ਸਾਂਵਲ ਧਾਮੀ
ਵੰਡ ਵੇਲੇ ਰੈਲੀ ਪਟਿਆਲਾ ਰਿਆਸਤ ਦਾ ਪਿੰਡ ਸੀ। ਅੱਜਕੱਲ੍ਹ ਇਹ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪਿੰਡ ਹੈ। ਸੰਤਾਲੀ ਤੋਂ ਪਹਿਲਾਂ ਇੱਥੇ ਤਿੰਨ-ਚਾਰ ਘਰ ਸਿੱਖ ਕੰਬੋਆਂ ਦੇ ਸਨ ਤੇ ਬਾਕੀ ਸਾਰੇ ਮੁਸਲਮਾਨ ਵੱਸਦੇ ਸਨ। ਵੰਡ ਮਗਰੋਂ ਇੱਥੇ ਸਿਆਲਕੋਟੀਏ
ਜੱਟ ਆਣ ਵੱਸੇ। ਇਨ੍ਹਾਂ ’ਚੋਂ ਇੱਕ ਕਰਤਾਰ ਸਿੰਘ ਘੁੰਮਣ ਹੋਰੀਂ ਨੇ। ਉਨ੍ਹਾਂ ਨਾਲ ਗੱਲਬਾਤ ਕਰਨ ਲਈ ਮੈਂ ਰੈਲੀ ਗਿਆ। ਚਿੱਟੇ ਵਸਤਰ ਅਤੇ ਹੱਥ ’ਚ ਸਿਰ ਤੋਂ ਹੱਥ ਭਰ ਉੱਚਾ ਖੂੰਡਾ ਫੜੀ ਉਹ ਗੁਆਚੀ ਧਰਤੀ ਦੀ ਬਾਤ ਪਾਉਣ ਲੱਗੇ, ‘ਸਾਡਾ ਪਿੰਡ ਕਾਲੋਵਾਲੀ ਘੁੰਮਣਾਂ ਏ। ਬੰਨ ਬਾਜਵੇ ਤੇ ਜਧਾਲੇ ਦੇ ਕੋਲ। ਸਾਡੇ ਨਾਨਕੇ ਤਾਰੜ ਪਿੰਡ ’ਚ ਸਨ। ਉਹ ਪਿੰਡ ਅੱਧਾ ਸਿੱਖਾਂ ਅਤੇ ਅੱਧਾ ਮੁਸਲਮਾਨ ਤਾਰੜਾਂ ਦਾ ਸੀ। ਉਨ੍ਹਾਂ ਦਾ ਵਡੇਰਾ ਸ਼ੇਖ਼ੂਪੁਰੇ ਤੋਂ ਆ ਕੇ ਇੱਥੇ ਵਸਿਆ ਸੀ। ਹੁਣ ਉਹ ਕਾਹਨੂੰਵਾਨ ਕੋਲ ਦਾਰਾਪੁਰ ਪਿੰਡ ’ਚ ਬੈਠੇ ਨੇ।
ਨੇੜਲੇ ਪਿੰਡ ਕਰਨਾਣੀ ’ਚ ਗਿਆਰਾਂ ਹਾੜ੍ਹ ਨੂੰ ਬੜਾ ਵੱਡਾ ਮੇਲਾ ਲੱਗਦਾ। ਬਾਵੇ ਦੀ ਕੋਟਲੀ ’ਚ ਵੈਸਾਖੀ, ਰਛਾੜੇ ’ਚ ਬਾਬੇ ਲੱਛਣ ਤੇ ਕੋਰੇ ਪਿੰਡ ’ਚ ਬਾਬੇ ਗੁੱਲੂ ਸ਼ਾਹ ਦਾ ਮੇਲਾ ਲੱਗਦਾ ਹੁੰਦਾ ਸੀ। ਸਾਧਾਵਾਲੀ ਪਿੰਡ ਦਾ ਨਜ਼ਰ ਸ਼ਾਹ ਮੇਰੇ ਵੱਡੇ ਭਾਈ ਦਾ ਪੱਗ ਵੱਟ ਭਰਾ ਬਣਿਆ ਹੋਇਆ ਸੀ।
ਓਧਰ ਮੇਰੇ ਬਾਪ ਨੂੰ ਚੌਧਰੀ ਬੇਲਾ ਆਂਹਦੇ ਸੀ। ਇੱਧਰ ਆ ਕੇ ਉਹ ਬੇਲਾ ਸਿੰਘ ਹੋ ਗਿਆ ਸੀ। ਤਾਏ ਦਾ ਨਾਂ ਫਤਿਹ ਚੰਦ ਸੀ। ਸਾਰੇ ਉਹਨੂੰ ਫੱਤੂ-ਫੱਤੂ ਹੀ ਆਖਦੇ ਸਨ। ਮੇਰੀਆਂ ਤਿੰਨ ਭੂਆ ਸਨ। ਇੱਕ ਨੰਗਲ ਬਾਜਵੇ, ਦੂਜੀ ਬੁੱਟਰੀ ਤੇ ਤੀਜੀ ਗੁੱਜਰਾਂਵਾਲੇ ਦੇ ਪਿੰਡ ਬੀਰਮ ’ਚ ਵਿਆਹੀ ਹੋਈ ਸੀ।
ਸਾਡੇ ਪਿੰਡ ਦਾ ਗੁਰਦੁਆਰਾ ਮੇਰੀ ਹੋਸ਼ ’ਚ ਮੁਕੰਮਲ ਹੋਇਆ ਸੀ। ਪਿੰਡ ’ਚ ਮਸੀਤ ਵੀ ਸੀ। ਉਹਦੇ ਨਾਲ ਸ਼ਾਦੀ ਸ਼ਾਹ ਪੀਰ ਦੀ ਜਗ੍ਹਾ ਸੀ।
ਓਸ ਪਿੰਡ ’ਚ ਜ਼ਮੀਨ ਦੇ ਮਾਲਕ ਘੁੰਮਣ ਸਨ। ਪੈਂਤੀ-ਚਾਲੀ ਘਰ ਸਿੱਖ ਘੁਮਿਆਰਾਂ ਦੇ ਵੀ ਸਨ। ਉਹ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਮੀਰਪੁਰ ਪਿੰਡ ’ਚ ਬੈਠੇ ਨੇ। ਕੁਝ ਘਰ ਮੁਸਲਮਾਨ ਅਰਾਈਆਂ ਦੇ ਸਨ। ਗੁਲਾਮ ਮੁਹਮੰਦ, ਮਾਮੂੰ, ਯਾਮੂੰ ਤੇ ਮੰਨਾਂ ਉਨ੍ਹਾਂ ’ਚੋਂ ਮਸ਼ਹੂਰ ਬੰਦੇ ਸਨ। ਮਾਮੂੰ ਤੇ ਝੰਡੂ; ਸਾਡੇ ਪਿੰਡ ਦੇ ਦੋ ਚੌਕੀਦਾਰ ਸਨ। ਪਹਿਲਵਾਨ ਖੈਰਦੀਨ ਮੇਰੇ ਵੱਡੇ ਭਾਈ ਬੁੱਢਾ ਸਿੰਘ ਦਾ ਭਰਾ ਬਣਿਆ ਹੋਇਆ ਸੀ। ਉਹ ਭਾਈ ਦੀ ਬਰਾਤ ’ਚ ਵੀ ਗਿਆ ਸੀ।
ਅਸੀਂ ਤਿੰਨ ਭਾਈ ਸਾਂ। ਸਾਡੇ ਕੋਲ ਦੋ ਘੋੜੀਆਂ ਸਨ। ਇੱਕ ਪੱਠਿਆਂ ਵਾਸਤੇ ਤੇ ਦੂਜੀ ਆਉਣ-ਜਾਣ ਵਾਸਤੇ ਰੱਖੀ ਹੋਈ ਸੀ। ਉਹ ਘੋੜੀ ਮੈਂ ਮੇਲਿਆਂ ’ਤੇ ਵੀ ਭਜਾਉਂਦਾ ਹੁੰਦਾ ਸਾਂ। ਪਿੰਡ ’ਚ ਨੌਂ-ਦਸ ਖੂਹ ਸਨ। ਸਾਡੇ ਖੂਹ ਦਾ ਨਾਂ ਗੋਰੇ ਵਾਲਾ ਖੂਹ ਸੀ। ਕਿਰਪਾਲੇ ਆਲਾ, ਅੰਬਾਂ ਆਲਾ ਤੇ ਨਵਾਂ ਖੂਹ; ਕੁਝ ਹੋਰ ਖੂਹ ਯਾਦ ਨੇ ਮੈਨੂੰ। ਸਾਡਾ ਇੱਕ ਖੂਹ ਅਰਾਈਆਂ ਨਾਲ ਸਾਂਝਾ ਹੁੰਦਾ ਸੀ।
ਸਾਡਾ ਘਰ ਮਿਸਤਰੀਆਂ ਦੇ ਘਰ ਦੇ ਨਾਲ ਲੱਗਦਾ ਸੀ। ਉਹ ਬਹੁਤ ਵੱਡੇ ਕਾਰੀਗਰ ਸਨ। ਉਨ੍ਹਾਂ ਦੇ ਨਾਂ ਸਨ; ਲਾਭ ਸਿੰਘ, ਕਰਮ ਸਿੰਘ ਤੇ ਭਾਈ ਸੁੰਦਰ ਸਿੰਘ। ਉਹ ਸਿਆਲਕੋਟ ਸ਼ਹਿਰ ’ਚ ਮਕਾਨਾਂ ਦੇ ਠੇਕੇ ਲੈਂਦੇ ਸਨ। ਉਨ੍ਹਾਂ ਦੇ ਆਪਣੇ ਮਕਾਨ ਵੀ ਪੱਕੇ ਸਨ। ਉਨ੍ਹਾਂ ’ਚੋਂ ਇੱਕ ਭਾਈ ਸੁੰਦਰ ਸਿੰਘ ਜੀ ਸਨ। ਉਨ੍ਹਾਂ ਪਿੰਡ ’ਚ ਆ ਕੇ ਡਾਕਟਰੀ ਦੀ ਦੁਕਾਨ ਖੋਲ੍ਹੀ ਸੀ। ਕੋਈ ਜ਼ਿਆਦਾ ਬਿਮਾਰ ਹੋਏ ਤਾਂ ਉਹਨੂੰ ਘਰ ਜਾ ਕੇ ਦਵਾਈ ਦਿੰਦੇ ਸੀ। ਉਹ ਕਿਸੇ ਕੋਲੋਂ ਪੈਸਾ ਨਹੀਂ ਸਨ ਲੈਂਦੇ।
ਪਿੰਡ ’ਚ ਕਦੇ ਕੋਈ ਲੜਾਈ-ਝਗੜਾ ਹੋ ਜਾਂਦਾ ਤਾਂ ਲੋਕ ਚੌਧਰੀ ਬੇਲੀ ਕੋਲ ਆਉਂਦੇ ਸਨ। ਫਲਾਹੀ ਦੀ ਛਾਵੇਂ ਅਸੀਂ ਇੱਕ ਥੜ੍ਹਾ ਬਣਾਇਆ ਹੋਇਆ ਸੀ। ਲਗਪਗ ਸਾਰੇ ਫ਼ੈਸਲੇ ਓਥੇ ਹੀ ਹੋ ਜਾਂਦੇ। ਸ਼ਾਇਦ ਹੀ ਕਦੇ ਕੋਈ ਮਸਲਾ ਥਾਣੇ ਤੱਕ ਗਿਆ ਹੋਵੇ। ਭਾਈ ਬੁੱਢਾ ਸਿੰਘ ਤੇ ਜਥੇਦਾਰ ਈਸ਼ਰ ਸਿੰਘ ਕਾਨਫਰੰਸਾਂ ’ਤੇ ਵੀ ਜਾਂਦੇ ਹੁੰਦੇ ਸਨ। ਇੱਕ ਵਾਰ ਇਨ੍ਹਾਂ ਆਣ ਕੇ ਦੱਸਿਆ ਕਿ ਵੰਡ ਹੋ ਗਈ ਏ। ਅਸੀਂ ਇੱਥੇ ਨਹੀਂ ਰਹਿਣਾ। ਬਜ਼ੁਰਗ ਹੱਸ ਕੇ ਬੋਲੇ-ਅਸੀਂ ਕਿੱਥੇ ਤੁਰ ਜਾਣਾ? ਸਾਡੀਆਂ ਜੜਾਂ ਤਾਂ ਪਾਤਾਲ ’ਚ ਨੇ।
ਥੋੜ੍ਹੇ ਦਿਨਾਂ ’ਚ ਚਾਰ-ਚੁਫ਼ੇਰੇ ਅੱਗਾਂ ਲੱਗਣ ਲੱਗ ਪਈਆਂ। ਨੇੜਲੇ ਪਿੰਡਾਂ ’ਚੋਂ ਹਿੰਦੂ-ਸਿੱਖ ਉੱਠਣ ਲੱਗੇ। ਸਾਡਾ ਪਿੰਡ ਬੈਠਾ ਰਿਹਾ। ਲੁੱਟ-ਮਾਰ ਕਰਨ ਵਾਲੇ ਲੋਕ ਸਾਧਾਵਲੀ ਗਏ। ਉਹ ਨਜ਼ਰ ਸ਼ਾਹ ਨੂੰ ਕਹਿਣ ਲੱਗੇ-ਕਾਲੋਵਾਈਏ ਸਿੱਖ ਤੇਰੀ ਵਜ੍ਹਾ ਨਾਲ ਬੈਠੇ ਨੇ। ਉਨ੍ਹਾਂ ਕੋਲ ਬਸ ਅੱਜ ਦੀ ਰਾਤ ਏ। ਸਵੇਰੇ ਅਸੀਂ ਹਮਲਾ ਕਰ ਦੇਣਾ।
ਉਸੀ ਸ਼ਾਮ ਦੀ ਗੱਲ ਏ। ਸਾਡਾ ਸਾਰਾ ਪਿੰਡ ਘਰਾਂ ’ਚੋਂ ਨਿਕਲ ਕੇ ਨੇੜਲੇ ਪਿੰਡਾਂ ’ਚੋਂ ਉੱਠਦੀਆਂ ਅੱਗ ਦੀਆਂ ਲਪਟਾਂ ਵੇਖ ਰਿਹਾ ਸੀ। ਨਜ਼ਰ ਸ਼ਾਹ ਨੇ ਆਪਣੇ ਪੁੱਤਰ ਨੂੰ ਘੋੜੀ ’ਤੇ ਘੱਲਿਆ। ਉਹ ਬੁੱਢਾ ਸਿੰਘ ਨੂੰ ਕਹਿੰਦਾ- ਅੱਬਾ ਦਾ ਸੁਨੇਹਾ ਹੈ ਕਿ ਅੱਜ ਹੀ ਪਿੰਡ ਛੱਡ ਦਿਓ। ਕੱਲ੍ਹ ਸਵੇਰੇ ਤੁਹਾਡੇ ਉੱਤੇ ਹਮਲਾ ਹੋ ਜਾਣਾ। ਸੁਨੇਹਾ ਦੇ ਕੇ ਉਹ ਮੁੜ ਗਿਆ। ਮੋਹਤਬਰਾਂ ਉੱਠਣ ਦਾ ਫ਼ੈਸਲਾ ਕਰ ਲਿਆ। ਅਸੀਂ ਥੋੜ੍ਹੇ-ਥੋੜ੍ਹੇ ਕੱਪੜੇ ਚੁੱਕ ਲਏ ਤੇ ਰੋਂਦੇ-ਕੁਰਲਾਉਂਦੇ ਘਰਾਂ ’ਚੋਂ ਨਿਕਲ ਤੁਰੇ। ਪਿੰਡੋਂ ਨਿਕਲਦਿਆਂ ਸਾਡਾ ਕਾਫ਼ਲਾ ਦੋ ਹਿੱਸਿਆਂ ’ਚ ਵੰਡਿਆ ਗਿਆ। ਅੱਧਾ ਬਢਿਆਣੇ ਕੈਂਪ ਵੱਲ ਤੁਰ ਪਿਆ ਸੀ ਤੇ ਅੱਧਾ ਕਲਾਸਵਾਲੇ ਵੱਲ।
