ਮੁੰਬਈ, 2 ਸਤੰਬਰ
ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਹਾਲ ਹੀ ਵਿੱਚ ਆਪਣੇ ਮਾਤਾ-ਪਿਤਾ ਦੇ ਵਿਆਹ ਮੌਕੇ ਦੀ ਤਸਵੀਰ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਤਸਵੀਰ ਉਸ ਲਈ ਬਹੁਤ ਖਾਸ ਹੈ ਤੇ ਇਸ ਤਸਵੀਰ ਵਿੱਚ ਕਿਸੇ ਨੂੰ ਧੁਰ ਅੰਦਰ ਤੱਕ ਹਿਲਾ ਦੇਣ ਦੀ ਤਾਕਤ ਹੈ। ਆਪਣੀ ਸਭ ਤੋਂ ਪਸੰਦੀਦਾ ਤਸਵੀਰ ਚੁਣਨ ਲਈ ਕਹੇ ਜਾਣ ’ਤੇ ਕਰਨ ਜੌਹਰ ਨੇ ਕਿਹਾ, ‘ਉਹ ਮੇਰੇ ਮਾਤਾ-ਪਿਤਾ ਦੇ ਵਿਆਹ ਮੌਕੇ ਦੀ ਤਸਵੀਰ ਹੈ। ਉਹ ਤਸਵੀਰ ਸਦਾ ਹੀ ਮੈਨੂੰ ਹਲੂਣਦੀ ਹੈ ਕਿਉਂਕਿ ਉਸ ਵੇਲੇ ਉਨ੍ਹਾਂ ਸਾਹਮਣੇ ਪੂਰੀ ਜ਼ਿੰਦਗੀ ਪਈ ਸੀ, ਇੱਕ ਪੂਰਾ ਸਫ਼ਰ, ਇੱਕ ਨਵੀਂ ਕਹਾਣੀ ਉਨ੍ਹਾਂ ਸਾਹਮਣੇ ਸੀ।’ ਕਰਨ ਨੇ ਕਿਹਾ, ‘ਮੈਂ ਉਨ੍ਹਾਂ ਦੀ ਸ਼ਾਨਦਾਰ ਜ਼ਿੰਦਗੀ ਦਾ ਚਸ਼ਮਦੀਦ ਗਵਾਹ ਹਾਂ। ਇਸ ਲਈ ਇਹ ਤਸਵੀਰ ਸਦਾ ਹੀ ਮੈਨੂੰ ਅੰਦਰ ਤੱਕ ਹਲੂਣਦੀ ਹੈ।’ ਕਰਨ ਨੇ ਕਿਹਾ ਕਿ ਇੱਕ ਫ਼ਿਲਮ ਨਿਰਮਾਤਾ ਹੋਣ ਨਾਤੇ ਮੈਂ ਇਹ ਜਾਣਦਾ ਹਾਂ ਕਿ ਇੱਕ ਤਸਵੀਰ ਵਿੱਚ ਕਈਆਂ ਦੀ ਆਤਮਾ ਨੂੰ ਛੂਹਣ ਦੀ ਤਾਕਤ ਹੁੰਦੀ ਹੈ ਕਿਉਂਕਿ ਇਕ ਤਸਵੀਰ ਕਈ ਅਹਿਸਾਸ ਬਿਆਨ ਕਰਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਫੋਟੋਗ੍ਰਾਫਰਾਂ ਨੂੰ ਪ੍ਰੇਰਨ ਲਈ ਕਰਨ ਨੈਸ਼ਨਲ ਜਿਓਗ੍ਰਾਫਿਕ ਚੈਨਲ ਦੀ ਮੁਹਿੰਮ ‘ਯੂਅਰ ਲੈਨਜ਼’ ਦਾ ਹਿੱਸਾ ਬਣਿਆ ਹੈ। ਇਸ ਮੁਹਿੰਮ ਵਿੱਚ ਕਰਨ ਫੋਟੋਗ੍ਰਾਫਰਾਂ ਨੂੰ ਆਪਣੇ ਜੀਵਨ ਵਿਚਲੇ ਸਭ ਤੋਂ ਸੰਵੇਦਨਸ਼ੀਲ ਪਲਾਂ ਨੂੰ ਬਿਆਨਦੀਆਂ ਤਸਵੀਰਾਂ ਸਾਂਝੀਆਂ ਕਰਨ ਲਈ ਪ੍ਰੇਰਦਾ ਹੈ। -ਆਈਏਐੱਨਐੱਸ