ਡਾ. ਸਾਹਿਬ ਸਿੰਘ
ਨਾਰੀ ਨੂੰ ਆਪਣੇ ਹਿੱਸੇ ਦਾ ਪੂਰਾ ਅੰਬਰ ਨਿਹਾਰਨ ਲਈ ਬੂਹੇ ਬਾਰੀਆਂ ਤੋਂ ਬਾਹਰ ਆਉਣਾ ਪੈਂਦਾ ਹੈ। ਧੁੱਪ ਦਾ ਸਵਾਗਤ ਬੰਦ ਬੂਹੇ ਬਾਰੀਆਂ ਦੇ ਹੁੰਦਿਆਂ ਅਸੰਭਵ ਹੈ। ਜੰਮਣ ਤੋਂ ਮਰਨ ਤਕ ਉਸਨੂੰ ਬਾਰੀਆਂ ਬੰਦ ਰੱਖਣ ਦਾ ਸਬਕ ਸਿਖਾਇਆ ਜਾਂਦਾ ਹੈ। ਪਿੱਤਰ ਸੱਤਾ ਦਾ ਪ੍ਰਵਚਨ ਇਹ ਕਹਿੰਦਾ ਹੈ ਕਿ ਖੁੱਲ੍ਹੀਆਂ ਬਾਰੀਆਂ ਕੋਲ ਸਿਰਫ਼ ਕੋਠਿਆਂ ਵਾਲੀਆਂ ਬੈਠਦੀਆਂ ਨੇ। ਇੱਜ਼ਤਦਾਰ ਘਰਾਂ ਦੀਆਂ ਔਰਤਾਂ ਬਾਰੀ ਬੰਦ ਰੱਖਦੀਆਂ ਹਨ। ਕੀ ਰੰਗਮੰਚ ਵੀ ਇਸ ਰੂੜੀ ਨੂੰ ਕਬੂਲ ਕਰੇ ਜਾਂ ਬਾਹਰ ਨਿਕਲ ਇਸਨੂੰ ਚੁਣੌਤੀ ਦੇਵੇ। ਪੰਜਾਬੀ ਰੰਗਮੰਚ ਦੀ ਸ਼ਾਇਸਤਗੀ ਵਾਲੀ ਤਸਵੀਰ ਦਾ ਸਿਰਕੱਢ ਚਿਹਰਾ ਨੀਤਾ ਮਹਿੰਦਰਾ ਇਹ ਚੁਣੌਤੀ ਕਬੂਲਦੀ ਹੈ। ਉਸਨੇ ਕਈ ਬੂਹੇ ਖੋਲ੍ਹਣੇ ਹਨ। ਉਸਦਾ ਫਰਜ਼ ਵੀ ਵੱਡਾ ਹੈ। ਆਜ਼ਾਦ ਔਰਤ ਦੀ ਆਜ਼ਾਦ ਹਸਤੀ ਦਾ ਸੁਪਨਾ ਆਪਣੇ ਸੀਨੇ ਪਾਲ ਉਹ ਅੰਮ੍ਰਿਤਾ ਪ੍ਰੀਤਮ ਨੂੰ ਆਵਾਜ਼ ਮਾਰਦੀ ਹੈ ਤੇ ਉਸਦੀ ਕਹਾਣੀ ‘ਕੋਰੀ ਹਾਂਡੀ’ ਗੋਦ ਲੈ ਲੈਂਦੀ ਹੈ। ਫਿਰ ਨੀਤਾ ਨੇ ਅਜੀਤ ਕੌਰ ਦੀ ‘ਮਾਮੀ’ ਨੂੰ ਧਾਹ ਗਲਵੱਕੜੀ ਪਾਈ। ਫਿਰ ਉਹ ਹੱਦਾਂ ਸਰਹੱਦਾਂ ਟੱਪ ਇੰਗਲੈਂਡ ਵਸਦੀ ਵੀਨਾ ਵਰਮਾ ਦੇ ਵਿਹੜੇ ਜਾ ਖਲੋਤੀ ਤੇ ‘ਫਿਰੰਗੀਆਂ ਦੀ ਨੂੰਹ’ ਦੇ ਲਬਿਾਸ ਦਾ ਮੇਚਾ ਲੈ ਕੇ ਮੁੜੀ। ਅਖੀਰ ਉਸਨੇ ਕਰਤਾਰ ਸਿੰਘ ਦੁੱਗਲ ਦੀ ਉਂਗਲ ਫੜੀ ਤੇ ‘ਪਾਕਿਸਤਾਨ ਹਮਾਰਾ ਹੈ’ ਜਿਹੀ ਸੂਖਮ ਕਹਾਣੀ ਆਪਣੇ ਬੋਝੇ ਪਾ ਤ੍ਰਿਪਤ ਹੋ ਗਈ। ਕਹਾਣੀਆਂ ਚਾਰ, ਇਕੱਲੀ ਨੀਤਾ ਮਹਿੰਦਰਾ। ਦੋ ਕਹਾਣੀਆਂ ਵੰਡ ਤੋਂ ਪਹਿਲਾਂ ਦੀਆਂ, ਦੋ ਵੰਡ ਪਾਰ ਦੀਆਂ! ਦਿਲ ਅੰਦਰ ਪ੍ਰਬਲ ਜਜ਼ਬਾ ਕਿ ਚਾਰੋਂ ਕਹਾਣੀਆਂ ਮੰਚ ’ਤੇ ਪੇਸ਼ ਕਰਨੀਆਂ ਵੀ ਇਕੱਲਿਆਂ। ਏਕਲ ਅਭਿਨੈ। ਡਾ. ਜੋਗਿੰਦਰ ਸਿੰਘ ਕੈਰੋਂ ਨੇ ਉਤਸ਼ਾਹ ਵਧਾਇਆ। ਕਹਾਣੀਆਂ ਦਾ ਪਾਠ ਵਾਰ ਵਾਰ ਸੁਣਿਆ ਤੇ ਨਾਮ ਸੁਝਾਇਆ ‘ਬੂਹੇ ਬਾਰੀਆਂ’। ਵਿਸ਼ਾ ਹਾਜ਼ਰ, ਅਦਾਕਾਰ ਹਾਜ਼ਰ। ਹੁਣ ਇਸ ਨੂੰ ਰੰਗਮੰਚ ਦੇ ਹਾਣ ਦਾ ਕੌਣ ਕਰੇ! ਹਿੰਦੁਸਤਾਨੀ ਰੰਗਮੰਚ ਦੇ ਕੁਝ ਬਿਹਤਰੀਨ ਨਿਰਦੇਸ਼ਕਾਂ ’ਚੋਂ ਸਿਰ ਕੱਢਵਾਂ ਨਾਂ ਐੱਮ ਕੇ ਰੈਨਾ ਹਾਮੀ ਭਰ ਗਿਆ।
ਨਵੰਬਰ, 2003 ਦੀ ਇਕ ਸ਼ਾਮ ਪੰਜਾਬ ਨਾਟਸ਼ਾਲਾ ਦਾ ਵੱਡ ਆਕਾਰੀ ਬੂਹਾ ਖੁੱਲ੍ਹਿਆ ਤੇ ਦਰਸ਼ਕਾਂ ਦੀਆਂ ਲੰਬੀਆਂ ਕਤਾਰਾਂ ਵਾਹੋ ਦਾਹੀ ਆ ਪਹੁੰਚੀਆਂ। ਪਰਦਾ ਖੁੱਲ੍ਹਿਆ ਤਾਂ ਮੰਚ ਦੇ ਹਨੇਰੇ ਨੂੰ ਨਿੰਮੀ ਨਿੰਮੀ ਰੌਸ਼ਨੀ ਨੇ ਨਹਾਉਣਾ ਸ਼ੁਰੂ ਕੀਤਾ। ਮੰਚ ਆਕਾਰ ਫੜਨ ਲੱਗਾ। ਦੋ ਬੂਹੇ, ਥੋੜ੍ਹੀ ਜਿਹੀ ਉਚਾਈ ਤੇ ਦਿਸ ਰਹੀ ਇਕ ਖਿੜਕੀ। ਇਕ ਪਾਸੇ ਨਿੱਕੀ ਜਿਹੀ ਰਸੋਈ ਤੇ ਵਿਚ ਪਈ ਇਕ ਮਧਾਣੀ। ਨੀਤਾ ਮੂੰਹ ’ਤੇ ਘੜਾ ਟਿਕਾਈ ਪ੍ਰਵੇਸ਼ ਕਰਦੀ ਹੈ। ਦਰਸ਼ਕ ਦਾ ਧਿਆਨ ਘੜੇ ਵੱਲ ਜ਼ਿਆਦਾ ਹੈ। ਕੁੜੀ ਦੇ ਚਿਹਰੇ ਤੋਂ ਹੁਸਨ ਝਲਕ ਰਿਹਾ ਹੈ। ਘੜਾ ਬਰਾਬਰ ਭਿੜ ਰਿਹਾ ਹੈ। ਅਰਥਾਂ ਦੀ ਬਹਿਸ ਹੋ ਰਹੀ ਹੈ। ਕੁੜੀ ਕੱਚੇ ਘੜੇ ਵਾਂਗ ਮੰਚ ’ਤੇ ਮਹਿਕ ਰਹੀ ਹੈ। ਅੰਮ੍ਰਿਤਾ ਪ੍ਰੀਤਮ ਅੰਗ ਸੰਗ ਹੈ। ਕੁੜੀ ਨਾਦਾਨ ਹੈ। ਸੁਪਨਿਆਂ ’ਚ ਜੀਅ ਰਹੀ ਹੈ। ਬਾਬਲ ਦੇ ਘਰ ਬੈਠਿਆਂ ਸੋਚਦੀ ਹੈ,‘ਕੋਈ ਆਏਗਾ, ਸਜੀ ਸੰਵਰੀ ਨੂੰ ਆਪਣੇ ਘਰ ਲੈ ਜਾਵੇਗਾ। ਮੈਂ ਉਸ ਘਰ ਦੀ ਰਾਣੀ ਬਣਾਂਗੀ। ਦਾਲ ਦੀ ਮਹਿਕ, ਚੌਲਾਂ ਦੀ ਮਹਿਕ ਬਣਾਂਗੀ।’ ਬੰਦਾ ਆਇਆ ਖ਼ਰੀਦ ਕੇ ਲੈ ਗਿਆ। ਕੁੜੀ ਦਾ ਸੁਪਨਾ ਟੁੱਟਿਆ। ਰਾਣੀ ਕੀ ਬਣਨਾ ਸੀ, ਉਸਨੂੰ ਤਾਂ ਨਜ਼ਰ ਵੱਟੂ ਬਣਾ ਘਰ ’ਚ ਧਰ ਦਿੱਤਾ। ਨੀਤਾ ਲਫ਼ਜ਼ਾਂ ਨੂੰ ਦਰਦ ’ਚ ਪਿਰੋ ਰਹੀ ਹੈ। ਘਰ ਵੱਡਾ ਹੈ। ਬੰਦੇ ਦਾ ਦਫ਼ਤਰ ਵੀ ਉੱਥੇ ਹੀ ਹੈ। ਦਫ਼ਤਰ ’ਚ ਇਕ ਕੁੜੀ ਆਈ ਹੈ। ਉਸਨੂੰ ਆਪਣੇ ਵਰਗੀ ਲੱਗਦੀ ਹੈ। ਕੁੜੀ ਬੌਸ ਨਾਲ ਟੂਰ ’ਤੇ ਗਈ ਹੈ। ਖੱਜਲ ਖੁਆਰ ਹੋ ਮੁੜੀ ਤੇ ਰੋ ਰਹੀ ਹੈ। ਨੀਤਾ ਅੱਗ ਵਾਂਗ ਮੱਚਦੀ ਹੈ। ਉਸ ਨੂੰ ਇਕ ਮੁੰਡਾ ਪਸੰਦ ਕਰਦਾ ਹੈ। ਉਸ ਨਾਲ ਘਰੋਂ ਭੱਜ ਜਾਂਦੀ ਹੈ, ਪਰ ਉਸ ਕੁੜੀ ਦਾ ਸਾਇਆ ਖਹਿੜਾ ਨਹੀਂ ਛੱਡਦਾ। ਸੋਚਦੀ ਹੈ ਕਿ ਕੋਈ ਆਵੇ ਤੇ ਉਸ ਕੁੜੀ ਨੂੰ ਵੀ ਕਾਲੀ ਹਾਂਡੀ ਤੋਂ ਮੁੜ ਕੋਰੀ ਹਾਂਡੀ ਬਣਾ ਦੇਵੇ। ਉਸ ਕੁੜੀ ਦਾ ਵੀ ਇਕ ਆਸ਼ਕ ਹੈ, ਪਰ ‘ਹਰ ਕਿਸੀ ਕੋ ਮੁਕੰਮਲ ਜਹਾਂ’ ਕਿੱਥੇ ਮਿਲਦਾ ਹੈ! ਉਹ ਕੁੜੀ ਖੂਹ ’ਚ ਛਾਲ ਮਾਰਕੇ ਮਰ ਗਈ। ਨੀਤਾ ਦੀ ਅਦਾਕਾਰੀ ਦਾ ਸਿਖਰ ਸਾਹਮਣੇ ਹੈ। ‘‘ਕਾਸ਼ ਕੋਈ ਪਿਆਰ ਦੇ ਪਾਣੀਆਂ ਨਾਲ ਕਾਲੀਆਂ ਹਾਂਡੀਆਂ ਦੀ ਕਾਲਖ ਧੋ ਦੇਵੇ, ਪਰ ਸਮਾਜ ਕੋਲ ਪਿਆਰ ਨਹੀਂ ਹੈ।’’ ਅਦਾਕਾਰ ਦਰਸ਼ਕ ਦੇ ਮਨ ਅੰਦਰ ਬੈਠੇ ਬੂਹੇ ਉੱਤੇ ਸਵਾਲ ਧਰ ਗਈ ਤੇ ਅੰਮ੍ਰਿਤਾ ਤੋਂ ਵਿਦਾ ਲੈ ਕੇ ਅਜੀਤ ਕੌਰ ਕੋਲ ਪਹੁੰਚ ਗਈ।
‘ਮਾਮੀ’ ਨੂੰ ਨਾਲ ਲੈ ਉਹ ਮੁੜ ਆਈ ਹੈ। ਮਾਮੀ ਦੀ ਕਹਾਣੀ ਜੱਗੋਂ ਬਾਹਰੀ ਨਹੀਂ, ਪਰ ਜੱਗੋਂ ਤੇਰਵੀਂ ਜ਼ਰੂਰ ਹੈ। ਉਸਦੇ ਮਰਦ ਨੇ ਪਹਿਲੀ ਰਾਤ ਹੀ ਉਸਨੂੰ ਠੁਕਰਾ ਦਿੱਤਾ ਕਿਉਂਕਿ ਉਸਦਾ ਰੰਗ ਕਾਲਾ ਹੈ। ਉਸਦੀ ਥਾਂ ਸੌਂਕਣ ਆ ਬੈਠੀ। ਮਾਮੀ ਨੂੰ ਮਰਦ ਨੇ ਇਕ ਕੋਠੜੀ ਰਹਿਣ ਲਈ ਦੇ ਦਿੱਤੀ ਤੇ ਹਰ ਮਹੀਨੇ ਸੌ ਰੁਪਿਆ ਲੈਣ ਲਈ ਮਾਮੀ ਨੂੰ ਆਪਣੇ ਮਰਦ ਦੀ ਦਹਿਲੀਜ਼ ’ਤੇ ਪੁਕਾਰ ਕਰਨੀ ਪੈਂਦੀ ਹੈ। ਹੁਣ ਮਰਦ ਮਰ ਗਿਆ ਹੈ। ਸੌਂਕਣ ਪੈਸੇ ਤੋਂ ਮੁੱਕਰ ਗਈ ਹੈ। ਉਹ ਤਿੰਨ ਬੱਚਿਆਂ ਦੀ ਮਾਂ ਹੈ। ਮਾਮੀ ਮਜਬੂਰ ਹੈ। ਸੌਂਕਣ ਦੇ ਘਰ ’ਚ ਕੰਮ ਕਰਦੀ ਹੈ। ਫਿਰ ਇਕ ਦਿਨ ਮਾਮੀ ਮਰ ਗਈ। ਮਰੀ ਕਿਵੇਂ? ਕਹਾਣੀ ਦਾ ਥੀਮ ਇਸ ਮੌਤ ਅੰਦਰ ਸਮੋਇਆ ਹੈ। ਆਪਣੇ ਮਰਦ ਦੇ ਮੁੰਡੇ ਕੋਲ ਠੰਢ ਤੋਂ ਬਚਣ ਲਈ ਇਕ ਲੋਈ ਦੀ ਮੰਗ ਪਾਉਂਦੀ ਹੈ। ਮੁੰਡਾ ਲੋਈ ਲਿਆ ਦਿੰਦਾ ਹੈ। ਮਾਮੀ ਅਸੀਸਾਂ ਦਾ ਹੜ੍ਹ ਲਿਆ ਦਿੰਦੀ ਹੈ, ਪਰ ਜ਼ਿੰਦਗੀ ’ਚ ਪਹਿਲੀ ਵਾਰ ਮਿਲਿਆ ਪਿਆਰ ਅਤੇ ਆਪਣਾਪਣ ਸਹਾਰਨਾ ਉਸਦੇ ਵੱਸੋਂ ਬਾਹਰੀ ਗੱਲ ਹੋ ਨਿੱਬੜੀ ਤੇ ਉਹ ਇਸ ਪਿਆਰ ਨੂੰ ਹਿੱਕ ਨਾਲ ਲਗਾ ਦੁਨੀਆਂ ਤੋਂ ਤੁਰ ਗਈ। ਸ਼ਾਇਦ ਇਸ ਪਿਆਰ ਤੋਂ ਬਾਅਦ ਉਹ ਹੋਰ ਤ੍ਰਿਸਕਾਰ ਦੇਖਣਾ ਨਹੀਂ ਸੀ ਚਾਹੁੰਦੀ।
ਨੀਤਾ ਮੰਚ ’ਤੋਂ ਪਲ ਭਰ ਲਈ ਗ਼ੈਰਹਾਜ਼ਰ ਹੋਈ ਤੇ ਵੀਨਾ ਵਰਮਾ ਦੀ ‘ਫਿਰੰਗੀਆਂ ਦੀ ਨੂੰਹ’ ਬਣ ਆ ਧਮਕੀ। ਹਰ ਆਜ਼ਾਦ ਔਰਤ ਜਾਂ ਸਮਝੋ ਆਜ਼ਾਦ ਵਿਅਕਤੀ ਦੇ ਚਿਹਰੇ ’ਤੇ ਕਿਹੋ ਜਿਹਾ ਨੂਰ ਹੁੰਦਾ ਹੈ, ਨੀਤਾ ਉਹ ਨੂਰ ਲੈ ਕੇ ਪਰਤੀ ਸੀ। ਉਹ ਤਿੰਨ ਬੱਚਿਆਂ ਦੀ ਮਾਂ ਹੈ। ਪਤੀ ਦੇ ਹਰ ਤਰ੍ਹਾਂ ਦੇ ਕਬਜ਼ੇ ਤੋਂ ਬਾਗੀ ਹੈ। ਗਾਲ੍ਹਾਂ, ਕੁੱਟ ਸਹਿਣ ਨਹੀਂ ਕਰਦੀ। ਉਸਦੀ ਧੀ ਪਾਕਿਸਤਾਨੀ ਨੂੰ ਪਿਆਰ ਕਰਦੀ ਹੈ। ਸਾਰੇ ਬੱਚਿਆਂ ਨੂੰ ਵਿਆਹ, ਨਿਪਟਾ ਕੇ ਹਸਪਤਾਲ ’ਚ ਕੰਮ ਕਰਦੇ ਆਪਣੇ ਇਕ ਕੁਲੀਗ ਗੋਰੇ ਨਾਲ ਵਿਆਹ ਕਰਵਾ ਲੈਂਦੀ ਹੈ ਤੇ ਜ਼ਿੰਦਗੀ ਜ਼ਿੰਦਾਬਾਦ ਦਾ ਪਰਚਮ ਬੁਲੰਦ ਕਰਦੀ ਹੈ।
ਆਖਰੀ ਕਹਾਣੀ ਅਤਿ ਸੂਖਮ ਹੈ। ਵੰਡ ਵੇਲੇ ਇਕ ਹਿੰਦੂ ਕੁੜੀ ਪਾਕਿਸਤਾਨ ਰਹਿ ਗਈ। ਮੁਸਲਿਮ ਲੜਕੇ ਨਾਲ ਵਿਆਹ ਕਰਦੀ ਹੈ। ਹੁਣ ਜਦੋਂ ਬੱਚਾ ਹੋਣ ਵਾਲਾ ਹੈ ਤਾਂ ਪੁਨਰਵਾਸ ਕਾਨੂੰਨ ਤਹਿਤ ਉਸਦਾ ਭਰਾ ਉਸਨੂੰ ਵਾਪਸ ਲੈ ਕੇ ਜਾਣ ਲਈ ਪੁਲੀਸ ਲੈ ਕੇ ਆ ਗਿਆ ਹੈ। ਕੁੜੀ ਲੱਖ ਯਤਨ ਕਰਦੀ ਹੈ, ਪਰ ਕਾਨੂੰਨ ਦੀ ਬੇਰਹਿਮੀ ਅੱਗੇ ਮਜਬੂਰ ਹੈ। ਸ਼ੌਹਰ ਮੁਹੱਬਤੀ ਹੈ। ਉਸਦੇ ਤੁਰਨ ਵੇਲੇ ਸਾਰਾ ਸਾਮਾਨ ਉਸਦੇ ਸਾਹਮਣੇ ਢੇਰੀ ਕਰ ਦਿੰਦਾ ਹੈ, ਪਰ ਕੁੜੀ ਸਿਰਫ਼ ਦੋ ਚੀਜ਼ਾਂ ਲੈ ਕੇ ਪਰਤਦੀ ਹੈ। ਇਕ ਛੰਨਾ ਜਿਸ ’ਤੇ ਪਤੀ ਸ਼ਹਬਿਾਜ ਦਾ ਨਾਂ ਲਿਖਿਆ ਹੋਇਆ ਹੈ। ਦੂਜੀ ਇਕ ਪੱਖੀ ਜਿਸ ’ਤੇ ਉਸਨੇ ਖ਼ੁਦ ਕਢਾਈ ਕਰ ਲਿਖਿਆ ਸੀ,‘ਪਾਕਿਸਤਾਨ ਹਮਾਰਾ ਹੈ।’ ਦਰਸ਼ਕ ਦੇ ਅੰਦਰ ਕੁਝ ਪਿਘਲ ਰਿਹਾ ਹੈ। ਕੁਝ ਪੱਥਰ ਭੁਰ ਰਹੇ ਹਨ। ਪਿੱਤਰ ਸੱਤਾ ਥੋੜ੍ਹੀ ਹੀ ਸਹੀ ਸ਼ਰਮਸਾਰ ਹੋ ਰਹੀ ਹੈ। ਨੀਤਾ ਮਹਿੰਦਰਾ ਦੇ ਯਤਨ ਨੂੰ ਬੂਰ ਪਿਆ ਹੈ। ਉਦੋਂ ਤੋਂ ਲੈ ਕੇ ਇਕ ਸੌ ਪੱਚੀ ਵਾਰ ਦੇਸ਼ ਦੇ ਵੱਖ ਵੱਖ ਸ਼ਹਿਰਾਂ ’ਚ ਉਸਦੇ ਏਕਲ ਅਭਿਨੈ, ਵਿਸ਼ੇ ਦੀ ਵਿਲੱਖਣਤਾ, ਰੈਨਾ ਦੀ ਨਿਰਦੇਸ਼ਨਾ ਦਾ ਡੰਕਾ ਵੱਜਿਆ ਹੈ। ਮਦੀਹਾ ਗੌਹਰ ਨੇ ਪੇਸ਼ਕਾਰੀ ਵੇਖੀ ਤਾਂ ਬੂਹੇ ਬਾਰੀਆਂ ਵਾਘਾ ਟੱਪ ਗਈਆਂ। ਰਫ਼ੀ ਪੀਰ ਥਿਏਟਰ ਫੈਸਟੀਵਲ ਦਾ ਹਿੱਸਾ ਵੀ ਬਣੀਆਂ।
ਸੰਪਰਕ : 98880-11096