ਮੁੰਬਈ, 2 ਸਤੰਬਰ
ਫ਼ਿਲਮਕਾਰ ਪ੍ਰਕਾਸ਼ ਝਾਅ ਨੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਮੁੱਦਿਆਂ ’ਤੇ ਫ਼ਿਲਮਾਂ ਬਣਾਉਣ ਲਈ ਪ੍ਰੇਰਿਤ ਹੁੰਦੇ ਹਨ ਜੋ ਅਸਲੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ।
ਪ੍ਰਕਾਸ਼ ਝਾਅ ਨੇ ਕਿਹਾ, ‘ਕੁਝ ਲੋਕ ਹੁੰਦੇ ਹਨ ਜੋ ਹਮੇਸ਼ਾ ਅਜਿਹੀਆਂ ਫਿਲਮਾਂ ਬਣਾਉਂਦੇ ਹਨ ਜੋ ਸਮਾਜ ਅਤੇ ਅਸਲੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ। ਮੈਂ ਹਮੇਸ਼ਾ ਸਮੇਂ ਨਾਲ ਚੱਲਦਾ ਹਾਂ। ਮੈਂ ਦੇਖਦਾ ਹਾਂ ਆਲੇ ਦੁਆਲੇ ਕੀ ਹੋ ਰਿਹਾ ਹੈ। ਮੈਂ ਫ਼ਿਲਮ ਬਣਾਉਣ ਲਈ ਹਮੇਸ਼ਾ ਵਿਸ਼ੇ ਤੋਂ ਪ੍ਰੇਰਣਾ ਲੈਂਦਾ ਹਾਂ। ਕਹਾਣੀ ਵਿੱਚ ਜੋ ਵਿਸ਼ਾ ਲੈਂਦਾ ਹਾਂ ਉਹ ਅਸਲੀ ਜ਼ਿੰਦਗੀ ਨਾਲ ਸਬੰਧਤ ਹੁੰਦਾ ਹੈ।’ ਉਨ੍ਹਾਂ ਕਿਹਾ, ‘ਮੈਂ ਕਿਰਦਾਰ ਨੂੰ ਰੌਚਕ ਬਣਾਉਂਦਾ ਹਾਂ, ਜੋ ਇੱਕ ਚੁਣੌਤੀ ਹੁੰਦੀ ਹੈ। ਵਪਾਰਕ ਸਿਨੇਮਾ ਤੇ ਅਦਾਕਾਰ ਮੇਰੇ ਨਾਲ ਕੰਮ ਕਰਕੇ ਖੁਸ਼ ਸਨ, ਇਹ ਮੇਰੀ ਖੁਸ਼ਕਿਸਮਤੀ ਸੀ।’ ਉਨ੍ਹਾਂ ਨੇ ਕਲਾਸਿਕ ਫ਼ਿਲਮਾਂ ‘ਦੋ ਬੀਘਾ ਜ਼ਮੀਨ ਅਤੇ ‘ਮਦਰ ਇੰਡੀਆ’ ਦੀ ਉਦਾਰਹਨ ਦਿੰਦਿਆਂ ਕਿਹਾ ਕਿ ਸਮਾਜਿਕ-ਆਰਥਿਕ ਪਿੱਠਭੂਮੀ ਦੇ ਉਲਟ ਫਿਲਮਾਂ ਨੂੰ ਕਈ ਵਾਰ ਦਰਸ਼ਕਾਂ ਦਾ ਹਾਂ-ਪੱਖੀ ਹੁੰਗਾਰਾ ਮਿਲਦਾ ਹੈ। ਆਨਲਾਈਨ ਸਟਰੀਮ ਚੈਨਲ ਐੱਮਐਕਸ ਪਲੇਅਰ ’ਤੇ ਉਨ੍ਹਾਂ ਦੀ ਤਾਜ਼ਾ ਵੈੱਬਸੀਰੀਜ਼ ‘ਆਸ਼ਰਮ’, ਜਿਸ ਵਿੱਚ ਬੌਬੀ ਦਿਓਲ ਇੱਕ ਸਾਧੂ ਦਾ ਕਿਰਦਾਰ ਨਿਭਾਅ ਰਿਹਾ ਹੈ, ਵਿੱਚ ਵੱਡੀ ਗਿਣਤੀ ਲੋਕਾਂ ਦੀ ਅੰਨ੍ਹੀ ਸ਼ਰਧਾ ਨੂੰ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਅੰਧਵਿਸ਼ਵਾਸ ਭਾਰਤ ਤੋਂ ਲੈ ਕੇ ਅਮਰੀਕਾ, ਯੂਰਪ ਆਦਿ ਸਾਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ। -ਪੀਟੀਆਈ