ਸ਼ਮਸ਼ੇਰ ਸਿੰਘ ਸੋਹੀ
ਜਿੰਨੇ ਵੀ ਕਲਾਕਾਰਾਂ ਦੀ ਸ਼ੁਰੂਆਤ ਰੰਗਮੰਚ ਤੋਂ ਹੋਈ ਹੈ ਉਨ੍ਹਾਂ ਅੱਗੇ ਚੱਲ ਕੇ ਬਹੁਤ ਨਾਂ ਕਮਾਇਆ ਹੈ। ਇਨ੍ਹਾਂ ਵਿੱਚੋਂ ਹੀ ਇੱਕ ਨਾਂ ਹੈ ਡਾ. ਸੁਰਿੰਦਰ ਸ਼ਰਮਾ ਦਾ ਜਿਸ ਨੇ ਲੇਖਕ, ਨਿਰਦੇਸ਼ਕ, ਨਾਟਕਕਾਰ ਤੇ ਕਾਮੇਡੀ ਆਰਟਿਸਟ ਵਜੋਂ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਬਹੁਤ ਛੋਟੀ ਉਮਰ ਵਿੱਚ ਹੀ ਉਸ ਨੇ ਨਾਟਕ ਖੇਡਣੇ ਸ਼ੁਰੂ ਕਰ ਦਿੱਤੇ ਸਨ। ਉਹ ਰਾਮ ਲੀਲ੍ਹਾ ਵਿੱਚ ਵੀ ਵਧੀਆ ਕਿਰਦਾਰ ਨਿਭਾਉਂਦਾ ਸੀ। ਪੜ੍ਹਾਈ ਵਿੱਚ ਤਾਂ ਉਹ ਹੁਸ਼ਿਆਰ ਹੈ ਹੀ ਸੀ ਨਾਲ ਹੀ ਉਹ ਕਾਲਜ ਵਿੱਚ ਪੜ੍ਹਨ ਸਮੇਂ ਉੱਥੇ ਹੁੰਦੇ ਪ੍ਰੋਗਰਾਮਾਂ ਵਿੱਚ ਭੰਗੜਾ, ਕਾਮੇਡੀ, ਮੰਚ ਸੰਚਾਲਕ ਤੇ ਨਾਟਕ ਖੇਡਦਾ ਰਿਹਾ ਤੇ ਬਾਅਦ ਵਿੱਚ ਉਸ ਨੇ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ਦੀ ਸਿਖਲਾਈ ਵੀ ਦਿੱਤੀ। ਡਾ. ਸੁਰਿੰਦਰ ਸ਼ਰਮਾ ਨੇ ਪੰਜਾਬੀ ਤੋਂ ਇਲਾਵਾ ਹਿੰਦੀ, ਅੰਗਰੇਜ਼ੀ ਤੇ ਉਰਦੂ ਵਿੱਚ ਵੀ ਲਿਖਿਆ।
ਉਸ ਦੀ ਆਮ ਪੇਂਡੂ ਲੋਕਾਂ ਵਿੱਚ ਅਸਲ ਪਛਾਣ ਉਦੋਂ ਬਣੀ ਜਦੋਂ ਉਹ ਵਰਿੰਦਰ ਦੀਆਂ ਫਿਲਮਾਂ ਵਿੱਚ ਕਾਮੇਡੀ ਕਲਾਕਾਰ ਵਜੋਂ ਆਇਆ। ਅਨੇਕ ਪੰਜਾਬੀ ਫ਼ਿਲਮਾਂ ਵਿੱਚ ਉਸ ਨੇ ਆਪਣੀ ਕਾਮੇਡੀ ਦੇ ਵੱਖਰੇ ਅੰਦਾਜ਼ ਨਾਲ ਪੰਜਾਬੀ ਲੋਕਾਂ ਨੂੰ ਬਹੁਤ ਹਸਾਇਆ। ਸਮੇਂ-ਸਮੇਂ ’ਤੇ ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਤੇ ਕਈ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ। ਉਸ ਨੇ ਪੰਜਾਬੀ ਤੇ ਹਿੰਦੀ ਲੜੀਵਾਰਾਂ ਵਿੱਚ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਬਹੁਤ ਹੀ ਸਾਦਗੀ ਭਰਿਆ ਜੀਵਨ ਬਤੀਤ ਕਰਨ ਵਾਲੇ ਇਸ ਕਲਾਕਾਰ ਦਾ ਸੁਭਾਅ ਬਹੁਤ ਵਧੀਆ ਸੀ। ਡਾ. ਸੁਰਿੰਦਰ ਸ਼ਰਮਾ ਕਹਿੰਦਾ ਹੁੰਦਾ ਸੀ ਕਿ ਲੋਕਾਂ ਨੂੰ ਹਸਾਉਣਾ ਬਹੁਤ ਔਖਾ ਹੈ। ਅੱਜ ਦੇ ਸਮੇਂ ਦੁਖੀ ਹੋਏ ਲੋਕਾਂ ਨੂੰ ਸਿਰਫ਼ ਕਾਮੇਡੀ ਰਾਹੀਂ ਹੀ ਹਸਾਇਆ ਜਾ ਸਕਦਾ ਹੈ। ਉਸ ਨੇ ਭਾਵੇਂ ਕਈ ਨਾਟਕ ਵੀ ਕੀਤੇ, ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ, ਪਰ ਜੋ ਮਜ਼ਾ ਉਸ ਨੂੰ ਲੋਕਾਂ ਨੂੰ ਹਸਾਉਣ ਵਿੱਚ ਆਉਂਦਾ ਸੀ ਉਹ ਹੋਰ ਕਿਸੇ ਕੰਮ ਵਿੱਚ ਨਹੀਂ ਆਉਂਦਾ ਸੀ। ਉਹ ਮੁੰਬਈ ਫਿਲਮ ਨਗਰੀ ਵਿੱਚ ਵੀ ਪੂਰੀ ਤਰ੍ਹਾਂ ਛਾਇਆ ਰਿਹਾ। ਸੁਰਿੰਦਰ ਸ਼ਰਮਾ ਦੇ ਤੁਰ ਜਾਣ ਨਾਲ ਜੋ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋਣਾ। ਪੰਜਾਬੀ ਫਿਲਮਾਂ ਵਿੱਚ ਨਿਭਾਏ ਵੱਖ-ਵੱਖ ਹਾਸਰਸੀ ਕਿਰਦਾਰਾਂ ਕਰਕੇ ਪੰਜਾਬੀ ਲੋਕ ਉਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਣਗੇ।