ਡਾ. ਸਾਹਿਬ ਸਿੰਘ
ਉੱਨੀ ਸੌ ਤੇਰਾਂ ਵਿਚ ਜਦੋਂ ਲਾਹੌਰ ਵਿਖੇ ਨੋਰਾ ਰਿਚਰਡਜ਼ ਈਸ਼ਵਰ ਚੰਦਰ ਨੰਦਾ ਤੇ ਸਾਥੀਆਂ ਨੂੰ ਨਾਟਕ ਲਿਖਣ ਲਈ ਪ੍ਰੇਰ ਰਹੀ ਸੀ ਤਾਂ ਜਿੱਥੇ ਉਹ ਪੰਜਾਬੀ ਨਾਟਕ ਦੀ ਮੋੜ੍ਹੀ ਗੱਡ ਰਹੀ ਸੀ, ਉੱਥੇ ਨਾਲ ਹੀ ਉਸ ਦੇ ਬੋਲ ਪੰਜਾਬੀ ਰੰਗਮੰਚ ਦੇ ਭਵਿੱਖੀ ਸਰੋਕਾਰਾਂ ਦੀ ਵੀ ਮੋੜ੍ਹੀ ਗੱਡ ਰਹੇ ਸਨ, ‘ਆਪਣੇ ਆਲੇ ਦੁਆਲੇ ਬਾਰੇ ਲਿਖੋ! ਕਹਾਣੀਆਂ ਉੱਥੋਂ ਲੱਭਣਗੀਆਂ, ਤੁਹਾਡੇ ਆਪਣੇ ਲੋਕਾਂ ਦੀਆਂ ਕਹਾਣੀਆਂ, ਉਨ੍ਹਾਂ ਦੀਆਂ ਗੱਲਾਂ, ਉਨ੍ਹਾਂ ਦੀ ਆਪਸੀ ਭਾਸ਼ਾ ’ਚ! ਅਸਲ ਗੱਲਾਂ, ਅਸਲ ਘਟਨਾਵਾਂ!’ ਸਮਾਜਿਕ ਸਰੋਕਾਰਾਂ ਦੀ ਜੰਮਣਘੁੱਟੀ ਉਹ ਸੀਟੀ ਵਾਲੀ ਬੀਬੀ ਸਾਨੂੰ ਪਿਲਾ ਗਈ ਸੀ। ਅਸੀਂ ਉਸੇ ਦੀ ਤਾਕਤ ਨਾਲ ਬਹਿਣ, ਉੱਠਣ, ਖੜ੍ਹਨ ਤੇ ਦੌੜਨ ਜੋਗੇ ਹੋਏ ਹਾਂ। ਨੰਦਾ ਨੂੰ ‘ਲਾਜੋ’ ਲੱਭੀ ਤੇ ਉਸ ਨੇ ‘ਦੁਲਹਨ’ ਲਿਖਿਆ। ਫਿਰ ਨੰਦਾ ਅਤੇ ਆਉਣ ਵਾਲੇ ਸਾਰੇ ਨਾਟਕਕਾਰਾਂ ਨੇ ਇਨ੍ਹਾਂ ਫਿਕਰਾਂ ਦਾ ਗੁੱਟ ਘੁੱਟ ਕੇ ਫੜੀ ਰੱਖਿਆ। ਪੁਨਰ ਵਿਆਹ ਦੀਆਂ ਗੱਲਾਂ ਹੌਸਲੇ ਨਾਲ ਰੰਗਮੰਚ ਦਾ ਹਿੱਸਾ ਬਣੀਆਂ। ਬੇ- ਮੇਚੇ ਰਿਸ਼ਤਿਆਂ ਦੀ ਟੀਸ ਮੰਚ ਦਾ ਸ਼ਿੰਗਾਰ ਬਣੀ (ਅਣਜੋੜ- ਡਾ. ਹਰਚਰਨ ਸਿੰਘ)। ਮੁਜ਼ਾਰਾ ਲਹਿਰ ਦੀ ਅੱਗ ਦਾ ਸੇਕ ਡਾ. ਹਰਚਰਨ ਸਿੰਘ ਤਕ ਪਹੁੰਚਿਆ ਤਾਂ ‘ਰੱਤਾ ਸਾਲੂ’ ਲਿਖਿਆ। ਇਹ ਨਾਟਕ ਬਾਗੀਆਂ ਦੀ ਲਲਕਾਰ ਬਣ ਉੱਭਰਿਆ। ਸਮਾਜ ਅੰਦਰ ਜੋ ਗ਼ਲਤ ਵਾਪਰ ਰਿਹਾ ਸੀ, ਜੋ ਧੱਕਾ ਹੋ ਰਿਹਾ ਸੀ, ਜੋ ਸੰਵੇਦਨਸ਼ੀਲ ਮਨੁੱਖ ਨੂੰ ਮਨਜ਼ੂਰ ਨਹੀਂ ਸੀ, ਉਹ ਕਾਗਜ਼ ਦੀ ਹਿੱਕ ’ਤੇ ਉਤਰਨ ਲੱਗਾ ਤੇ ਰੰਗ ਮੰਚ ਲੋਕਾਂ ਦੀ ਆਵਾਜ਼ ਬਣ ਸਾਹਮਣੇ ਆਉਣ ਲੱਗਾ।
ਜੰਗਾਂ ਹੋਈਆਂ, ਹਿੰਸਾ ਦਾ ਤਾਂਡਵ ਨਾਚ ਉੱਭਰਿਆ। ਰੰਗਕਰਮੀ ਘਰਾਂ ਤੋਂ ਬਾਹਰ ਨਿਕਲੇ ਤੇ ਉਨ੍ਹਾਂ ਜੰਗ ਦੇ ਖਿਲਾਫ਼ ਮਨੁੱਖਤਾ ਦਾ ਪੈਗ਼ਾਮ ਸਿਰਜਦੇ ਨਾਟਕ ਤੇ ਉਪੇਰੇ ਲਿਖੇ। ਪੰਜਾਬੀ ਲੋਕ ਪੱਖੀ ਨਾਟਕ ਦੀ ਲਹਿਰ ਦੇ ਸਿਰਕੱਢ ਹਸਤਾਖਰ ਤੇਰਾ ਸਿੰਘ ਚੰਨ ਨੇ ‘ਲੱਕੜ ਦੀ ਲੱਤ’ ਨਾਟ ਉਪੇਰੇ ਰਾਹੀਂ ਜਿੱਥੇ ਯੁੱਧ ਦੇ ਵਿਰੁੱਧ ਹੋਕਾ ਦਿੱਤਾ, ਉੱਥੇ ਇਸ ਅਮਾਨਵੀ ਮੁੱਠਭੇੜ ਅੰਦਰ ਨਿੱਤ ਪਿਸਦੀਆਂ ਔਰਤਾਂ ਦਾ ਦਰਦ ਪੇਸ਼ ਕੀਤਾ। ਉਨ੍ਹਾਂ ਦੀਆਂ ਕੋਮਲ ਸੱਧਰਾਂ ਨੂੰ ਮੰਚ ਦਾ ਸ਼ਿੰਗਾਰ ਬਣਾਇਆ ਤੇ ਜਜ਼ਬਿਆਂ ਦੀ ਧੂਣੀ ਮਘਾ ਕੇ ਸਮੁੱਚੀ ਨਾਰੀ ਨੂੰ ਜੰਗ ਵਿਰੋਧੀ ਮੁਹਿੰਮ ਦਾ ਹਿੱਸਾ ਬਣਾ ਦਿੱਤਾ। ‘ਲੱਕੜ ਦੀ ਲੱਤ’ ਦਾ ਲਿਖਿਆ ਜਾਣਾ ਤੇ ਅਮਨ ਕਾਨਫਰੰਸਾਂ ’ਚ ਪੇਸ਼ ਹੋਣਾ ਪੰਜਾਬੀ ਰੰਗਮੰਚ ਦੇ ਇਤਿਹਾਸ ਅੰਦਰ ਇਕ ਇਨਕਲਾਬੀ ਕਦਮ ਸੀ, ਜਿਸ ਨੂੰ ਮੁੜ ਸੁਰਜੀਤ ਕਰਨ ਤੇ ਵਾਰ ਵਾਰ ਮੰਚਣ ਕਰਨ ਦੀ ਲੋੜ ਹੈ। ਜਗਦੀਸ਼ ਫ਼ਰਿਆਦੀ ਅੱਖਾਂ ਦੀ ਜੋਤ ਗੁਆ ਬੈਠਾ, ਪਰ ਲੋਕਾਈ ਨੂੰ ਰੌਸ਼ਨ ਕਰਨ ਲਈ ਡਟਿਆ ਰਿਹਾ। ਜੋਗਿੰਦਰ ਬਾਹਰਲਾ ਦੀ ਜ਼ਿੰਦਗੀ ’ਚ ਅਨੇਕਾਂ ਤੂਫਾਨ ਆਏ, ਪਰਿਵਾਰਕ ਜੀਵਨ ਲੜਖੜਾਇਆ, ਪਾਰਟੀਆਂ ਨਾਲ ਮੱਤਭੇਦ ਹੋਏ, ਅਨੇਕਾਂ ਗੁੱਸੇ ਗਿਲੇ ਸ਼ਿਕਵੇ ਉੱਭਰੇ, ਪਰ ਸੁਰ ਨਾ ਬਦਲੀ ਤੇ ਫ਼ਿਕਰਮੰਦੀ ਤੇ ਹੁਨਰਮੰਦੀ ’ਚ ਕੋਈ ਫ਼ਰਕ ਨਾ ਪਿਆ।
ਬਲਵੰਤ ਗਾਰਗੀ ਅਮਰੀਕਾ ਤੋਂ ਆਇਆ। ਉਸਦੇ ਖਿਆਲ ਵੱਖਰੇ ਸਨ। ਰਿਸ਼ਤਿਆਂ ਨੂੰ ਲੈ ਕੇ ਉਹ ਬੇਬਾਕ ਸੀ। ਉਸ ਦਾ ਸਰੋਕਾਰ ਉਪਰਲੀਆਂ ਤੈਹਾਂ ਨੂੰ ਪਾਸੇ ਰੱਖ ਕੇ ਅੰਦਰ ਵੱਸਦੇ ਸੰਸਾਰ ਦੀ ਚੀਰ ਫਾੜ ਕਰਨਾ ਸੀ। ਜਰ ਜ਼ੋਰੂ ਜ਼ਮੀਨ ਦੀ ਸਥਾਪਤ ਤਿਕੜਮਬਾਜ਼ੀ ’ਚ ਉਸ ਨੇ ਨਿਵੇਕਲਾ ਪੈਂਤੜਾ ਅਖ਼ਤਿਆਰ ਕੀਤਾ। ਟਿੱਬੇ ਪੱਧਰ ਕਰਕੇ ਪਸੀਨਾ ਵਹਾਉਂਦੇ ਕਿਸਾਨ ਦਾ ਸੰਘਰਸ਼ ਉਸ ਦੀਆਂ ਨਜ਼ਰਾਂ ਤੋਂ ਓਝਲ ਨਹੀਂ ਸੀ, ਪਰ ਉਸਦਾ ਨਜ਼ਰੀਆ ਕਿਸੇ ਹੋਰ ਕੋਣ ’ਤੇ ਕੈਮਰਾ ਟਿਕਾਈ ਬੈਠਾ ਸੀ। ਉਸ ਨੂੰ ਜਾਪਿਆ ਕਿ ਇਸ ਸੰਘਰਸ਼ ’ਚ ਔਰਤ ਦਾ ਦ੍ਰਿਸ਼ਟੀਕੋਣ ਤਾਂ ਮਰਦਾਵੀਂ ਸੋਚ ਦਾ ਹੀ ਪਹਾੜਾ ਪੜ੍ਹਨ ਲਈ ਮਜਬੂਰ ਹੈ। ਉਸਨੇ ਔਰਤ ਅੰਦਰ ਬਲਦੇ ਸਰੀਰਿਕ ਤੇ ਮਾਨਸਿਕ ਟਿੱਬਿਆਂ ਉੱਤੇ ਆਪਣੀ ਨਜ਼ਰ ਦਾ ਲੈਂਜ਼ ਫੋਕਸ ਕੀਤਾ। ਧੁਖ ਰਹੇ ਜਿਸਮਾਨੀ ਟਿੱਬਿਆਂ ਨੂੰ ਉਸਨੇ ਲਟ ਲਟ ਬਲਣ ਲਾ ਦਿੱਤਾ। ਉਸਦੀ ਲੜਾਈ ਹੱਕਾਂ ਲਈ ਹੀ ਸੀ, ਪਰ ਉਸਨੂੰ ਲੱਗਿਆ ਕਿ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ’ਚ ਕਾਮ ਸ਼ਾਮਲ ਤਾਂ ਹੋ ਗਿਆ ਸੀ, ਪਰ ਸਿਰਫ਼ ਮਰਦ ਲਈ! ਗਾਰਗੀ ਇਸੇ ਲਈ ਜਦੋਂ ‘ਸੁਲਤਾਨ ਰਜ਼ੀਆ’ ਲਿਖਦਾ ਹੈ ਤਾਂ ਮਿੱਥ ਕੇ ‘ਸੁਲਤਾਨ’ ਸ਼ਬਦ ‘ਰਜ਼ੀਆ’ ਤੋਂ ਪਹਿਲਾਂ ਲਿਖਦਾ ਹੈ। ਰਾਜਿਆਂ ਦੇ ਹਰਮ ’ਚ ਅਨੇਕਾਂ ਔਰਤਾਂ ਰਹਿੰਦੀਆਂ ਆਈਆਂ ਹਨ। ਉਸ ਦੀਆਂ ਗ਼ੁਲਾਮ ਹੁੰਦੀਆਂ ਹਨ, ਪਰ ਹੁਣ ਰਜ਼ੀਆ ‘ਸੁਲਤਾਨ’ ਹੈ। ਉਸ ਦਾ ਗ਼ੁਲਾਮ ਮਰਦ ਹੈ। ਇਹ ਪੈਂਤੜਾ ਵਿਚਾਰਧਾਰਕ ਹੈ। ਸਮੇਂ ਨੂੰ ਕਬੂਲ ਨਹੀਂ ਸੀ ਹੋਣਾ! ਪਰ ਸਹਿਜ ਚੱਲਦੇ ਪਾਣੀ ਦੇ ਵਹਾਅ ਨੂੰ ਵੱਢ ਤਾਂ ਇਵੇਂ ਹੀ ਮਾਰਿਆ ਜਾਂਦਾ ਹੈ। ਗਾਰਗੀ ਲੋਕਾਂ ਦੇ ਨੇੜੇ ਨਾ ਜਾ ਸਕਿਆ ਤੇ ਜਨ ਮਾਨਸ (ਸਿਰਫ਼ ਜਗੀਰੂ ਨਹੀਂ, ਅਰਧ ਜਗੀਰੂ ਤੇ ਪ੍ਰਗਤੀਸ਼ੀਲ ਵੀ, ਚੇਤੰਨ ਤੇ ਵਿਆਖਿਆਕਾਰ ਬਿਰਤੀ ਵਾਲਾ ਵੀ) ਉਸ ਨੂੰ ਦੇਰ ਤਕ ਚੇਤਿਆਂ ’ਚ ਨਾ ਵਸਾ ਸਕਿਆ। ਪੰਜਾਬੀ ਮਨੁੱਖ ਲਈ (ਹਿੰਦੁਸਤਾਨੀ ਮਨੁੱਖ ਲਈ) ਢਿੱਡ ਦੀ ਭੁੱਖ ਦਾ ਸੰਕਟ ਏਨਾ ਕਲਹਿਣਾ ਅਤੇ ਤੀਖਣ ਹੈ ਕਿ ਚਾਹੁੰਦਿਆਂ ਹੋਇਆਂ ਵੀ ਬਾਕੀ ਹਰ ਤਰ੍ਹਾਂ ਦੀ ਭੁੱਖ ਗੌਣ ਹੋ ਜਾਂਦੀ ਹੈ। ਇਹ ਗੁਨਾਹ ਨਹੀਂ, ਸੰਤਾਪ ਹੈ! ਫਿਰ ਗੁਰਸ਼ਰਨ ਸਿੰਘ ਦਾ ਦੌਰ ਆਇਆ। ਉਸ ਲਈ ਬਰਾਬਰੀ ਤੇ ਨਿਆਂਸ਼ੀਲ ਸਮਾਜ ਬਹੁਤ ਵੱਡਾ ਨਾਅਰਾ ਸੀ। ਉਹ ਇਸ ਵਿਚ ਔਰਤ ਦੀ ਬਰਾਬਰ ਦੀ ਭਾਈਵਾਲਤਾ ਚਾਹੁੰਦਾ ਸੀ। ਜਦੋਂ ਮਾਲਵੇ ਦੇ ਪਿੰਡਾਂ ’ਚ ਨਾਟਕ ਕਰਨ ਜਾਂਦਾ ਤਾਂ ਦੇਖਦਾ ਕਿ ਘਰਾਂ ਦੇ ਵਿਹੜੇ ਬੜੇ ਵੱਡੇ ਵੱਡੇ ਹਨ, ਉੱਚੇ ਲੰਮੇ ਗੇਟ ਲੱਗੇ ਹਨ, ਪਰ ਫਰਸ਼ ਕੱਚਾ ਹੈ। ਘਰ ’ਚ ਫਾਰਗ ਹੋਣ ਲਈ ਗੁਸਲਖ਼ਾਨਾ ਨਹੀਂ ਹੈ। ਉਸ ਨੂੰ ਇਹ ਸਭ ਕੁਝ ਔਰਤ ਵਿਰੋਧੀ ਜਾਪਿਆ। ਉਸਨੂੰ ਮਹਿਸੂਸ ਹੋਇਆ ਕਿ ਜਿਵੇਂ ਔਰਤ ਦੀ ਹੋਂਦ ਸਰੀਰਿਕ ਰੂਪ ’ਚ ਤਾਂ ਹੈ, ਪਰ ਉਸ ਦੀ ਹੋਂਦ ਦਾ ਫ਼ਿਕਰ ਕਿਸੇ ਨੂੰ ਨਹੀਂ ਹੈ। ਗਾਰਗੀ ਦੇ ਨਾਟਕਾਂ ਦੀ ਔਰਤ ਉਸ ਨੇ ਪੜ੍ਹੀ ਤੇ ਸਮਝੀ ਹੋਈ ਸੀ। ਉਸ ਨੇ ਵਿਚਾਰ ਕੀਤਾ ਤੇ ਆਪਣੇ ਰੰਗਮੰਚੀ ਸਰੋਕਾਰਾਂ ਦਾ ਥੀਸਿਸ ਤਿਆਰ ਕੀਤਾ,‘ਜਦ ਤਕ ਔਰਤ ਸਮਾਜਿਕ ਆਰਥਿਕ ਪਾੜਿਆਂ ਖ਼ਿਲਾਫ਼ ਸੰਘਰਸ਼ ਦਾ ਹਿੱਸਾ ਨਹੀਂ ਬਣਦੀ, ਤਬਦੀਲੀ ਲਈ ਨਹੀਂ ਲੜਦੀ ਤੇ ਇਕ ਨਿਆਂ ਭਰਪੂਰ ਸਮਾਜ ਦਾ ਨਿਰਮਾਣ ਕਰਨ ਲਈ ਮੈਦਾਨ ’ਚ ਨਹੀਂ ਕੁੱਦ ਪੈਂਦੀ, ਉਸਦੀ ਸਰੀਰਿਕ ਮਾਨਸਿਕ ਸਮਾਜਿਕ ਆਜ਼ਾਦੀ ਅਸੰਭਵ ਹੈ, ਬੇਮਾਅਨਾ ਹੈ ਤੇ ਅਧੂਰੀ ਹੈ।’ ਇੱਥੋਂ ਉਸ ਦਾ ਇੱਛਿਤ ਯਥਾਰਥ ਸਿਰ ਚੁੱਕਦਾ ਹੈ। ਦਲਿਤ ਪਰਿਵਾਰ ਦੀ ਸਾਧਾਰਨ ਨੂੰਹ ਦੇ ਹੱਥੋਂ ਉਹ ਪਿੰਡ ਦੇ ਵੈਲੀ ਸਰਦਾਰ ਦੇ ਗਲ ਜੁੱਤੀਆਂ ਦਾ ਹਾਰ ਪਾ ਦਿੰਦਾ ਹੈ। ਵਿਹੜੇ ’ਚ ਰਹਿੰਦੀ ਸਰਪੰਚਣੀ ਨੂੰ ਇੰਨੀ ਤਾਕਤਵਰ ਦਿਖਾਉਂਦਾ ਹੈ ਕਿ ਫ਼ੈਸਲਾ ਲੈਣ ਲੱਗਿਆਂ ਨਾ ਉਹ ਵੱਡਿਆਂ ਦੀ ਹੈਂਕੜ ਤੋਂ ਡਰਦੀ ਹੈ ਤੇ ਨਾ ਹੀ ਆਪਣੇ ਘਰ ਬੈਠੇ ‘ਆਪੂੰ ਬਣੇ ਸਰਪੰਚ’ ਪਤੀ ਤੋਂ ਤ੍ਰਹਿੰਦੀ ਹੈ। ਉਹ ਔਰਤ ਨੂੰ ਸ਼ੀਹਣੀ ਬਣਾ ਦਿੰਦਾ ਹੈ। ਇਹ ਉਸ ਦੇ ਰੰਗਮੰਚੀ ਸਰੋਕਾਰਾਂ ਦੀ ਉੱਘੜਵੀਂ ਮਿਸਾਲ ਸੀ। ਅੱਜ ਜਦੋਂ ਕਿਸਾਨ ਮਜ਼ਦੂਰ ਘੋਲ ਚੱਲਦੇ ਹਨ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਧਰਨਿਆਂ ’ਤੇ ਬੈਠੀਆਂ, ਸਟੇਜਾਂ ਤੋਂ ਗਰਜਦੀਆਂ ਜੋ ਔਰਤਾਂ ਦਿਖਾਈ ਦਿੰਦੀਆਂ ਹਨ, ਉਸ ਥੀਸਿਸ ਦੀ ਉਪਜ ਹਨ। ਅੱਜ ਉਹ ਸੰਘਰਸ਼ਾਂ ਨੂੰ ਅਗਵਾਈ ਦੇ ਰਹੀਆਂ ਹਨ। ਪੁਲੀਸ, ਪ੍ਰਸ਼ਾਸਨ, ਸਮਾਜਿਕ ਚੌਧਰੀਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਵਾਲ ਕਰਦੀਆਂ ਹਨ। ਰੰਗਮੰਚ ਸਰੀਰ ’ਚ ਵਹਿੰਦੇ ਖੂਨ ਨਿਆਈਂ ਹੈ! ਇਹ ਗਰਮ ਰਹੇ, ਵਗਦਾ ਰਹੇ, ਸਿਆਣਾ ਰਹੇ, ਇਸੇ ਵਿਚ ਸਰੀਰ ਦੀ ਭਲਾਈ ਹੈ ਤੇ ਰੰਗਮੰਚ ਦੀ ਜਿੱਤ ਹੈ।
ਸੰਪਰਕ: 98880-11096