ਮੁੰਬਈ: ‘ਸਕੈਮ 1992: ਦਿ ਹਰਸ਼ਦ ਮਹਿਤਾ ਸਟੋਰੀ’ ਦੇ ਅਦਾਕਾਰ ਪ੍ਰਤੀਕ ਗਾਂਧੀ ਦੀ ਸੰਗੀਤਕ ਡਰਾਮਾ ਫਿਲਮ ‘ਭਵਈ’ ਹੁਣ 22 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਹਾਰਦਿਕ ਗੱਜਰ ਦੇ ਨਿਰਦੇਸ਼ਨ ਅਤੇ ਪੈੱਨ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਪਹਿਲਾਂ 1 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣੀ ਸੀ। ਮਹਾਰਾਸ਼ਟਰ ਸਰਕਾਰ ਵੱਲੋਂ 22 ਅਕਤੂਬਰ ਤੋਂ ਸਿਨੇਮਾ ਘਰ ਖੋਲ੍ਹਣ ਦੇ ਫ਼ੈਸਲੇ ਮਗਰੋਂ ਫਿਲਮ ਰਿਲੀਜ਼ ਕਰਨ ਦਾ ਕੰਮ ਅੱਗੇ ਪਾ ਦਿੱਤਾ ਗਿਆ ਹੈ। ‘ਭਵਈ’ ਦੀ ਟੀਮ ਨੇ ਸਿਨੇਮਾ ਘਰ ਮੁੜ ਖੋਲ੍ਹਣ ਲਈ ਮਹਾਰਾਸ਼ਟਰ ਸਰਕਾਰ ਦਾ ਧੰਨਵਾਦ ਕੀਤਾ ਹੈ। ਗੁਜਰਾਤ ਦੇ ਪ੍ਰਸਿੱਧ ਲੋਕ ਰੰਗਮੰਚ ’ਤੇ ਅਧਾਰਤ ਇਸ ਫਿਲਮ ਦਾ ਪਹਿਲਾਂ ਨਾਮ ‘ਰਾਵਨ ਲੀਲਾ (ਭਵਈ)’ ਸੀ। ਪਿਛਲੇ ਹਫ਼ਤੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੇ ਫਿਲਮ ਨਿਰਮਾਤਾਵਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਅਤੇ ਫਿਲਮ ਦੀ ਸਮੱਗਰੀ ਨਾਲ ਛੇੜ-ਛਾੜ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਟਰੇਲਰ ਰਿਲੀਜ਼ ਹੋਣ ਮਗਰੋਂ ਨਿਰਮਾਤਾਵਾਂ ਨੇ ਸੋਧਾਂ ਕਰਦਿਆਂ ਫਿਲਮ ਦਾ ਨਾਂ ਬਦਲ ਕੇ ‘ਭਵਈ’ ਕਰ ਦਿੱਤਾ। -ਪੀਟੀਆਈ