ਮਨਜੀਤ ਕੌਰ ਸੱਪਲ
ਲੇਖਕ-ਨਿਰਦੇਸ਼ਕ ਅੰਬਰਦੀਪ ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮਾ ਪ੍ਰਤੀ ਕਾਫ਼ੀ ਗੰਭੀਰ ਹੈ। ਸਮਾਜਿਕ ਤਾਣੇ-ਬਾਣੇ ਦੀਆਂ ਮਨੋੋਰੰਜਕ ਫ਼ਿਲਮਾਂ ਨਾਲ ਉਸ ਨੇ ਆਪਣਾ ਵੱਖਰਾ ਦਰਸ਼ਕ ਵਰਗ ਪੈਦਾ ਕੀਤਾ ਹੈ। ‘ਗੋਰਿਆਂ ਨੂੰ ਦਫਾ ਕਰੋ’, ‘ਅੰਗਰੇਜ਼’ ਅਤੇ ‘ਲਵ ਪੰਜਾਬ’ ਫ਼ਿਲਮਾਂ ਦੇ ਕਹਾਣੀਕਾਰ ਅਤੇ ‘ਲਾਹੋਰੀਏ’, ‘ਭੱਜੋ ਵੀਰੋ ਵੇ’, ‘ਲੌਂਗ ਲਾਚੀ’ ਅਤੇ ‘ਜੋੜੀ’ ਫ਼ਿਲਮਾਂ ਦੇ ਲੇਖਕ-ਨਿਰਦੇਸ਼ਕ ਅੰਬਰਦੀਪ ਸਿੰਘ ਦੀ ਹਾਲ ਹੀ ਵਿੱਚ ਨਵੀਂ ਫ਼ਿਲਮ ‘ਤੀਜਾ ਪੰਜਾਬ’ ਰਿਲੀਜ਼ ਹੋਈ ਹੈ।
ਕਿਸਾਨ ਪਰਿਵਾਰ ਨਾਲ ਜੁੜੀ ਇਸ ਫ਼ਿਲਮ ਦੀ ਕਹਾਣੀ ‘ਭਗਤ’ ਨਾਂ ਦੇ ਬੰਦੇ ਦੁਆਲੇ ਘੁੰਮਦੀ ਹੈ, ਜਿਸ ਦੀ ਜ਼ਮੀਨ ’ਤੇ ਪਿੰਡ ਦਾ ਸਰਪੰਚ ਧੋਖੇ ਨਾਲ ਕਬਜ਼ਾ ਕਰ ਲੈਂਦਾ ਹੈ। ਭਗਤ ਇਸੇ ਗ਼ਮ ਵਿੱਚ ਸ਼ਰਾਬ ਪੀਣ ਦਾ ਆਦੀ ਹੋ ਜਾਂਦਾ ਹੈ। ਉਸ ਦੀ ਪਤਨੀ ਉਸ ਨੂੰ ਬਹੁਤ ਸਮਝਾਉਂਦੀ ਹੈ, ਪਰ ਉਹ ਨਹੀਂ ਸੁਧਰਦਾ ਤੇ ਅਖੀਰ ਦੁਖੀ ਹੋ ਕੇ ਆਪਣਾ ਜੁਆਕ ਚੁੱਕ ਪੇਕੀਂ ਚਲੀ ਜਾਂਦੀ ਹੈ। ਵੋਟਾਂ ਦੇ ਦਿਨ ਨੇੜੇ ਹੁੰਦੇ ਹਨ। ਓਧਰ ਕਿਸਾਨੀ
ਸੰਘਰਸ਼ ਵੀ ਪੂਰਾ ਮਘਿਆ ਹੋਇਆ ਹੁੰਦਾ ਹੈ। ਸਰਪੰਚ ਵਿਰੋਧੀ ਧਿਰ ਨੂੰ ਬਦਨਾਮ ਕਰਨ ਲਈ ਚਾਲ ਚੱਲਦਾ ਹੈ ਤੇ ਭਗਤ ਨੂੰ ਉਸ ਦੀ ਜ਼ਮੀਨ ਵਾਪਸ ਦੇਣ ਦਾ ਲਾਲਚ ਦੇ ਕੇ ਸੰਘਰਸ਼ ਵਿੱਚ ਭੇਜਦਾ ਹੈ। ਇਸ ਤੋਂ ਬਾਅਦ ਫ਼ਿਲਮ ਵਿੱਚ ਕਈ ਦਿਲਚਸਪ ਮੋੜ ਆਉਂਦੇ ਹਨ। ਫ਼ਿਲਮ ਵਿੱਚ ਨਸ਼ਿਆਂ ਨਾਲ ਪੈਦਾ ਹੋਏ ਪਰਿਵਾਰਕ ਤਣਾਓ ਅਤੇ ਉਲਝਣਾਂ ਨੂੰ ਵਿਸਥਾਰ ਨਾਲ ਵਿਖਾਇਆ ਗਿਆ ਹੈ। ਗੀਤ ਸੰਗੀਤ ਦੇ ਇਲਾਵਾ ਇਸ ਵਿੱਚ ਹਲਕੀ ਫੁਲਕੀ ਕਾਮੇਡੀ ਵੀ ਹੈ। ਦਿੱਲੀ ਵਿੱਚ ਚੱਲਦੇ ਕਿਸਾਨੀ ਸੰਘਰਸ਼ ਦੀ ਝਲਕ ਵੀ ਇਸ ਫ਼ਿਲਮ ਰਾਹੀਂ ਵੇਖਣ ਨੂੰ ਮਿਲਦੀ ਹੈ।
ਆਮ ਸਿਨਮਾ ਤੋਂ ਹਟ ਕੇ ਬਣੀ ਇਸ ਫ਼ਿਲਮ ਵਿੱਚ ਅੰਬਰਦੀਪ ਸਿੰਘ, ਨਿਮਰਤ ਖਹਿਰਾ, ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਹਰਦੀਪ ਗਿੱਲ, ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਬੀ. ਐੱਨ. ਸ਼ਰਮਾ, ਬਲਵਿੰਦਰ ਬੁਲਟ, ਸੁਖਵਿੰਦਰ ਰਾਜ, ਗੁਰਤੇਜ ਸਿੰਘ ਅਤੇ ਇੰਦਰਜੋਤ ਬਰਾੜ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ। ਅੰਬਰਦੀਪ ਦੇ ਨਾਲ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਮੁੱਖ ਭੂਮਿਕਾ ਨਿਭਾਈ ਹੈ। ਜੋ ਇਸ ਤੋਂ ਪਹਿਲਾਂ ‘ਲਾਹੌਰੀਏ’, ‘ਅਫ਼ਸਰ’ ਅਤੇ ‘ਚੱਲ ਮੇਰਾ ਪੁੱਤ’ ਫ਼ਿਲਮਾਂ ਵੀ ਕਰ ਚੁੱਕੀ ਹੈ। ਫ਼ਿਲਮ ਦਾ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਹੈ।