ਜਗਜੀਤ ਸਿੰਘ ਕੰਡਾ
ਪੰਜਾਬੀਆਂ ਦੇ ਬਹੁਤ ਰਿਸ਼ਤੇ ਉਂਗਲਾਂ ’ਤੇ ਗਿਣਾਏ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਪੰਜ ਪ੍ਰਕਾਰ ਦੇ ਰਿਸ਼ਤੇ ਨਾਤੇ ਸਾਡੀ ਜੀਵਨਸ਼ੈਲੀ ਵਿੱਚ ਪ੍ਰਚੱਲਿਤ ਹਨ। ਖੂਨ ਦੇ ਰਿਸ਼ਤਿਆਂ ਵਿੱਚ ਭੈਣ-ਭਰਾ, ਭਾਈ-ਭਾਈ, ਭੈਣਾਂ-ਭੈਣਾਂ ਦੇ ਰਿਸ਼ਤਿਆਂ ਦਾ ਬਹੁਤ ਮਹੱਤਵ ਹੈ। ਜਨਮ ਸਬੰਧੀ ਰਿਸ਼ਤਿਆਂ ਵਿੱਚ ਮਾਂ-ਪੁੱਤ, ਪਿਓ-ਧੀ, ਪਿਓ-ਪੁੱਤ ਦੇ ਰਿਸ਼ਤੇ ਸ਼ਾਮਿਲ ਹਨ। ਪਰਿਵਾਰਕ ਰਿਸ਼ਤਿਆਂ ਦੀ ਵੰਨਗੀ ਤਹਿਤ ਮਾਮਾ-ਭਾਣਜਾ, ਮਾਮਾ-ਭਾਣਜੀ, ਨਾਨਾ-ਦੋਹਤਾ, ਨਾਨੀ-ਦੋਹਤੀ, ਚਾਚਾ-ਭਤੀਜਾ, ਤਾਇਆ-ਭਤੀਜਾ, ਦਾਦਾ-ਪੋਤਾ, ਦਾਦੀ-ਪੋਤੀ, ਚਾਚੀ-ਤਾਈ, ਮਾਮੀ-ਭੂਆ ਤੇ ਇਨ੍ਹਾਂ ਦੇ ਬੱਚਿਆਂ ਨਾਲ ਸਬੰਧਿਤ ਰਿਸ਼ਤੇ ਗਿਣੇ ਜਾ ਸਕਦੇ ਹਨ।
ਵਿਆਹ ਰਾਹੀਂ ਬਣੇ ਰਿਸ਼ਤਿਆਂ ਵਿੱਚ ਸੱਸ-ਨੂੰਹ, ਨੂੰਹ-ਸਹੁਰਾ, ਸਹੁਰਾ-ਜਵਾਈ, ਸੱਸ-ਜਵਾਈ, ਸਾਲਾ-ਭਣੋਈਆ, ਸਾਲਾ-ਸਾਲੇਹਾਰ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜੇਠਾਣੀ, ਪਤੀਸ, ਕੁੜਮ-ਕੁੜਮਣੀ ਆਦਿ ਰਿਸ਼ਤੇ ਹੁੰਦੇ ਹਨ। ਭਾਵਨਾ ਤੇ ਪਿਆਰ ਵਾਲੇ ਰਿਸ਼ਤਿਆਂ ਵਿੱਚ ਉਹ ਰਿਸ਼ਤੇ ਹੁੰਦੇ ਹਨ ਜੋ ਮਨੁੱਖੀ ਪਿਆਰ ਸਤਿਕਾਰ ਦੀਆਂ ਭਾਵਨਾਵਾਂ ਆਦਿ ਲਈ ਸਿਰਜ ਲਏ ਜਾਂਦੇ ਹਨ। ਇਨ੍ਹਾਂ ਵਿੱਚ ਦੋਸਤ, ਮਿੱਤਰ, ਸਹਿਕਰਮੀ, ਵਿਦਿਆਰਥੀ, ਅਧਿਆਪਕ ਆਦਿ ਸ਼ਾਮਿਲ ਹੁੰਦੇ ਹਨ। ਅਣਪ੍ਰਵਾਣਿਤ ਰਿਸ਼ਤੇ ਉਹ ਹੁੰਦੇ ਹਨ ਜਿਨ੍ਹਾਂ ਨੂੰ ਨਾਮ ਦੇਣ ਤੋਂ ਸਾਡਾ ਸੱਭਿਅਕ ਸਮਾਜ ਗੁਰੇਜ਼ ਕਰਦਾ ਹੈ ਤੇ ਪ੍ਰਵਾਨ ਨਹੀਂ ਕਰਦਾ। ਇਹ ਰਿਸ਼ਤੇ ਸਾਡੇ ਸਮਾਜ ਨੂੰ ਤੋੜਦੇ ਹਨ ਤੇ ਦੁਸ਼ਮਣੀਆਂ ਪੈਦਾ ਕਰਦੇ ਹਨ। ਇਹ ਰਿਸ਼ਤੇ ਸੱਭਿਅਕ ਸਮਾਜ ਦਾ ਅੰਗ ਨਹੀਂ ਹੁੰਦੇ, ਜਿਸ ਕਾਰਨ ਇਹ ਰਿਸ਼ਤੇ ਸੱਭਿਅਕ ਸਮਾਜ ਵਾਸਤੇ ਸਦਾ ਹੀ ਹਾਨੀਕਾਰਕ ਹੁੰਦੇ ਹਨ। ਜਨੂੰਨੀ ਲੋਕਾਂ ਨੇ ਇਨ੍ਹਾਂ ਨੂੰ ਆਪਣੇ ਤਰੀਕੇ, ਆਪਣੇ ਮੁਤਾਬਿਕ ਵੱਖ-ਵੱਖ ਨਾਵਾਂ ਨਾਲ ਜੋੜਿਆ ਹੈ।
ਜਿਉਂ ਜਿਉਂ ਸਮਾਂ ਆਪਣੀ ਚਾਲ ਤੇਜ਼ੀ ਨਾਲ ਬਦਲਦਾ ਗਿਆ, ਤਿਉਂ-ਤਿਉਂ ਮਨੁੱਖੀ ਜ਼ਿੰਦਗੀ ਵਿੱਚ ਵੀ ਵੱਡੇ ਬਦਲਾਅ ਆਏ। ਸੰਯੁਕਤ ਪਰਿਵਾਰਾਂ ਦੇ ਟੁੱਟਣ ਕਾਰਨ ਸਾਡੇ ਵਿਹੜਿਆਂ ਦੀਆਂ ਰੌਣਕਾਂ ਅੱਜਕੱਲ੍ਹ ਖਤਮ ਹੋਣ ਕਿਨਾਰੇ ਪਹੁੰਚ ਗਈਆਂ ਹਨ। ਵਿਰਲੇ ਘਰਾਂ ਵਿੱਚ ਹੀ ਚਾਚੇ-ਤਾਇਆਂ ਦੇ ਪਰਿਵਾਰ ਇੱਕ ਛੱਤ ਥੱਲੇ ਰਹਿੰਦੇ ਹਨ। ਸਮੇਂ ਦੀ ਚਾਲ ਨੇ ਸਾਨੂੰ ਮਤਲਬੀ ਤੇ ਇਕੱਲੇ ਰਹਿਣਾ ਸਿਖਾ ਦਿੱਤਾ ਹੈ। ਅੱਜ ਹਰ ਇੱਕ ਮਾਂ-ਪਿਓ ਦੀ ਇੱਛਾ ਹੈ ਕਿ ਉਨ੍ਹਾਂ ਦੀ ਪਹਿਲੀ ਔਲਾਦ ਸਿਰਫ਼ ਮੁੰਡਾ ਹੀ ਹੋਵੇ ਤੇ ਅੱਗੇ ਫੁੱਲ ਸਟਾਪ! ਪੜ੍ਹੇ-ਲਿਖੇ ਵਰਗ ਵਿੱਚ ਵੀ ਹੁਣ ਕੁੜੀ-ਮੁੰਡੇ ਦਾ ਫ਼ਰਕ ਵੱਡੀ ਹੱਦ ਤੱਕ ਖ਼ਤਮ ਹੋ ਗਿਆ ਹੈ। ਪਹਿਲਾਂ ਬੱਚਾ ਕੁੜੀ ਹੀ ਕਿਉਂ ਨਾ ਪੈਦਾ ਹੋਇਆ ਹੋਵੇ, ਅੱਗੇ ਫੁੱਲ ਸਟਾਪ! ਉਹ ਸੋਚਦੇ ਹਨ ਕਿ ਮਹਿੰਗਾਈ ਦਾ ਜ਼ਮਾਨਾ ਹੈ, ਮੁੰਡਾ ਭਾਲਦੇ-ਭਾਲਦੇ ਜੇਕਰ ਹੋਰ ਕੁੜੀਆਂ ਜੰਮ ਪਈਆਂ ਤਾਂ ਕੌਣ ਪਾਲਣ-ਪੋਸ਼ਣ, ਪੜ੍ਹਾਈ-ਲਿਖਾਈ ਆਦਿ ’ਤੇ ਖ਼ਰਚ ਕਰਕੇ ਬਿਗਾਨੇ ਘਰ ਤੋਰੂ। ਪਾਲਣਾ ਤਾਂ ਇੱਕ ਬੱਚਾ ਹੀ ਔਖਾ ਹੋਇਆ ਪਿਆ ਹੈ। ਜੇਕਰ ਜ਼ਮਾਨੇ ਦੀ ਰਫ਼ਤਾਰ, ਮਹਿੰਗਾਈ ਤੇ ਸਾਡੇ ਅੱਜ ਦੇ ਹਾਲਾਤ ਬਾਰੇ ਦੇਖੀਏ ਤਾਂ ਇਹ ਗੱਲ ਕੁਝ ਹੱਦ ਤੱਕ ਠੀਕ ਵੀ ਜਾਪਦੀ ਹੈ। ਪਹਿਲਾਂ ਸਰਕਾਰਾਂ ਵੱਲੋਂ ਇਹ ਨਾਅਰਾ ਦਿੱਤਾ ਗਿਆ ਸੀ ਕਿ ‘ਹਮ ਦੋ ਹਮਾਰੇ ਦੋ’। ਅੱਜ ਇਹ ਨਾਅਰਾ ‘ਹਮ ਦੋ ਹਮਾਰਾ ਏਕ’ ਵਿੱਚ ਬਦਲ ਚੁੱਕਾ ਹੈ। ਇੱਕ ਬੱਚਾ ਪੈਦਾ ਕਰਨ ਨਾਲ ਭਾਵੇਂ ਸਾਡੇ ਜ਼ਿਹਨ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਅਸੀਂ ਆਰਥਿਕ ਬੋਝ ਤੋਂ ਬਚ ਗਏ ਹਾਂ ਤੇ ਇੱਕ ਬੱਚੇ ਦਾ ਪਾਲਣ ਪੋਸ਼ਣ ਤੇ ਪੜ੍ਹਾਈ ਲਿਖਾਈ ਵਧੀਆ ਤਰੀਕੇ ਕਰਵਾ ਸਕਾਂਗੇ।
ਦੂਜੇ ਪਾਸੇ ਸਾਡੇ ਸੰਯੁਕਤ ਪਰਿਵਾਰ ਤਿੜਕਣ ਅਤੇ ਸਾਡੀ ਇਸ ਇੱਕ ਬੱਚੇ ਵਾਲੀ ਮਾਨਸਿਕਤਾ ਨਾਲ ਸਾਡੇ ਬਹੁਤੇ ਪਰਿਵਾਰਕ ਰਿਸ਼ਤੇ ਖ਼ਤਮ ਹੋ ਰਹੇ ਹਨ ਤੇ ਕਈ ਬਿਲਕੁਲ ਖਾਤਮੇ ਵੱਲ ਵਧ ਰਹੇ ਹਨ। ਜਿਸ ਦਾ ਇੱਕ ਪੁੱਤ ਹੈ ਉਸ ਦੇ ਬੱਚਿਆਂ ਲਈ ਭੂਆ, ਤਾਏ ਤੇ ਚਾਚੇ ਮੁੱਲ ਨਹੀਂ ਲੱਭਣੇ। ਜਿਸ ਦੇ ਇੱਕ ਧੀ ਹੈ ਉਸ ਦੇ ਬੱਚਿਆਂ ਨੂੰ ਮਾਸੀ ਤੇ ਮਾਮੇ ਨਹੀਂ ਮਿਲਣੇ। ਚਾਚੀ, ਤਾਈ, ਫੁੱਫੜ, ਮਾਸੜ, ਭੂਆ, ਚਾਚਾ, ਤਾਇਆ, ਸਾਲੀ, ਸਾਢੂ, ਨਨਾਣ, ਭਰਜਾਈ, ਦਰਾਣੀ, ਜੇਠਾਣੀ, ਪਤੀਸ, ਮਾਸੀ, ਮਾਮਾ, ਮਾਮੀ ਆਦਿਕ ਰਿਸ਼ਤੇ ਆਉਣ ਵਾਲੀ ਪੀੜ੍ਹੀ ਨੂੰ ਜਵਾਨ ਹੋ ਕੇ ਸਮਝ ਆਉਣ ਤੱਕ ਲਗਭਗ ਖ਼ਤਮ ਵਰਗੇ ਹੀ ਹੋਣਗੇ।
ਪੰਜਾਬ ਵਿੱਚ ਜਿਹਦੇ ਦੋ ਜਵਾਕ ਹੋਣਗੇ, ਬਾਕੀਆਂ ਦਾ ਇੱਕ ਜਵਾਕ ਆਪਣੇ ਬੀਬੀ-ਭਾਪੇ ਤੋਂ ਇਹ ਸਵਾਲ ਪੁੱਛੂ ਕਿ ਬੀਬੀ ਫਲਾਣਿਆਂ ਦੇ ਘਰ ਕੌਣ ਆਇਆ ਹੈ। ਜਦ ਉਹ ਦੱਸੂ ਕਿ ਉਹਦੀ ਮਾਸੀ, ਮਾਮਾ, ਫੁੱਫੜ, ਭੂਆ ਆਦਿ ਆਇਆ ਹੈ ਤਾਂ ਉਹ ਅੱਗੋਂ ਸਵਾਲ ਕਰੂ ਉਹ ਕੀ ਹੁੰਦੇ ਹਨ, ਸਾਡੇ ਤਾਂ ਕਦੇ ਆਏ ਨਹੀਂ? ਆਉਣ ਵਾਲਾ ਨੇੜਲਾ ਸਮਾਂ ਅਜਿਹਾ ਹੀ ਹੋਵੇਗਾ। ਪਹਿਲਾਂ ਜਦ ਭੂਆ ਨੂੰ ਕਦੇ-ਕਦਾਈ ਘੱਟ ਮਾਣ ਸਨਮਾਨ ਮਿਲਣਾ ਤਾਂ ਉਹਨੇ ਕਹਿਣਾ ਭਾਈ “ਧੀ ਜੰਮੀ, ਭੈਣ ਵਿਸਰੀ ਤੇ ਭੂਆ ਕੀਹਦੇ ਯਾਦ” ਤਾਂ ਸਾਰੇ ਭਾਈ ਭਤੀਜਿਆਂ ਨੇ ਤੁਰੰਤ ਭੂਆ ਤੋਂ ਗ਼ਲਤੀ ਮੰਨਣੀ ਜਿਸ ਨਾਲ ਭੂਆ ਦਾ ਸਿਰ ਮਾਣ ਨਾਲ ਉੱਚਾ ਹੋ ਜਾਣਾ। ਦੂਜੇ ਪਾਸੇ ਮੌਜੂਦਾ ਰੁਝਾਨ ਨਾਲ ਨਾਨਕੇ ਤੇ ਭੂਆ ਪਿੰਡ ਨਹੀਂ ਲੱਭਣੇ! ਖ਼ਾਸ ਕਰਕੇ ਸਾਨੂੰ ਪੰਜਾਬੀਆਂ ਨੂੰ ਤਾਂ ਇਹ ਸਾਰੇ ਰਿਸ਼ਤੇ ਗੁੜਤੀ ਵਿੱਚੋਂ ਮਿਲੇ ਸਨ, ਗਵਾਉਣੇ ਨਹੀਂ ਚਾਹੀਦੇ, ਪਰ ਕੀਤਾ ਕੀ ਜਾਵੇ। ਪੰਜਾਬ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬੇਈਮਾਨੀ, ਠੱਗੀ, ਬਦਲਾਖੋਰੀ, ਆਪਸੀ ਰੰਜ਼ਿਸ਼ ਤੇ ਨਸ਼ੇ ਦੇ ਵਧ ਰਹੇ ਰੁਝਾਨ ਕਾਰਨ ਮਾਪਿਆਂ ਨੇ ਆਪਣੇ ’ਕੱਲੇ-’ਕੱਲੇ ਪੁੱਤਾਂ ਨੂੰ ਆਪਣੇ ਹੱਥੀਂ ਸੱਤ ਸਮੁੰਦਰੋਂ ਪਾਰ ਇਨ੍ਹਾਂ ਸਾਰੇ ਭੈੜੇ ਕੰਮਾਂ ਤੋਂ ਬਚਾਉਣ ਖ਼ਾਤਰ ਲੱਖਾਂ ਰੁਪਏ ਦੇ ਕਰਜ਼ੇ ਚੁੱਕ ਕੇ ਭੇਜਿਆ ਹੈ ਤੇ ਪਿੱਛੋਂ ਕਈ ਬੁੱਢੇ ਮਾਂ ਪਿਓ ਵਿਯੋਗ ਵਿੱਚ ਇਸ ਜਹਾਨ ਤੋਂ ਕੂਚ ਕਰ ਗਏ। ਪ੍ਰਦੇਸ ਗਏ ਪੁੱਤ ਫਰਿੱਜ ਵਿੱਚ ਰੱਖੀ ਦੇਹ ਨੂੰ ਅਗਨ ਭੇਟ ਕਰਨ ਲਈ ਕਈ-ਕਈ ਦਿਨਾਂ ਬਾਅਦ ਪਹੁੰਚਦੇ ਹਨ।
ਪਹਿਲਾਂ ਸੰਯੁਕਤ ਪਰਿਵਾਰਾਂ ਵਿੱਚ ਘੱਟੋ-ਘੱਟ ਦਸ ਤੋਂ ਪੰਦਰਾਂ ਜੀ ਹੁੰਦੇ ਸਨ। ਕਈ ਟੱਬਰਾਂ ਦੇ ਤਾਂ ਇਸ ਤੋਂ ਵੀ ਵੱਧ ਮੈਂਬਰ ਹੁੰਦੇ ਸਨ। ਕੱਚੇ ਘਰ ਤੇ ਕੱਚੇ ਵਿਹੜੇ ਖੁੱਲ੍ਹੇ ਡੁੱਲ੍ਹੇ ਹੁੰਦੇ ਸਨ। ਜਿੱਥੇ ਘਰ ਕੱਚੇ ਤੇ ਮਨ ਸੱਚੇ ਸਨ, ਉੱਥੇ ਖੁੱਲ੍ਹੇ ਵਿਹੜਿਆਂ ਦੀ ਤਰ੍ਹਾਂ ਦਿਲ ਵੀ ਖੁੱਲ੍ਹੇ ਸਨ। ਗਰਮੀਆਂ ਵਿੱਚ ਰਾਤਾਂ ਨੂੰ ਵਿਹੜੇ ਵਿੱਚ ਇੱਕ ਵਾਢਿਓ ਜੋੜ ਕੇ ਮੰਜੇ ਡਾਹੇ ਹੁੰਦੇ ਸਨ। ਆਪਸੀ ਪਿਆਰ ਦੇ ਕਾਰਨ ਇੱਕ ਮੰਜੇ ’ਤੇ ਦੋ-ਦੋ ਜਵਾਕ ਪਏ ਹੁੰਦੇ ਸੀ। ਮਾਂ ਨਾਲ ਸਭ ਤੋਂ ਛੋਟਾ ਜਵਾਕ ਭਾਵੇਂ ਉਹ ਬਾਰ੍ਹਾਂ ਸਾਲਾਂ ਦਾ ਹੁੰਦਾ ਸੀ, ਮਮਤਾ ਦੇ ਮੋਹ ਕਾਰਨ ਉਹੀ ਉਹਦੇ ਨਾਲ ਸੌਂਦਾ ਸੀ, ਮੰਜਾ ਭਾਵੇਂ ਭੀੜਾ ਹੀ ਹੁੰਦਾ ਸੀ। ਅੱਜ ਵਾਲੇ ਜਵਾਕ ਭਾਵੇਂ ਇੱਕ ਸਾਲ ਦਾ ਹੀ ਹੋਵੇ, ਮਾਂ-ਪਿਓ ਉਸ ਨੂੰ ਅਲੱਗ ਪੰਗੂੜੀ ’ਤੇ ਪਾਉਂਦੇ ਹਨ। ਇਸ ਦੇ ਨਤੀਜੇ ਸਾਡੇ ਸਾਹਮਣੇ ਹਨ। ਫਿਰ ਉਹ ਵੱਡਾ ਹੋ ਕੇ ਮਾਂ ਨੂੰ ਭੈੜੇ ਸ਼ਬਦ ਹੀ ਬੋਲਦਾ ਹੈ ਅਸਲ ਵਿੱਚ ਉਹ ਮਮਤਾ ਦੀ ਘਾਟ ਰਹੀ ਹੋਣ ਕਾਰਨ ਹੀ ਅਜਿਹਾ ਕਰਦਾ ਹੈ। ਪਹਿਲਾਂ ਸਾਡੇ ਚਾਚੇ, ਤਾਇਆਂ, ਮਾਸੀਆਂ, ਭੂਆ ਆਦਿ ਰਿਸ਼ਤੇਦਾਰੀਆਂ ਵਿੱਚ ਆਪਸੀ ਸਨੇਹ ਬਹੁਤ ਜ਼ਿਆਦਾ ਹੋਣ ਕਾਰਨ ਵਰਤ-ਵਰਤਾਵਾ ਬਹੁਤ ਹੁੰਦਾ ਸੀ ਜੋ ਅੱਜ ਆਧੁਨਿਕ ਦੌਰ ਵਿੱਚ ਘਟ ਗਿਆ ਹੈ। ਇਨ੍ਹਾਂ ਰਿਸ਼ਤੇ-ਨਾਤਿਆਂ ਨੂੰ ਅੱਜਕੱਲ੍ਹ ਸ਼ਰੀਕੇਬਾਜ਼ੀ ਦਾ ਨਾਂ ਦਿੱਤਾ ਜਾਂਦਾ ਹੈ।
ਸਾਡੀਆਂ ਰਿਸ਼ਤੇਦਾਰੀਆਂ ਦੇ ਮੁੱਖ ਆਧਾਰ ਨਾਨਕੇ ਤੇ ਦਾਦਕੇ ਹੁੰਦੇ ਹਨ। ਨਾਨਕਿਆਂ ਦਾ ਰਿਸ਼ਤਾ ਮਾਂ ਵੱਲ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਨਾਨਕਾ ਪਰਿਵਾਰ ਧੀ ਲਈ ਦਾਜ ਸੂਸ਼ਕ ਤੇ ਉਸ ਦੇ ਜਵਾਕਾਂ ਦੀ ਨਾਨਕੀ ਸ਼ੱਕ ਭਰਦੇ ਹਨ। ਕੁੜੀ ਵਿਆਹੁਣ ਨੂੰ ਕੰਨਿਆ ਦਾਨ ਕਿਹਾ ਜਾਂਦਾ ਹੈ। ਵਿਆਹੁਤਾ ਕੁੜੀ ਲਈ ਨਾਨਕੇ ਵੱਖਰਾ ਗਹਿਣਾ ਗੱਟਾ ਲਿਆਉਂਦੇ ਹਨ, ਜਵਾਈ ਦੋਹਤਰੇ ਲਈ ਸ਼ਗਨ ਤੇ ਕੁੜਮਾਈ ਦੀ ਮਿਲਣੀ ਵੀ ਨਾਨਕਿਆਂ ਜ਼ਿੰਮੇ ਹੀ ਹੁੰਦੀ ਹੈ। ਨਾਨਕੇ ਧੀਆਂ ਵਾਲੀ ਧਿਰ ਹੋਣ ਕਾਰਨ ਹਰ ਸ਼ਗਨ-ਵਿਹਾਰ ਸਮੇਂ ਕੁਝ ਨਾ ਕੁਝ ਹੱਥ ਝਾੜਦੇ ਹੀ ਰਹਿੰਦੇ ਹਨ। ਸਾਡੇ ਸਮਾਜ ਦੀ ਪੁਰਾਣੀ ਰੀਤ ਮੁਤਾਬਿਕ ਧੀ ਨੂੰ ਵਿਆਹੁਣ ਤੋਂ ਬਾਅਦ ਉਹ ਆਪਣੇ ਸਹੁਰਿਆਂ ਘਰ ਸਾਰੀ ਉਮਰ ਕੋਹਲੂ ਦੇ ਬਲਦ ਵਾਂਗ ਕੰਮ ਕਰਦੀ ਹੈ, ਪਰ ਉਸ ਦੇ ਅੰਤ ਸਮੇਂ ਪਾਉਣ ਵਾਲਾ ਲੀੜਾ-ਕੱਪੜਾ ਉਸ ਦੇ ਪੇਕਿਆਂ ਦੀ ਜ਼ਿੰਮੇਵਾਰੀ ਹੀ ਹੁੰਦੀ ਹੈ। ਜਿੰਨਾ ਚਿਰ ਪੇਕੇ ਲੀੜਾ ਕੱਪੜਾ ਲੈ ਕੇ ਨਹੀਂ ਆਉਂਦੇ ਉਦੋਂ ਤੱਕ ਅੰਤਿਮ ਰਸਮਾਂ ਨਹੀਂ ਹੁੰਦੀਆਂ। ਨਾਨਕਿਆਂ ਲਈ ਦੋਹਤਾ, ਪੋਤੇ ਨਾਲੋਂ ਵੱਧ ਪਿਆਰਾ ਹੁੰਦਾ ਹੈ ਤੇ ਜਵਾਕ ਨਾਨਕੇ ਜਾਣ ਲਈ ਵੱਧ ਤਾਂਘ ਰੱਖਦੇ ਹੋਏ ਕੱਛਾ ਮਾਰਦੇ ਗਾਉਂਦੇ ਹਨ:- ਨਾਨਕੇ ਘਰ ਜਾਵਾਂਗੇ, ਲੱਡੂ ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ। ਦੂਸਰਾ ਪੱਖ ਦਾਦਕਿਆਂ ਦਾ ਹੁੰਦਾ ਹੈ। ਦਾਦੀਆਂ ਤੋਂ ਵੀ ਪੋਤੇ-ਪੋਤੀਆਂ ਦਾ ਚਾਅ ਚੱਕਿਆ ਨਹੀਂ ਜਾਂਦਾ, ਹਰ ਰਿਸ਼ਤਾ-ਨਾਤਾ ਆਪੋ-ਆਪਣੀ ਥਾਂ ਮਾਅਨੇ ਰੱਖਦਾ ਹੈ। ਬੱਚਿਆਂ ਲਈ ਦਾਦਕੇ ਵੀ ਬਹੁਤ ਮਹੱਤਵ ਰੱਖਦੇ ਹਨ ਕਿਉਂਕਿ ਬੰਦੇ ਦੀਆਂ ਰਗਾਂ ਵਿੱਚ ਪਿਤਾ ਦਾ ਖੂਨ ਹੁੰਦਾ ਹੈ, ਜਿਸ ਨਾਲ ਉਹ ਪਿਤਾ ਪੁਰਖੀ ਕਿੱਤੇ ਤੇ ਰਸਮਾਂ ਰਿਵਾਜਾਂ ਸਹਿਜੇ ਹੀ ਗ੍ਰਹਿਣ ਕਰ ਲੈਂਦਾ ਹੈ। ਦਾਦਕੇ ਪਰਿਵਾਰ ਵਿੱਚ ਬੱਚੇ ਦੀਆਂ ਜੀਵਨ ਤੰਦਾਂ ਵਧੇਰੇ ਡੂੰਘੀਆਂ ਹੁੰਦੀਆਂ ਹਨ।
ਸਾਡਾ ਪੰਜਾਬੀ ਸਮਾਜ ਅਨੇਕਾਂ ਜਾਤਾਂ, ਗੋਤਾਂ, ਬਰਾਦਰੀਆਂ ਆਦਿ ਵਿੱਚ ਵੰਡਿਆ ਹੋਇਆ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵਿਆਹ ਸਮੇਂ ਜੇਕਰ ਕੋਈ ਰਿਸ਼ਤੇਦਾਰ ਰੁੱਸਿਆ ਹੋਣ ਕਾਰਨ ਵਿਆਹ ਵਿੱਚ ਆਉਣੋਂ ਮਨ੍ਹਾ ਕਰ ਦਿੰਦਾ ਸੀ ਤਾਂ ਬਾਕੀ ਸਾਰੇ ਰਿਸ਼ਤੇਦਾਰ ’ਕੱਠੇ ਹੋ ਕੇ ਉਸ ਨੂੰ ਮਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਸੀ, ਖ਼ਾਸ ਕਰਕੇ ਫੁੱਫੜ ਹੀ ਰੁਸ-ਰੁਸ ਬਹਿੰਦਾ ਹੁੰਦਾ ਸੀ। ਸਾਡੇ ਰਿਸ਼ਤੇ-ਨਾਤੇ ਵੱਖੋ-ਵੱਖਰੇ ਫੁੱਲਾਂ ਦੀ ਤਰ੍ਹਾਂ ਮਹਿਕਾਂ ਵੰਡਦੇ ਹਨ। ਹਰੇਕ ਰਿਸ਼ਤੇ ਦਾ ਸਮਾਜਿਕ, ਮਾਨਸਿਕ, ਆਰਥਿਕ ਜਾਂ ਧਾਰਮਿਕ ਮਹੱਤਵ ਹੈ। ਮਾਂ-ਪਿਓ, ਤਾਇਆ-ਤਾਈ, ਚਾਚਾ-ਚਾਚੀ, ਮਾਮਾ-ਮਾਮੀ, ਭੂਆ-ਫੁੱਫੜ, ਮਾਸੀ-ਮਾਸੜ ਆਦਿ ਰਿਸ਼ਤੇ ਸਾਡੇ ਸਮਾਜ ਦਾ ਥੰਮ੍ਹ ਹਨ। ਸਾਰੇ ਇਨ੍ਹਾਂ ਰਿਸ਼ਤਿਆਂ ਦਾ ਦਿਲੋਂ ਸਤਿਕਾਰ ਕਰਦੇ ਹਨ। ਮਾਂ-ਪਿਓ ਦੇ ਚਲੇ ਜਾਣ ਪਿੱਛੋਂ ਇਹ ਰਿਸ਼ਤੇ ਹੀ ਘਾਟ ਪੂਰੀ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਵਡੇਰੀ ਉਮਰ ਵਾਲੀ ਪੀੜ੍ਹੀ ਵਿੱਚ ਨਾਨਾ-ਨਾਨੀ, ਦਾਦਾ-ਦਾਦੀ ਮੱਤਾਂ ਦੇ ਕੇ ਵਿਹਾਰ ਦੇ ਚੰਗੇ ਬਣਨ ਲਈ ਯੋਗ ਬਣਾਉਣ ਵਿੱਚ ਰੋਲ ਅਦਾ ਕਰਦੇ ਹਨ। ਕੁਝ ਰਿਸ਼ਤਿਆਂ ਦੀ ਆਪਣੀ ਵੱਖਰੀ ਅਹਿਮੀਅਤ ਹੈ, ਜਿਵੇਂ ਭੈਣ-ਭਰਾ, ਦਿਉਰ-ਭਰਜਾਈ, ਜੀਜਾ-ਸਾਲੀ ਆਦਿ। ਭੈਣ-ਭਾਈ ਦਾ ਰਿਸ਼ਤਾ ਸਾਡੇ ਸਮਾਜ ਦਾ ਮੁੱਖ ਰਿਸ਼ਤਾ ਹੈ। ਜਿਸ ਦੀ ਮਹਾਨਤਾ ਗਿਣਾਈ ਨਹੀਂ ਜਾ ਸਕਦੀ। ਭਰਾ-ਭੈਣ ਦੇ ਜਵਾਕਾਂ ਦਾ ਮਾਮਾ ਬਣਦਾ ਹੈ ਜੋ ਇੱਕ ਤਰ੍ਹਾਂ ਦੀ ਮਰਦ ਮਾਂ ਹੀ ਹੁੰਦਾ ਹੈ ਤੇ ਭੈਣ ਭਰਾ ਦੇ ਜਵਾਕਾਂ ਦੀ ਭੂਆ ਬਣਦੀ ਹੈ ਜੋ ਔਰਤ ਪਿਤਾ ਹੋਣ ਦਾ ਰੁਤਬਾ ਰੱਖਦੀ ਹੈ। ਭੈਣ ਆਪਣੇ ਵੀਰ ਨੂੰ ਜ਼ਮਾਨੇ ਦੇ ਡਰੋਂ ਕਹਿੰਦੀ ਹੈ, ‘‘ਭੈਣ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿਜੀ ਵੀਰਨਾ।’’
ਅਜੋਕੇ ਸਮੇਂ ਦੀ ਤਕਨਾਲੋਜੀ ਵਾਲੇ ਜ਼ਮਾਨੇ ਅੰਦਰ ਸਾਡੇ ਰਿਸ਼ਤੇ-ਨਾਤਿਆਂ ਵਿੱਚ ਵੱਡੀਆਂ ਤਬਦੀਲੀਆਂ ਆ ਰਹੀਆਂ ਹਨ। ਸਾਡੇ ਆਪਸੀ ਪਿਆਰ ਵਿੱਚ ਬਹੁਤ ਤੇਜ਼ੀ ਨਾਲ ਟੁੱਟ-ਭੱਜ ਹੋ ਰਹੀ ਹੈ। ਦੋਸਤੀਆਂ ਦੁਸ਼ਮਣੀਆਂ ਵਿੱਚ ਬਦਲ ਰਹੀਆਂ ਹਨ। ਪਹਿਲਾਂ ਸਿਆਣੇ ਕਹਿੰਦੇ ਸੀ ਦੋਸਤ ਜਿੰਨਾ ਪੁਰਾਣਾ ਹੋਵੇ ਓਨਾ ਹੀ ਚੰਗਾ ਹੁੰਦਾ ਹੈ। ਕਹਿੰਦੇ ਹਨ ਜਿਹੜੀ ਦੋਸਤੀ ਤਿੰਨ ਦਿਨ, ਤਿੰਨ ਹਫ਼ਤੇ, ਤਿੰਨ ਮਹੀਨੇ ਨਿਭ ਜਾਵੇ ਓਹ ਜ਼ਿੰਦਗੀ ਭਰ ਨਿਭਦੀ ਹੈ। ਪਰ ਇਹ ਤੱਥ ਅੱਜਕੱਲ੍ਹ ਵੱਡੀ ਹੱਦ ਤੱਕ ਗ਼ਲਤ ਸਾਬਤ ਹੋ ਰਹੇ ਹਨ। ਤਿੰਨ ਛੱਡੋ ਹੁਣ ਤਾਂ ਤੀਹ ਸਾਲ ਪੁਰਾਣੇ ਸਬੰਧ ਵੀ ਪਲ ਵਿੱਚ ਤਿੜਕਦੇ ਨਜ਼ਰ ਪੈਂਦੇ ਹਨ। ਜਿਗਰੀ ਯਾਰੀਆਂ ਅੱਜਕੱਲ੍ਹ ਜਾਨੀ ਦੁਸ਼ਮਣੀਆਂ ਵਿੱਚ ਬਦਲਦੀਆਂ ਦੇਖੀਆ ਜਾ ਸਕਦੀਆਂ ਹਨ।
