ਅੰਗਰੇਜ ਸਿੰਘ ਵਿਰਦੀ
ਪੰਜਾਬੀ ਲੋਕ ਸਾਹਿਤ ਵਿੱਚ ਪ੍ਰੀਤ ਕਥਾਵਾਂ ਨੂੰ ਉੱਚਾ ਮੁਕਾਮ ਹਾਸਲ ਹੈ। ਪਹਿਲਾਂ ਇਹ ਪ੍ਰੀਤ ਕਥਾਵਾਂ ਲੋਕ ਮਨਾਂ ਵਿੱਚ ਸਾਂਭੀਆਂ ਪਈਆਂ ਸਨ, ਫਿਰ ਲੋਕਾਂ ਤੋਂ ਸੁਣ ਕੇ ਪੰਜਾਬੀ ਕਿੱਸਾਕਾਰਾਂ ਨੇ ਇਨ੍ਹਾਂ ਨੂੰ ਕਿੱਸਿਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਸਾਹਮਣੇ ਪੇਸ਼ ਕੀਤਾ। ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ ਅਤੇ ਮਿਰਜ਼ਾ ਸਾਹਿਬਾਂ ਇਹ ਚਾਰ ਮੁੱਖ ਪ੍ਰੀਤ ਕਥਾਵਾਂ ਹਨ ਜਿਨ੍ਹਾਂ ਨੂੰ ਪੰਜਾਬੀ ਕਿੱਸਾਕਾਰਾਂ ਨੇ ਬੇਹੱਦ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਇਨ੍ਹਾਂ ਕਿੱਸਿਆਂ ਵਿਚਲੇ ਵੇਰਵੇ ਵਕਤ ਦੇ ਨਾਲ ਬਦਲਦੇ ਰਹੇ ਅਤੇ ਹਰ ਕਿੱਸੇ ਵਿੱਚ ਉਸ ਸਮੇਂ ਦੇ ਸਮਾਜਿਕ ਅਤੇ ਸੱਭਿਆਚਾਰਕ ਰੰਗ ਉੱਘੜ ਕੇ ਸਾਹਮਣੇ ਆਉਂਦੇ ਰਹੇ। ਪੰਜਾਬੀ ਜ਼ਬਾਨ ਵਿੱਚ ਕਿੱਸਾ ਲਿਖਣ ਦਾ ਮੋਢੀ ਕਿੱਸਾਕਾਰ ਦਮੋਦਰ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਹੀਰ ਦਾ ਕਿੱਸਾ ਲਿਖਿਆ ਸੀ।
ਜੇਕਰ ਗੱਲ ਕੀਤੀ ਜਾਵੇ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ’ਤੇ ਲਿਖੇ ਕਿੱਸਿਆਂ ਬਾਰੇ ਕਿੱਸਾਕਾਰ ਪੀਲੂ ਨੇ ਸਭ ਤੋਂ ਪਹਿਲਾਂ ‘ਮਿਰਜ਼ਾ ਸਾਹਿਬਾਂ’ ਦਾ ਕਿੱਸਾ ਲਿਖਿਆ। ਪੀਲੂ ਤੋਂ ਬਾਅਦ ਹਾਫ਼ਿਜ਼ ਬਰਖੁਰਦਾਰ, ਮੁਹੰਮਦ ਬਖ਼ਸ਼, ਮੀਰਾਂ ਸ਼ਾਹ ਜਲੰਧਰੀ, ਭਗਵਾਨ ਸਿੰਘ, ਦਇਆ ਸਿੰਘ ਅਤੇ ਮੁਹੰਮਦ ਬੂਟਾ ਗੁਜਰਾਤੀ ਨੇ ਵੀ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ’ਤੇ ਖੂਬਸੂਰਤ ਕਿੱਸੇ ਲਿਖੇ। ਪਰ ਕਿੱਸਾਕਾਰ ਪੀਲੂ ਵੱਲੋਂ ਆਪਣੀ ਵਿਲੱਖਣ ਸ਼ੈਲੀ ਵਿੱਚ ਲਿਖੇ ਕਿੱਸੇ ‘ਮਿਰਜ਼ਾ ਸਾਹਿਬਾਂ’ ਨੂੰ ਲੋਕਾਂ ਵਿੱਚ ਸਭ ਤੋਂ ਵੱਧ ਮਕਬੂਲੀਅਤ ਹਾਸਲ ਹੋਈ। ਪੰਜਾਬੀ ਅਦਬ ਵਿੱਚ ਉਸ ਦੀ ਇਸ ਰਚਨਾ ਨੂੰ ਸ਼ਾਹਕਾਰ ਰਚਨਾ ਮੰਨਿਆ ਗਿਆ ਹੈ।
