ਹਰਕੰਵਲ ਕੰਗ
ਜਦੋਂ ਜੇਠ ਹਾੜ੍ਹ ਦੀ ਗਰਮੀ ਦੀ ਲੂਅ ਸਾਰੇ ਉੱਤਰੀ ਭਾਰਤ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ ਹੈ ਤਾਂ ਫਿਰ ਲੋਕਾਈ ਨੂੰ ਸਾਉਣ ਮਹੀਨੇ ਦੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਹੋਵੇ ਵੀ ਕਿਉਂ ਨਾ ਇਹ ਰੁੱਤ ਮੀਂਹ ਦੀ ਜੋ ਹੋਈ। ਜਦੋਂ ਕੋਈ ਬੱਦਲੀ ਅਚਾਨਕ ਵਰ੍ਹਦੀ ਹੈ ਜਾਂ ਆਕਾਸ਼ ਵਿਚ ਕਿਸੇ ਪਾਸਿਓਂ ਬੱਦਲਾਂ ਦੀ ਘਟਾ ਚੜ੍ਹ ਕੇ ਆਉਂਦੀ ਹੈ ਅਤੇ ਫਿਜ਼ਾ ਵਿਚ ਬੱਦਲਾਂ ਦੀ ਗੜਗੜਾਹਟ ਪੈਦਾ ਹੁੰਦੀ ਹੈ ਤਾਂ ਗਰਮੀ ਦੇ ਸਤਾਏ ਲੋਕਾਂ ਵਿਚ ਨਵਾਂ ਜੋਸ਼ ਤੇ ਨਵੀਂ ਉਮੰਗ ਪੈਦਾ ਹੋ ਜਾਂਦੀ ਹੈ। ਪੰਛੀ ਚਹਿਕ ਉੱਠਦੇ ਹਨ। ਜਦੋਂ ਸਾਉਣ ਦਾ ਮੀਂਹ ਵਰ੍ਹਦਾ ਹੈ ਤਾਂ ਫਿਰ ਚਾਰੇ ਪਾਸੇ ਬਨਸਪਤੀ ਮਹਿਕ ਉੱਠਦੀ ਹੈ। ਹਰਿਆਲੀ ਪੈਦਾ ਹੋ ਜਾਂਦੀ ਹੈ। ਸੂਰਜ ਦੀ ਲੋਅ ਨਾਲ ਤੜਫ਼ਦੀ ਧਰਤੀ ਦੀ ਹਿੱਕ ਮੀਂਹ ਪੈਣ ਨਾਲ ਠਰ ਜਾਂਦੀ ਹੈ। ਰੁੱਖਾਂ ’ਤੇ ਨਿਖਾਰ ਆ ਜਾਂਦਾ ਹੈ। ਕਿਸਾਨ ਜੋ ਸੁੱਕਦੀਆਂ ਮੁਰਝਾਉਂਦੀਆਂ ਫ਼ਸਲਾਂ ਦੇਖ ਕੇ ਖ਼ੁਦ ਵੀ ਮੁਰਝਾਇਆ ਹੁੰਦਾ ਹੈ, ਵੀ ਬੱਦਲਾਂ ਦੀ ਘਟਾ ਦੇਖਦਿਆਂ ਝੂਮ ਉੱਠਦਾ ਹੈ। ਸਾਵਣ ਮਨਾਂ ਵਿਚ ਚੰਚਲਤਾ ਪੈਦਾ ਕਰਦਾ ਹੈ। ਇਸ ਤਰ੍ਹਾਂ ਚਾਰੇ ਪਾਸੇ ਸਾਨੂੰ ਕੁਦਰਤ ਦੇ ਕਾਦਰ ਦੀਆਂ ਸਿਫ਼ਤਾਂ ਵਿਚ ਪਿਆਰੇ ਗੀਤ ਸੁਣਨ ਨੂੰ ਮਿਲਦੇ ਹਨ। ਮਹਿਕਾਂ ਛੱਡਦੀ ਪੌਣ ਜਦੋਂ ਗਰਮੀ ਨਾਲ ਭਿੱਜੇ ਪਿੰਡਿਆਂ ਨਾਲ ਖਹਿੰਦੀ ਹੈ ਤਾਂ ਇਕ ਸੁਖਦ ਅਨੁਭਵ ਹੁੰਦਾ ਹੈ। ਖੇਤੀ ਪ੍ਰਧਾਨ ਖਿੱਤਾ ਹੋਣ ਕਰਕੇ ਉੱਤਰੀ ਭਾਰਤ ਵਿਚ ਮੀਂਹ ਦ ਮਹੱਤਵ ਹੋਰਨਾਂ ਖਿੱਤਿਆਂ ਨਾਲੋਂ ਕੁਝ ਵਧੇਰੇ ਹੀ ਹੈ ਅਤੇ ਦੇਸੀ ਸਾਲ ਦੇ ਪੰਜਵੇਂ ਮਹੀਨੇ ਸਾਉਣ ਦੀ ਇਸ ਕਰਕੇ ਸਾਡੇ ਸਾਹਿਤ ਵਿਚ ਤੂਤੀ ਬੋਲਦੀ ਹੈ।
ਸਾਉਣ ਦਾ ਮਹੀਨਾ ਚੜ੍ਹਦਿਆਂ ਸਾਰ ਹੀ ਦੇਸ਼ ਵਿਚ ਤਿਓਹਾਰਾਂ ਤੇ ਮੇਲਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਤਿਓਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਇਹ ਸਾਡੀ ਏਕਤਾ, ਇਕਜੁੱਟਤਾ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਤਿਓਹਾਰਾਂ ਨਾਲ ਦੇਸ਼ ਦੀ ਆਰਥਿਕਤਾ ਜੁੜੀ ਹੋਈ ਹੈ ਤੇ ਲੋਕਾਂ ਨੂੰ ਰੁਜ਼ਗਾਰ ਦਿੰਦੇ ਹਨ। ਤਿਓਹਾਰ ਸਾਨੂੰ ਗ਼ਮਾਂ ਨੂੰ ਭੁਲਾ ਕੇ ਖੁਸ਼ੀਆਂ ਮਨਾਉਣ ਲਈ ਪ੍ਰੇਰਦੇ ਹਨ। ਸਾਡੀ ਜੀਵਨਸ਼ੈਲੀ ਵਿਚ ਨੱਚਣ ਗਾਉਣ ਦੀ ਬੇਹੱਦ ਅਹਿਮੀਅਤ ਹੈ। ਜਦੋਂ ਵੀ ਕੋਈ ਇਕੱਠ ਜੁੜਦਾ ਹੈ, ਉਹ ਭਾਵੇਂ ਮੇਲੇ ਦੇ ਰੂਪ ’ਚ ਹੋਵੇ ਜਾਂ ਕਿਸੇ ਵਿਸ਼ੇਸ਼ ਦਿਨ ਮਨਾਉਣ ਲਈ ਹੋਵੇ ਜਾਂ ਫਿਰ ਵਿਆਹ ਮੁਕਲਾਵੇ ਲਈ ਹੋਵੇ, ਉਹ ਨੱਚਣ ਟੱਪਣ ਗਾਉਣ ਤੋਂ ਬਿਨਾਂ ਸੰਪੂਰਨ ਨਹੀਂ ਹੁੰਦਾ ਕਿਉਂਕਿ ਮਨੁੱਖ ਸਮੂਹਿਕ ਰੂਪ ਵਿਚ ਰਹਿ ਕੇ ਹੀ ਖੁਸ਼ ਰਹਿੰਦਾ ਹੈ। ਭਾਰਤੀ ਮਹਾਂਦੀਪ ਵਿਚ ਹਰ ਖਿੱਤੇ ਦੇ ਲੋਕਾਂ ਵੱਲੋਂ ਅਨੇਕ ਤਿਓਹਾਰ ਮਨਾਏ ਜਾਂਦੇ ਹਨ।
ਸਾਉਣ ਚੜ੍ਹਦੀ ਸਾਰ ਹੀ ਮਨ ਵਿਚ ਗੀਤ ਤੇ ਬੋਲੀਆਂ ਨਿਸਰਨ ਲੱਗਦੀਆਂ ਹਨ ਜਿਵੇਂ:
ਛਮ ਛਮ ਪੈਣ ਫੁਹਾਰਾਂ
ਬਿਜਲੀ ਦੇ ਰੰਗ ਨਿਆਰੇ
ਆਓ ਕੁੜੀਓ ਗਿੱਧਾ ਪਾਈਏ
ਸਾਨੂੰ ਸਾਉਣ ਸੈਨਤਾਂ ਮਾਰੇ
ਜਾਂ ਫਿਰ:
ਸ਼ੌਕ ਨਾਲ ਗਿੱਧੇ ਵਿਚ ਆਵਾਂ।
ਬੋਲੀ ਪਾਵਾਂ ਸ਼ਗਨ ਮਨਾਵਾਂ
ਸਾਉਣ ਦਿਆ ਬੱਦਲਾ ਵੇ
ਮੈਂ ਤੇਰਾ ਜਸ ਗਾਵਾਂ।
ਇਸ ਤਰ੍ਹਾਂ ਹੀ ਇਕ ਬਹੁਤ ਪਿਆਰਾ ਲੋਕ ਗੀਤ ਹੈ:
ਸਾਵਣ ਆਇਆ
ਮਹਿੰਦੀ ਤਾਂ ਪਾ ਦੇ ਮਾਏ ਸੁੱਕਣੀ
ਮਾਏਂ ਮੇਰੀਏ
ਮਹਿੰਦੀ ਦਾ ਰੰਗ ਨੀਂ ਉਦਾਸ
ਸਾਵਣ ਆਇਆ
ਨੂੰਹਾਂ ਨੂੰ ਭੇਜੀ ਪੇਕੜੇ, ਮਾਏ ਮੇਰੀਏ ਨੀਂ
ਧੀਆਂ ਨੂੰ ਲਈ ਮੰਗਾ
ਸਾਵਣ ਆਇਆ।
ਸਾਉਣ ਮਹੀਨੇ ਜਦੋਂ ਮੀਂਹ ਵਰ੍ਹਦਾ ਹੈ ਤਾਂ ਬੱਚੇ ਝੂਮ ਝੂਮ ਕੇ ਗਾਉਂਦੇ ਹਨ, ‘ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜ਼ੋਰੋ-ਜ਼ੋਰ। ਦੂਜੇ ਪਾਸੇ ਮੋਰਾਂ ਦੀ ਘੈਂਅ ਘੈਂਅ, ਬੀਂਡਿਆਂ ਦੀ ਭੀਂ ਭੀਂ, ਚਿੜੀਆਂ ਜਨੌਰਾਂ ਦੀ ਚੀ ਚੀ ਕੰਨਾਂ ਵਿਚ ਰਸ ਘੋਲਦੀਆਂ ਆਵਾਜ਼ਾਂ ਸਾਨੂੰ ਰੁੱਤ ਬਦਲੀ ਦਾ ਸੰਕੇਤ ਦਿੰਦੀਆਂ ਹਨ। ਜਦੋਂ ਫਿਰ ਲੰਬਾ ਸਮਾਂ ਮੀਂਹ ਵਰ੍ਹਦਾ ਹੈ ਤਾਂ ਪੰਜਾਬੀ ’ਚ ਇਸ ਨੂੰ ਝੜੀ ਲੱਗਣਾ ਕਹਿੰਦੇ ਹਨ ਅਤੇ ਜਦੋਂ ਕਦੇ ਝੜੀ ਲੱਗੇ ਤਾਂ ਫਿਰ ਘਰਾਂ ਵਿਚ ਵਿਸ਼ੇਸ਼ ਪਕਵਾਨ ਪੱਕਦੇ ਹਨ, ਚਾਹੇ ਉਹ ਮਾਲ੍ਹ ਪੂੜੇ ਹੋਣ ਜਾਂ ਫਿਰ ਕਚੌਰੀਆਂ-ਗੁਲਗੁਲੇ। ਕਦੇ ਕਦੇ ਪਤੌੜ ਵੀ ਬਣਦੇ ਹਨ, ਖੀਰ ਕੜਾਹ ਇਸ ਰੁੱਤ ਦਾ ਵਿਸ਼ੇਸ਼ ਪਕਵਾਨ ਹੈ। ਪਿੰਡਾਂ ਵਿਚ ਜਾਮਣਾਂ, ਅੰਬ, ਖਜੂਰਾਂ, ਅਮਰੂਦ ਸਾਉਣ ਦੇ ਫ਼ਲ ਹਨ।
