ਅਜੀਤ ਸਿੰਘ ਚੰਦਨ
ਖ਼ੁਸ਼ੀ ਜੋ ਕੰਮ ਵਿੱਚੋਂ ਮਿਲਦੀ ਹੈ, ਹੋਰ ਕਿਤੋਂ ਅਜਿਹੀ ਖ਼ੁਸ਼ੀ ਨਹੀਂ ਮਿਲ ਸਕਦੀ। ਇਸੇ ਲਈ ਜਿਹੜੇ ਇਨਸਾਨ ਕਿਸੇ ਨਾ ਕਿਸੇ ਕੰਮ ਵਿੱਚ ਲੱਗੇ ਹੋਣ, ਖ਼ੁਸ਼ ਵਿਖਾਈ ਦਿੰਦੇ ਹਨ। ਉਨ੍ਹਾਂ ਦੇ ਚਿਹਰੇ ’ਚੋਂ ਕਿਰਤ ਦੀ ਲਾਲੀ ਝਲਕਾ ਮਾਰਦੀ ਹੈ ਤੇ ਸਾਰਾ ਦਿਨ ਕੰਮ ਕਰਕੇ, ਉਹ ਹਾਰਦੇ ਜਾਂ ਥੱਕਦੇ ਨਹੀਂ। ਉਨ੍ਹਾਂ ਵਿੱਚ ਉਹ ਫੌਲਾਦੀ ਜੋਸ਼ ਭਰ ਜਾਂਦਾ ਹੈ, ਜਿਹੜਾ ਉਨ੍ਹਾਂ ਦੀ ਸਿਹਤ ਉਮਰ ਭਰ ਠੀਕ ਰੱਖਦਾ ਹੈ।
ਪੁਰਾਣੇ ਸਮਿਆਂ ਵਿੱਚ ਜੱਟ ਜ਼ਿਮੀਂਦਾਰ ਖੇਤਾਂ ਵਿੱਚ ਕੰਮ ਕਰਦੇ ਸਨ। ਜ਼ਮੀਨ ਨੂੰ ਹਲ਼ ਨਾਲ ਵਾਹੁੰਦੇ ਸਨ ਤੇ ਜਦੋਂ ਸ਼ੱਕਰ ਵਰਗੀ ਮਿੱਟੀ ਵਿੱਚ ਕਣਕ ਬੀਜਦੇ ਸਨ ਤਾਂ ਫ਼ਸਲਾਂ ਅਜਿਹੀਆਂ ਉੁੱਗਦੀਆਂ ਸਨ, ਜੋ ਹਵਾ ਨਾਲ ਝੂਮ ਕੇ ਜੱਟ ਨੂੰ ਖ਼ੁਸ਼ੀ ਦਿੰਦੀਆਂ ਸਨ। ਜੱਟ ਦਾ ਪਸੀਨਾ ਵਗਦਾ ਸੀ, ਉਹ ਲਗਾਤਾਰ ਹਲ਼ ਮਗਰ ਚੱਕਰ ਕੱਟਦਾ ਰਹਿੰਦਾ ਸੀ। ਸਾਦਾ ਜੀਵਨ ਜੀਅ ਕੇ ਵੀ ਉਹ ਪ੍ਰਸੰਨ ਸੀ। ਜਦੋਂ ਕਣਕ ਦੇ ਬੋਹਲ ਖੇਤਾਂ ਵਿੱਚ ਲੱਗ ਜਾਂਦੇ ਸਨ ਤਾਂ ਜੱਟ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ। ਦੁੱਧ-ਦਹੀਂ ਦੀ ਬਹਾਰ ਸੀ ਤੇ ਮਹਿਕਦੀਆਂ ਹਵਾਵਾਂ ਜੱਟ ਤੇ ਕਾਮੇ ਦੇ ਕੰਨਾਂ ਵਿੱਚ ਸੰਗੀਤ ਘੋਲ ਦਿੰਦੀਆਂ ਸਨ, ਪਰ ਹੁਣ ਅਜਿਹਾ ਨਹੀਂ ਹੈ। ਇਨਸਾਨ ਵਿਹਲ ਕਾਰਨ ਸਭ ਕੁਝ ਹੁੰਦਿਆਂ ਵੀ ਉਦਾਸ ਵਿਖਾਈ ਦਿੰਦਾ ਹੈ। ਉਸ ਵਿੱਚੋਂ ਜੋਸ਼ ਤੇ ਉਤਸ਼ਾਹ ਮਰ-ਮੁੱਕ ਗਿਆ ਹੈ। ਇਸੇ ਲਈ ਅੱਜ ਦੇ ਯੁੱਗ ਵਿੱਚ ਵਿਹਲੇ ਰਹਿੰਦੇ ਵੀ ਲੋਕੀਂ ਥੱਕ-ਹਾਰ ਗਏ ਹਨ। ਸਾਰਾ ਦਿਨ ਵਿਹਲਾ ਰਹਿ ਕੇ ਉਨ੍ਹਾਂ ਦੀ ਜ਼ਿੰਦਗੀ ਜਿਊਣ ਦੀ ਚਾਹਨਾ ਤੇ ਤਮੰਨਾ ਮਰ-ਮੁੱਕ ਗਈ ਹੈ।
ਕੰਮ ਹੀ ਹੈ ਜੋ ਇਨਸਾਨ ਨੂੰ ਖ਼ੁਸ਼ੀ ਨਾਲ ਭਰਦਾ ਹੈ। ਇੱਕ ਦਿਹਾੜੀਦਾਰ ਕਾਮਾ, ਸਾਰੇ ਦਿਨ ਦੀ ਮਿਹਨਤ ਨਾਲ ਜੋ ਕਮਾਈ ਕਰਦਾ ਹੈ, ਉਸ ਨਾਲ ਉਸ ਨੂੰ ਭਾਵੇਂ ਪੈਸੇ ਘੱਟ ਹੀ ਮਿਲਣ, ਪਰ ਉਹ ਜ਼ਿੰਦਗੀ ਤੇ ਜ਼ਿੰਦਗੀ ਜਿਊਣ ਦੇ ਚਾਅ ਨਾਲ ਭਰਿਆ ਵਿਖਾਈ ਦਿੰਦਾ ਹੈ। ਸ਼ਾਮੀਂ ਜਦੋਂ ਕੰਮ ਤੋਂ ਮੁੜਦਾ ਹੈ ਤਾਂ ਖ਼ੁਸ਼ ਵਿਖਾਈ ਦਿੰਦਾ ਹੈ। ਜਿਹੜੇ ਸਾਰੇ ਦਿਨ ਦੇ 500 ਰੁਪਏ ਉਹ ਕਮਾਉਂਦਾ ਹੈ, ਉਹ ਮਿਹਨਤ ਨਾਲ ਕੀਤੀ ਕਮਾਈ ਉਸ ਵਿੱਚ ਜ਼ਿੰਦਗੀ ਦਾ ਚਾਅ ਤੇ ਉਮਾਹ ਭਰ ਦਿੰਦੀ ਹੈ ਤੇ ਫਿਰ ਉਹ ਅਗਲੇ ਦਿਨ ਸਾਈਕਲ ’ਤੇ ਸਵਾਰ ਹੋਇਆ, ਪਿੱਛੇ ਰੋਟੀ ਵਾਲਾ ਡੱਬਾ ਰੱਖੀਂ ਫਿਰ ਕੰਮ ’ਤੇ ਚਲਾ ਜਾਂਦਾ ਹੈ। ਇੰਜ ਰੁੱਝੀ ਹੋਈ ਜ਼ਿੰਦਗੀ ਕਿੰਨੀ ਹੁਸੀਨ ਜਾਪਦੀ ਹੈ। ਉਸ ਕੋਲ ਇੱਕ ਪਲ ਦਾ ਵੀ ਵਿਹਲ ਨਹੀਂ ਹੈ, ਪਰ ਉਸ ਦੇ ਬੱਚਿਆਂ ਤੇ ਪਤਨੀ ਦੀ ਸਾਂਝੀ ਮੁਸਕਰਾਹਟ ਜ਼ਿੰਦਗੀ ਨੂੰ ਅੱਗੇ ਤੋਰਦੀ ਹੈ। ਕੰਮ ਭਾਵੇਂ ਕੋਈ ਵੀ ਹੋਵੇ, ਉਸ ਨੂੰ ਚਾਅ ਤੇ ਖ਼ੁਸ਼ੀ ਨਾਲ ਕਰੋ, ਕੰਮ ਵਿੱਚ ਬਰਕਤ ਭਰ ਜਾਂਦੀ ਹੈ। ਜੇਕਰ ਕੰਮ ਤੁਹਾਡੀ ਜ਼ਿੰਦਗੀ ਵਿੱਚ ਜੋਸ਼ ਤੇ ਖ਼ੁਸ਼ੀ ਭਰਦਾ ਹੈ ਤੇ ਫਿਰ ਕੰਮ ਕਰਨ ਵਿੱਚ ਹਰਜ ਵੀ ਕੀ ਹੈ? ਕੰਮ ਕਰਨ ਨਾਲ ਪੈਸੇ ਵੀ ਮਿਲਦੇ ਹਨ ਤੇ ਖ਼ੁਸ਼ੀ ਵੀ। ਇਨਸਾਨ ਭਰਿਆ-ਭਰਿਆ ਤੇ ਖ਼ੁਸ਼ ਵਿਖਾਈ ਦਿੰਦਾ ਹੈ। ਘਰ ਮੁੜਦਿਆਂ ਜਦੋਂ ਉਹ ਆਪਣੇ ਬੱਚਿਆਂ ਲਈ ਕਿਸੇ ਦੁਕਾਨ ਤੋਂ ਫ਼ਲ ਖਰੀਦਦਾ ਹੈ ਤਾਂ ਉਸ ਨੂੰ ਆਪਣੇ ਬੱਚੇ ਵਿਖਾਈ ਦਿੰਦੇ ਹਨ ਤੇ ਸ਼ਾਮੀਂ ਬੱਚਿਆਂ ਨੂੰ ਮਿਲ ਕੇ ਉਹ ਖ਼ੁਸ਼ੀ ਨਾਲ ਖੀਵਾ ਹੋ ਜਾਂਦਾ ਹੈ। ਇਸੇ ਲਈ ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ, ਉਸ ਨੂੰ ਪੂਰੀ ਦਿਲਚਸਪੀ ਨਾਲ ਕਰੋ। ਜ਼ਿੰਦਗੀ ਜਿਊਣ ਦਾ ਇਹੋ ਤਰੀਕਾ ਹੈ। ਵਿਹਲੇ ਰਹਿ ਕੇ ਉਬਾਸੀਆਂ ਲੈਣੀਆਂ, ਮੌਤ ਨੂੰ ਆਵਾਜ਼ਾਂ ਮਾਰਨ ਦੇ ਸਮਾਨ ਹੈ।
ਇੰਜ ਹੀ ਕੋਈ ਕਲਾਕਾਰ ਜਦੋਂ ਕੋਈ ਸ਼ਾਹਕਾਰ ਪੇਂਟਿੰਗ ਤਿਆਰ ਕਰਦਾ ਹੈ, ਉਸ ਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ। ਉਸ ਦੀ ਕਈ-ਕਈ ਦਿਨ ਕੀਤੀ ਮਿਹਨਤ, ਪੇਂਟਿੰਗ ਵਿੱਚੋਂ ਝਲਕ ਮਾਰਦੀ ਹੈ ਤੇ ਕਲਾਕਾਰ ਦਾ ਹੌਸਲਾ ਵਧ ਜਾਂਦਾ ਹੈ। ਉਹ ਹੋਰ ਕਲਾ-ਕ੍ਰਿਤਾਂ ਤਿਆਰ ਕਰਨ ਵਿੱਚ ਰੁੱਝ ਜਾਂਦਾ ਹੈ ਤੇ ਇੰਜ ਜ਼ਿੰਦਗੀ ਦੇ ਰੁਝੇਵੇ ਉਸ ਨੂੰ ਖ਼ੁਸ਼ੀ ਨਾਲ ਭਰਦੇ ਹਨ। ਕਈ ਵਾਰ ਜਦੋਂ ਕੋਈ ਪੇਂਟਿੰਗ ਲੱਖਾਂ ਡਾਲਰਾਂ ਵਿੱਚ ਵਿਕ ਜਾਵੇ ਤਾਂ ਕਲਾਕਾਰ ਨੂੰ ਸਾਰੀ ਕੀਤੀ ਮਿਹਨਤ ਦਾ ਮੁੱਲ ਵੀ ਮਿਲ ਜਾਂਦਾ ਹੈ। ਜ਼ਿੰਦਗੀ ਦੀ ਸਾਰਥਿਕਤਾ ਕੰਮ ਵਿੱਚ ਲੁਕੀ ਹੋਈ ਹੈ। ਇੰਜ ਹੀ ਹੋਰ ਜ਼ਿੰਦਗੀ ਦੇ ਕਾਮੇ ਤੇ ਕਲਾਕਾਰ, ਕਵੀ ਜਾਂ ਲੇਖਕ, ਕੋਈ ਚੰਗੀ ਰਚਨਾ ਕਰਕੇ ਖ਼ੁਸ਼ੀਆਂ ਹਾਸਲ ਕਰਦੇ ਹਨ। ਮਿਹਨਤ ਨਾਲ ਕੀਤਾ ਕੰਮ ਤੁਹਾਨੂੰ ਜ਼ਿੰਦਗੀ ਜਿਊਣ ਦੇ ਚਾਅ ਨਾਲ ਭਰਦਾ ਹੈ। ਜ਼ਿੰਦਗੀ ਸਾਰਥਿਕ ਜਾਪਦੀ ਹੈ। ਕਈ ਕਾਮੇ ਤੇ ਕਲਾਕਾਰ ਸਾਰਾ-ਸਾਰਾ ਦਿਨ ਕੰਮ ਕਰਕੇ ਵੀ ਨਹੀਂ ਥੱਕਦੇ। ਜ਼ਿੰਦਗੀ ਹੈ ਤਾਂ ਕੰਮ ਹੈ ਜਾਂ ਕੰਮ ਹੈ ਤਾਂ ਜ਼ਿੰਦਗੀ ਹੈ। ਰੁਮਕਦੀਆਂ ਪੌਣਾਂ ਤੇ ਉੱਡਦੇ ਪੰਛੀ ਆਸਮਾਨ ਗਾਹ ਕੇ ਖ਼ੁਸ਼ੀਆਂ ਹਾਸਲ ਕਰਦੇ ਹਨ। ਖਾਣ ਲਈ ਤਾਂ ਭਾਵੇਂ ਉਨ੍ਹਾਂ ਨੂੰ ਕਣਕ ਦੇ ਕੁਝ ਦਾਣੇ ਹੀ ਕਾਫ਼ੀ ਹਨ ਤੇ ਪਾਣੀ ਉਹ ਕਿਸੇ ਵਗਦੀ ਨਦੀ ਤੋਂ ਪੀ ਲੈਂਦੇ ਹਨ, ਪਰ ਉਹ ਰੁੱਖਾਂ ’ਤੇ ਬੈਠ ਕੇ ਓਨੇ ਖ਼ੁਸ਼ ਵਿਖਾਈ ਨਹੀਂ ਦਿੰਦੇ, ਜਿੰਨੇ ਉੱਚੀ ਉਡਾਣ ਵਿੱਚੋਂ ਖ਼ੁਸ਼ੀ ਲੱਭਦੇ ਹਨ।