ਦਾਨਾਬਾਦ ਦੇ ਖ਼ਰਲ ਚੌਧਰੀ ਵੰਝਲ ਦਾ ਪੁੱਤਰ ਮਿਰਜ਼ਾ ਅਤੇ ਖੀਵੇ ਦੇ ਸਿਆਲ ਚੌਧਰੀ ਖੀਵੇ ਖਾਨ ਦੀ ਲਾਡਲੀ ਧੀ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ’ਤੇ ਰਚੇ ਇਸ ਕਿੱਸੇ ਦੀ ਖੂਬਸੂਰਤੀ ਨੂੰ ਵੇਖ ਕੇ ਭਾਰਤੀ ਫ਼ਿਲਮਸਾਜ਼ਾਂ ਨੇ ਇਸ ਨੂੰ ਫ਼ਿਲਮੀ ਪਰਦੇ ’ਤੇ ਲੈ ਕੇ ਆਂਦਾ। 1947 ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਬੌਲੀਵੁੱਡ ਫ਼ਿਲਮ ਇੰਡਸਟਰੀ, ਚੜ੍ਹਦੇ ਪੰਜਾਬ (ਭਾਰਤ) ਅਤੇ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਲਾਹੌਰ ਫ਼ਿਲਮ ਇੰਡਸਟਰੀ ਵਿੱਚ ‘ਮਿਰਜ਼ਾ ਸਾਹਿਬਾਂ’ ਦੇ ਇਸ਼ਕ ਦੀ ਦਾਸਤਾਨ ਨੂੰ ਅਨੇਕਾਂ ਵਾਰ ਫ਼ਿਲਮੀ ਪਰਦੇ ’ਤੇ ਉਤਾਰਿਆ ਗਿਆ। ਮੂਕ ਫ਼ਿਲਮਾਂ ਦੇ ਦੌਰ ਵਿੱਚ 1929 ਵਿੱਚ ‘ਕਿੱਸਾ ਮਿਰਜ਼ਾ ਸਾਹਿਬਾਂ’ ਨੂੰ ਪਹਿਲੀ ਵਾਰ ਫ਼ਿਲਮੀ ਪਰਦੇ ’ਤੇ ਵਿਖਾਇਆ ਗਿਆ। ਸ਼ਾਰਧਾ ਫ਼ਿਲਮ ਕੰਪਨੀ ਬੰਬਈ ਦੇ ਬੈਨਰ ਹੇਠ ਬਣੀ ਅਤੇ ਸ਼੍ਰੀ ਭਗਵਤੀ ਪ੍ਰਸ਼ਾਦ ਮਿਸ਼ਰਾ ਵੱਲੋਂ ਨਿਰਦੇਸ਼ਿਤ ਹਿੰਦੀ ਫ਼ਿਲਮ ‘ਮਿਰਜ਼ਾ ਸਾਹਿਬਾਂ’ ਵਿੱਚ ਅਦਾਕਾਰ ਮਾਸਟਰ ਵਿੱਠਲ, ਜ਼ੇਬ ਉਲ ਨਿਸਾ, ਨੰਦਰਾਮ ਅਤੇ ਪੀ.ਆਰ.ਜੋਸ਼ੀ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ।
1933 ਵਿੱਚ ਇੱਕ ਵਾਰ ਫਿਰ ਇਸ ਪ੍ਰੀਤ ਕਹਾਣੀ ਨੂੰ ਫ਼ਿਲਮੀ ਪਰਦੇ ’ਤੇ ਪੇਸ਼ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਮੂਕ ਫ਼ਿਲਮਾਂ ਦਾ ਦੌਰ ਖ਼ਤਮ ਹੋ ਚੁੱਕਾ ਸੀ। 14 ਮਾਰਚ 1931 ਨੂੰ ਹਿੰਦੀ ਫ਼ਿਲਮ ਆਲਮਆਰਾ ਪਹਿਲੀ ਬੋਲਦੀ ਫ਼ਿਲਮ ਵਜੋਂ ਸਿਨੇ ਪਰਦੇ ’ਤੇ ਦਸਤਕ ਦੇ ਚੁੱਕੀ ਸੀ। ਇਸ ਤੋਂ ਬਾਅਦ ਫ਼ਿਲਮਾਂ ਵਿੱਚ ਗੀਤ ਸੰਗੀਤ ਤੇ ਪਰਦੇ ’ਤੇ ਬੋਲਦੇ ਚਿਹਰੇ ਨਜ਼ਰ ਆਉਣ ਲੱਗੇ ਸਨ ਜਿਸ ਨਾਲ ਫ਼ਿਲਮਾਂ ਬਣਾਉਣ ਦੇ ਕਾਰੋਬਾਰ ਵਿੱਚ ਚੋਖਾ ਵਾਧਾ ਦੇਖਣ ਨੂੰ ਮਿਲਿਆ। ਉਸੇ ਦੌਰ ਵਿੱਚ ‘ਮਿਰਜ਼ਾ ਸਾਹਿਬਾਂ’ ਦੇ ਕਿੱਸੇ ਨੂੰ ਹਿੰਦੀ ਜ਼ਬਾਨ ਵਿੱਚ ਫ਼ਿਲਮੀ ਪਰਦੇ ’ਤੇ ਪੇਸ਼ ਕੀਤਾ ਗਿਆ। ਸਾਗਰ ਮੂਵੀਟੋਨ ਬੰਬਈ ਦੀ ਪੇਸ਼ਕਸ਼ ਨਿਰਦੇਸ਼ਕ ਨਾਗੇਂਦਰ ਮਜੂਮਦਾਰ ਵੱਲੋਂ ਨਿਰਦੇਸ਼ਿਤ ਫ਼ਿਲਮ ‘ਮਿਰਜ਼ਾ ਸਾਹਿਬਾਂ’ ਵਿੱਚ ਮਾਸਟਰ ਬੱਛੂ, ਕਮਲਾ ਬਾਈ, ਮਿਸ ਗੁਲਜ਼ਾਰ, ਮਹਬਿੂਬ ਖਾਨ, ਦਿਨਕਰ ਇਸਮਾਈਲ ਅਤੇ ਬੀਬੋ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਇਸ ਫ਼ਿਲਮ ਦਾ ਸੰਗੀਤ ਐੱਸ.ਪੀ.ਰਾਓ ਨੇ ਤਿਆਰ ਕੀਤਾ ਸੀ।
ਸਾਲ 1935 ਵਿੱਚ ਇਸ਼ਕ ਦੀ ਇਸ ਦਾਸਤਾਨ ਨੂੰ ਪੰਜਾਬੀ ਫ਼ਿਲਮ ‘ਇਸ਼ਕ-ਏ-ਪੰਜਾਬ’ ਉਰਫ਼ ‘ਮਿਰਜ਼ਾ ਸਾਹਿਬਾਂ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ। ਕੁਝ ਪੰਜਾਬੀ ਫ਼ਿਲਮੀ ਇਤਿਹਾਸਕਾਰਾਂ ਅਨੁਸਾਰ ਇਸ ਫ਼ਿਲਮ ਨੂੰ ਪੰਜਾਬੀ ਜ਼ਬਾਨ ਵਿੱਚ ਬਣੀ ਪਹਿਲੀ ਬੋਲਦੀ ਫ਼ਿਲਮ ਹੋਣ ਦਾ ਫ਼ਖਰ ਹਾਸਲ ਹੈ। ਹਿੰਦਮਾਤਾ ਸਿਨੇਟੋਨ ਕੰਪਨੀ, ਬੰਬੇ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸਨ ਬੋਮਨ ਸ਼ਰਾਫ਼ ਅਤੇ ਫ਼ਿਲਮ ਵਿੱਚ ਮਿਰਜ਼ਾ ਅਤੇ ਸਾਹਿਬਾਂ ਦੇ ਮੁੱਖ ਕਿਰਦਾਰ ਅਦਾ ਕੀਤੇ ਸਨ ਭਾਈ ਦੇਸਾ ਅਤੇ ਮਿਸ ਖ਼ੁਰਸ਼ੀਦ ਨੇ। ਨਵਾਬ ਖਾਨ ਦੇ ਸੰਗੀਤ ਨਾਲ ਸਜੀ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਜੀ. ਆਰ. ਸੇਠੀ।
ਸਾਲ 1939 ਵਿੱਚ ਮਸ਼ਹੂਰ ਫ਼ਿਲਮ ਕੰਪਨੀ ਸ਼੍ਰੀ ਰਣਜੀਤ ਮੂਵੀਟੋਨ, ਬੰਬੇ ਨੇ ਇਸ ਕਿੱਸੇ ਨੂੰ ਪੰਜਾਬੀ ਫ਼ਿਲਮ ‘ਮਿਰਜ਼ਾ ਸਾਹਿਬਾਂ’ ਜ਼ਰੀਏ ਇੱਕ ਵਾਰ ਫਿਰ ਸਿਨੇ ਪਰਦੇ ’ਤੇ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤਾ। ਨਿਰਮਾਤਾ ਚੰਦੂ ਲਾਲ ਸ਼ਾਹ ਅਤੇ ਨਿਰਦੇਸ਼ਕ ਡੀ. ਐੱਨ. ਮਧੋਕ ਦੀ ਇਸ ਫ਼ਿਲਮ ਵਿੱਚ ਜਿਨ੍ਹਾਂ ਅਦਾਕਾਰਾਂ ਨੇ ਅਦਾਕਾਰੀ ਕੀਤੀ ਸੀ ਉਨ੍ਹਾਂ ਵਿੱਚ ਪ੍ਰਮੁੱਖ ਸਨ ਅਦਾਕਾਰ ਜ਼ਹੂਰ ਰਾਜਾ (ਮਿਰਜ਼ੇ ਦੇ ਕਿਰਦਾਰ ਵਿੱਚ), ਅਦਾਕਾਰਾ ਇਲਾ ਦੇਵੀ (ਸਾਹਿਬਾਂ ਦੇ ਕਿਰਦਾਰ ਵਿੱਚ), ਭਾਗ ਸਿੰਘ, ਮਿਸ ਕਲਿਆਣੀ, ਗੁਲਾਬ, ਗੁਲਜ਼ਾਰ, ਮਾਸਟਰ ਸੁਰੇਸ਼ ਅਤੇ ਬੇਬੀ ਫ਼ਰੀਦਾ। ਇਸ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਸੀ ਮਨੋਹਰ ਕਪੂਰ ਨੇ।
ਸਾਲ 1947 ਵਿੱਚ ਇਸ ਨੂੰ ਇੱਕ ਵਾਰ ਫਿਰ ਫ਼ਿਲਮੀ ਪਰਦੇ ’ਤੇ ਉਤਾਰਿਆ ਗਿਆ। ਬੇਸ਼ੱਕ ਇਹ ਫ਼ਿਲਮ ਬੌਲੀਵੁੱਡ ਦੀ ਫ਼ਿਲਮ ਸੀ, ਪਰ ਇਸ ਫ਼ਿਲਮ ਨਾਲ ਜੁੜੀਆਂ ਲਗਭਗ ਸਾਰੀਆਂ ਫ਼ਿਲਮੀ ਹਸਤੀਆਂ ਪੰਜਾਬੀ ਹੀ ਸਨ। ਫ਼ਿਲਮ ਦੇ ਅਦਾਕਾਰਾਂ ਤੋਂ ਲੈ ਕੇ ਨਿਰਦੇਸ਼ਕ, ਪਟਕਥਾ ਲੇਖਕ, ਗੀਤਕਾਰ, ਸੰਗੀਤਕਾਰ ਸਭ ਪੰਜਾਬ ਨਾਲ ਸਬੰਧਿਤ ਸਨ। ਜਿਸ ਕਰਕੇ ਇਸ ਫ਼ਿਲਮ ਵਿੱਚ ‘ਮਿਰਜ਼ਾ ਸਾਹਿਬਾਂ’ ਦੇ ਕਿੱਸੇ ਨੂੰ ਬੇਹੱਦ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਨਾਮਵਰ ਹਿੰਦੀ ਫ਼ਿਲਮ ਨਿਰਦੇਸ਼ਕ ਕੇ. ਅਮਰਨਾਥ ਵੱਲੋਂ ਇਸ ਫ਼ਿਲਮ ਦੀ ਕਹਾਣੀ ਅਤੇ ਪਟਕਥਾ ਲਿਖੀ ਗਈ ਸੀ, ਇਸ ਦਾ ਨਿਰਦੇਸ਼ਨ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਪਟਕਥਾ ਲਿਖਣ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਸੀ ਕਮਰ ਜਲਾਲਾਬਾਦੀ ਨੇ ਅਤੇ ਅਜ਼ੀਜ ਕਸ਼ਮੀਰੀ ਨੇ ਇਸ ਫ਼ਿਲਮ ਦੇ ਗੀਤ ਵੀ ਲਿਖੇ ਸਨ। ਫ਼ਿਲਮ ਵਿੱਚ ਸਾਹਿਬਾਂ ਦਾ ਕਿਰਦਾਰ ਨੂਰਜਹਾਂ ਨੇ ਅਤੇ ਮਿਰਜ਼ੇ ਦਾ ਕਿਰਦਾਰ ਮਸ਼ਹੂਰ ਅਦਾਕਾਰ ਪ੍ਰਿਥਵੀ ਰਾਜ ਕਪੂਰ ਦੇ ਛੋਟੇ ਭਰਾ ਤ੍ਰਿਲੋਕ ਕਪੂਰ ਨੇ ਨਿਭਾਇਆ ਸੀ। ਖੂਬਸੂਰਤ ਗੀਤ ਸੰਗੀਤ ਨਾਲ ਸ਼ਿੰਗਾਰੀ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਆਜ਼ਾਦੀ ਤੋਂ ਠੀਕ ਪਹਿਲਾਂ ‘ਮਿਰਜ਼ਾ ਸਾਹਿਬਾਂ’ ਦੇ ਇਸ਼ਕ ਦੀ ਦਾਸਤਾਨ ’ਤੇ ਬਣਨ ਵਾਲੀ ਇਹ ਆਖਰੀ ਫ਼ਿਲਮ ਸੀ।
ਵੰਡ ਤੋਂ ਪਹਿਲਾਂ ਲਾਹੌਰ ਸਾਂਝੇ ਪੰਜਾਬ ਦੀ ਰਾਜਧਾਨੀ ਹੋਣ ਦੇ ਨਾਲ ਫ਼ਿਲਮਾਂ ਬਣਾਉਣ ਦਾ ਇੱਕ ਪ੍ਰਮੁੱਖ ਕੇਂਦਰ ਵੀ ਸੀ। 1956 ਵਿੱਚ ਇਸ ਕਿੱਸੇ ’ਤੇ ਆਧਾਰਿਤ ਪਹਿਲੀ ਵਾਰ ਪਾਕਿਸਤਾਨੀ ਉਰਦੂ ਫ਼ਿਲਮ ‘ਮਿਰਜ਼ਾ ਸਾਹਿਬਾਂ’ ਦਾ ਨਿਰਮਾਣ ਕੀਤਾ ਗਿਆ। 25 ਮਈ 1956 ਨੂੰ ਰਿਲੀਜ਼ ਹੋਈ ਇਹ ਫ਼ਿਲਮ ਕੰਪਨੀ ਫ਼ਿਰਦੌਸ ਫ਼ਿਲਮਜ਼ ਵੱਲੋਂ ਤਿਆਰ ਕੀਤੀ ਗਈ ਸੀ। ਇਸ ਦੀ ਨਿਰਮਾਤਰੀ ਬੇਗ਼ਮ ਮਲਿਕ ਸ਼ਰੀਫ਼ ਸੀ ਅਤੇ ਫ਼ਿਲਮ ਦੇ ਨਿਰਦੇਸ਼ਕ ਦਾਊਦ ਚਾਂਦ ਸਨ। ਇਸ ਫ਼ਿਲਮ ਵਿੱਚ ਮਿਰਜ਼ੇ ਦਾ ਕਿਰਦਾਰ ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਅਦਾਕਾਰ ਸੁਧੀਰ ਵੱਲੋਂ ਅਤੇ ਸਾਹਿਬਾਂ ਦਾ ਕਿਰਦਾਰ ਅਦਾਕਾਰਾ ਮੁਸੱਰਤ ਨਜ਼ੀਰ ਵੱਲੋਂ ਅਦਾ ਕੀਤਾ ਗਿਆ ਸੀ।
