ਸਾਂਵਲ ਧਾਮੀ
ਕੱਲ੍ਹ ਮੈਂ ਸੰਤਾਲੀ ਦੇ ਚਸ਼ਮਦੀਦ ਗਵਾਹਾਂ ਨੂੰ ਮਿਲਣ ਮਿਆਣੀ ਪਿੰਡ ’ਚ ਗਿਆ ਸਾਂ। ਇਨ੍ਹਾਂ ’ਚੋਂ ਕੁਝ ਮੁਕਾਮੀ ਸਨ ਤੇ ਕੁਝ ਸੰਤਾਲੀ ’ਚ ਰਾਵੀ ਪਾਰ ਤੋਂ ਆਏ ਹੋਏ। ਬੀਬੀ ਸੁਮਿੱਤਰ ਕੌਰ ਦੀ ਆਖ਼ਰੀ ਗੱਲ ਨੇ ਤਾਂ ਦਿਲ ਤੜਫ਼ਾ ਸੁੱਟਿਆ। ਅਗਾਂਹ ਸਵਾਲ ਕਰਨ ਦੀ ਹਿੰਮਤ ਹੀ ਨਹੀਂ ਸੀ ਬਚੀ।
ਸੰਤਾਲੀ ਦੇ ਅਗਸਤ ਮਹੀਨੇ ਦੀ ਗੱਲ ਹੈ। ਵੱਖ-ਵੱਖ ਪਿੰਡਾਂ ਦੇ ਗੈਰ-ਮੁਸਲਿਮਾਂ ਦਾ ਟੋਲਾ ਮੀਆਂ ਕਰਾਰ ਖਾਂ ਕੋਲ ਆਇਆ। ਉਨ੍ਹਾਂ ਕਿਹਾ- ਮੀਆਂ ਜੀ, ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ। ਸਾਨੂੰ ਮਿਆਣੀ ਵਿੱਚੋਂ ਲੰਘ ਲੈਣ ਦਿਓ। ਅਸੀਂ ਹੋਰਾਂ ਪਿੰਡਾਂ ਦੇ ਮੁਸਲਮਾਨਾਂ ਨੂੰ ਲੁੱਟਣਾ ਏ। ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ।
ਮੀਆਂ ਨੇ ਲਾਂਘਾ ਦੇਣ ਤੋਂ ਇਨਕਾਰ ਕਰ ਦਿੱਤਾ। ਧਾੜਵੀਆਂ ਨੇ ਮਿਆਣੀ ਦੇ ਬਾਹਰ ਮੋਰਚੇ ਲਗਾ ਲਏ। ਮੀਆਂ ਨੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਨਿੱਕੀਆਂ-ਨਿੱਕੀਆਂ ਟੋਲੀਆਂ ਵਿੱਚ ਵੰਡ ਦਿੱਤਾ। ਹਰ ਟੋਲੀ ਨੂੰ ਇੱਕ ਖਾਸ ਖੇਤਰ ਦੀ ਰੱਖਿਆ ਦੀ ਜ਼ਿੰਮੇਵਾਰੀ ਦੇ ਦਿੱਤੀ। ਮੀਆਂ ਕਰਾਰ ਖਾਂ ਦੇ ਪਰਿਵਾਰ ਦਾ ਇੱਕ ਮੈਂਬਰ ਹਰ ਟੋਲੀ ਦੇ ਕਮਾਂਡਰ ਵਜੋਂ ਕੰਮ ਕਰਦਾ ਸੀ।
ਇੱਕ ਸ਼ਾਮ ਪਿੰਡ ’ਚ ਇੱਕ ਬਖ਼ਤਰਬੰਦ ਫ਼ੌਜੀ ਗੱਡੀ ਆਈ ਤਾਂ ਮੁਸਲਮਾਨਾਂ ਨੇ ਉਹਨੂੰ ਵੀ ਕਾਬੂ ’ਚ ਕਰ ਲਿਆ। ਅਗਲੇ ਦਿਨ ਮੀਆਂ ਕਰਾਰ ਖਾਂ ਨੇ ਸੁਣਿਆ ਕਿ ਇਲਾਕੇ ਦਾ ਇੱਕ ਪ੍ਰਭਾਵਸ਼ਾਲੀ ਬੰਦਾ ਜੀਪ ਵਿੱਚ ਸਵਾਰ ਹੋ ਕੇ ਪਿੰਡ ਦੇ ਨੇੜੇ-ਤੇੜੇ ਘੁੰਮ ਰਿਹਾ ਹੈ। ਮੀਆਂ ਕਰਾਰ ਖਾਂ ਖ਼ੁਦ ਘੋੜੇ ’ਤੇ ਸਵਾਰ ਹੋ ਕੇ ਗਿਆ ਤੇ ਉਸ ਜੀਪ ਵਾਲੇ ਬੰਦੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ।
ਮਿਆਣੀ ਅਫ਼ਗਾਨਾ ਦੇ ਮੁਸਲਮਾਨਾਂ ਕੋਲ ਵੀਹ ਦੇ ਕਰੀਬ ਬੰਦੂਕਾਂ ਅਤੇ ਗੋਲਾ ਬਾਰੂਦ ਸੀ ਜਦੋਂ ਕਿ ਹਮਲਾਵਰਾਂ ਕੋਲ ਇਸ ਦੀ ਘਾਟ ਸੀ। ਜਦੋਂ ਝੜਪਾਂ ਤੇਜ਼ ਹੋ ਗਈਆਂ ਤਾਂ ਮੀਆਂ ਕਰਾਰ ਖਾਂ ਨੇ ਔਰਤਾਂ, ਬੱਚੇ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਮਿਆਣੀ ਵਿੱਚੋਂ ਕੱਢ ਕੇ ਨੇੜਲੇ ਕਸਬੇ ਬੇਗੋਵਾਲ ਪਹੁੰਚਾ ਦਿੱਤਾ। ਉੱਥੇ ਮੀਆਂ ਕਰਾਰ ਖਾਂ ਦਾ ਇੱਕ ਭਰੋਸੇਮੰਦ ਮਿੱਤਰ ਪੀਰ ਜਾਫ਼ਰ ਹੁਸੈਨ ਰਹਿੰਦਾ ਸੀ।
ਪਿੱਛੇ ਮਿਆਣੀ ਵਿੱਚ ਨੌਜਵਾਨ ਅਤੇ ਬਜ਼ੁਰਗ ਹੀ ਰਹਿ ਗਏ। ਉਹ ਧਾੜਵੀਆਂ ਦਾ ਨਿਰੰਤਰ ਮੁਕਾਬਲਾ ਕਰਦੇ ਰਹੇ। ਆਖ਼ਰ ਇੱਕ ਦਿਨ ਉਨ੍ਹਾਂ ਧਾੜਵੀਆਂ ਨੂੰ ਮੂਹਰੇ ਲਗਾ ਲਿਆ। ਧਾੜਵੀ ਅੱਗੇ-ਅੱਗੇ ਅਤੇ ਪਠਾਣ ਪਿੱਛੇ-ਪਿੱਛੇ। ਵੇਈਂ ’ਤੇ ਪਹੁੰਚੇ ਤਾਂ ਪੁਲ ਟੁੱਟਿਆ ਪਿਆ ਸੀ। ਲੱਕੜੀ ਦਾ ਉਹ ਪੁਲ ਮਜੀਦ ਖਾਂ ਅਤੇ ਸਾਥੀਆਂ ਨੇ ਪਹਿਲਾਂ ਹੀ ਤਬਾਹ ਕਰ ਦਿੱਤਾ ਸੀ। ਉਨ੍ਹਾਂ ਵੇਈਂ ਵਿੱਚ ਛਾਲਾਂ ਮਾਰ ਦਿੱਤੀਆਂ। ਵੇਈਂ ’ਚ ਹੜ੍ਹ ਆਇਆ ਹੋਇਆ ਸੀ। ਕੋਈ ਪੰਜ ਸੌ ਦੇ ਕਰੀਬ ਬੰਦੇ ਰੁੜ੍ਹ ਗਏ। ਇਲਾਕੇ ਦੇ ਸੈਂਕੜੇ ਪਿੰਡਾਂ ’ਚ ਮਾਤਮ ਛਾ ਗਿਆ।
‘ਮਿਆਣੀ ਅਫ਼ਗਾਨਾ’ ਟਾਂਡਾ-ਹਰਗੋਬਿੰਦਪੁਰ ਸੜਕ ’ਤੇ ਵਸਿਆ ਨਗਰ-ਨੁਮਾ ਪਿੰਡ ਹੈ। ਬਿਆਸ ਦਰਿਆ ਤੋਂ ਉਰਾਂ, ਸੜਕ ਤੋਂ ਸੱਜੇ ਹੱਥ। ਥੋੜ੍ਹਾ ਹਟਵਾਂ। ਇਸ ਪਿੰਡ ਦੀਆਂ ਕੁਝ ਹਸਤੀਆਂ ਨੂੰ ‘ਮੀਆਂ ਜੀ’ ਦਾ ਖਿਤਾਬ ਮਿਲਿਆ ਹੋਇਆ ਸੀ। ਇਹੀ ‘ਮੀਆਂ ਜੀ’ ਬਾਅਦ ’ਚ ਮਿਆਣੀ ਬਣ ਗਿਆ। ਮਿਆਣੀ ਨਾਲ ਅਫ਼ਗਾਨਾਂ ਸ਼ਬਦ ਇਸ ਕਰ ਕੇ ਜੁੜ ਗਿਆ ਕਿਉਂਕਿ ਇੱਥੋਂ ਦੇ ਰਸੂਖ਼ਦਾਰ ਬਾਸ਼ਿੰਦੇ ਕਦੇ ਅਫ਼ਗਾਨਿਸਤਾਨ ਤੋਂ ਆਏ ਸਨ। ਪਠਾਣਾਂ ਦੇ ਨਾਲ-ਨਾਲ ਇੱਥੇ ਮੁਸਲਮਾਨ ਕੰਬੋਜ਼, ਅਰਾਈਂ, ਜੁਲਾਹੇ ਤੇ ਮੀਰ ਆਲਮ ਵੀ ਵੱਸਦੇ ਸਨ।
ਵੀਹਦੀ ਸਦੀ ਦੇ ਦੂਜੇ ਦਹਾਕੇ ਵਿੱਚ ਇੱਥੋਂ ਦੇ ਪਠਾਣਾਂ ’ਚੋਂ ਤਿੰਨ ਪਰਿਵਾਰ ਬਹੁਤ ਮਸ਼ਹੂਰ ਸਨ। ਮੁਹੰਮਦ ਖਾਨ ਕੋਲ ਦੋ-ਢਾਈ ਸੌ ,ਅਬਦੁਰ ਰਹਿਮਾਨ ਖਾਨ ਕੋਲ ਚਾਲੀ ਤੇ ਸ਼ਹਬਿਾਜ਼ ਖਾਨ ਕੋਲ ਤੀਹ ਮੁਰੱਬੇ ਜ਼ਮੀਨ ਸੀ। ਮੁਹੰਮਦ ਖਾਨ ਦੇ ਪਰਿਵਾਰ ਦੀ ਇਸ ਇਲਾਕੇ ’ਤੇ ਪੂਰੀ ਪਕੜ ਸੀ। ਉਸ ਨੂੰ ਅੰਗਰੇਜ਼ ਸਰਕਾਰ ਕੋਲੋਂ ਵੀ ਕਈ ਉਪਾਧੀਆਂ ਮਿਲੀਆਂ ਹੋਈਆਂ ਸਨ। ਉਸ ਦਾ ਵਿਆਹ ਉੜਮੁੜ ਦੇ ਯੂਸਫ਼ ਖ਼ਾਨ ਦੀ ਧੀ ਨਾਲ ਹੋਇਆ ਸੀ। ਯੂਸਫ਼ ਖਾਨ ਵੀ ਸੱਠ ਮੁਰੱਬੇ ਜ਼ਮੀਨ ਦਾ ਮਾਲਕ ਸੀ।
