ਗੁਰਬਿੰਦਰ ਸਿੰਘ ਮਾਣਕ
ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ, ‘ਸੂਰਜੁ ਏਕੋ ਰੁਤਿ ਅਨੇਕ।।’’ ਕੁਦਰਤ ਦੇ ਵਰਤਾਰੇ ਵਿੱਚ ਇਹ ਅਲੋਕਾਰ ਗੱਲ ਹੈ ਕਿ ਰੁੱਤਾਂ ਤੇ ਮੌਸਮ ਬਦਲਦੇ ਰਹਿੰਦੇ ਹਨ, ਪਰ ਸ਼ਕਤੀ ਦਾ ਸੋਮਾ ਸੂਰਜ ਇੱਕ ਹੀ ਰਹਿੰਦਾ ਹੈ। ਕਦੇ ਗਰਮੀ, ਕਦੇ ਸਰਦੀ, ਕਦੇ ਬਸੰਤ, ਕਦੇ ਬਰਸਾਤ ਤੇ ਕਦੇ ਪੱਤਝੜ ਦੀਆਂ ਰੁੱਤਾਂ ਨੇ ਧਰਤੀ ਦੇ ਇਸ ਖਿੱਤੇ ਉੱਤੇ ਨਿਵੇਕਲੇ ਰੰਗ ਬਿਖੇਰੇ ਹੋਏ ਹਨ। ਮਨੁੱਖ ਇਨ੍ਹਾਂ ਰਾਂਗਲੀਆਂ ਰੁੱਤਾਂ ਦੇ ਰੰਗ ਮਾਣਦਾ, ਕੁਦਰਤ ਦੇ ਆਚੰਭਿਤ ਵਰਤਾਰੇ ਅੱਗੇ ਸਿਰ ਝੁਕਾਉਂਦਾ ਹੈ। ਸੂਰਜ ਤਾਂ ਇੱਕ ਹੀ ਹੈ, ਪਰ ਸੰਸਾਰ ਦੇ ਵੱਖ ਵੱਖ ਖਿੱਤਿਆਂ ਵਿੱਚ ਵੱਖਰੀਆਂ ਰੁੱਤਾਂ ਤੇ ਮੌਸਮ ਹਨ। ਕਿਤੇ ਅੰਤਾਂ ਦੀ ਬਰਫ਼ਬਾਰੀ ਨਾਲ ਧਰਤੀ ਕੱਜੀ ਜਾਂਦੀ ਹੈ, ਕਿਤੇ ਕਹਿਰਾਂ ਦੀ ਗਰਮੀ ਤੇ ਹੁੰਮਸ ਤਨ ਮਨ ਨੂੰ ਸਾੜਦਾ ਹੈ, ਕਿਤੇ ਵਰਖਾ ਦੀ ਰੁੱਤ ਤਨ ਮਨ ਨੂੰ ਸਰਸ਼ਾਰ ਕਰਦੀ ਹੈ। ਪੰਜ ਪਾਣੀਆਂ ਦੀ ਧਰਤੀ ਪੰਜਾਬ ਦੇ ਖਿੱਤੇ ਵਿੱਚ ਵਸੇ ਬਸ਼ਿੰਦਿਆਂ ਨੂੰ ਕੁਦਰਤ ਨੇ ਸਾਰੀਆਂ ਰੁੱਤਾਂ ਨਾਲ ਨਿਵਾਜਿਆ ਹੋਇਆ ਹੈ। ਹਰ ਰੁੱਤ ਹੀ ਨਿਵੇਕਲੇ ਰੰਗਾਂ ਵਿੱਚ ਰੰਗੀ ਹੋਈ, ਮਨੁੱਖੀ ਜੀਵਨ ਨੂੰ ਵੱਖਰੇ ਨਜ਼ਾਰੇ ਬਖ਼ਸ਼ਦੀ ਹੈ।
ਇਸ ਧਰਤੀ ਦੇ ਵਾਸੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਾਰਨ ਇਸ ਖਿੱਤੇ ਵਿੱਚ ਬਰਸਾਤ ਦੀ ਰੁੱਤ ਦੀ ਭਰਵੀਂ ਉਡੀਕ ਕੀਤੀ ਜਾਂਦੀ ਹੈ। ਸਾਵਣ ਦੇ ਮਹੀਨੇ ਨੂੰ ਮੁੱਖ ਤੌਰ ’ਤੇ ਬਰਸਾਤ ਦਾ ਮਹੀਨਾ ਮੰਨਿਆ ਜਾਂਦਾ ਹੈ। ਜੇਠ-ਹਾੜ੍ਹ ਦੀਆਂ ਤਪਦੀਆਂ ਧੁੱਪਾਂ, ਵਗਦੀਆਂ ਲੋਆਂ, ਔੜ ਕਾਰਨ ਝੁਲਸੀਆਂ ਫ਼ਸਲਾਂ ਤੇ ਹੁੰਮਸ ਭਰੀ ਗਰਮੀ ਤੋਂ ਅੱਕੇ ਹੋਏ ਲੋਕ ਕੁਦਰਤ ਅੱਗੇ ਜੋਦੜੀਆਂ ਕਰਦੇ ਹਨ ਕਿ ਹੁਣ ਮੀਂਹ ਪਾ ਕੇ ਸੜਦੀ ਧਰਤੀ ਤੇ ਧਰਤੀ ਦੇ ਜੀਵਾਂ ਨੂੰ ਨਿਹਾਲ ਕਰ ਦਿਓ। ਮਨੁੱਖ, ਪਸ਼ੂ ਪੰਛੀ ਸਾਰੇ ਗਰਮੀ ਤੋਂ ਬਚਣ ਲਈ ਭਰਵੇਂ ਰੁੱਖਾਂ ਦੀਆਂ ਛਾਵਾਂ ਹੇਠ ਹੀ ਤਿੱਖੜ ਦੁਪਹਿਰੇ ਕੱਟਦੇ ਹਨ। ਮੀਂਹ ਵਰ੍ਹਦੇ ਤਾਂ ਫ਼ਸਲਾਂ ਦੇ ਭਰਪੂਰ ਹੋਣ ਦੀ ਆਸ ਬੱਝ ਜਾਂਦੀ ਹੈ। ਇਸੇ ਕਾਰਨ ਹੀ ਜਦੋਂ ਸਾਉਣ ਦਾ ਮਹੀਨਾ ਚੜ੍ਹਦਾ ਹੈ ਤਾਂ ਲੋਕਾਂ ਨੂੰ ਆਸ ਬੱਝਦੀ ਹੈ ਕਿ ਹੁਣ ਬਰਸਾਤ ਆਪਣਾ ਰੰਗ ਦਿਖਾਏਗੀ ਤੇ ਤਪਦੇ ਤਨ-ਮਨ ਨੂੰ ਠੰਢਾ-ਠਾਰ ਕਰੇਗੀ।
ਗੁਰੂੁ ਗ੍ਰੰਥ ਸਾਹਿਬ ਵਿੱਚ ਵੀ ਬਾਰਹ ਮਾਹ ਬਾਣੀ ਵਿੱਚ ਗੁਰੂ ਸਾਹਿਬਾਨ ਨੇ ਦੇਸੀ ਮਹੀਨਿਆਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿੱਚ ਅਤੇ ਗੁਰੂ ਅਰਜਨ ਦੇਵ ਜੀ ਨੇ ਰਾਗ ਮਾਝ ਵਿੱਚ ਬਾਰਹ ਮਾਹ ਦੀ ਰਚਨਾ ਕੀਤੀ ਹੈ। ਸੰਗਰਾਂਦ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਵੱਲੋਂ ਰਚੇ ਬਾਰਹ ਮਾਹ ਦਾ ਪਾਠ ਹੀ ਕੀਤਾ ਜਾਂਦਾ ਹੈ। ਸਾਵਣ ਮਹੀਨੇ ਸਬੰਧੀ ਗੁਰੂੁ ਅਰਜਨ ਦੇਵ ਜੀ ਦਾ ਫੁਰਮਾਨ ਹੈ;
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ।।
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ।।