ਸਾਨੂੰ ਬੰਨ ਬਾਜਵੇ ਦੇ ਕੋਲ ਦਿਨ ਛਿਪ ਗਿਆ। ਅੱਗੇ ਨਦੀ ਸੀ। ਸਾਰਾ ਪਿੰਡ ਨਦੀ ਦੇ ਕਿਨਾਰੇ ਬੈਠ ਗਿਆ। ਅਸੀਂ ਬਰਛਿਆਂ ਨਾਲ ਪਾਣੀ ਦੀ ਡੂੰਘਾਈ ਨਾਪ ਰਹੇ ਸਾਂ ਕਿ ਕਾਲੇ ਚੱਕ ਦੇ ਲੁਟੇਰਿਆਂ ਨੇ ਸਾਨੂੰ ਆਣ ਘੇਰਿਆ। ਸਾਨੂੰ ਵੱਡਿਆਂ ਨੇ ਆਖਿਆ ਹੋਇਆ ਸੀ ਕਿ ਜੇ ਕੋਈ ਤੁਹਾਨੂੰ ਮਾਰਨ ਪੈ ਗਿਆ ਤਾਂ ਲੜ ਕੇ ਮਰਿਓ। ਐਵੇਂ ਕੱਪੜੇ ਨਾ ਸੰਭਾਲੀ ਜਾਇਓ। ਅਸੀਂ ਬਰਛੇ ਲੈ ਕੇ ਉਨ੍ਹਾਂ ਦੇ ਅੱਗੇ ਖੜੋ ਗਏ। ਅਸੀਂ ਆਖਿਆ- ਜੇ ਸਾਡਾ ਕੋਈ ਨੁਕਸਾਨ ਹੋਇਆ ਤਾਂ ਬਚ ਕੇ ਜਾਣ ਅਸੀਂ ਤੁਹਾਨੂੰ ਵੀ ਨਹੀਂ ਦੇਣਾ। ਇਸ ਤਕਰਾਰ ਨੂੰ ਸੁਣਕੇ ਮਿਸਤਰੀਆਂ ਦੇ ਅਤਰ ਸਿੰਘ ਨੂੰ ਗੁੱਸਾ ਆ ਗਿਆ। ਉਹ ਭੱਜ ਕੇ ਗਿਆ ਤੇ ਇੱਕ ਧਾੜਵੀ ਦੇ ਹੱਥੋਂ ਗੰਡਾਸਾ ਖੋਹ ਲਿਆਇਆ। ਉਹ ਡਰ ਕੇ ਪਿਛਾਂਹ ਵੱਲ ਨੂੰ ਮੁੜ ਗਏ।
ਲਾਭ ਸਿੰਘ ਮਿਸਤਰੀ ਦੀ ਮਾਈ ਦੀ ਉਮਰ ਉਦੋਂ ਅੰਦਾਜ਼ਨ ਅੱਸੀ ਕੁ ਸਾਲ ਹੋਵੇਗੀ। ਮੈਂ ਉਹਨੂੰ ਮੋਢਿਆਂ ’ਤੇ ਚੁੱਕ ਕੇ ਨਦੀ ਪਾਰ ਕਰਵਾਈ ਸੀ। ਨਦੀ ਤੋਂ ਪਾਰ ਦਾਤਾ ਬਾਹਮਣਾ ਪਿੰਡ ਸੀ। ਇਸ ਪਿੰਡ ’ਚੋਂ ਹਿੰਦੂ ਉੱਠ ਗਏ ਸਨ ਤੇ ਮੁਸਲਮਾਨ ਵੱਸਦੇ ਪਏ ਸਨ।
