਾ ਹੈ। ਪੰਜਾਬੀ ਸਾਹਿਤ ਨੂੰ ਹੱਦਾਂ ਸਰਹੱਦਾਂ ਤੋਂ ਪਾਰ ਲੈ ਕੇ ਜਾ ਰਿਹਾ ਹੈ। ਜੋ ਕਿੱਸੇ ਕਹਾਣੀਆਂ ਅਸੀਂ ਚੁਹੱਤਰ ਸਾਲਾਂ ਤੋਂ ਆਪਸ ਵਿਚ ਕਹਿ ਸੁਣ ਰਹੇ ਹਾਂ, ਉਨ੍ਹਾਂ ਦੀ ਪਹੁੰਚ ਗ਼ੈਰ ਪੰਜਾਬੀ ਬੰਦੇ ਤਕ ਲੈ ਕੇ ਜਾ ਰਿਹਾ ਹੈ ਤਾਂ ਕਿ ਉਹ ਸਾਡੇ ਬਾਰੇ ਆਪਣੀ ਰਾਇ ਬਣਾ ਸਕਣ। ਪੰਜਾਬੀ ਨਾਟਕ ਦੀ ਨਿੱਗਰ ਦੇਣ ਦਾ ਜਾਇਜ਼ਾ ਲੈ ਸਕਣ ਤੇ ਸਮਝ ਸਕਣ ਕਿ ਵੰਡ ਦਾ ਦਰਦ ਕਿਸ ਕਦਰ ਸਾਡੀਆਂ ਹਿੱਕਾਂ ’ਚ ਗੱਡਿਆ ਹੋਇਆ ਹੈ ਕਿ ਇੰਨੇ ਸਾਲ ਬੀਤਣ ਤੋਂ ਬਾਅਦ ਵੀ ਅਸੀਂ ਆਪਣੇ ਨਾਟਕਾਂ ’ਚ ਉਹ ਗਾਥਾ ਛੇੜ ਰਹੇ ਹਾਂ। ਸੌ ਦੇ ਕਰੀਬ ਸਾਹਿਤਕਾਰ ਉਸ ਘੱਲੂਘਾਰੇ ਦੀਆਂ ਬਾਰੀਕੀਆਂ ਤੇ ਵਿਸਤਾਰ ਆਪਣੇ ਨਾਟਕਾਂ ’ਚ ਫੜਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹਨ। ਜਦੋਂ ਦਿੱਲੀ ਵਿਚ ਚੁਰਾਸੀ ਦਾ ਘੱਲੂਘਾਰਾ ਵਾਪਰਦਾ ਹੈ ਤਾਂ ਸਾਨੂੰ ਪੰਜਾਬੀਆਂ ਨੂੰ ਤੇ ਖ਼ਾਸਕਰ ਨਾਟਕਕਾਰਾਂ ਨੂੰ ਸੰਤਾਲੀ ਕਿਉਂ ਯਾਦ ਆਉਂਦਾ ਹੈ?
ਪਰ ਇਤਿਹਾਸ ਸਾਂਭਦਿਆਂ ਵੀ ਆਤਮਜੀਤ ਅੰਦਰਲਾ ਚੇਤੰਨ ਸਾਹਿਤਕਾਰ ਮਹੱਤਵਪੂਰਨ ਨੁਕਤੇ ਉਭਾਰਨੋਂ ਉੱਕਦਾ ਨਹੀਂ। ਉਹ ਇਸ ਇਤਿਹਾਸ ਨੂੰ ਸਾਹਿਤਕਾਰ ਦੇ ਕੋਣ ਤੋਂ ਸਾਂਭ ਰਿਹਾ ਹੈ। ਉਹ ਇਹ ਵਖਰੇਵਾਂ ਦਰਜ ਕਰਦਾ ਹੈ ਕਿ ਇਤਿਹਾਸਕਾਰ ਤੱਥ ਬਿਆਨ ਕਰਦਾ ਹੈ, ਪਰ ਇਨ੍ਹਾਂ ਤੱਥਾਂ ਦੀ ਪਿੱਠਭੂਮੀ ’ਚ ਮਨੁੱਖ ਨਾਲ ਕੀ ਵਾਪਰਿਆ, ਇਹ ਸਾਹਿਤਕਾਰ ਦੱਸਦਾ ਹੈ। ਤੱਥ ਇਹ ਦੱਸ ਸਕਦੇ ਹਨ ਕਿ ਲਗਪਗ ਬਾਰਾਂ ਤੋਂ ਅਠਾਰਾਂ ਲੱਖ ਲੋਕਾਂ ਦੀ ਜਾਨ ਇਸ ਹਿੰਸਾ ਦੌਰਾਨ ਗਈ, ਪੰਦਰਾਂ ਮਿਲੀਅਨ ਲੋਕ ਇਕ ਥਾਂ ਤੋਂ ਦੂਜੀ ਥਾਂ ਹਿਜਰਤ ਕਰਨ ਲਈ ਮਜਬੂਰ ਹੋਏ ਜਿਨ੍ਹਾਂ ਵਿਚ ਦਸ ਮਿਲੀਅਨ ਸਿਰਫ਼ ਪੰਜਾਬੀ ਸਨ, ਪਰ ਉੱਜੜਨ ਤੋਂ ਬਾਅਦ ਜਦੋਂ ਉਹ ਵਸਣ ਦੀ ਪ੍ਰਕਿਰਿਆ ’ਚ ਪਏ ਤਾਂ ਕਿਹੜੀਆਂ ਚੁਣੌਤੀਆਂ ਸਨ ਜਿਨ੍ਹਾਂ ਨਾਲ ਸਿੱਝਦਿਆਂ ਉਨ੍ਹਾਂ ਜ਼ਿੰਦਗੀ ਦੀ ਜੰਗ ਜਿੱਤਣ ਦਾ ਸੰਘਰਸ਼ ਕੀਤਾ, ਇਹਦਾ ਵਰਣਨ ਸਾਹਿਤਕਾਰ ਕਰਦਾ ਹੈ।
ਨਵੀਂ ਥਾਂ ਵੱਸਣ ਲੱਗਿਆਂ ਭੂਗੋਲਿਕ, ਸਮਾਜਿਕ, ਆਰਥਿਕ, ਧਾਰਮਿਕ ਤਬਦੀਲੀਆਂ ਨੂੰ ਉਨ੍ਹਾਂ ਕਿਵੇਂ ਆਤਮਸਾਤ ਕੀਤਾ, ਕਬੂਲ ਕੀਤਾ ਜਾਂ ਆਪਣੇ ਹਾਣ ਦੀਆਂ ਕਰਨ ਲਈ ਸੰਘਰਸ਼ ਕੀਤਾ, ਉਹ ਇਹ ਦੱਸਦਾ ਹੈ। ਇਤਿਹਾਸਕਾਰ ਇਹ ਤੱਥ ਉਜਾਗਰ ਕਰ ਦੇਣਗੇ ਕਿ ਪਝੱਤਰ ਹਜ਼ਾਰ ਔਰਤਾਂ ਨਾਲ ਬਲਾਤਕਾਰ ਹੋਇਆ ਜਾਂ ਹਸਪਤਾਲ ਤੇ ਪਾਗਲਖਾਨਿਆਂ ’ਚੋਂ ਕਿੰਨੇ ਮਰੀਜ਼ ਛੱਡ ਦਿੱਤੇ ਗਏ। ਪਰ ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ’ਚੋਂ ਕਿੰਨੀਆਂ ਗੁੰਝਲਾਂ ਦਾ ਸ਼ਿਕਾਰ ਹੋਈਆਂ, ਉਸ ਤੋਂ ਪੈਦਾ ਹੋਏ ਬੱਚੇ ਨੂੰ ਪਾਲਣ ਜਾਂ ਨਕਾਰਨ ਲੱਗਿਆਂ ਉਸ ਔਰਤ ਨੇ ਕਿਹੋ ਜਿਹਾ ਸੰਤਾਪ ਭੋਗਿਆ, ਇਹ ਸਾਹਿਤਕਾਰ ਬਿਆਨ ਕਰੇਗਾ। ਉਧਾਲੀਆਂ ਹੋਈਆਂ ਕੁੜੀਆਂ ਦੀ ਸੂਚੀ ਤਾਂ ਦੋਵੇਂ ਪਾਸੇ ਮਿਲ ਜਾਏਗੀ, ਪਰ ਉੱਧਲ ਕੇ ਜਿੱਥੇ ਗਈਆਂ, ਉੱਥੇ ‘ਜ਼ਿੰਦਗੀ ਨਾਂ ਦੀ ਸ਼ੈਅ’ ਨੇ ਕਿਵੇਂ ਉਹਦਾ ਮਜ਼ਾਕ ਬਣਾਇਆ, ਕਿਵੇਂ ਉਹ ਪਲ ਪਲ ਮਰੀ, ਫਿਰ ਵੱਸੀ, ਫਿਰ ਉੱਜੜੀ, ਨਵੇਂ ਘਰ ਨੂੰ ਮਜਬੂਰੀ ’ਚ ਆਪਣਾ ਬਣਾਇਆ, ਅਪਣਾਇਆ, ਪਰ ਕਿਨ੍ਹਾਂ ਚੁਣੌਤੀਆਂ ਸੰਗ ਜੂਝੀ, ਇਹਦਾ ਵਿਖਿਆਨ ਸਾਹਿਤਕਾਰ ਕਰੇਗਾ। ਆਤਮਜੀਤ ਆਪਣੀ ਭੂਮਿਕਾ ’ਚ ਇਨ੍ਹਾਂ ਧਾਰਨਾਵਾਂ ਨੂੰ ਦਰਜ ਕਰਦਾ ਹੈ ਤੇ ਇਸ ਸੰਗ੍ਰਹਿ ’ਚ ਸ਼ਾਮਲ ਨਾਟਕ ਉਸ ਦੀ ਧਾਰਨਾ ਨੂੰ ਸਿੱਧ ਕਰਦੇ ਹਨ।
ਪੰਜਾਬੀ ਨਾਟਕ ਨੇ ਮੁੱਖ ਤੌਰ ’ਤੇ ਉਸ ਹਨੇਰੇ ਦੌਰ ਦੇ ਸੱਚ ਨੂੰ ਗਲਪ ਵਿਚ ਗੁੰਨ੍ਹਿਆ ਹੈ ਤੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਨਾ ਤਾਂ ਪੁਰਾਣੇ ਤੇ ਅੱਧ ਪਚੱਧ ਆਠਰੇ ਜ਼ਖ਼ਮਾਂ ਨੂੰ ਉਚੇੜਿਆ ਜਾਵੇ ਤੇ ਨਾ ਹੀ ਇਸ ਨੂੰ ਛੁਪਾਇਆ ਜਾਵੇ।