ਬਿਖਿਆ ਰੰਗ ਕੂੜਾਵਿਆ ਦਿਸਿਨ ਸਭੇ ਛਾਰ।।
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ।।
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰੰਮ੍ਰਥ ਪੁਰਖ ਅਪਾਰੁ।।
ਗੁਰੂ ਸਾਹਿਬ ਸਾਵਣ ਮਹੀਨੇ ਵਿੱਚ ਵਰਖਾ ਦੀ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਵਰਖਾ ਨਾਲ ਹਰ ਪਾਸੇ ਹਰਿਆਲੀ ਛਾ ਜਾਂਦੀ ਹੈ ਤੇ ਤਪਦੇ ਮਨਾਂ ਨੂੰ ਠੰਢਕ ਦਾ ਅਨੁਭਵ ਹੁੰਦਾ ਹੈ, ਬਿਲਕੁਲ ਇਸੇ ਤਰ੍ਹਾਂ ਹੀ ਪ੍ਰਭੂ ਦੇ ਨਾਮ ਦੀ ਆਤਮਕ ਬੂੰਦ ਦਾ ਅਨੁਭਵ ਕਰਕੇ ਜੀਵ ਦਾ ਮਨ ਤ੍ਰਿਪਤ ਹੋ ਜਾਂਦਾ ਹੈ। ਇਹ ਮਹੀਨਾ ਉਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤਰੀਆਂ ਦੇ ਮਨ ਵਿੱਚ ਖੇੜਾ ਲੈ ਆਉਂਦਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲ ਵਿੱਚ ਰੱਬ ਦੇ ਨਾਂ ਦਾ ਹਾਰ ਪਾਇਆ ਹੋਇਆ ਹੈ। ਬਾਰਹ ਮਾਹਾ ਵਿੱਚ ਗੁਰੂ ਨਾਨਕ ਦੇਵ ਜੀ ਵੀ ਅਜਿਹੇ ਵਿਚਾਰਾਂ ਦਾ ਹੀ ਫੁਰਮਾਨ ਕਰਦੇ ਹਨ। ਸੁਹਾਗਣ ਔਰਤਾਂ ਦੇ ਕਈ ਤਿਉਹਾਰ ਇਸ ਮਹੀਨੇ ਆਉਂਦੇ ਹਨ। ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋਣ ਕਾਰਨ ਔਰਤਾਂ ਹਰੇ ਵਸਤਰ ਤੇ ਹਰੀਆਂ ਚੂੜੀਆਂ ਪਾਉਂਦੀਆਂ ਹਨ। ਜੇਠ-ਹਾੜ੍ਹ ਦੀ ਵਰ੍ਹਦੀ ਅੱਗ ਤੋਂ ਬਾਅਦ ਸਾਉਣ ਮਹੀਨੇ ਦੀਆਂ ਫੁਹਾਰਾਂ ਮਨਾਂ ਵਿੱਚ ਖੁਸ਼ੀਆਂ ਤੇ ਖੇੜਿਆਂ ਦਾ ਸੰਚਾਰ ਕਰਦੀਆਂ ਹਨ ਤੇ ਮਨ ਮਚਲ ਉੱਠਦਾ ਹੈ।