ਮੀਆਂ ਮੁਹੰਮਦ ਖਾਨ ਦੀ ਮੌਤ 1930 ਦੇ ਆਸਪਾਸ ਹੋਈ। ਉਹਦੇ ਤਿੰਨ ਪੁੱਤਰਾਂ ’ਚੋਂ ਵੱਡਾ ਮੁਹੰਮਦ ਕਰਾਰ ਖਾਨ ਜ਼ੈਲਦਾਰ ਬਣਿਆ। ਉਸ ਨਾਲੋਂ ਛੋਟਾ ਮੁਹੰਮਦ ਯਾਕੂਬ ਖਾਨ ਸਾਧਾਰਨ ਸ਼ਖ਼ਸੀਅਤ ਦਾ ਮਾਲਕ ਸੀ। ਸਭ ਨਾਲੋਂ ਛੋਟਾ ਮੁਹੰਮਦ ਸਰਦਾਰ ਖਾਨ ਇਲਾਕੇ ਦਾ ਸਭ ਤੋਂ ਪੜ੍ਹਿਆ-ਲਿਖਿਆ ਵਿਅਕਤੀ ਸੀ। ਉਸ ਨੇ ਇਸਲਾਮੀਆ ਕਾਲਜ ਲਾਹੌਰ ਤੋਂ ਬੀ.ਏ. ਅਤੇ ਅਲੀਗੜ੍ਹ ਯੂਨੀਵਰਸਿਟੀ ਤੋਂ ਐੱਮ.ਏ. ਕੀਤੀ ਸੀ। ਇਸੀ ਪਿੰਡ ’ਚ ਜਨਮਿਆ ਹਬੀਬ ਜਾਲਬਿ ਥੋੜ੍ਹੇ ਸਮੇਂ ਲਈ ਸਰਦਾਰ ਖਾਨ ਦਾ ਵਿਦਿਆਰਥੀ ਵੀ ਰਿਹਾ ਸੀ। ਫਿਰ ਜਾਲਬਿ ਹੋਰਾਂ ਦਾ ਪਰਿਵਾਰ ਉੜਮੁੜ ਵਿੱਚ ਆਣ ਵਸਿਆ ਸੀ। ਕਿਉਂਕਿ ਹਬੀਬ ਦੇ ਵੱਡੇ ਭਰਾ ਮੁਸ਼ਤਾਕ ਨੇ ਅਗਾਂਹ ਪੜ੍ਹਨਾ ਸੀ ਤੇ ਉਸ ਸਮੇਂ ਉੜਮੁੜ ਟਾਂਡਾ ਵਿੱਚ ਹੀ ਹਾਈ ਸਕੂਲ ਹੁੰਦਾ ਸੀ। ਇਹੀ ਹਬੀਬ ਜਾਲਬਿ ਬਾਅਦ ’ਚ ਪਾਕਿਸਤਾਨ ਦਾ ਵੱਡਾ ਕ੍ਰਾਂਤੀਕਾਰੀ ਕਵੀ ਬਣਿਆ।
ਇੱਕ ਵਾਰ ਆਪਣੇ ਵੇਲੇ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਕੇ. ਐੱਲ. ਸਹਿਗਲ ਹੋਰੀਂ ਵੀ ਮਿਆਣੀ ਵਿੱਚ ਆਏ ਸਨ ਤੇ ਉਨ੍ਹਾਂ ਮੁਹੰਮਦ ਕਰਾਰ ਖਾਨ ਨਾਲ ਮੁਲਾਕਾਤ ਕੀਤੀ ਸੀ। ਇਹ ਗੱਲ 1940 ਦੇ ਆਸਪਾਸ ਦੀ ਹੈ।