ਇਸ ਫ਼ਿਲਮ ਤੋਂ ਬਾਅਦ ਏਧਰ ਬੌਲੀਵੁੱਡ ਵਿੱਚ 1957 ਵਿੱਚ ਨਾਮਵਰ ਉਰਦੂ ਨਾਵਲਕਾਰ, ਨਿਰਦੇਸ਼ਕ ਅਤੇ ਫ਼ਿਲਮ ਲੇਖਕ ਸ. ਰਜਿੰਦਰ ਸਿੰਘ ਬੇਦੀ ਵੱਲੋਂ ਪੀਲੂ ਦੇ ਕਿੱਸੇ ’ਤੇ ਲਿਖੀ ਖੂਬਸੂਰਤ ਫ਼ਿਲਮ ‘ਮਿਰਜ਼ਾ ਸਾਹਿਬਾਂ’ ਦਾ ਨਿਰਮਾਣ ਕੀਤਾ ਗਿਆ। ਜੇ.ਕੇ. ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸਰਦੂਲ ਕਵਾਤੜਾ ਅਤੇ ਨਿਰਦੇਸ਼ਕ ਰਵੀ ਕਪੂਰ ਸਨ। ਫ਼ਿਲਮ ਵਿੱਚ ਅਦਾਕਾਰ ਸ਼ਮੀ ਕਪੂਰ ਅਤੇ ਅਦਾਕਾਰਾ ਸ਼ਿਆਮਾ ਦੀ ਖੂਬਸੂਰਤ ਜੋੜੀ ਮਿਰਜ਼ਾ ਸਾਹਿਬਾਂ ਦੇ ਕਿਰਦਾਰ ਵਿੱਚ ਨਜ਼ਰ ਆਈ। ਸਰਦੂਲ ਕਵਾਤੜਾ ਦੇ ਖੂਬਸੂਰਤ ਸੰਗੀਤ ਨਾਲ ਸਜੀ ਇਸ ਫ਼ਿਲਮ ਵਿੱਚ ਮੁਹੰਮਦ ਰਫ਼ੀ, ਲਤਾ ਮੰਗੇਸ਼ਕਰ, ਆਸ਼ਾ ਭੌਸਲੇ ਅਤੇ ਸ਼ਮਸ਼ਾਦ ਬੇਗ਼ਮ ਨੇ ਗੀਤ ਗਾਏ। ਫ਼ਿਲਮ ਵਿੱਚ ਮੁਹੰਮਦ ਰਫ਼ੀ ਵੱਲੋਂ ਗਾਇਆ ਰੂਹ ਨੂੰ ਸਕੂਨ ਦੇਣ ਵਾਲਾ ਪੰਜਾਬੀ ਗੀਤ ਫ਼ਿਲਮ ਦੇ ਸ਼ੁਰੂਆਤ ਵਿੱਚ ਆਉਂਦਾ ਹੈ ਜਿਸ ਦੇ ਬੋਲ ਸਨ “ਨਈ ਰੀਸ ਪੰਜਾਬ ਦੀ, ਬਈ ਕਹਿੰਦੀ ਲਹਿਰ ਚਨਾਬ ਦੀ”।
ਬੌਲੀਵੁੱਡ ਵਿੱਚ ਭਾਵੇਂ ਇਸ ਫ਼ਿਲਮ ਤੋਂ ਬਾਅਦ ਪ੍ਰੀਤ ਗਾਥਾ ’ਤੇ ਹੋਰ ਕੋਈ ਫ਼ਿਲਮ ਗੰਭੀਰਤਾ ਨਾਲ ਨਹੀਂ ਬਣੀ, ਪਰ ਲਾਹੌਰ ਫ਼ਿਲਮ ਇੰਡਸਟਰੀ ਵਿੱਚ ਇਸ ’ਤੇ ਫ਼ਿਲਮਾਂ ਬਣਨੀਆਂ ਬਾਦਸਤੂਰ ਜਾਰੀ ਰਹੀਆਂ। ਸਿਨੇ ਪ੍ਰੇਮੀਆਂ ਨੂੰ ਪੰਜਾਬੀ ਜ਼ਬਾਨ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਖੂਬਸੂਰਤ ਫ਼ਿਲਮਾਂ ਦੇਖਣ ਨੂੰ ਮਿਲੀਆਂ। ਜਿਨ੍ਹਾਂ ਵਿੱਚ ਪਹਿਲੀ ਫ਼ਿਲਮ 24 ਨਵੰਬਰ 1967 ਵਿੱਚ ਰਿਲੀਜ਼ ਹੋਈ ‘ਮਿਰਜ਼ਾ ਜੱਟ’ ਸੀ। ਇਸ ਤੋਂ ਬਾਅਦ ਦੂਸਰੀ ਫ਼ਿਲਮ 11 ਜੂਨ 1982 ਵਿੱਚ ਰਿਲੀਜ਼ ਹੋਈ ‘ਜੱਟ ਮਿਰਜ਼ਾ’ ਅਤੇ ਇਸੇ ਸਾਲ 28 ਨਵੰਬਰ 1982 ਨੂੰ ਤੀਸਰੀ ਫ਼ਿਲਮ ‘ਮਿਰਜ਼ਾ ਜੱਟ’ ਰਿਲੀਜ਼ ਹੋਈ।
24 ਨਵੰਬਰ 1967 ਨੂੰ ਰਿਲੀਜ਼ ਹੋਈ ਅਤੇ ਲਾਹੌਰ ’ਚ ਬਣੀ ਫ਼ਿਲਮ ‘ਮਿਰਜ਼ਾ ਜੱਟ’ ਪੀਲੂ ਦੁਆਰਾ ਰਚੇ ਕਿੱਸੇ ਦੇ ਲਗਭਗ ਹਰ ਪਹਿਲੂ ਨੂੰ ਬੇਹੱਦ ਖੂਬਸੂਰਤੀ ਨਾਲ ਦਿਖਾਉਣ ਵਿੱਚ ਕਾਮਯਾਬ ਹੋਈ। ਠੇਠ ਪੰਜਾਬੀ ਲਹਿਜੇ ਵਿੱਚ ਬੋਲਦੇ ਕਿਰਦਾਰ, ਖੂਬਸੂਰਤ ਸੰਗੀਤ, ਫ਼ਿਲਮ ਦੇ ਹਰ ਅਦਾਕਾਰ ਵੱਲੋਂ ਕੀਤੀ ਬਾਕਮਾਲ ਅਦਾਕਾਰੀ ਅਤੇ ਦਾਨਾਬਾਦ, ਝੰਗ ਦੇ ਇਲਾਕੇ ਦੀਆਂ ਖੂਬਸੂਰਤ ਲੋਕੇਸ਼ਨਾਂ ’ਤੇ ਫ਼ਿਲਮਾਈ ਗਈ ਫ਼ਿਲਮ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ ਅਤੇ ਫ਼ਿਲਮ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ। ਰਾਵੀ ਫ਼ਿਲਮਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਸ਼ੇਖ ਰਸ਼ੀਦ ਹੁਸੈਨ ਅਤੇ ਐੱਸ. ਐੱਮ. ਅਲੀ ਸਨ। ਪੰਜਾਬੀ ਦੇ ਮਸ਼ਹੂਰ ਲੇਖਕ ਅਹਿਮਦ ਰਾਹੀ ਵੱਲੋਂ ਲਿਖੀ ਅਤੇ ਮਸੂਦ ਪ੍ਰਵੇਜ਼ ਵੱਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਅਦਾਕਾਰ ਏਜ਼ਾਜ ਦੁਰਾਨੀ ਨੇ ਮਿਰਜ਼ੇ ਦਾ ਅਤੇ ਫ਼ਿਰਦੌਸ ਬੇਗ਼ਮ ਨੇ ਸਾਹਿਬਾਂ ਦਾ ਕਿਰਦਾਰ ਅਦਾ ਕੀਤਾ ਸੀ। ਸੰਗੀਤਕਾਰ ਰਸ਼ੀਦ ਅਤਰੇ ਦੀਆਂ ਦਿਲਕਸ਼ ਧੁਨਾਂ ਨਾਲ ਸ਼ਿੰਗਾਰੀ ਇਸ ਫ਼ਿਲਮ ਵਿੱਚ ਕੁੱਲ 9 ਗੀਤ ਸ਼ਾਮਲ ਕੀਤੇ ਗਏ ਜੋ ਬੇਹੱਦ ਮਕਬੂਲ ਹੋਏ। ਫ਼ਿਲਮ ਦੀ ਸ਼ੁਰੂਆਤ ਵਿੱਚ ਪੀਲੂ ਵੱਲੋਂ ਰਚਿਤ ਮਿਰਜ਼ੇ ਦੀ ਸੱਦ “ਮੇਰਿਆ ਬੇਲੀਆ, ਮੱਥੇ ਲੇਖ ਲਖੇਦਿਆਂ, ਕੋਈ ਕਰ ਇਸ਼ਕੇ ਦੀ ਗੱਲ” ਨੂੰ ਨੂਰਜਹਾਂ ਜਦੋਂ ਠੇਠ ਪੰਜਾਬੀ ਲਹਿਜੇ ਵਿੱਚ ਗਾਉਂਦੀ ਹੈ ਤਾ ਇੰਜ ਲੱਗਦਾ ਹੈ ਜਿਵੇਂ ਉਹ ਪਾਕ ਰੂਹਾਂ ਦੇ ਸੱਚੇ ਇਸ਼ਕ ਦੀ ਬਾਤ ਪਾ ਰਹੀ ਹੋਵੇ।
ਇਸ ਫ਼ਿਲਮ ਤੋਂ ਲਗਭਗ 15 ਸਾਲ ਬਾਅਦ ਲਾਹੌਰ ਫ਼ਿਲਮ ਇੰਡਸਟਰੀ ਵਿੱਚ 1982 ਵਿੱਚ ਇਸ ਪ੍ਰੀਤ ਗਾਥਾ ’ਤੇ ਦੋ ਹੋਰ ਪੰਜਾਬੀ ਫ਼ਿਲਮਾਂ ਬਣੀਆਂ। ਪਹਿਲੀ ਫ਼ਿਲਮ ਜੋ 11 ਜੂਨ 1982 ਨੂੰ ਰਿਲੀਜ਼ ਹੋਈ, ਉਹ ਸੀ ‘ਜੱਟ ਮਿਰਜ਼ਾ’। ਇਸ ਵਿੱਚ ਪੰਜਾਬੀ ਫ਼ਿਲਮਾਂ ਦੀ ਸੁਪਰਸਟਾਰ ਅਦਾਕਾਰਾ ਅੰਜੁਮਨ ਨੇ ਸਾਹਿਬਾਂ ਦਾ ਕਿਰਦਾਰ ਅਤੇ ਮਸ਼ਹੂਰ ਅਦਾਕਾਰ ਯੂਸਫ਼ ਖਾਨ ਨੇ ਮਿਰਜ਼ੇ ਦਾ ਕਿਰਦਾਰ ਅਦਾ ਕੀਤਾ। ਤਨਵੀਰ ਕਾਜ਼ਮੀ ਦੁਆਰਾ ਲਿਖੀ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਜਹਾਂਗੀਰ ਕੈਸਰ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਉਸਤਾਦ ਦਾਮਨ, ਜੀ.ਏ.ਚਿਸ਼ਤੀ ਅਤੇ ਸਾਜਨ ਬਾਗਬਾਨਪੁਰੀ ਦੇ ਲਿਖੇ ਗੀਤਾਂ ਨੂੰ ਸੰਗੀਤ ਵਿੱਚ ਪ੍ਰੋਰਿਆ ਸੀ ਸੰਗੀਤਕਾਰ ਮਾਸਟਰ ਅਬਦੁੱਲਾ ਨੇ।