ਪੰਜਾਬੀ ਜਨ-ਜੀਵਨ ਵਿੱਚ ਸਾਉਣ ਦੀ ਰੁੱਤ ਦਾ ਵਿਸ਼ੇਸ਼ ਮਹੱਤਵ ਹੈ। ਖੇਤੀਬਾੜੀ ਦਾ ਸਭਿਆਚਾਰ ਹੋਣ ਕਾਰਨ ਹਰ ਕੋਈ ਬਰਸਾਤ ਦੇ ਮੌਸਮ ਦੀ ਬੇਸਬਰੀ ਨਾਲ ਉਡੀਕ ਕਰਦਾ ਹੈ। ਵਰਖਾ ਕੇਵਲ ਮਨੁੱਖੀ ਤਨ ਮਨ ਨੂੰ ਹੀ ਨਹੀਂ ਠਾਰਦੀ, ਸਗੋਂ ਪੂਰੀ ਕਾਇਨਾਤ ਹੀ ਇਸ ਆਪਾਰ ਬਖ਼ਸ਼ਿਸ਼ ਨਾਲ ਖੇੜੇ ਵਿੱਚ ਆ ਜਾਂਦੀ ਹੈ। ਉਨ੍ਹਾਂ ਸਮਿਆਂ ਵਿੱਚ ਸਿੰਚਾਈ ਦੇ ਅੱਜ ਵਰਗੇ ਸਾਧਨਾਂ ਦੀ ਅਣਹੋਂਦ ਕਾਰਨ ਸਭ ਕੁਝ ਰੱਬੀ ਮਿਹਰ ’ਤੇ ਹੀ ਨਿਰਭਰ ਸੀ। ਜੇ ਕਦੇ ਬਰਸਾਤ ਨਾ ਹੁੰਦੀ ਤਾਂ ਲੋਕ ਅਰਦਾਸਾਂ ਕਰਦੇ ‘‘ਰੱਬਾ! ਰੱਬਾ! ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।’’ ਖੇਤੀ ਦਾ ਤਾਂ ਸਾਰਾ ਦਾਰੋਮਦਾਰ ਹੀ ਬਰਸਾਤ ’ਤੇ ਨਿਰਭਰ ਸੀ। ਕਿਸਾਨ ਖੂਹਾਂ ਨਾਲ ਫ਼ਸਲਾਂ ਸਿੰਜਦੇ, ਪਰ ਹਰ ਕੋਈ ਮੀਂਹ ਦੀ ਉਡੀਕ ਕਰਦਾ। ਲੋਕ ਗੀਤਾਂ ਵਿੱਚ ਵੀ ਅਜਿਹੇ ਭਾਵਾਂ ਦੀ ਤਰਜਮਾਨੀ ਹੋਈ ਹੈ:
ਸਾਉਣ ਮਹੀਨਾ ਭਾਗੀਂ ਭਰਿਆ
ਠੰਢੀਆਂ ਵਗਣ ਹਵਾਵਾਂ।
ਧੰਨਭਾਗ ਦੁਨੀਆ ਦੇ
ਖੇਤੀਂ ਆਈਆਂ ਬਹਾਰਾਂ।
ਕੁਦਰਤ ਦੇ ਇਸ ਵਰਤਾਰੇ ਵਿੱਚ ਬਹੁਤ ਅਨਿਸ਼ਚਤਤਾ ਹੈ, ਇਹ ਪੁਰਾਣੇ ਸਮਿਆਂ ਵਿੱਚ ਵੀ ਸੀ ਤੇ ਅੱਜ ਵੀ ਹੈ। ਹੁਣ ਤਾਂ ਭਰਵੀਂ ਬਰਸਾਤ ਕਦੇ ਕਦੇ ਹੀ ਹੁੰਦੀ ਹੈ, ਪਰ ਮਨੁੱਖੀ ਗਲਤੀਆਂ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਕਈ ਵਾਰ ਬਹੁਤ ਸਖ਼ਤ ਸੋਕਾ ਪੈ ਜਾਂਦਾ ਹੈ ਤਾਂ ਫਸਲਾਂ ਵੀ ਝੁਲਸ ਜਾਂਦੀਆਂ ਹਨ, ਫਿਰ ਲੋਕ ਬੇਵੱਸ ਹੋ ਜਾਂਦੇ ਹਨ। ਮਾਲਵੇ ਦੀ ਇੱਕ ਲੋਕ-ਬੋਲੀ ਵਿੱਚ ਅਜਿਹਾ ਵਰਣਨ ਮਿਲਦਾ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਚੀਮਾ
ਸਾਉਣ ਮਹੀਨੇ ਮੀਂਹ ਨਾ ਪੈਂਦਾ ਸੁੱਕੀਆਂ ਵਗਣ ਜ਼ਮੀਨਾਂ
ਤੂੜੀ ਖਾ ਖਾ ਬਲਦ ਹਾਰ ਗਏ ਗੱਭਰੂ ਗਿੱਝ ਗਏ ਫੀਮਾਂ
ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ।
ਸਾਉਣੀ ਦੀ ਰੁੱਤੇ ਮੱਕੀ ਦੇ ਨਾਲ ਖਰਬੂਜ਼ੇ, ਹਦਵਾਣੇ, ਤਰਾਂ ਤੇ ਘਰ ਦੀ ਵਰਤੋਂ ਲਈ ਸਬਜ਼ੀਆਂ ਬੀਜੀਆਂ ਜਾਂਦੀਆਂ। ਦੁਪਹਿਰਾਂ ਨੂੰ ਛੱਲੀਆਂ ਭੁੰਨ ਕੇ ਚੱਬਣੀਆਂ ਤੇ ਘਰ ਦੀ ਚਾਟੀ ਦੀ ਲੱਸੀ ਪੀ ਕੇ ਹੀ ਡੰਗ ਸਾਰ ਲੈਣਾ। ਉਨ੍ਹਾਂ ਸਮਿਆਂ ਵਿੱਚ ਬਹੁਤ ਹੱਦ ਤੱਕ ਘਰ ਕੱਚੇ ਹੀ ਹੁੰਦੇ ਸਨ। ਬਰਸਾਤਾਂ ਦੇ ਦਿਨੀਂ ਜੇ ਝੜੀ ਲੱਗ ਜਾਣੀ ਤਾਂ ਕੋਠੇ ਚੋਣ ਲੱਗ ਜਾਣੇ। ਕਈ ਵਾਰ ਵਰ੍ਹਦੇ ਮੀਂਹ ਵਿੱਚ ਹੀ ਘਰ ਦੀਆਂ ਸੁਆਣੀਆਂ ਨੇ ਕੋਠੇ ’ਤੇ ਜਾ ਕੇ ਬਨੇਰੇ ਦੇ ਨਾਲ ਨਾਲ ਹੱਥ ਫੇਰਨਾ ਤਾਂ ਕਿ ਛੱਤ ਦੀਆਂ ਤਰੇੜਾਂ ਆਦਿ ਵਿੱਚ ਮਿੱਟੀ ਭਰ ਜਾਏ ਤੇ ਛੱਤ ਨਾ ਚੋਵੇ। ਜੇ ਮੀਂਹ ਵਧੇਰੇ ਹੋਣੇ ਤਾਂ ਇਹ ਸਿਲਸਿਲਾ ਕਈ ਦਿਨਾਂ ਤੱਕ ਚੱਲਦਾ ਰਹਿੰਦਾ। ਜੀਵਨ ਔਕੜਾਂ ਤੇ ਦੁਸ਼ਵਾਰੀਆਂ ਨਾਲ ਭਰ ਜਾਂਦਾ। ਚੁੱਲ੍ਹਾ-ਚੌਕਾ ਤੇ ਬਾਲਣ ਵੀ ਭਿੱਜ ਜਾਣ ਕਾਰਨ ਘਰ ਦੀਆਂ ਸੁਆਣੀਆਂ ਲਈ ਰੋਟੀ-ਟੁੱਕ ਕਰਨਾ ਡਾਢਾ ਔਖਾ ਹੋ ਜਾਂਦਾ। ਪਸ਼ੂਆਂ ਦੇ ਪੱਠੇ-ਦੱਥੇ ਵੀ ਵਰ੍ਹਦੇ ਮੀਂਹਾਂ ਤੇ ਖੜ੍ਹੇ ਪਾਣੀਆਂ ਵਿੱਚੋਂ ਵੱਢ ਕੇ ਲਿਆਉਣੇ ਪੈਂਦੇ। ਇਸ ਦੇ ਬਾਵਜੂਦ ਲੋਕ ਮੀਂਹ ਨੂੰ ਕੁਦਰਤ ਦਾ ਵਰਦਾਨ ਸਮਝਦੇ ਤੇ ਕਾਦਰ ਅੱਗੇ ਸਿਰ ਝੁਕਾਅ ਕੇ ਸ਼ੁਕਰਾਨਾ ਅਦਾ ਕਰਦੇ।