ਸਾਉਣ ਮਹੀਨੇ ਦਾ ਬਾਰਾਮਾਹ ਵਿਚ ਵੀ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਪੰਜਾਬੀ ਵਿਚ ਬਾਰਾਂ ਦੇਸੀ ਮਹੀਨਿਆਂ ਵਿਚੋਂ ਵੀ ਸਭ ਤੋਂ ਵੱਧ ਪ੍ਰਸਿੱਧੀ ਸਾਉਣ ਮਹੀਨੇ ਹੀ ਆਈ ਹੈ। ਜਦੋਂ ਕਦੇ ਪਲਾਂ ਵਿਚ ਹੀ ਕੋਈ ਚਿੱਟੀ ਬੱਦਲੀ ਜਿਸ ਨੂੰ ਧੁੱਪ ਦੇ ਬੱਦਲ ਵੀ ਕਹਿ ਲਿਆ ਜਾਂਦਾ ਹੈ ਜਦੋਂ ਉਹ ਭੂਰੀ ਹੋ ਕੇ ਅਚਾਨਕ ਵਰ੍ਹਦੀ ਹੈ ਤਾਂ ਫਿਰ ਮਨ ਕਹਿ ਉੱਠਦਾ ਹੈ :
ਤਿੱਤਰ ਖੰਭੀ ਬੱਦਲੀ ਵਰ੍ਹ ਗਈ
ਪੈ ਗਿਆ ਮੀਂਹ ਦੜਾਕੇ ਦਾ
ਜਦੋਂ ਪਿੰਡਾਂ ਤੇ ਨਗਰਾਂ ਵਿਚ ਚਾਰੇ ਪਾਸੇ ਪਾਣੀ ਖੜ੍ਹ ਜਾਂਦਾ ਹੈ ਤਾਂ ਬੱਚੇ ਪਾਣੀ ਵਿਚ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਪਾਣੀ ਵਿਚ ਛੱਡਦੇ ਹਨ। ਇਸ ਤਰ੍ਹਾਂ ਖੁਸ਼ੀ ਦੇ ਨਾਲ ਨਾਲ ਕਲਾਤਮਕ ਰੁਚੀਆਂ ਵੀ ਪੈਦਾ ਹੁੰਦੀਆਂ ਹਨ। ਦੂਜੇ ਪਾਸੇ ਪੁਰਾਤਨ ਸੰਸਕਾਰਾਂ ਤਹਿਤ ਲੋਕ ਖਵਾਜ਼ੇ ਦੀ ਪੂਜਾ ਕਰਦੇ ਹਨ ਅਤੇ ਹੜ੍ਹਾਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਔਹੜ ਪੌਹੜ ਕਰਦੇ ਹਨ।
ਹਰ ਰੁੱਤ ਤੇ ਮਹੀਨੇ ਦੀ ਆਪਣੀ ਵੱਖਰੀ ਪਛਾਣ ਹੈ। ਸਾਉਣ ਦਾ ਮਹੀਨਾ ਤੀਆਂ ਦੇ ਤਿਓਹਾਰ ਲਈ ਜਾਣਿਆ ਜਾਂਦਾ ਹੈ। ਤੀਆਂ ਦਾ ਤਿਓਹਾਰ ਇਸ ਮਹੀਨੇ ਦੀ ਰੂਹ ਹੈ। ਮੌਜੂਦਾ ਸਮੇਂ ਵਿਚ ਭਾਵੇਂ ਤੀਆਂ ਦੇ ਤਿਓਹਾਰ ਦਾ ਸਰੂਪ ਬਦਲ ਗਿਆ ਹੈ, ਪਰ ਪੰਜਾਬਣਾਂ ਦੇ ਮਨਾਂ ਵਿਚ ਤੀਆਂ ਲਈ ਜੋਸ਼ ਬਰਕਰਾਰ ਹੈ। ਇਹ ਤਿਓਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਅਤੇ ਪੁੰਨਿਆ ਨੂੰ ਸਿਰੇ ਚੜ੍ਹਦਾ ਹੈ। ਤੀਆਂ ਤੋਂ ਪਹਿਲਾਂ ਦੂਜ ਦੀ ਰਾਤ ‘ਮਹਿੰਦੀ ਵਾਲੀ ਰਾਤ’ ਹੁੰਦੀ ਹੈ। ਮੁਟਿਆਰਾਂ ਆਪਣੇ ਹੱਥਾਂ ’ਤੇ ਮਹਿੰਦੀ ਲਗਾਉਂਦੀਆਂ ਹਨ। ਵਣਜਾਰਿਆਂ ਤੋਂ ਰੰਗ-ਬਿਰੰਗੀਆਂ ਚੂੜੀਆਂ ਚੜ੍ਹਾਉਂਦੀਆਂ ਹਨ। ਕੁੜੀਆਂ ਵਹੁਟੀਆਂ ਤੀਲੇ ਨਾਲ ਹੀ ਆਪਣੇ ਹੱਥਾਂ ’ਤੇ ਮਹਿੰਦੀ ਦੇ ਖੂਬਸੂਰਤ ਫੁੱਲ ਬੂਟੇ ਬਣਾ ਲੈਂਦੀਆਂ ਸਨ। ਦੂਜੀ ਸਵੇਰ, ਆਪਣੀਆਂ ਤਲੀਆਂ ’ਤੇ ਖਿੜੇ ਮਹਿੰਦੀ ਦੇ ਰੱਤੇ ਫੁੱਲਾਂ ਨੂੰ ਤੱਕ ਤੱਕ ਫੁੱਲੀਆਂ ਨਹੀਂ ਸਮਾਉਂਦੀਆਂ।
ਕਈ ਵਾਰ ਮਾਪੇ ਇਸ ਮਹੀਨੇ ਧੀਆਂ ਨੂੰ ਨਹੀਂ ਲਿਆ ਸਕਦੇ ਜਾਂ ਇਹ ਮੁਸ਼ਕਿਲ ਹੁੰਦਾ ਤਾਂ ਫਿਰ ਉਹ ਧੀ ਡਾਰ ਤੋਂ ਵਿੱਛੜੀ ਕੂੰਜ ਦੀ ਤਰ੍ਹਾਂ ਕੁਰਲਾ ਉੱਠਦੀ। ਉਹ ਬਾਗਾਂ ਵਿਚ ਗਾਉਂਦੀ ਕੋਇਲ ਦੀ ਤਰ੍ਹਾਂ ਆਪਣੇ ਗੀਤਾਂ ਰਾਹੀਂ ਬਾਬਲ ਦੇ ਵਿਹੜੇ ਵੱਲ ਕਾਵਾਂ ਹੱਥ ਸੁਨੇਹੇ ਘੱਲਦੀ। ਜਿਨ੍ਹਾਂ ਭੈਣਾਂ ਘਰ ਵੀਰ ਨਹੀਂ ਹੁੰਦੇ, ਉਨ੍ਹਾਂ ਦੇ ਕਾਲਜੇ ਨੂੰ ਵੀ ਇਸ ਮਹੀਨੇ ਖੋਹ ਪੈਂਦੀ। ਉਹ ਰੱਬ ਤੋਂ ਮੰਗ ਕਰਦੀਆਂ ਨੇ:
ਇਕ ਵੀਰ ਦੇਈਂ ਵੇ ਰੱਬਾ
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ
ਪੰਜਾਬ ਦੇ ਪਿੰਡਾਂ ਵਿਚ ਦੁਪਹਿਰ ਸਮੇਂ ਬੋਹੜ ਤੇ ਪਿੱਪਲਾਂ ਦੀਆਂ ਛਾਵਾਂ ਵਿਚ ਤੀਆਂ ਦੇ ਪਿੜ ਬੱਝਦੇ ਸਨ। ਇੱਥੇ ਉਹ ਆਪਣੇ ਮਨੋਭਾਵਾਂ ਦਾ ਪ੍ਰਗਟਵਾ ਬੋਲੀਆਂ ਪਾ ਕੇ ਕਰਦੀਆਂ:
* ਆਉਂਦੀ ਕੁੜੀਏ, ਜਾਂਦੀ ਕੁੜੀਏ,
ਤੁਰਦੀ ਪਿੱਛੇ ਨੂੰ ਜਾਵੇਂ,
ਨੀਂ ਕਾਹਲੀ ਕਾਹਲੀ ਪੈਰ ਪੱਟ ਲੈ,
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ।
* ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
* ਆਹ ਲੈ ਮਿੱਤਰਾ ਕਰ ਲੈ ਖਰੀਆਂ
ਬਾਂਕਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
* ਭਿੱਜ ਗਈ ਰੂਹ ਮਿੱਤਰਾ
ਸ਼ਾਮ ਘਟਾਂ ਚੜ੍ਹ ਆਈਆਂ
ਪਿੱਪਲ ਕੁੜੀਆਂ ਦੇ ਅਰਮਾਨਾਂ ਦੇ ਗਵਾਹ ਬਣਦੇ ਸਨ। ਪਿੱਪਲਾਂ, ਟਾਹਲੀਆਂ ਤੇ ਬਰੋਟਿਆਂ ਦੇ ਟਾਹਣਾਂ ਦੇ ਨਾਲ ਪਾਈਆਂ ਪੀਂਘਾਂ ’ਤੇ ਹੁਲਾਰੇ ਲੈਂਦੀਆਂ ਉਹ ਆਪਣੇ ਸੁਪਨਿਆਂ ਦੇ ਨਾਲ ਅੰਬਰੀ ਉਡਾਣਾਂ ਭਰਦੀਆਂ। ਇਨ੍ਹਾਂ ਪੀਘਾਂ ਲਈ ਵਿਸ਼ੇਸ਼ ਲੱਜ (ਰੱਸੇ) ਨੂੰ ਗੱਠ ਦੇਣੀ ਅਤੇ ਫੱਟੀ ਪਾਉਣ ਵਿਚ ਵੀ ਮੁਹਾਰਤ ਦੀ ਲੋੜ ਪੈਂਦੀ ਹੈ। ਹੁਣ ਭਾਵੇਂ ਸ਼ਹਿਰੀਕਰਨ ਦੇ ਪ੍ਰਭਾਵ ਵਿਚ ਕੁੜੀਆਂ ਨੂੰ ਅੰਬਰੀਂ ਪੀਂਘ ਤਾਂ ਝੜਾਉਣੀ ਸ਼ਾਇਦ ਭੁੱਲ ਗਈ ਹੈ, ਪਰ ਪੀਂਘ ਦੇ ਝੂਟੇ ਲੈਣ ਦੀ ਤਾਂਘ ਕਾਇਮ ਹੈ। ਸ਼ਹਿਰਾਂ ਵਿਚ ਤੀਆਂ ਦਾ ਤਿਓਹਾਰ ਵੀ ਹੁਣ ਮੇਲੇ ਦਾ ਰੂਪ ਹੀ ਲੈ ਗਿਆ ਹੈ। ਪੰਜਾਬ ਵਿਚ ਮਾਪੇ ਨਵੀਆਂ ਵਿਆਹੀਆਂ ਧੀਆਂ ਨੂੰ ਸਾਉਣ ਚੜ੍ਹਨ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਹਨ। ਤੀਆਂ ਵਿਚ ਜਾਣ ਤੋਂ ਪਹਿਲਾਂ ਉਹ ਹੱਥੀਂ ਮਹਿੰਦੀ ਲਾ ਕੇ ਵਾਲ ਗੁੰਦ ਕੇ ਚੂੜੀਆਂ ਚੜ੍ਹਾ ਕੇ ਬਣ ਠਣ ਕੇ ਜਾਂਦੀਆਂ ਹਨ। ਤੀਆਂ ਵਿਚ ਮੁਟਿਆਰਾਂ ਵੱਖ ਵੱਖ ਤਰ੍ਹਾਂ ਦੇ ਸਵਾਂਗ ਵੀ ਰਚਾਉਂਦੀਆਂ ਹਨ ਜਿਵੇਂ:
ਮੋੜੀਂ ਮੋੜੀਂ ਵੇ ਗੁਲਜ਼ਾਰੀ ਭੇਡਾਂ ਦੂਰ ਗਈਆਂ।
ਕੁੜੀਆਂ ਦੀ ਅੱਡੀ ਨਾਲ ਗਿੱਧੇ ਦੀ ਥਾਪ ਨਾਲ ਜਦੋਂ ਪਿੜ ਬੱਝ ਜਾਂਦਾ ਹੈ ਤਾਂ ਫਿਰ ਇਹ ਨਣਦਾਂ- ਭਰਜਾਈਆਂ, ਭੂਆਂ-ਭਤੀਜੀਆਂ, ਚਾਚੀਆਂ- ਤਾਈਆਂ ਵੱਲੋਂ ਪਾਏ ਗਿੱਧੇ ਨਾਲ ਸਿਖਰਾਂ ਨੂੰ ਛੂੰਹਦਾ ਦਿਨ ਦਾ ਤੀਜਾ ਪਹਿਰ ਖ਼ਤਮ ਹੋਣ ਨਾਲ ਹੀ ਅਗਲੇ ਦਿਨ ਆਉਣ ਦਾ ਸੱਦਾ ਦਿੰਦਾ ਖ਼ਤਮ ਹੋ ਜਾਂਦਾ ਹੈ। ਤੀਆਂ ਇਕ ਤਰ੍ਹਾਂ ਨਾਲ ਔਰਤਾਂ ਦੇ ਖੁੱਲ੍ਹ ਕੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਨ ਦਾ ਮੰਚ ਰਿਹਾ ਹੈ ਕਿਉਂਕਿ ਪੁਰਾਤਨ ਜ਼ਮਾਨੇ ਵਿਚ ਅੱਜ ਜਿੰਨੀ ਖੁੱਲ੍ਹ ਤੇ ਆਜ਼ਾਦੀ ਨਹੀਂ ਸੀ। ਇਸ ਕਰਕੇ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕਰਨ ਲਈ ਤੀਆਂ ਹੀ ਇਕ ਮੌਕਾਂ ਦਿੰਦੀਆਂ ਸਨ। ਦੂਜਾ ਪਹਿਲੂ ਇਹ ਹੁੰਦਾ ਕਿ ਇੱਥੇ ਸਿਰਫ਼ ਔਰਤਾਂ ਹੀ ਹੁੰਦੀਆਂ ਤੇ ਉਨ੍ਹਾਂ ਨੂੰ ਮਰਦਾਂ ਦੀ ਗੈਰਹਾਜ਼ਰੀ ਦਾ ਵੀ ਲਾਹਾ ਮਿਲਦਾ। ਤੀਆਂ ਦਾ ਗਿੱਧਾ ਦੇਖਣਾ ਮਰਦਾਂ ਲਈ ਮਨਾਹੀ ਹੁੰਦੀ ਸੀ।
ਕੁੜੀਆਂ ਨੂੰ ਸਾਉਣ ਮਹੀਨਾ ਆਪਣਾ ਭਰਾ ਜਾਪਦਾ ਹੈ ਤੇ ਭਾਦੋਂ ਨੂੰ ਚੰਦਰੀ ਮੰਨਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਭਾਦੋਂ ਚੜ੍ਹਦਿਆਂ ਸਾਰ ਫਿਰ ਵਿੱਛੜਨਾ ਪੈਂਦਾ ਹੈ। ਪੁੰਨਿਆਂ ਵਾਲੇ ਦਿਨ ਵੱਅਲੋ (ਬੱਲੋ) ਪਾਈ ਜਾਂਦੀ ਹੈ। ਕੁੜੀਆਂ ਘਰ ਨੂੰ ਵਾਪਸ ਜਾਂਦੀਆਂ ਵਾਰ ਵਾਰ ਰੁਕ ਰੁਕ ਕੇ ਗਿੱਧਾ ਪਾਉਂਦੀਆਂ ਤੇ ਨਾਲੇ ਗੀਤ ਗਾਉਂਦੀਆਂ ਘਰਾਂ ਨੂੰ ਜਾਂਦੀਆਂ ਜਾਂਦੀਆਂ ਦੁੱਬ (ਹਰਾ ਘਾਹ) ਪੁੱਟ ਕੇ ਲੈ ਜਾਂਦੀਆਂ ਹਨ ਤਾਂ ਜੋ ਵੀਰ ਦਾ ਘਰ ਸਾਉਣ ਦੇ ਮਹੀਨੇ ਦੇ ਘਾਹ ਵਾਂਗੂ ਹਰਿਆ-ਭਰਿਆ ਰਹੇ। ਗਿੱਧੇ ਦਾ ਅੰਤ ਕਰਦੀਆਂ ਹੋਈਆਂ ਉਹ ਗਾਉਂਦੀਆਂ:
ਸਾਉਣ ਵੀਰ ’ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਇਸ ਤਰ੍ਹਾਂ ਪੇਕੇ ਆਈਆਂ ਧੀਆਂ ਮਾਪਿਆਂ ਦੀ ਸੁੱਖ ਮੰਗਦੀਆਂ ਫਿਰ ਆਪਣੇ ਘਰਾਂ ਨੂੰ ਰਵਾਨਾ ਹੋ ਜਾਂਦੀਆਂ। ਤੀਆਂ ਦਾ ਚਾਅ ਨਵੇਂ ਯੁੱਗ ਦੇ ਮਨੋਰੰਜਨ ਦੇ ਸਾਧਨਾਂ ਨੇ ਬਹੁਤ ਘਟਾ ਦਿੱਤਾ ਹੈ। ਪਦਾਰਥਵਾਦੀ ਯੁੱਗ ਵਿਚ ਜਾਇਦਾਦਾਂ ਦੀ ਵੰਡ ਨੇ ਭੈਣ-ਭਰਾ ਦੇ ਪਿਆਰ ਵਿਚ ਵੀ ਫ਼ਰਕ ਪਾ ਦਿੱਤਾ ਹੈ। ਹੁਣ ਨਾ ਵੀਰ ਕੋਲ ਬੋਤਾ ਹੈ ਤੇ ਨਾ ਹੀ ਭੈਣ ਨੂੰ ਉਡੀਕ ਹੈ। ਹੁਣ ਤੀਆਂ ਕਲੱਬਾਂ, ਸਟੇਜਾਂ ਤੇ ਪਾਰਕਾਂ ਦਾ ਸ਼ਿੰਗਾਰ ਬਣ ਗਈਆਂ ਹਨ। ਸਾਰੇ ਹੀ ਸਾਧਨ ਸਪੰਨ ਸਮਾਜ ਵਿਚ ਭਾਵੇਂ ਖੁਦਗਰਜ਼ੀ ਭਾਰੂ ਹੈ, ਪਰ ਸਾਡੇ ਤਿਓਹਾਰ ਸਾਡੇ ਮਨਾਂ ਅਤੇ ਰਿਸ਼ਤਿਆਂ ਨੂੰ ਠੰਢਕ ਵਰਤਾਉਂਦੇ ਹਨ।
ਸੰਪਰਕ: 97819-78123