ਲੰਡਨ, 4 ਅਗਸਤ
ਭਾਰਤੀ ਸਿਨੇਮਾ ਦੀ ਸ਼ਾਹਕਾਰ ਫਿਲਮ ‘ਮੁਗਲ-ਏ-ਆਜ਼ਮ’ ਦੀ ਕਹਾਣੀ ਫਿਲਮ ਦੇ ਨਿਰਦੇਸ਼ਕ ਕੇ ਆਸਿਫ ਦੇ ਪੁੱਤਰ ਅਕਬਰ ਆਸਿਫ ਨੇ ਹੌਲੀਵੁੱਡ ਦੀ ਆਸਕਰ ਲਾਇਬਰੇਰੀ ਨੂੰ ਸੰਭਾਲਣ ਲਈ ਦੇ ਦਿੱਤੀ ਹੈ। ਮਰਹੂਮ ਕੇ ਆਸਿਫ਼ ਤੇ ਯੂਕੇ ’ਚ ਰਹਿੰਦੇ ਪੁੱਤਰ ਅਕਬਰ ਆਸਿਫ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਤਾ ਦੀ ਇਸ ਫਿਲਮ ਦੀ ਕਹਾਣੀ ਅਕੈਡਮੀ ਐਵਾਰਡਜ਼ ਨੂੰ ਪੇਸ਼ ਕੀਤੀ ਹੈ। ਇਸ ਫਿਲਮ ’ਚ ਪ੍ਰਿਥਵੀਰਾਜ ਕਪੂਰ, ਦਿਲੀਪ ਕੁਮਾਰ ਤੇ ਮਧੂਬਾਲਾ ਨੇ ਅਦਾਕਾਰੀ ਕੀਤੀ ਸੀ। 5 ਅਗਸਤ 1960 ’ਚ ਰਿਲੀਜ਼ ਹੋਈ ਇਸ ਫਿਲਮ ਦੀ ਭਲਕੇ 60ਵੀਂ ਵਰ੍ਹੇਗੰਢ ਹੈ। ਉਨ੍ਹਾਂ ਕਿਹਾ, ‘ਫਿਲਮ ‘ਮੁਗ਼ਲ-ਏ-ਆਜ਼ਮ’ ਦੀ ਕਹਾਣੀ ਹਿੰਦੀ ਸਿਨੇਮਾ ਦੇ ਹੁਣ ਤੱਕ ਦੇ ਸਭ ਤੋਂ ਸ਼ਾਨਦਾਰ ਲੇਖਕਾਂ ਦੀ ਟੀਮ ਵੱਲੋਂ ਲਿਖੀ ਗਈ ਹੈ ਅਤੇ ਇਸ ਨੂੰ ਸਨਮਾਨ ਦੇਣ ਦਾ ਸਭ ਤੋਂ ਵੱਡਾ ਢੰਗ ਇਹ ਹੈ ਕਿ ਇਸ ਨੂੰ ਹਮੇਸ਼ਾ ਲਈ ਸੰਭਾਲਣ ਵਾਸਤੇ ਅਕੈਡਮੀ ਐਵਾਰਡਜ਼ ਨੂੰ ਸੌਂਪ ਦਿੱਤਾ ਜਾਵੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਪਿਤਾ ਤੇ ਲੇਖਕਾਂ ਦੀ ਟੀਮ ਦੇ ਕੰਮ ਤੋਂ ਪ੍ਰੇਰਨਾ ਲੈਣਗੀਆਂ। -ਪੀਟੀਆਈ