ਇਸ ਪਿੰਡ ਦਾ ਫਤਿਹ ਮੁਹੰਮਦ ਖਾਨ ਪਿੰਡ ਦਾ ਪਹਿਲਾ ਵਿਅਕਤੀ ਸੀ ਜਿਸ ਨੇ 1892 ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਉਸ ਨੇ ਬਹਾਵਲਪੁਰ ਰਿਆਸਤ ਵਿੱਚ ਨੌਕਰੀ ਕੀਤੀ ਸੀ ਤੇ ਚੋਟੀ ਦੇ ਨੌਕਰਸ਼ਾਹ ਵਜੋਂ ਸੇਵਾ-ਮੁਕਤ ਹੋਇਆ ਸੀ। ਉਸ ਦੇ ਤਿੰਨ ਪੁੱਤਰ ਸਨ। ਵੱਡੇ ਪੁੱਤਰ ਗੁਲਾਮ ਮਹਬਿੂਬ ਸੁਭਾਨੀ ਖਾਨ ਨੇ ਰੁੜਕੀ ਕਾਲਜ ਤੋਂ ਡਿਪਲੋਮਾ ਕੀਤਾ ਸੀ ਤੇ ‘ਯੂਨੀਵਰਸਿਟੀ ਆਫ ਸ਼ੈਫੀਲਡ’ ਇੰਗਲੈਂਡ ਤੋਂ ਸਿਵਲ ਇੰਜੀਨੀਅਰਿੰਗ ਕੀਤੀ ਸੀ। ਉਹ ਮਿਆਣੀ ਦਾ ਪਹਿਲਾ ਇੰਜੀਨੀਅਰ ਅਤੇ ਵਿਦੇਸ਼ੀ ਗ੍ਰੈਜੂਏਟ ਸੀ। ਉਸ ਦੇ ਦੂਜੇ ਪੁੱਤਰ ਨਿਆਜ਼ ਕੁਤਬ ਰੱਬਾਨੀ ਖਾਨ ਨੇ ਐਗਰੀਕਲਚਰ ਯੂਨੀਵਰਸਿਟੀ, ਲਾਇਲਪੁਰ ਤੋਂ ਐੱਮ.ਏ. ਐਗਰੀਕਲਚਰ ਕੀਤੀ ਸੀ। ਤੀਜੇ ਪੁੱਤਰ ਗੁਲਾਮ ਗ਼ੌਸ ਸਮਦਾਨੀ ਖ਼ਾਨ ਨੇ ਅਲੀਗੜ੍ਹ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ. ਕੀਤੀ ਸੀ। ਉਹ ਮਿਆਣੀ ਦਾ ਪਹਿਲਾ ਵਕੀਲ ਸੀ।
ਸੰਤਾਲੀ ’ਚ ਜਦੋਂ ਮਿਆਣੀ ਉੱਤੇ ਹਮਲਾ ਹੋਇਆ ਤਾਂ ਮੀਆਂ ਕਰਾਰ ਖਾਂ ਨੇ ਲੜਨ ਵਾਲੇ ਜਵਾਨ ਰੱਖ ਲਏ ਸਨ ਤੇ ਪੜ੍ਹਨ ਵਾਲੇ ਬੇਗੋਵਾਲ ਕੈਂਪ ਵੱਲ ਤੋਰ ਦਿੱਤੇ ਸਨ। ਪੰਜ ਸੌ ਬੰਦਿਆਂ ਦੇ ਰੁੜ੍ਹਨ ਤੋਂ ਬਾਅਦ ਵੀ ਮੁਸਲਮਾਨ ਚੌਦਾਂ ਦਿਨ ਮਿਆਣੀ ਵਿੱਚ ਟਿਕੇ ਰਹੇ ਸਨ। ਉਹ ਬਲੋਚ ਰੈਜੀਮੈਂਟ ਦੀ ਸੁਰੱਖਿਆ ਅਧੀਨ ਕੈਂਪ ’ਚ ਪਹੁੰਚੇ ਸਨ। ਮਿਆਣੀ ’ਚ ਇੱਕ ਪ੍ਰਕਾਸ਼ ਨਾਂ ਦਾ ਵਿਅਕਤੀ ਹੁੰਦਾ ਸੀ ਜੋ ਮੀਆਂ ਕਰਾਰ ਖਾਂ ਦੇ ਖੇਤਾਂ ’ਚ ਕੰਮ ਕਰਦਾ ਸੀ। ਉਹ ਜ਼ੈਲਦਾਰ ਦੇ ਘੋੜਿਆਂ ਅਤੇ ਮੱਝਾਂ ਦੀ ਵੀ ਦੇਖਭਾਲ ਕਰਦਾ ਸੀ। ਉਸ ਨੇ ਔਖੇ ਸਮੇਂ ਵਿੱਚ ਇਸ ਪਰਿਵਾਰ ਦੀ ਬਹੁਤ ਮਦਦ ਕੀਤੀ ਸੀ। ਇਹ ਪਰਿਵਾਰ ਜਦੋਂ ਕੈਂਪ ’ਚ ਚਲਾ ਗਿਆ ਤਾਂ ਉਹ ਇਸ ਪਰਿਵਾਰ ਨੂੰ ਆਟਾ-ਦਾਣਾ ਵੀ ਪਹੁੰਚਾਉਂਦਾ ਰਿਹਾ ਸੀ।
ਇਲਾਕੇ ਦੇ ਲੋਕਾਂ ’ਚ ਇੰਨੀ ਦਹਿਸ਼ਤ ਪੈ ਗਈ ਸੀ ਕਿ ਉਹ ਪਠਾਣਾਂ ਦੇ ਉਜਾੜੇ ਤੋਂ ਕਈ ਦਿਨ ਬਾਅਦ ਤੱਕ ਮਿਆਣੀ ਵਿੱਚ ਦਾਖਲ ਨਹੀਂ ਸਨ ਹੋਏ। ਉਹ ਸਮਝਦੇ ਸਨ ਕਿ ਪਠਾਣ ਅਜੇ ਵੀ ਉੱਥੇ ਰਹਿ ਰਹੇ ਹਨ।
ਮਿਆਣੀ ’ਚੋਂ ਮੁਸਲਮਾਨ ਗਏ ਤਾਂ ਇੱਥੇ ਗੁਜਰਾਤ, ਗੁੱਜਰਾਂਵਾਲੇ ਤੇ ਸ਼ੇਖ਼ੂਪੁਰੇ ਤੋਂ ਆਏ ਸਿੱਖ ਲੁਬਾਣੇ ਆਣ ਵਸੇ। ਕੱਲ੍ਹ ਮੈਂ ਉਨ੍ਹਾਂ ਵਿੱਚੋਂ ਹੀ ਇੱਕ ਬੀਬੀ ਸੁਮਿੱਤਰ ਕੌਰ ਨੂੰ ਮਿਲ ਕੇ ਆਪਣੇ ਪਿੰਡ ਵੱਲ ਮੁੜ ਰਿਹਾ ਸਾਂ।
ਵੇਈਂ ਵੱਲ ਵੇਖਦਿਆਂ ਮੈਨੂੰ ਬੀਬੀ ਸੁਮਿੱਤਰ ਕੌਰ ਦੀ ਸੁਣਾਈ ਵਾਰਤਾ ਯਾਦ ਆ ਗਈ ਤੇ ਨਾਲ ਹੀ ਅਣਦੇਖੇ ਪੰਜ ਸੌ ਬੰਦਿਆਂ ਦਾ ਖ਼ਿਆਲ ਆ ਗਿਆ। ਉਹ ਬੰਦੇ, ਜੋ ਮਿਆਣੀ ਦੇ ਪਠਾਣਾਂ ਨੂੰ ਮਾਰਨ ਗਏ, ਵੇਈਂ ’ਚ ਡੁੱਬ ਮਰੇ ਸਨ।
ਬੀਬੀ ਸੁਮਿੱਤਰ ਕੌਰ ਦਾ ਜਨਮ ਜ਼ਿਲ੍ਹਾ ਗੁਜਰਾਤ ਦੇ ਪਿੰਡ ਟਾਂਡੇ ’ਚ ਹੋਇਆ ਸੀ। ਉਹ ਸੰਤਾਲੀ ’ਚ ਆਪਣੇ ਸਹੁਰੇ ਘਰ, ਜ਼ਿਲ੍ਹਾ ਸ਼ੇਖੂਪੁਰੇ ਦੇ ਪਿੰਡ ਨੰਗਲ ਬਾਵਿਆਂ ’ਚ ਵੱਸਦੀ ਸੀ ਤੇ ਉਹਦੇ ਕੁੱਛੜ ਤਿੰਨ ਮਹੀਨਿਆਂ ਦੀ ਧੀ ਸੀ।