ਮੋਹਤਬਰਾਂ ਨੇ ਮੁਸਲਮਾਨਾਂ ਕੋਲੋਂ ਪੁੱਛਿਆ ਤਾਂ ਉਹ ਕਹਿੰਦੇ- ਕੋਈ ਗੱਲ ਨਹੀਂ। ਤੁਸੀਂ ਪਿੰਡ ’ਚੋਂ ਦੀ ਲੰਘ ਜਾਓ। ਇਸ ਪਿੰਡ ’ਚੋਂ ਦੀ ਲੰਘ ਕੇ ਅਸੀਂ ਖੇਤਾਂ ’ਚੋਂ ਹੁੰਦੇ ਹੋਏ ਕਲਾਸਵਾਲੇ ਵੱਲ ਨੂੰ ਤੁਰ ਪਏ। ਕਾਲੋਵਾਲੀ ’ਚੋਂ ਨਿਕਲਦਿਆਂ ਪਿੰਡ ਦੀਆਂ ਦੋ ਕੁੜੀਆਂ ਮਾਪਿਆਂ ਨਾਲੋਂ ਨਿੱਖੜ ਕੇ ਸਾਡੇ ਨਾਲ ਤੁਰ ਪਈਆਂ ਸਨ। ਉਨ੍ਹਾਂ ਦੇ ਮਾਪੇ ਬਢਿਆਣੇ ਕੈਂਪ ਵੱਲ ਚਲੇ ਗਏ ਸਨ। ਜਦੋਂ ਅਸੀਂ ਕਲਾਸਵਾਲੇ ਦੇ ਕੋਲ ਪਹੁੰਚੇ ਤਾਂ ਜਥੇਦਾਰ ਈਸ਼ਰ ਸਿੰਘ ਆਂਹਦਾ- ਜੀਅ ਗਿਣੋ ਕਿ ਪੂਰੇ ਈ ਆ। ਜਦੋਂ ਜੀਅ ਗਿਣੇ ਤਾਂ ਉਹ ਕੁੜੀਆਂ ਨਾ ਲੱਭੀਆਂ। ਦਰਅਸਲ, ਜਦੋਂ ਨਦੀ ’ਤੇ ਰੌਲਾ ਪਿਆ ਤਾਂ ਉਹ ਡਰ ਕੇ ਨਰਮੇ ’ਚ ਲੁਕ ਗਈਆਂ ਸਨ। ਅਸੀਂ ਤੁਰ ਆਏ, ਪਰ ਉਹ ਓਥੇ ਬੈਠੀਆਂ ਰਹਿ ਗਈਆਂ। ਦਿਨ ਚੜ੍ਹੇ ਉਹ ਉੱਠ ਕੇ ਨਾਲ ਦੇ ਪਿੰਡ ਕੁੱਲ ਬਾਜਵੇ ਚਲੀਆਂ ਗਈਆਂ। ਓਥੋਂ ਦੇ ਕੁਝ ਹਿੰਦੂ ਹਾਲੇ ਬੈਠੇ ਸਨ। ਮੁਸਲਮਾਨਾਂ ਨੇ ਉਹ ਕੁੜੀਆਂ ਉਨ੍ਹਾਂ ਦੇ ਘਰ ਪਹੁੰਚਾ ਦਿੱਤੀਆਂ। ਅਗਲੇ ਦਿਨ ਉਹ ਹਿੰਦੂ ਵੀ ਕੁੜੀਆਂ ਨੂੰ ਨਾਲ ਲੈ ਕੇ ਕਲਾਸਵਾਲੇ ਕੈਂਪ ’ਚ ਪਹੁੰਚ ਗਏ। ਓਥੇ ਅਸੀਂ ਪੱਚੀ ਤੀਹ ਦਿਨ ਰਹੇ।
