ਗੁਰਮੀਤ ਸਿੰਘ*
ਭਾਰਤ ਵਿਚ ਪਾਈਆਂ ਜਾਣ ਵਾਲੀਆਂ ਸ਼ਕਤੀਸ਼ਾਲੀ ਵੱਡੀਆਂ ਬਿੱਲੀਆਂ ਬੱਬਰ ਸ਼ੇਰ, ਸ਼ੇਰ ਅਤੇ ਚੀਤੇ ਬਾਰੇ ਤਾਂ ਹਰ ਕੋਈ ਜਾਣੂ ਹੈ, ਪਰ ਦੁਨੀਆਂ ਦੀ ਸਭ ਤੋਂ ਛੋਟੀ ਬਿੱਲੀ ਬਾਰੇ ਲੋਕ ਘੱਟ ਹੀ ਜਾਣਦੇ ਹਨ। ਇਹ ਕੇਵਲ ਸਾਡੇ ਦੇਸ਼ ਅਤੇ ਸ੍ਰੀਲੰਕਾ ਵਿਚ ਹੀ ਮਿਲਦੀ ਹੈ। ਇਸ ਦਾ ਨਾਂ ਹੈ ਜੰਗਾਲੇ ਧੱਬਿਆਂ ਵਾਲੀ ਬਿੱਲੀ। ਇਸਨੂੰ ਅੰਗਰੇਜ਼ੀ ਵਿਚ ‘ਰਸ਼ਟੀ ਸਪੌਟਡ ਕੈਟ’ (Rusty Spotted Cat) ਕਹਿੰਦੇ ਹਨ। ਇਸਦਾ ਭਾਰ 1.6 ਕਿਲੋਗ੍ਰਾਮ ਹੁੰਦਾ ਹੈ, ਜਦੋਂਕਿ ਆਮ ਪਾਲਤੂ ਬਿੱਲੀ ਦਾ ਭਾਰ 3.6 ਤੋਂ 4.6 ਕਿਲੋਗ੍ਰਾਮ ਤਕ ਹੁੰਦਾ ਹੈ। ਇਸਦੀ ਲੰਬਾਈ 35 ਤੋਂ 48 ਸੈਂਟੀਮੀਟਰ ਤਕ ਹੁੰਦੀ ਹੈ, ਪੂਛ ਦੀ ਲੰਬਾਈ ਲਗਭਗ 15 ਤੋਂ 25 ਸੈਂਟੀਮੀਟਰ ਤਕ ਹੁੰਦੀ ਹੈ। ਕੰਨ ਛੋਟੇ ਅਤੇ ਗੋਲ ਹੁੰਦੇ ਹਨ, ਇਨ੍ਹਾਂ ਦੇ ਕੰਨਾਂ ਦੇ ਪਿੱਛੇ ਬਦਾਮੀ, ਸਲੇਟੀ ਰੰਗ ਦੇ ਚਟਾਕ ਹੁੰਦੇ ਹਨ। ਉਨ੍ਹਾਂ ਦੀਆਂ ਲੱਤਾਂ ਮੁਕਾਬਲਤਨ ਛੋਟੀਆਂ ਹੁੰਦੀਆਂ ਹਨ ਅਤੇ ਪੈਰਾਂ ਦੇ ਤਲੇ ਕਾਲੇ ਹੁੰਦੇ ਹਨ।
ਜਿਵੇਂ ਕਿ ਇਸਦਾ ਨਾਮ ਦਰਸਾਉਂਦਾ ਹੈ, ਇਸ ਦੇ ਕੋਟ ’ਤੇ ਪਿਛਲੇ ਪਾਸੇ, ਸਿਰ ਅਤੇ ਪਾਸਿਆਂ ਉੱਤੇ ਸਾਫ਼-ਸੁਥਰੀਆਂ ਕਤਾਰਾਂ ਵਿਚ ਛੋਟੇ ਛੋਟੇ ਜੰਗਾਲੇ ਰੰਗ ਦੇ ਫਿੱਕੇ ਚਟਾਕ ਵਿਖਾਈ ਦਿੰਦੇ ਹਨ। ਇਹ ਬਿੱਲੀ ਭਾਰਤੀ ਉਪ ਮਹਾਂਦੀਪ ਵਿਚ ਪਾਈ ਜਾਂਦੀ ਹੈ, ਖਾਸਕਰ ਦੱਖਣੀ ਭਾਰਤ, ਗੁਜਰਾਤ, ਜੰਮੂ-ਕਸ਼ਮੀਰ ਅਤੇ ਸ੍ਰੀ ਲੰਕਾ ਵਿਚ। ਵੇਖਣ ਵਿਚ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਇਸ ਦੀਆਂ ਅੱਖਾਂ ਨੂੰ ਚਿੱਟੇ ਰੰਗ ਨਾਲ ਮਾਰਕ ਕੀਤਾ ਹੋਵੇ। ਇਹ ਬਿੱਲੀ ਦੁਨੀਆਂ ਦੀਆਂ ਸਾਰੀਆਂ ਬਿੱਲੀਆਂ ਵਿਚੋਂ ਸਭ ਤੋਂ ਛੋਟੀ ਹੈ। ਇਹ ਮੁੱਖ ਤੌਰ ’ਤੇ ਨਮੀ ਅਤੇ ਸੁੱਕੇ ਪਤਝੜ ਵਾਲੇ ਜੰਗਲਾਂ ਦੇ ਨਾਲ ਨਾਲ ਘਾਹ ਦੇ ਮੈਦਾਨਾਂ ਵਿਚ ਮਿਲਦੀ ਹੈ। ਇਹ ਸੰਘਣੀ ਬਨਸਪਤੀ ਅਤੇ ਪੱਥਰ ਵਾਲੇ ਖੇਤਰਾਂ ਨੂੰ ਤਰਜੀਹ ਦਿੰਦੀ ਹੈ। ਇਹ ਪੂਰਬੀ ਗੁਜਰਾਤ ਦੇ ਗੀਰ ਰਾਸ਼ਟਰੀ ਪਾਰਕ, ਮਹਾਰਾਸ਼ਟਰ ਦੇ ਤਾਡੋਬਾ, ਅੰਧੇਰੀ ਟਾਈਗਰ ਰਿਜ਼ਰਵ ਵਿਚ ਅਤੇ ਭਾਰਤ ਦੇ ਪੂਰਬੀ ਘਾਟ ਦੇ ਨਾਲ ਲੱਗਦੇ ਵਣ ਖੇਤਰ ਵਿਚ ਵੇਖੀ ਜਾ ਚੁੱਕੀ ਹੈ। ਤਰਾਈ ਦੇ ਖੇਤਰ ਦੁੱਧਵਾ ਟਾਈਗਰ ਰਿਜ਼ਰਵ ਅਤੇ ਮਹਾਰਾਸ਼ਟਰ ਵਿਚ ਨਾਗਜ਼ੀਰਾ ਵਾਈਲਡ ਲਾਈਫ ਸੈਂਚੂਰੀ ਵਿਚ ਇਸ ਦੀ ਮੌਜੂਦਗੀ ਦਾ ਪਤਾ ਚੱਲਿਆ ਹੈ। ਇਹ ਛੋਟੀਆਂ ਚਿੜੀਆਂ ਅਤੇ ਛੋਟੇ ਸਤਨਧਾਰੀ ਜੀਵਾਂ, ਕੀੜੀਆਂ, ਡੱਡੂਆਂ ਆਦਿ ਨੂੰ ਖਾ ਕੇ ਆਪਣਾ ਢਿੱਡ ਭਰਦੀ ਹੈ। ਅਕਸਰ ਰਾਤ ਨੂੰ ਸ਼ਿਕਾਰ ਕਰਦੀ ਹੈ। ਇਹ ਜ਼ਮੀਨ ਦੇ ਇਲਾਵਾ ਰੁੱਖਾਂ ’ਤੇ ਵੀ ਆਸਾਨੀ ਨਾਲ ਚੜ੍ਹ ਜਾਂਦੀ ਹੈ। ਇਹ
ਮਾਦਾ ਬਿੱਲੀ 67 ਦਿਨਾਂ ਦੀ ਗਰਭ ਅਵਸਥਾ ਤੋਂ ਬਾਅਦ 1 ਤੋਂ 3 ਬਲੂੰਗੜਿਆਂ ਨੂੰ ਜਨਮ ਦਿੰਦੀ ਹੈ। ਚਿੜੀਆ ਘਰ ਵਿਚ ਪਾਲਤੂ ਰੱਖ ਕੇ ਜੰਗਾਲੇ ਧੱਬਿਆਂ ਵਾਲੀ ਬਿੱਲੀ ਦੀ ਉਮਰ 12 ਸਾਲ ਦੱਸੀ ਗਈ ਹੈ। ਇਨ੍ਹਾਂ ਛੋਟੀਆਂ ਬਿੱਲੀਆਂ ਦਾ ਮੁੱਖ ਖ਼ਤਰਾ ਭਾਰਤ ਅਤੇ ਸ੍ਰੀਲੰਕਾ ਦੀ ਵਧਦੀ ਆਬਾਦੀ ਦੀਆਂ ਜ਼ਰੂਰਤਾਂ ਕਾਰਨ ਉਨ੍ਹਾਂ ਦੇ ਕੁਦਰਤੀ ਨਿਵਾਸ ਦਾ ਵਿਨਾਸ਼ ਹੋਣਾ ਹੈ। ਆਵਾਰਾ ਪਾਲਤੂ ਬਿੱਲੀਆਂ ਦੇ ਨਾਲ ਹਾਈਬ੍ਰਿਡ ਹੋਣ ਨਾਲ ਵੀ ਜੰਗਾਲੇ ਧੱਬੇ ਵਾਲੀਆਂ ਬਿੱਲੀਆਂ ਦੀ ਨਸਲ ’ਤੇ ਮਾੜਾ ਅਸਰ ਪੈਣ ਦਾ ਡਰ ਹੈ।
ਜੰਗਾਲੇ ਧੱਬੇ ਵਾਲੀਆਂ ਬਿੱਲੀਆਂ ਨੂੰ ਸਭ ਤੋਂ ਵੱਡਾ ਖ਼ਤਰਾ ਜੰਗਲਾਂ ਦੀ ਕਟਾਈ ਅਤੇ ਲੈਂਡਸਕੇਪ ਦੀ ਕਾਸ਼ਤ ਹੋਣ ਕਰਕੇ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਇਹ ਬਿੱਲੀਆਂ ਜੰਗਲ ਤੋਂ ਨਿਕਲ ਕੇ ਘਰੇਲੂ ਪੋਲਟਰੀ ਦਾ ਸ਼ਿਕਾਰ ਕਰਦਿਆਂ ਵੀ ਕਈ ਬਾਰ ਫੜੀਆਂ ਗਈਆਂ ਹਨ। ਦੁਰਲੱਭ ਹੋਣ ਤੋਂ ਇਲਾਵਾ ਇਹ ਪ੍ਰਜਾਤੀ ਬਹੁਤ ਸ਼ਰਮਾਕਲ ਵੀ ਹੈ, ਸ੍ਰੀਲੰਕਾ ਅਤੇ ਭਾਰਤ ਦੀ ਮੂਲ ਕਿਸਮ ਹੋਣ ਦੇ ਨਾਤੇ ਦੋਵਾਂ ਦੇਸ਼ਾਂ ਵਿਚ ਇਸ ਪ੍ਰਜਾਤੀ ਦੇ ਸੁਰੱਖਿਅਤ ਰਹਿਣ ਦੀ ਆਸ ਹੈ। ਉਮੀਦ ਹੈ ਕਿ ਬਚਾਅ ਦੇ ਯਤਨਾਂ ਨਾਲ ਭਵਿੱਖ ਵਿਚ ਇਨ੍ਹਾਂ ਦੀ ਸੰਖਿਆ ਹੋਰ ਵਧ ਸਕੇਗੀ।
ਸਾਡੇ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ,1972 ਦੀ ਅਨੁਸੂਚੀ ਇਕ ਵਿਚ ਇਸਨੂੰ ਰੱਖ ਕੇ ਪੂਰਨ ਸੁਰੱਖਿਆ ਦਿੱਤੀ ਗਈ ਹੈ। ਆਈ.ਯੂ.ਸੀ.ਐੱਨ. ਨੇ ਤਾਂ ਇਸਨੂੰ ਖਤਮ ਹੋ ਰਹੀ ਪ੍ਰਜਾਤੀ ਐਲਾਨਿਆ ਹੋਇਆ ਹੈ। ਇਨ੍ਹਾਂ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਸਹਿਯੋਗ ਦੇਣ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ,ਪੰਜਾਬ।
ਸੰਪਰਕ: 98884-56910