ਗੁਰਮੀਤ ਸਿੰਘ*
ਚਿੱਟੀ ਇੱਲ੍ਹ ਸਭ ਤੋਂ ਛੋਟੀ ਇੱਲ੍ਹ ਹੈ। ਇਸ ਨੂੰ ਅੰਗਰੇਜ਼ੀ ਵਿਚ ‘Black winged kite’ ਅਤੇ ਹਿੰਦੀ ਵਿਚ ‘ਕਪਾਸੀ ਚੀਲ’ ਕਹਿੰਦੇ ਹਨ। ਚਿੱਟੀ ਇੱਲ੍ਹ ਪੰਜਾਬ ਵਿਚ ਆਮ ਵੇਖਣ ਨੂੰ ਮਿਲਦੀ ਹੈ। ਇਹ ਭਾਰਤ ਤੋਂ ਇਲਾਵਾ ਨੇਪਾਲ ਅਤੇ ਪਾਕਿਸਤਾਨ ਵਿਚ ਵੀ ਮਿਲਦੀ ਹੈ। ਇਹ 31 ਤੋਂ 35 ਸੈਂਟੀਮੀਟਰ ਲੰਮੀ ਹੁੰਦੀ ਹੈ ਅਤੇ ਇਸ ਦਾ ਭਾਰ 200 ਤੋਂ 270 ਗ੍ਰਾਮ ਹੁੰਦਾ ਹੈ। ਇਹ ਆਮ ਤੌਰ ’ਤੇ ਸਲੇਟੀ ਜਾਂ ਚਿੱਟੇ ਰੰਗ ਵਿਚ ਹੁੰਦੀ ਹੈ। ਇਸ ਦੇ ਮੋਢਿਆਂ ਉੱਤੇ ਖੰਭ ਕਾਲੇ ਹੁੰਦੇ ਹਨ। ਇਸ ਦੀਆਂ ਪਲਕਾਂ ਕਾਲੀਆਂ ਅਤੇ ਅੱਖਾਂ ਦੀਆਂ ਪੁਤਲੀਆਂ ਲਾਲ ਰੰਗ ਦੀਆਂ ਹੁੰਦੀਆਂ ਹਨ। ਇਹ ਆਪਣੇ ਮਧਰੇ, ਤਰਾਸ਼ੇ ਤੇ ਗੱਠੇ ਹੋਏ ਸਰੀਰ, ਘੱਟ ਮੁੜਵੀਂ ਚੁੰਝ ਤੇ ਰੰਗ ਕਰਕੇ ਇੱਲ੍ਹ ਨਹੀਂ ਲੱਗਦੀ, ਬਲਕਿ ਇਸ ਦਾ ਚਿਹਰਾ ਉੱਲੂ ਵਰਗਾ ਲੱਗਦਾ ਹੈ, ਪਰ ਜਦੋਂ ਇਹ ਉਡਾਰੀ ਮਾਰਦੀ ਹੈ ਤਾਂ ਇਹ ਇਕ ਡਮਰੇ ਦਾ ਭੁਲੇਖਾ ਵੀ ਪਾਉਂਦੀ ਹੈ। ਇਸ ਦੀ ਪਸੰਦ ਇਕਾਂਤ ਚੌਗਿਰਦੇ ਵਿਚ ਕਿਸੇ ਉੱਚੇ ਖੰਭੇ ਜਾਂ ਬਿਜਲੀ ਦੀਆਂ ਤਾਰਾਂ ’ਤੇ ਬੈਠਣਾ, ਇਸ ਦੀ ਆਦਤ ਵਿਚ ਸ਼ਾਮਲ ਹੈ। ਇਹ ਸੰਘਣੇ ਵਣ ਖੇਤਰਾਂ ਨੂੰ ਪਸੰਦ ਨਹੀਂ ਕਰਦੀ। ਇਸ ਦੇ ਲੰਬੇ ਬਾਜ਼ ਵਰਗੇ ਖੰਭ ਪੂਛ ਦੇ ਪਾਰ ਫੈਲ ਜਾਂਦੇ ਹਨ। ਇਸ ਦੀ ਉਡਾਣ ਛੋਟੀ ਅਤੇ ਪੂਛ ਪਿੱਛੇ ਤੋਂ ਵਰਗਾਕਾਰ ਦਿਖਾਈ ਦਿੰਦੀ ਹੈ। ਇਹ ਆਪਣੇ ਆਪ ਨੂੰ ਸੰਤੁਲਿਤ ਰੱਖਣ ਲਈ ਆਪਣੀ ਪੂਛ ਨੂੰ ਉੱਪਰ ਥੱਲੇ ਕਰਦੀ ਰਹਿੰਦੀ ਹੈ। ਉੱਡਣ ਵੇਲੇ ਖੰਭਾਂ ਦੀ ਤੇਜ਼ ਫੜਫੜਾਹਟ ਤੋਂ ਬਾਅਦ ਮਸਤੀ ਨਾਲ ਤਰਨਾ ਇਸ ਦੀ ਆਦਤ ਹੈ।
ਇਹ ਪੰਛੀ ਕਿਸੇ ਸੁੱਕੇ ਰੁੱਖ ਜਾਂ ਟੈਲੀਫੋਨ ਦੇ ਖੰਭੇ ਉੱਪਰ ਬੈਠਾ ਸ਼ਿਕਾਰ ਤੋਂ ਪਹਿਲਾਂ ਥੱਲੇ ਚੱਲਦੇ ਜੀਵਾਂ ਦਾ ਪ੍ਰੀਖਣ ਕਰਦਾ ਹੈ, ਜਦੋਂ ਕਿਸੇ ਸ਼ਿਕਾਰ ਦੀ ਪਛਾਣ ਹੋ ਜਾਵੇ ਤਾਂ ਉਸ ਨੂੰ ਫੌਰਨ ਝਪਟਾ ਮਾਰ ਕੇ ਕਾਬੂ ਕਰ ਲੈਂਦਾ ਹੈ। ਇਸ ਦੀ ਖੁਰਾਕ ਵਿਚ ਕਿਰਲੀਆਂ, ਕੀੜੇ-ਮਕੌੜੇ ਜਾਂ ਰੀਂਗਣ ਵਾਲੇ ਜੀਵ ਸ਼ਾਮਲ ਹਨ। ਇਨ੍ਹਾਂ ਦੇ ਪ੍ਰਜਣਨ ਦਾ ਮੌਸਮ ਭੂਗੋਲਿਕ ਸਥਿਤੀ ਨੂੰ ਮੁੱਖ ਰੱਖਦਿਆਂ ਤਕਰੀਬਨ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੈ। ਇਸ ਦੇ ਨਰ ਤੇ ਮਾਦਾ ਵੱਲੋਂ ਛਾਂਦਾਰ ਰੁੱਖਾਂ ਦੀ ਸੰਘਣੀ ਝਿੜੀ ਦੀ ਓਟ ਵਿਚ ਛੋਟੀਆਂ ਲੱਕੜੀ ਦੀਆਂ ਟਾਹਣੀਆਂ ਨਾਲ ਆਲ੍ਹਣਾ ਬਣਾਇਆ ਜਾਂਦਾ ਹੈ। ਮਾਦਾ ਚਿੱਟੀ ਇੱਲ੍ਹ 2 ਤੋਂ 6 ਅੰਡੇ ਦਿੰਦੀ ਹੈ। ਇਨ੍ਹਾਂ ਦੇ ਆਂਡੇ ਸੁੰਦਰ ਪੀਲੇ-ਚਿੱਟੇ ਹੁੰਦੇ ਹਨ, ਪਰ ਇਨ੍ਹਾਂ ’ਤੇ ਆਮ ਤੌਰ ’ਤੇ ਭੂਰੇ-ਲਾਲ ਸੰਘਣੇ ਧੱਬੇ ਵੇਖੇ ਜਾ ਸਕਦੇ ਹਨ। ਮਾਦਾ ਵੱਲੋਂ ਚੂਜ਼ਿਆਂ ਨੂੰ ਖਵਾਉਣ ਦੀ ਵੱਡੀ ਜ਼ਿੰਮੇਵਾਰੀ ਨਿਭਾਈ ਜਾਂਦੀ ਹੈ, ਪਰ ਖਾਣਾ ਲਿਆਉਣ ਦਾ ਪ੍ਰਬੰਧ ਨਰ ਹੀ ਕਰਦਾ ਹੈ।
ਚਿੱਟੀਆਂ ਇੱਲ੍ਹਾਂ ਦੀ ਸੁਰੱਖਿਆ ਲਈ ਸੰਭਾਵਿਤ ਖ਼ਤਰੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਅਤੇ ਪ੍ਰਜਣਨ ਦੇ ਸਥਾਨਾਂ ਵਿਚ ਮਨੁੱਖੀ ਗਤੀਵਿਧੀਆਂ ਦਾ ਵਧਣਾ ਹੈ। ਆਈ.ਯੂ.ਸੀ.ਐੱਨ. (ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ) ਨੇ ਇਨ੍ਹਾਂ ਚਿੱਟੀਆਂ ਇੱਲ੍ਹਾਂ ਦੀਆਂ ਕਿਸਮਾਂ ਨੂੰ ਸ਼੍ਰੇਣੀਬੱਧ ਕੀਤਾ ਹੈ ਅਤੇ ਉਨ੍ਹਾਂ ਨੂੰ ‘ਘੱਟੋ ਘੱਟ ਚਿੰਤਾ’ (ਲੀਸਟ ਕਨਸਰਨ) ਵਜੋਂ ਸੂਚੀਬੱਧ ਕੀਤਾ ਹੈ। ਚਿੱਟੀਆਂ ਇੱਲ੍ਹਾਂ ਨੇ ਪੰਛੀਆਂ ਦੀਆਂ ਕਈ ਹੋਰ ਕਿਸਮਾਂ ਦੇ ਉਲਟ, ਕਿਸਾਨਾਂ ਦੀਆਂ ਖੇਤੀ ਜ਼ਮੀਨਾਂ ਅਤੇ ਬਾਗਬਾਨੀ ਦੇ ਵਾਧੇ ਦਾ ਫਾਇਦਾ ਉਠਾਇਆ ਹੈ। ਇਸ ਨੂੰ ਜੰਗਲੀ ਜੀਵ (ਸੁਰੱਖਿਆ) ਐਕਟ, 1972 ਦੇ ਸ਼ਡਿਊਲ-ਚਾਰ ਵਿਚ ਰੱਖ ਕੇ ਸੁਰੱਖਿਅਤ ਰੱਖਿਆ ਗਿਆ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910