ਸਾਵਣ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ। ਇਹ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੁੰਨਿਆ ਤੱਕ ਚੱਲਦੀਆਂ ਹਨ। ਨਵੀਆਂ ਵਿਆਹੀਆਂ ਮੁਟਿਆਰਾਂ ਸਾਉਣ ਕੱਟਣ ਲਈ ਪੇਕਿਆਂ ਦੇ ਘਰ ਆਉਂਦੀਆਂ। ਸਹੇਲੀਆਂ ਨੂੰ ਮਿਲਣ ਦਾ ਚਾਅ ਸਾਂਭਿਆ ਨਾ ਜਾਂਦਾ। ਰੁੱਖਾਂ ਨਾਲ ਪੀਘਾਂ ਪੈਂਦੀਆਂ ਤੇ ਗਿੱਧੇ ਦਾ ਪਿੜ ਬੱਝਦਾ। ਹੱਥਾਂ ’ਤੇ ਮਹਿੰਦੀ, ਰੰਗ-ਬਿਰੰਗੀਆਂ ਚੂੜੀਆਂ ਚੜ੍ਹਾ ਕੇ ਪੂਰਾ ਹਾਰ-ਸ਼ਿੰਗਾਰ ਕਰਕੇ ਮੁਟਿਆਰਾਂ ਪੂਰੀ ਸੱਜ-ਧੱਜ ਨਾਲ ਸਖੀਆਂ-ਸਹੇਲੀਆਂ, ਨਣਦਾਂ-ਭਰਜਾਈਆਂ ਤੇ ਚਾਚੀਆਂ-ਤਾਈਆਂ ਸੰਗ ਹਾਸੇ-ਠੱਠੇ ਕਰਦੀਆਂ ਤੀਆਂ ਦੇ ਪਿੜ ਵਿੱਚ ਪਹੁੰਚਦੀਆਂ। ਬੋਲੀਆਂ ਦੇ ਛਰਾਟਿਆਂ ਨਾਲ ਗਿੱਧੇ ਦੀ ਧਮਾਲ ਪੈਂਦੀ। ਪੀਂਘ ਦੇ ਹੁਲਾਰਿਆਂ ਨਾਲ ਕੁੜੀਆਂ ਨ੍ਹੇਰੀ ਲਿਆ ਦਿੰਦੀਆਂ। ਲੋਕ-ਗੀਤਾਂ ਵਿੱਚ ਅਜਿਹੇ ਦ੍ਰਿਸ਼ ਦਾ ਇੰਜ ਵਰਣਨ ਕੀਤਾ ਗਿਆ ਹੈ:
ਸਾਉਣ ਮਹੀਨਾ ਦਿਨ ਤੀਆਂ ਦੇ
ਸਭੇ ਸਹੇਲੀਆਂ ਆਈਆਂ
ਨੀਂ ਸੰਤੋ ਸ਼ਾਮੋ ਹੋਈਆਂ ’ਕੱਠੀਆਂ,
ਵੱਡੇ ਘਰਾਂ ਦੀਆਂ ਜਾਈਆਂ।
ਨੀਂ ਕਾਲੀਆਂ ਦੀ ਫਿੰਨੋ ਦਾ ਤਾਂ
ਚਾਅ ਚੁੱਕਿਆ ਨਾ ਜਾਵੇ
ਝੂਟਾ ਦੇ ਦਿਉ ਨੀਂ, ਦੇ ਦਿਉ ਨੀਂ,
ਮੇਰਾ ਲੱਕ ਹੁਲਾਰੇ ਖਾਵੇ।