ਕਲਾਸਵਾਲੀਏ ਸਰਦਾਰਾਂ ਨੇ ਆਖਿਆ ਹੋਇਆ ਸੀ ਕਿ ਹਿੰਦੂ ਮਿਲਟਰੀ ਆਏਗੀ ਤਾਂ ਅਸੀਂ ਜਥਾ ਤੋਰਨਾ। ਫਿਰ ਇੱਧਰੋਂ ਮਰਹੱਟੇ ਗਏ। ਬੁੱਢੇ-ਠੇਰੇ ਤੇ ਬੱਚੇ ਤਾਂ ਗੱਡੀਆਂ ’ਚ ਆਏ, ਪਰ ਜਵਾਨਾਂ ਅਤੇ ਡੰਗਰ-ਵੱਛੇ ਵਾਲਿਆਂ ਨੂੰ ਕਾਫ਼ਲੇ ’ਚ ਆਉਣਾ ਪਿਆ। ਇੱਧਰ ਆ ਕੇ ਪਹਿਲਾਂ ਅਸੀਂ ਕੀੜੀ ਅਫ਼ਗਾਨਾ ’ਚ ਬੈਠੇ। ਫਿਰ ਪਟਿਆਲੇ ਵਾਲੇ ਰਾਜੇ ਨੇ ਐਲਾਨ ਕਰ ਦਿੱਤਾ ਕਿ ਮੈਂ ਆਪਣੀ ਰਿਆਸਤ ’ਚ ਸਿਆਲਕੋਟੀਏ ਬਿਠਾਉਣੇ ਨੇ। ਸਾਡੇ ਲਾਣੇਦਾਰ ਪਟਿਆਲੇ ’ਚ ਜ਼ਮੀਨ ਦੇਖਣ ਆਏ। ਆਖ਼ਰ ਉਨ੍ਹਾਂ ਆਹ ਪਿੰਡ ਅਲਾਟ ਕਰਵਾ ਲਿਆ। ਪਹਿਲਾਂ ਕੱਚੀ ਅਲਾਟਮੈਂਟ ਹੋਈ ਤੇ ਫਿਰ ਪੱਕੀ। ਇਸ ਪਿੰਡ ਨੂੰ ਰਾਏਪੁਰ ਰੈਲੀ ਕਹਿੰਦੇ ਨੇ। ਨੇੜੇ ਰਾਏਪੁਰ ਪਿੰਡ ਏ। ਮੁਸਲਮਾਨ ਗੁੱਜਰਾਂ ਦਾ ਪਿੰਡ ਸੀ ਇਹ।
ਸੰਤਾਲੀ ਨੇ ਸਾਡਾ ਬੜਾ ਨੁਕਸਾਨ ਕੀਤਾ। ਸਾਡੀ ਇੱਕ ਭੈਣ ਰਾਹ ’ਚ ਪੂਰੀ ਹੋ ਗਈ ਸੀ। ਸਿਆਲਕੋਟ ਵਾਲੀ ਜ਼ਮੀਨ ਇਹਦੇ ਨਾਲੋਂ ਕਿਤੇ ਵਧੀਆ ਸੀ। ਸਾਨੂੰ ਸੱਠ ਕਿੱਲਿਆਂ ਦੇ ਬਦਲੇ ਉਨੱਤੀ ਕਿੱਲੇ ਹੀ ਮਿਲੇ। ਚਲੋ, ਜੋ ਹੋਣਾ ਸੀ ਹੋ ਗਿਆ। ਬੱਚੇ ਮਿਹਨਤੀ ਨੇ। ਸਾਰਾ ਕੁਝ ਮੁੜ ਤੋਂ ਮਿਲ ਗਿਆ ਏ।
ਘਰ ਦਾ ਸਾਮਾਨ ਅਸੀਂ ਫ਼ਜ਼ਲ ਹੁਸੈਨ ਦੇ ਘਰ ਰੱਖ ਆਏ ਸਾਂ ਅਤੇ ਗਹਿਣੇ-ਗੱਟੇ ਝੂੰਡੇ ਚੌਕੀਦਾਰ ਨੂੰ ਫੜਾ ਆਏ ਸਾਂ। ਇੱਧਰ ਆ ਕੇ ਅਸੀਂ ਉਹਨੂੰ ਚਿੱਠੀ ਵੀ ਪਾਈ ਸੀ। ਉਹਨੇ ਜਵਾਬ ’ਚ ਲਿਖਿਆ ਸੀ- ਤੁਹਾਡੇ ਵਾਲੇ ਗਹਿਣੇ ਮੇਰੇ ਕੋਲੋਂ ਪੁਲੀਸ ਲੈ ਗਈ ਸੀ। ਪੰਜ-ਛੇ ਸਾਲਾਂ ਬਾਅਦ ਵੱਡੇ ਭਾਈ ਬੁੱਢਾ ਸਿੰਘ ਦਾ ਦੋ ਮਹੀਨੇ ਦਾ ਵੀਜ਼ਾ ਲੱਗ ਗਿਆ। ਓਸ ਵੇਲੇ ਉਹਦਾ ਪੁੱਤਰ ਬਿਮਾਰ ਚੱਲ ਰਿਹਾ ਸੀ। ਇੱਕ ਪਾਸੇ ਵਤਨ ਨੂੰ ਵੇਖਣ ਦੀ ਤਾਂਘ ਸੀ ਤੇ ਦੂਜੇ ਪਾਸੇ ਪੁੱਤ ਦਾ ਫ਼ਿਕਰ। ਆਖ਼ਰ ਉਹਨੇ ਪਿੰਡ ਵੇਖਣ ਦਾ ਫ਼ੈਸਲਾ ਕਰ ਲਿਆ ਸੀ।
ਉਹਦੇ ਪਿੱਛੋਂ ਉਹਦਾ ਪੁੱਤਰ ਜ਼ਿਆਦਾ ਬਿਮਾਰ ਹੋ ਗਿਆ। ਓਧਰ ਉਹਦੇ ਯਾਰ ਉਹਨੂੰ ਪਿੰਡਾਂ ’ਚ ਲਈ ਫਿਰਦੇ ਸਨ। ਪਿੰਡ ਵਾਲੇ ਉਹਨੂੰ ਇੱਧਰ ਨਹੀਂ ਸਨ ਆਉਣ ਦਿੰਦੇ। ਮੁੜ-ਮੁੜ ਇਹੋ ਕਹਿੰਦੇ-ਤੂੰ ਕੀ ਕਰਨਾ ਏ, ਹਿੰਦੋਸਤਾਨ ’ਚ ਜਾ ਕੇ? ਅਸੀਂ ਚਿੱਠੀ ਪਾਈ। ਪਰ ਉਹਦੇ ਮੁੜਨ ਤੋਂ ਪਹਿਲਾਂ ਉਹ ਮੁੰਡਾ ਗੁਜ਼ਰ ਗਿਆ। ਉਹ ਬੜਾ ਰੋਇਆ। ਫਿਰ ਉਹ ਸਿਵਿਆ ’ਚ ਵੀ ਗਿਆ। ਪੁੱਤਰ ਦੀ ਢੇਰੀ ਦਾ ਕਲਾਵਾ ਭਰਦਿਆਂ ਧਾਹ ਮਾਰ ਕੇ ਬੋਲਿਆ- ਇੱਥੇ ਹੁੰਦਾ ਤਾਂ ਸ਼ਾਇਦ ਮੈਂ ਤੈਨੂੰ ਬਚਾ ਲੈਂਦਾ। ਮੈਨੂੰ ਮੁਆਫ਼ ਕਰ ਦਈਂ ਪੁੱਤਰਾ। ਵਤਨ ਵੇਖਣ ਦੀ ਤਾਂਘ ਨੇ ਮੈਨੂੰ ਸਭ ਰਿਸ਼ਤੇ ਭੁਲਾ ਛੱਡੇ ਸਨ। ਮੈਂ ਤੈਨੂੰ ਨਹੀਂ ਗਵਾਇਆ ਪੁੱਤਰਾ, ਵਤਨ ਵੇਖਣ ਦਾ ਮੁੱਲ ਤਾਰਿਆ ਏ!’
ਇਸ ਨਾਲ ਕਰਤਾਰ ਸਿੰਘ ਹੋਰਾਂ ਦੀ ਗੱਲ ਮੁੱਕ ਗਈ, ਪਰ ਅੱਥਰੂ ਵਹਿਣੇ ਸ਼ੁਰੂ ਹੋ ਗਏ।
ਸੰਪਰਕ: 97818-43444