ਉਸ ਨੇ ਮੈਨੂੰ ਦੱਸਿਆ,“ਮੇਰੇ ਸਹੁਰਿਆਂ ਦੇ ਪਿੰਡ ਬਾਹਰਲੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ ਸੀ। ਪਿੰਡ ਦੇ ਸਿੱਖ ਅਤੇ ਮੁਸਲਮਾਨ ਇਕੱਠੇ ਹੋ ਗਏ। ਪਿੰਡ ਦਾ ਇਕੱਠ ਵੇਖ ਕੇ ਹਮਲਾਵਰ ਮੁੜ ਗਏ। ਮੁਸਲਮਾਨ ਸਿੱਖਾਂ ਨੂੰ ਕਹਿਣ ਲੱਗੇ- ਤੁਸੀਂ ਘਰਾਂ ’ਚ ਬੈਠੇ ਰਹੋ। ਸਾਡੇ ਕੋਲੋਂ ਕਸਮਾਂ ਲੈ ਲਓ। ਬਾਹਰੋਂ ਆਉਣ ਵਾਲੇ ਪਹਿਲਾਂ ਸਾਨੂੰ ਮਾਰਨਗੇ, ਫਿਰ ਤੁਹਾਡੇ ਤੱਕ ਪਹੁੰਚਣਗੇ। ਸਿੱਖ ਕਹਿੰਦੇ ਕਿ ਤੁਸੀਂ ਕਿੰਨਿਆਂ ਕੁ ਦੀਆਂ ਕਸਮਾਂ ਲਓਗੇ। ਭਲਾ ਇਸ ਵਿੱਚ ਹੀ ਹੈ ਕਿ ਹੁਣ ਸਾਨੂੰ ਹਿੰਦੋਸਤਾਨ ਜਾਣ ਦਿਓ।
ਘਰਾਂ ਨੂੰ ਜੰਦਰੇ ਮਾਰ ਕੇ ਅਸੀਂ ਨੰਗੇ ਪੈਰੀਂ ਗੁਰਦੁਆਰੇ ਆ ਗਏ। ਕੋਲ ਕੋਈ ਕੌਲ਼ੀ ਨਹੀਂ, ਕੋਈ ਭਾਂਡਾ ਨਹੀਂ। ਉੱਥੋਂ ਤੁਰ ਕੇ ਅਸੀਂ ਰਾਤ ਗਨੌਰ ਪਿੰਡ ’ਚ ਕੱਟੀ। ਅਗਲੀ ਸਵੇਰ ਰੋਟੀ-ਪਾਣੀ ਛਕਿਆ ਤੇ ਫਿਰ ਚੱਲ ਸੋ ਚੱਲ। ਅੱਗੇ ਘੋੜਿਆਂ ਵਾਲੇ, ਪਿੱਛੇ ਪਿਸਤੌਲਾਂ ਤੇ ਬਰਛਿਆਂ ਵਾਲੇ। ਤੁਰਦਾ-ਤੁਰਦਾ ਕਾਫ਼ਲਾ ਰਾਵੀ ਕੰਢੇ ਪਹੁੰਚ ਗਿਆ। ਦਰਿਆ ਦੇ ਕੰਢੇ ਬੜਾ ਸਾਮਾਨ ਖਿੱਲਰਿਆ ਪਿਆ ਸੀ। ਵਿਚਾਰੇ ਹਿੰਦੂ-ਸਿੱਖ ਘਰੋਂ ਸਾਮਾਨ ਤਾਂ ਲੈ ਜਾਂਦੇ ਸਨ, ਅੱਗੋਂ ਦਰਿਆ ਨਹੀਂ ਸੀ ਲੰਘਣ ਦਿੰਦਾ। ਮੀਂਹ ਵਰ੍ਹਦਾ ਪਿਆ ਸੀ। ਅਸੀਂ ਇੱਕ ਦੂਜੇ ਨਾਲ ਲੱਗ ਕੇ ਵਕਤ ਗੁਜ਼ਾਰਿਆ। ਵਰ੍ਹਦੇ ਮੀਂਹ ’ਚ ਅੱਠ ਦਿਨ ਰੁਕੇ ਰਹੇ। ਦਰਿਆ ਪਾਰ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾਂਦੀ ਸੀ। ਇੱਕ ਦਿਨ ਇੱਕ ਜਨਾਨੀ ਆਈ। ਉਹਨੇ ਸਿਰ ਉੱਤੇ ਗੱਠੜੀ ਚੁੱਕੀ ਹੋਈ ਸੀ। ਉਹਦੇ ਕੰਨ ਕੋਲ ਬਰਛਾ ਵੱਜਿਆ ਹੋਇਆ ਸੀ। ਖ਼ੂਨ ਵਗੀ ਜਾਂਦਾ ਸੀ ਤੇ ਉਹ ਡਿੱਗਦੀ-ਢਹਿੰਦੀ ਤੁਰੀ ਆਉਂਦੀ ਸੀ। ਆਖ਼ਰ ਜਦੋਂ ਦਮ ਟੁੱਟ ਗਿਆ ਤਾਂ ਉਹ ਡਿੱਗ ਪਈ।
ਅਨਾਜ ਮੁੱਕ ਗਿਆ ਸੀ। ਬੰਦੇ ਦਰੱਖਤਾਂ ਦੇ ਪੱਤੇ ਤੋੜ ਕੇ ਲਿਆਉਂਦੇ ਤੇ ਸਾਰਿਆਂ ਨੂੰ ਵੰਡਦੇ। ਫਿਰ ਉਨ੍ਹਾਂ ਨੂੰ ਵੀ ਧਾੜਵੀ ਪੈਣ ਲੱਗ ਪਏ ਤੇ…! ਇੱਕ ਕੁੜੀ ਹੋਵੇਗੀ ਕੋਈ ਪੰਜ ਕੁ ਸਾਲ ਦੀ। ਉਹ ਆਪਣੀ ਮਾਂ ਨੂੰ ਲਗਾਤਾਰ ਕਹਿੰਦੀ ਜਾਵੇ- ਅੱਧੀ ਰੋਟੀ ਤੇ ਗੁਗਲਾ ਲੈਣਾ। ਮਾਂ ਨੇ ਉਹਨੂੰ ਬੜਾ ਸਮਝਾਇਆ, ਪਰ ਉਹ ਬਾਲੜੀ ਭੁੱਖ ਨਾਲ ਮਰਦੀ ਪਈ ਸੀ। ਰੋਈ ਜਾਏ, ਤੜਫ਼ੀ ਜਾਏ ਤੇ ਮੁੜ-ਮੁੜ ਉਹੋ ਗੱਲ ਆਖੀ ਜਾਏ- ਅੱਧੀ ਰੋਟੀ ਤੇ ਗੁਗਲਾ ਲੈਣਾ…। ਮਾਂ ਕੋਲੋਂ ਉਹ ਤੜਫ਼ਦੀ ਝੱਲੀ ਨਾ ਗਈ। ਉਹਨੇ…।” ਬੀਬੀ ਸੁਮਿੱਤਰ ਕੌਰ ਛਿਣ ਕੁ ਲਈ ਚੁੱਪ ਹੋ ਗਈ।
ਮੈਂ ਵੇਈਂ ਦੇ ਕੰਢੇ ਖੜੋ ਕੇ ਸੰਤਾਲੀ ’ਚ ਰੁੜ੍ਹ ਗਏ ਪੰਜ ਸੌ ਜਵਾਨਾਂ ਬਾਰੇ ਸੋਚ ਰਿਹਾ ਹਾਂ। ਉਹ ਸਦੀਆਂ ਦੀਆਂ ਸਾਂਝਾਂ ਦੇ ਰਖਵਾਲੇ ਵੀ ਬਣ ਸਕਦੇ ਸਨ। ਪਰ….!
ਮੈਨੂੰ ਵੇਈਂ ਦੇ ਗੰਧਲੇ ਪਾਣੀਆਂ ’ਚੋਂ ਚਾਣਚੱਕ ਉਹ ਅਣਦੇਖੀ ਬੇਵੱਸ ਮਾਂ ਦਿਖਾਈ ਦਿੱਤੀ। ਉਹ ਮਾਂ ਜਿਸ ਨੇ ਆਜ਼ਾਦੀ ਦਾ ਅਨੋਖਾ ਮੁੱਲ ਤਾਰਿਆ ਸੀ। ਭੁੱਖ ਨਾਲ ਵਿਲਕਦੀ ਧੀ ਨੂੰ ਰਾਵੀ ’ਚ ਰੋੜ੍ਹ ਦਿੱਤਾ ਸੀ।
ਸੰਪਰਕ: 97818-43444