ਪੰਜਾਬੀ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਵੀ ਇੱਕ ਕਵਿਤਾ ਵਿੱਚ ਇਸ ਰੁੱਤ ਦੇ ਤਿਉਹਾਰ ਵਿੱਚ ਮੇਲ੍ਹਦੀਆਂ ਮੁਟਿਆਰਾਂ ਦਾ ਭਰਪੂਰ ਜ਼ਿਕਰ ਕੀਤਾ ਹੈ:
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ
ਵੰਗਾਂ ਚੂੜੀਆਂ ਪਹਿਨੀਆਂ ਕੁਆਰੀਆਂ ਨੇ
ਰੰਗ ਚੁੰਨੀਆਂ ਮਹਿੰਦੀਆਂ ਲਾਈਆਂ ਨੇ
ਖੀਰਾਂ ਰਿੱਝੀਆਂ, ਪੂੜਿਆਂ ਡੰਝ ਲਾਹੀ
ਕੁੜੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ
ਗਿੱਧੇ ਵੱਜਦੇ ਕਿਲਕਲੀ ਮੱਚਦੀ ਏ
ਘਟਾ ਕਾਲੀਆਂ ਵੇਖ ਕੇ ਛਾਈਆਂ ਨੇ।
ਘਰਾਂ ਦੇ ਫਿਕਰਾਂ ਤੇ ਦੁਸ਼ਵਾਰੀਆਂ ਨੂੰ ਭੁੱਲ-ਭੁਲਾ ਕੇ ਮੁਟਿਆਰਾਂ ਖੁਸ਼ੀ ਵਿੱਚ ਖੀਵੀਆਂ ਹੋ ਹੋ ਗਿੱਧੇ ਦੇ ਪਿੜ ਵਿੱਚ ਝੂਮਦੀਆਂ। ਇੱਕ ਦੂਜੀ ਨਾਲ ਆਪਣੇ ਦੁੱਖ-ਸੁੱਖ ਵੀ ਸਾਂਝੇ ਕਰੀ ਜਾਂਦੀਆਂ ਤੇ ਖੁਸ਼ੀਆਂ ਤੇ ਚਾਵਾਂ ਦੇ ਪਲਾਂ ਨੂੰ ਵੀ ਮਾਣੀ ਜਾਂਦੀਆਂ। ਲੋਕ ਗੀਤਾਂ ਦੇ ਸਿਰਜਣਹਾਰਿਆਂ ਨੇ ਕਿਸੇ ਅਜਿਹੇ ਪਲ ਨੂੰ ਹੀ ਬਿਆਨਿਆ ਜਾਪਦਾ ਹੈ:
ਸਾਉਣ ਮਹੀਨਾ ਦਿਨ ਤੀਆਂ ਦੇ
ਸਭੇ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ
ਸਾਉਣ ਘਟਾ ਚੜ੍ਹ ਆਈਆਂ।
ਗਿੱਧੇ ਦੇ ਪਿੜ ਵਿੱਚ ਹਾਸਾ-ਠੱਠਾ ਵੀ ਚੱਲਦਾ। ਕਿਸੇ ਅਮਲੀ ਦੇ ਦਲਿੱਦਰ ਭਰੇ ਜੀਵਨ ਨੂੰ ਸਾਹਮਣੇ ਰੱਖ ਕੇ ਕੋਈ ਮੁਟਿਆਰ ਬੋਲੀ ਪਾਉਂਦੀ:
ਸਾਉਣ ਆ ਗਿਆ ਨੀਂ ਕੁੜੀਓ…
ਬੂੰਦਾ-ਬਾਂਦੀ ਸਾਉਣ ਆ ਗਿਆ
ਅਮਲੀ ਸਾਰਾ ਸਾਲ ਨਾ ਨਾਤ੍ਵਾ…
ਨੀਂ ਇਹ ਨਹਾਉਣ ਆ ਗਿਆ
ਬੂੰਦਾ-ਬਾਂਦੀ ਸਾਉਣ ਆ ਗਿਆ।
ਇਸ ਰੁੱਤੇ ਘਰਾਂ ਵਿੱਚ ਸੁਆਣੀਆਂ ਖੀਰਾਂ ਤੇ ਪੂੜਿਆਂ ਦੇ ਪਕਵਾਨ ਬਣਾਉਂਦੀਆਂ। ਸਾਉਣ ਦੀਆਂ ਫੁਹਾਰਾਂ ਨਾਲ ਚੱਲਦੀਆਂ ਠੰਢੀਆਂ ਹਵਾਵਾਂ ਨਾਲ ਮਨ ਖਿੜ ਉੱਠਦੇ। ਮੀਂਹ ਵਰ੍ਹਦੇ ਤਾਂ ਫ਼ਸਲਾਂ ਝੂਮ ਉੱਠਦੀਆਂ ਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਜਾਂਦੇ। ਮਿਹਨਤ ਵਰ ਆਈ ਜਾਪਦੀ ਤੇ ਭਵਿੱਖ ਲਈ ਕੋਠੀ ਦੇ ਭਰਨ ਦੀ ਆਸ ਵੀ ਬੱਝਦੀ। ਪੰਜਾਬੀਅਤ ਨੂੰ ਪ੍ਰਣਾਏ ਸ਼ਾਇਰ ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ ਵਿੱਚ ਸਾਉਣ ਮਹੀਨੇ ਦਾ ਅਜਿਹਾ ਸਜੀਵ ਚਿੱਤਰ ਪੇਸ਼ ਕੀਤਾ ਹੈ ਕਿ ਰੂਹ ਨਸ਼ਿਆ ਜਾਂਦੀ ਹੈ:
ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ
ਰਾਹ ਰੋਕ ਲਏ ਛੱਪੜਾਂ ਟੋਭਿਆਂ ਨੇ
ਨਦੀਆਂ ਨਾਲਿਆਂ ਜੂਹਾਂ ਹੰਘਾਲੀਆਂ ਨੇ
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ
ਸਮੇਂ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ ਹੈ। ਅਜੋਕੇ ਮਨੁੱਖ ਦੇ ਖਾਣ-ਪੀਣ, ਪਹਿਰਾਵਾ ਤੇ ਜੀਵਨ-ਜਾਚ ਵਿੱਚ ਵੱਡੀ ਤਬਦੀਲੀ ਆ ਗਈ ਹੈ। ਹੁਣ ਪਹਿਲਾਂ ਵਾਂਗ ਨਾ ਤੀਆਂ ਲੱਗਦੀਆਂ ਹਨ ਤੇ ਨਾ ਹੀ ਮਨਾਂ ਵਿੱਚ ਨੱਚਣ ਦਾ ਚਾਅ ਰਿਹਾ ਹੈ। ਪਰ ਇਸ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਧਰਤੀ ਦੀ ਖੁਸ਼ਹਾਲੀ, ਫ਼ਸਲਾਂ ਤੇ ਹਰਿਆਲੀ ਲਈ ਬਰਸਾਤ ਦੀ ਅੱਜ ਵੀ ਪਹਿਲਾਂ ਵਾਂਗ ਹੀ ਉਡੀਕ ਹੁੰਦੀ ਹੈ।
ਸੰਪਰਕ: 98153-56086