ਦੂਸਰੀ ਫ਼ਿਲਮ 28 ਸਤੰਬਰ 1982 ਨੂੰ ਰਿਲੀਜ਼ ਹੋਈ। ਬਾਹੂ ਫ਼ਿਲਮਜ਼ ਦੇ ਬੈਨਰ ਹੇਠ ਬਣਨ ਵਾਲੀ ਫ਼ਿਲਮ ‘ਮਿਰਜ਼ਾ ਜੱਟ’ ਦੀ ਕਹਾਣੀ ਅਤੇ ਪਟਕਥਾ ਲਿਖੀ ਸੀ ਅਹਿਮਦ ਰਾਹੀ ਨੇ ਅਤੇ ਫ਼ਿਲਮ ਦੇ ਨਿਰਦੇਸ਼ਕ ਸਨ ਮਸੂਦ ਪ੍ਰਵੇਜ਼। ਇਸ ਫ਼ਿਲਮ ਦਾ ਖੂਬਸੂਰਤ ਸੰਗੀਤ ਖਵਾਜ਼ਾ ਖੁਰਸ਼ੀਦ ਅਨਵਰ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਫ਼ਿਲਮ ਦੇ ਸਿਤਾਰਿਆਂ ਵਿੱਚ ਅਦਾਕਾਰ ਸ਼ਾਹਿਦ ਨੇ ਮਿਰਜ਼ੇ ਦਾ ਅਤੇ ਅਦਾਕਾਰਾ ਖਾਨੁਮ ਨੇ ਸਾਹਿਬਾਂ ਦਾ ਕਿਰਦਾਰ ਅਦਾ ਕੀਤਾ ਸੀ।
ਵੰਡ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਲਹਿੰਦੇ ਪੰਜਾਬ ਵਿੱਚ ਰਹਿ ਜਾਣ ਕਰਕੇ ਚੜ੍ਹਦੇ ਪੰਜਾਬ ਦੀ ਪੰਜਾਬੀ ਫ਼ਿਲਮ ਇੰਡਸਟਰੀ ਡਾਂਵਾਡੋਲ ਹੀ ਰਹੀ। ਚੜ੍ਹਦੇ ਪੰਜਾਬ ਅਤੇ ਬੌਲੀਵੁੱਡ ਵਿੱਚ ਮੀਲਾਂ ਦੀ ਦੂਰੀ ਅਤੇ ਸੱਭਿਆਚਾਰਕ ਵਖਰੇਵੇ ਕਰਕੇ ਲਾਹੌਰ ਫ਼ਿਲਮ ਇੰਡਸਟਰੀ ਵਾਲੀ ਗੱਲ ਨਾ ਬਣੀ। 1948 ਤੋਂ ਬਾਅਦ ਇੱਧਰਲੇ ਪੰਜਾਬ ਵਿੱਚ ਪੰਜਾਬ ਦੀਆਂ ਪ੍ਰੀਤ ਗਾਥਾਵਾਂ ’ਤੇ ਬਹੁਤ ਘੱਟ ਫ਼ਿਲਮਾਂ ਬਣੀਆਂ, ਜੋ ਬਣੀਆਂ ਵੀ ਉਹ ਵੀ ਨੀਵੇਂ ਪੱਧਰ ਦੀਆਂ ਹੋਣ ਕਰਕੇ ਅਤੇ ਕਲਾਕਾਰਾਂ ਦੀ ਪੰਜਾਬੀ ਜ਼ੁਬਾਨ ’ਤੇ ਬਹੁਤੀ ਪਕੜ ਨਾ ਹੋਣ ਦੀ ਵਜ੍ਹਾ ਕਰਕੇ ਵਧੀਆ ਪ੍ਰਭਾਵ ਨਾ ਛੱਡ ਸਕੀਆਂ। 1990ਵਿਆਂ ਦੇ ਦੌਰ ਵਿੱਚ ਜਦੋਂ ਪੰਜਾਬੀ ਫ਼ਿਲਮਾਂ ’ਤੇ ਜੱਟਵਾਦ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਤਾਂ ਇਸ ਦੌਰਾਨ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੀ ਦਾਸਤਾਨ ’ਤੇ ਇਕਲੌਤੀ ਫ਼ਿਲਮ ਬਣਾਈ ਗਈ ‘ਮਿਰਜ਼ਾ ਜੱਟ’। 1992 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ ਸਨ ਸੁੱਖੀ ਅਕਲੀਆ ਅਤੇ ਰੁਪਿੰਦਰ ਗਿੱਲ। ਰਵਿੰਦਰ ਰਵੀ ਵੱਲੋਂ ਲਿਖੀ ਗਈ ਇਸ ਫ਼ਿਲਮ ਦੇ ਨਿਰਦੇਸ਼ਕ ਵੀ ਰਵਿੰਦਰ ਰਵੀ ਹੀ ਸਨ। ਅਦਾਕਾਰ ਗੁੱਗੂ ਗਿੱਲ ਨੇ ਇਸ ਫ਼ਿਲਮ ਵਿੱਚ ਮਿਰਜ਼ੇ ਦਾ ਅਤੇ ਅਦਾਕਾਰਾ ਮਨਜੀਤ ਕੁਲਾਰ ਨੇ ਸਾਹਿਬਾਂ ਦਾ ਰੋਲ ਅਦਾ ਕੀਤਾ ਸੀ। ਕਿੱਸਾ ਮਿਰਜ਼ਾ ਸਾਹਿਬਾਂ ਦੀ ਝਲਕ ਇਸ ਫ਼ਿਲਮ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਈ। ਕਿੱਸਾਕਾਰ ਪੀਲੂ ਵੱਲੋਂ ਰਚੇ ਕਿੱਸੇ ਦੀ ਖੂਬਸੂਰਤੀ ਨੂੰ ਬਿਆਨ ਕਰਨ ਵਿੱਚ ਇਹ ਫ਼ਿਲਮ ਨਾਕਾਮ ਸਾਬਤ ਹੋਈ।
ਸਾਲ 2002 ਵਿੱਚ ਪੰਜਾਬੀ ਫ਼ਿਲਮ ‘ਜੀ ਆਇਆ ਨੂੰ’ ਦੇ ਸੁਪਰ ਹਿੱਟ ਹੋਣ ਤੋਂ ਬਾਅਦ ਜਦੋਂ ਪੰਜਾਬੀ ਸਿਨਮਾ ਦਾ ਬਿਹਤਰੀਨ ਦੌਰ ਸ਼ੁਰੂ ਹੋਇਆ ਤਾਂ ਪੌਲੀਵੁੱਡ ਵਿੱਚ ਪੰਜਾਬੀ ਫ਼ਿਲਮਾਂ ਬਣਨ ਦੀ ਰਫ਼ਤਾਰ ਵਿੱਚ ਚੋਖਾ ਵਾਧਾ ਹੋਇਆ। ਇਸੇ ਦੌਰਾਨ 2012 ਵਿੱਚ ਬਲਜੀਤ ਸਿੰਘ ਦਿਓ ਨੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਨੂੰ ਆਧਾਰ ਬਣਾ ਕੇ ਇੱਕ ਫ਼ਿਲਮ ਲਿਖੀ ‘ਮਿਰਜ਼ਾ ਦਾ ਅਨਟੋਲਡ ਸਟੋਰੀ’। 06 ਅਪਰੈਲ 2012 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਫ਼ਿਲਮ ਨੇ ਅਪਾਰ ਸਫਲਤਾ ਹਾਸਲ ਕੀਤੀ। ਇਸ ਫ਼ਿਲਮ ਵਿੱਚ ਮਿਰਜ਼ੇ ਦਾ ਰੋਲ ਗਿੱਪੀ ਗਰੇਵਾਲ ਨੇ ਅਤੇ ਸਾਹਿਬਾਂ ਦਾ ਰੋਲ ਮੈਂਡੀ ਤੱਖੜ ਨੇ ਅਦਾ ਕੀਤਾ ਸੀ। ਪੁਰਾਣੇ ਸਮੇਂ ਦੇ ਮਿਰਜ਼ਾ ਸਾਹਿਬਾਂ ਦੀ ਅਸਲ ਜ਼ਿੰਦਗੀ ਨੂੰ ਪੇਸ਼ ਨਾ ਕਰਦੀ ਹੋਈ ਇਸ ਫ਼ਿਲਮ ਨੂੰ ਆਧੁਨਿਕ ਸਮੇਂ ਵਿੱਚ ਮਿਰਜ਼ਾ ਸਾਹਿਬਾਂ ਦੇ ਇਸ਼ਕ ਦੇ ਨਾਲ ਨਾਲ ਕੈਨੇਡਾ ਵਰਗੇ ਮੁਲਕ ਵਿੱਚ ਗੈਂਗਵਾਰ ਦੇ ਇਰਦ ਗਿਰਦ ਘੁੰਮਦੀ ਵਿਖਾਇਆ ਗਿਆ ਜਿਸ ਵਿੱਚ ਮਿਰਜ਼ਾ ਵੀ ਗੈਂਗਸਟਰ ਹੁੰਦਾ ਹੈ ਤੇ ਸਾਹਿਬਾਂ ਦਾ ਭਰਾ ਅਦਾਕਾਰ ਰਾਹੁਲ ਦੇਵ ਵੀ ਗੈਂਗਸਟਰ ਹੀ ਹੁੰਦਾ ਹੈ। ਦੋਵਾਂ ਵਿੱਚ ਦੁਸ਼ਮਣੀ ਦੇ ਚੱਲਦਿਆ ਗੈਂਗਵਾਰ ਨੂੰ ਵਿਖਾਇਆ ਗਿਆ ਹੈ।
ਇਸ ਫ਼ਿਲਮ ਤੋਂ ਬਾਅਦ ਮਿਰਜ਼ਾ ਸਾਹਿਬਾਂ ਦੀ ਮੂਲ ਕਹਾਣੀ ਨੂੰ ਆਧਾਰ ਬਣਾ ਕੇ ਗੀਤਕਾਰ ਲੇਖਕ ਅਤੇ ਨਿਰਦੇਸ਼ਕ ਗੁਲਜ਼ਾਰ ਵੱਲੋਂ ਵੀ ਇੱਕ ਹਿੰਦੀ ਫ਼ਿਲਮ ‘ਮਿਰਜ਼ਿਆ’ ਦੀ ਕਹਾਣੀ ਲਿਖੀ ਗਈ। 07 ਅਕਤੂਬਰ 2016 ਨੂੰ ਰਿਲੀਜ਼ ਹੋਈ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਦੀ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ ਨਵੇਂ ਅਦਾਕਾਰ ਹਰਸ਼ਵਰਧਨ ਕਪੂਰ ਅਤੇ ਅਦਾਕਾਰਾ ਸ਼ਿਆਮੀ ਖ਼ੈਰ ਨੇ। ਰਾਜਸਥਾਨ ਦੀ ਪਿੱਠਭੂਮੀ ’ਤੇ ਬਣਾਈ ਅਤੇ ਪੰਜਾਬ ਤੋਂ ਕੋਹਾਂ ਦੂਰ ਇਸ ਫ਼ਿਲਮ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਜਿਸ ਨੂੰ ਵੇਖ ਕੇ ਉਸ ਵਿੱਚ ਪੰਜਾਬ ਦੀ ਇਸ ਪ੍ਰਸਿੱਧ ਲੋਕ ਦਾਸਤਾਨ ਅਤੇ ਪੀਲੂ ਦੇ ਕਿੱਸੇ ਦੇ ਦੀਦਾਰ ਹੋ ਸਕਣ।
ਸੰਪਰਕ: 94646-48857