ਦੁਬਈ: ਬੌਲੀਵੁੱਡ ਅਦਾਕਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ‘ਐਨੀਮਲ’ ਦੇ ਪ੍ਰਮੋਸ਼ਨ ’ਚ ਰੁੱਝਿਆ ਹੋਇਆ ਹੈ। ਕੱਲ੍ਹ ਰਾਤ ਇਸ ਫ਼ਿਲਮ ਦਾ 60 ਸੈਕਿੰਡ ਦਾ ਟੀਜ਼ਰ ਵਿਸ਼ਵ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ’ਤੇ ਚਲਾਇਆ ਗਿਆ। ਫਿਲਮ ਦਾ ਟੀਜ਼ਰ ਦੇਖਣ ਲਈ ਸਮਾਗਮ ਵਿੱਚ ਅਦਾਕਾਰ ਰਣਬੀਰ ਕਪੂਰ, ਬੌਬੀ ਦਿਓਲ ਅਤੇ ਨਿਰਮਾਤਾ ਭੂਸ਼ਣ ਕੁਮਾਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੁਰਜ ਖਲੀਫ਼ਾ ’ਤੇ ਚਲਾਏ ਟੀਜ਼ਰ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ। ਇਸ ਸਬੰਧੀ ਸਮਾਗਮ ਵਿੱਚ ਰਣਬੀਰ ਤੇ ਭੂਸ਼ਣ ਕੁਮਾਰ ਕਾਲੇ ਲਿਬਾਸ ’ਚ ਹਨ ਜਦਕਿ ਬੌਬੀ ਦਿਓਲ ਨੇ ਨੀਲੀ ਡੈਨਿਮ ਨਾਲ ਸਫੇਦ ਕਮੀਜ਼ ਪਾਈ ਹੋਈ ਹੈ। ਇਹ ਫ਼ਿਲਮ ਸੰਦੀਪ ਰੈਡੀ ਵਾਂਗਾ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਹੈ ਜਿਸ ਵਿਚ ਅਦਾਕਾਰ ਰਣਬੀਰ, ਰਸ਼ਮਿਕਾ, ਅਨਿਲ ਕਪੂਰ ਅਤੇ ਬੌਬੀ ਦਿਓਲ ਮੁੱਖ ਭੂਮਿਕਾਵਾਂ ’ਚ ਹਨ। ਹਾਲ ਹੀ ਵਿੱਚ ਫਿਲਮ ਦਾ ਅਧਿਕਾਰਤ ਤੌਰ ’ਤੇ ਟੀਜ਼ਰ ਰਣਬੀਰ ਦੇ ਜਨਮ ਮੌਕੇ ਰਿਲੀਜ਼ ਕੀਤਾ ਗਿਆ ਸੀ। ਟੀਜ਼ਰ ਦੀ ਸ਼ੁਰੂਆਤ ਰਣਬੀਰ ਤੇ ਰਸ਼ਮਿਕਾ ਦਰਮਿਆਨ ਬੱਚਿਆਂ ਬਾਰੇ ਗੱਲਬਾਤ ਕਰਨ ਨਾਲ ਹੁੰਦੀ ਹੈ। ਇਹ ਫਿਲਮ ਪਹਿਲੀ ਦਸਬੰਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। -ਏਐਨਆਈ