ਸਾਰਾ ਸੰਸਾਰ ਕੰਮ ਕਰਦਾ ਵਿਖਾਈ ਦਿੰਦਾ ਹੈ। ਫਿਰ ਤੁਸੀਂ ਵਿਹਲੇ ਕਿਉਂ ਹੋ? ਕੀ ਤੁਹਾਡੇ ਲਈ ਕੰਮ ਕਰਨ ਦੀ ਕੋਈ ਸਾਰਥਿਕਤਾ ਨਹੀਂ ਹੈ। ਸ਼ਹਿਦ ਦੀਆਂ ਮੱਖੀਆਂ ਫੁੱਲਾਂ ਦਾ ਰਸ ਚੂਸ ਕੇ ਸ਼ਹਿਦ ਇਕੱਠਾ ਕਰਦੀਆਂ ਹਨ। ਆਪਣੀ ਮਿਹਨਤ ਨਾਲ ਉਹ ਇੱਕ ਦਿਨ ਇੱਕ ਰੁੱਖ ’ਤੇ ਸ਼ਹਿਦ ਦਾ ਵੱਡਾ ਛੱਤਾ ਬਣਾ ਲੈਂਦੀਆਂ ਹਨ। ਉਨ੍ਹਾਂ ਨੂੰ ਆਪਣੀ ਕੀਤੀ ਮਿਹਨਤ ਕਿੰਨੀ ਸਾਰਥਿਕ ਲੱਗਦੀ ਹੈ। ਪਲ-ਭਰ ਉਹ ਵਿਹਲੀਆਂ ਨਹੀਂ ਬੈਠਦੀਆਂ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਕੰਮ ਕਰਨਾ ਹੀ ਜ਼ਿੰਦਗੀ ਜਿਊਣਾ ਵੀ ਹੈ। ਬਿਨਾਂ ਕੰਮ ਤੋਂ ਜ਼ਿੰਦਗੀ ਜਿਊਣ ਦੀ ਕੋਈ ਤੁਕ ਨਹੀਂ ਹੈ। ਇੰਜ ਵਿਹਲਾ ਰਹਿ ਕੇ ਜ਼ਿੰਦਗੀ ਬਰਬਾਦ ਨਾ ਕਰੋ। ਇੱਕ ਪਲ ਦੀ ਵੀ ਬੜੀ ਕੀਮਤ ਹੈ। ਕੋਈ ਨਾ ਕੋਈ ਰੁਝੇਵਾਂ ਲੱਭ ਲਵੋ ਤੇ ਕੰਮ ਵਿੱਚ ਜੁਟ ਜਾਓ। ਤੁਹਾਨੂੰ ਆਪ ਹੀ ਇਸ ਦੀ ਸਾਰਥਿਕਤਾ ਪਤਾ ਲੱਗ ਜਾਵੇਗੀ।
ਕੁਦਰਤ ਸ਼ਾਂਤ-ਚਿੱਤ ਹੈ। ਸ਼ਾਂਤ-ਚਿੱਤ ਰਹਿ ਕੇ ਆਪਣਾ ਰਾਗ ਅਲਾਪਦੀ ਹੈ। ਹੁਣ ਵੀ ਦਰਿਆ ਵਗਦੇ ਹਨ। ਪੰਛੀ ਗਾਉਂਦੇ ਹਨ ਤੇ ਹਵਾ ਵਗਦੀ ਹੈ। ਇਨ੍ਹਾਂ ਪੰਛੀਆਂ ਦੇ ਗੀਤ ਸੁਣ ਕੇ ਖ਼ੁਸ਼ੀਆਂ ਨਾਲ ਸਾਂਝ ਪਾ ਲਵੋ। ਆਪਣੇ ਆਪ ਨਾਲ ਇੱਕ ਸੁਰ ਹੋ ਜਾਵੋ। ਆਪਣੇ ਕੰਮ ਵਿੱਚ ਦਿਲਚਸਪੀ ਲਵੋ ਤੇ ਡਟ ਕੇ ਕੰਮ ਕਰੋ। ਇੰਜ ਤੁਹਾਨੂੰ ਸੁਚੱਜੀ ਤੇ ਖ਼ੁਸ਼ੀ-ਭਰੀ ਜ਼ਿੰਦਗੀ ਦਾ ਰਾਹ ਆਪ ਹੀ ਲੱਭ ਜਾਵੇਗਾ।
ਸੰਪਰਕ: 97818-05861