ਰਿਸ਼ਤੇ ਸਾਡੇ ਸੱਭਿਅਕ ਸਮਾਜ ਦਾ ਅਨਿੱਖੜਵਾਂ ਅੰਗ ਹਨ। ਜੇਕਰ ਅੱਜ ਮਹਿੰਗਾਈ ਦੇ ਕਾਰਨ ਲੋਕ ਇੱਕ ਬੱਚਾ ਚਾਹੁੰਦੇ ਹਨ ਤਾਂ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਤੇ ਜਿਊਂਦਾ ਰੱਖਣ ਲਈ ਸਾਡੇ ਪੰਜਾਬੀ ਪਰਿਵਾਰ ਇਹ ਪ੍ਰਣ ਕਰਨ ਕੇ ਜੇਕਰ ਸਾਡੇ ਘਰ ਮੁੰਡਾ ਪੈਦਾ ਹੋਇਆ ਤਾਂ ਅਸੀਂ ਆਪਣੇ ਫਲਾਣੇ ਜਾਣ ਪਹਿਚਾਣ ਵਾਲੇ ਘਰ ਪੈਦਾ ਹੋਈ ਕੁੜੀ ਨੂੰ ਆਪਣੀ ਧੀ ਸਮਝ ਕੇ, ਆਪਣੇ ਪੁੱਤ ਦੀ ਸਕੀ ਭੈਣ ਵਾਂਗ ਅਪਣਾ ਕੇ ਮਾਮੇ ਭੂਆ ਵਾਂਗ ਵਰਤਾਂਗੇ ਤਾਂ ਜੋ ਰੱਖੜੀ ਤੋਂ ਗੁੱਟ ਸੁੰਨਾ ਨਾ ਹੋਵੇ ਤੇ ਭੈਣ ਦੀ ਨਾਨਕੀ ਸ਼ੱਕ ਪੂਰੀ ਜਾਵੇ। ਪੱਛਮੀ ਰੁਝਾਨ ਨੂੰ ਠੱਲ੍ਹ ਪਾ ਕੇ ਸੱਭਿਅਕ ਸਮਾਜ ਸਿਰਜਣ ਲਈ ਸਾਨੂੰ ਖ਼ੁਦ ਹੀ ਆਪਣੇ ਸੁਭਾਅ ਬਦਲ ਕੇ ਉਪਰਾਲੇ ਕਰਨੇ ਪੈਣਗੇ ਜਿਸ ਨਾਲ ਪੰਜਾਬ ਅੰਦਰ ਮੁੜ ਕੁੜੀਆਂ ਚਿੜੀਆਂ ਦੀਆਂ ਕਿੱਕਲੀਆਂ ਤੇ ਅੰਬਰੀ ਪੀਘਾਂ ਚੜ੍ਹਾਉਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ। ਸਾਨੂੰ ਇਹ ਪ੍ਰਣ ਦ੍ਰਿੜ ਇਰਾਦੇ ਨਾਲ ਨਿਭਾਉਣਾ ਪਵੇਗਾ। ਖ਼ਾਸ ਕਰ ਸਾਨੂੰ ਪੰਜਾਬੀਆਂ ਨੂੰ ਪੁਰਾਣੇ ਸਮਿਆਂ ਵਾਲੇ ਰਿਸ਼ਤੇ ਨਾਤਿਆਂ ਨੂੰ ਮੁੜ ਆਪਣੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਆਪਸੀ ਪਿਆਰ ਸਨੇਹ ਤੇ ਮੁਹੱਬਤ ਨੂੰ ਮੁੜ ਜਿਊਂਦਾ ਕਰਨ ਦੀ ਵੱਡੀ ਲੋੜ ਹੈ ਜਿਸ ਨਾਲ ਸਾਡੀਆਂ ਆਪਸੀ ਦੂਰੀਆਂ ਖ਼ਤਮ ਹੋਣਗੀਆਂ।
ਸੰਪਰਕ: 96462-00468