ਸੁਰਜੀਤ ਜੱਸਲ
ਪੰਜਾਬੀ ਰੰਗਮੰਚ ਤੇ ਫ਼ਿਲਮਾਂ ’ਚ ਬਤੌਰ ਲੇਖਕ, ਨਿਰਦੇਸ਼ਕ, ਅਦਾਕਾਰ ਗੂੜ੍ਹੀਆਂ ਪੈੜ੍ਹਾਂ ਪਾਉਣ ਵਾਲਾ ਵਰਿਆਮ ਮਸਤ ਉਹ ਮਸਤ ਮੌਲਾ ਕਲਾਕਾਰ ਹੈ ਜਿਸ ਨੇ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ‘ਚੰਨ ਪ੍ਰਦੇਸੀ’ ਦੀ ਕਹਾਣੀ ਤੇ ਗੀਤ ਹੀ ਨਹੀਂ ਲਿਖੇ ਬਲਕਿ ਸਾਹਿਤ ਦੇ ਖੇਤਰ ਵਿੱਚ ਵੀ ਚੰਗਾ ਨਾਮਣਾ ਖੱਟਿਆ। ਜ਼ਿਕਰਯੋਗ ਹੈ ਕਿ ਇਸੇ ਸਾਲ 13 ਮਈ ਨੂੰ ‘ਚੰਨ ਪ੍ਰਦੇਸੀ’ ਫ਼ਿਲਮ ਤਕਰੀਬਨ 40 ਸਾਲਾਂ ਬਾਅਦ ਮੁੜ ਪੰਜਾਬੀ ਸਿਨਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
ਵਰਿਆਮ ਮਸਤ ਨੇ ਜਿੱਥੇ ‘ਚੰਨ ਪ੍ਰਦੇਸੀ’ ਫ਼ਿਲਮ ਦੀ ਕਹਾਣੀ ਤੇ ਗੀਤ ਲਿਖੇ ਉੱਥੇ, ‘ਨਿੰਮੋ’, ‘ਭਾਬੋ’, ‘ਜੈ ਮਾਂ ਚਿੰਤਪੂਰਨੀ’ ਸਮੇਤ ਹੋਰ ਵੀ ਕਈ ਫ਼ਿਲਮਾਂ ਲਈ ਗੀਤ ਲਿਖੇ। ਵੱਖ ਵੱਖ ਵਿਸ਼ਿਆਂ ’ਤੇ ਆਧਾਰਿਤ 100 ਤੋਂ ਵੱਧ ਦਸਤਾਵੇਜ਼ੀ ਫ਼ਿਲਮਾਂ ਲਈ ਵੀ ਕੰਮ ਕੀਤਾ। ਸ੍ਰੀ ਹੇਮਕੁੰਟ ਸਾਹਿਬ ਅਤੇ ਚਿੱਤਰਕਾਰ ਸੋਭਾ ਸਿੰਘ ਬਾਰੇ ਬਣੀਆਂ ਡਾਕੂਮੈਂਟਰੀ ਫ਼ਿਲਮਾਂ ਨੇ ਨੈਸ਼ਨਲ ਐਵਾਰਡ ਵੀ ਪ੍ਰਾਪਤ ਕੀਤੇ।
‘ਚੰਨ ਪ੍ਰਦੇਸੀ’ ਦੇ ਮੁੜ ਰਿਲੀਜ਼ ਹੋਣ ਬਾਰੇ ਵਰਿਆਮ ਮਸਤ ਦਾ ਕਹਿਣਾ ਹੈ ਕਿ ਇਸ ਸ਼ੁਭ ਕਾਰਜ ਲਈ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਸਨ। ਵੇਖਿਆ ਜਾਵੇ ਤਾਂ ਇਹ ਬਹੁਤ ਔਖਾ ਤੇ ਚਣੌਤੀ ਭਰਿਆ ਵੀ ਸੀ, ਪਰ ਸਭਨਾਂ ਦੀ ਮਿਹਨਤ ਤੇ ਹੌਸਲੇ ਨਾਲ ਇਹ ਸੰਭਵ ਹੋਇਆ ਹੈ। ਫ਼ਿਲਮ ਦੀ ਕਹਾਣੀ ਅਤੇ ਗੀਤ ਉਹੀ ਹਨ, ਸਿਰਫ਼ ਉਸ ਵੇਲੇ ਤੇ ਅੱਜ ਦੇ ਸਿਨਮਾ ਨੂੰ ਵੇਖਦਿਆਂ ਕੁਝ ਤਕਨੀਕੀ ਪਰਿਵਰਤਨ ਕੀਤੇ ਗਏ ਹਨ ਤਾਂ ਕਿ ਇਸ ਫ਼ਿਲਮ ਨੂੰ ਆਧੁਨਿਕ ਸਿਨਮਾ ਦੇ ਸਾਂਚੇ ਵਿੱਚ ਢਾਲ ਕੇ ਪਰਦੇ ’ਤੇ ਚਲਾਇਆ ਜਾ ਸਕੇ। ਸਾਨੂੰ ਪੂਰੀ ਆਸ ਹੈ ਕਿ ‘ਚੰਨ ਪ੍ਰਦੇਸੀ’ ਪੰਜਾਬੀ ਦਰਸ਼ਕਾਂ ਦਾ ਪਹਿਲਾਂ ਨਾਲੋਂ ਵੀ ਵਧੇਰੇ ਪਿਆਰ ਹਾਸਲ ਕਰੇਗੀ। ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਵਰਿਆਮ ਮਸਤ ਨੇ ਦੱਸਿਆ, ‘‘ਉਨ੍ਹਾਂ ਦਿਨਾਂ ਵਿੱਚ ਮੈਂ, ਬਲਦੇਵ ਗਿੱਲ ਤੇ ਚੀਮਾ ਚੰਡੀਗੜ੍ਹ ਇੱਕੋ ਕਮਰੇ ਵਿੱਚ ਰਹਿੰਦੇ ਸੀ। ਇੱਕ ਦਿਨ ਬਲਦੇਵ ਗਿੱਲ ਨੇ ਕਿਹਾ ਕਿ ਤੂੰ ਕਹਾਣੀਆਂ ਲਿਖਦਾ ਰਹਿੰਦਾ, ਕੋਈ ਚੰਗੀ ਜਿਹੀ ਕਹਾਣੀ ਦੱਸ ਜਿਸ ’ਤੇ ਫ਼ਿਲਮ ਬਣਾਈ ਜਾ ਸਕੇ। ਮੈਂ ਕਹਾਣੀ ਸੁਣਾਈ ਤਾਂ ਸਭ ਨੂੰ ਪਸੰਦ ਆਈ। ਬਲਦੇਵ ਗਿੱਲ ਨੇ ਕਹਾਣੀ ਨੂੰ ਹੋਰ ਵਿਸਥਾਰ ਦੇ ਕੇ ਡਾਇਲਾਗ ਤੇ ਸਕਰੀਨ ਪਲੇਅ ਤਿਆਰ ਕੀਤਾ।’’ ਇਸ ਫ਼ਿਲਮ ਦੇ ਗੀਤ ਬਹੁਤ ਹਰਮਨ ਪਿਆਰੇ ਹੋਏ। ਵਰਿਆਮ ਮਸਤ ਦਾ ਲਿਖਿਆ ‘ਰੋਜ਼ ਤੱਕਦੀ ਫਿਰਾਂ ਮੈਂ ਤੇਰਾ ਰਾਹ…’, ‘ਮੈਂ ਵਣਜਾਰਾ…’ ਅਤੇ ‘ਨੀਂ ਮੈਂ ਮੰਨਦੀ ਮਨਾਊਂਤਾ ਪੀਰ ਔਲੀਏ ਦੇ ਜਾਵਾਂ’ ਵੀ ਕਾਫ਼ੀ ਚੱਲੇ। ਜਦੋਂ ਇਹ ਫ਼ਿਲਮ ਬਣ ਕੇ ਰਿਲੀਜ਼ ਹੋਈ ਤਾਂ ਚਾਰੇ ਪਾਸੇ ਧੁੰਮਾਂ ਪੈ ਗਈਆਂ। ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ। ਵਰਿਆਮ ਨੇ ਇਸ ਫ਼ਿਲਮ ’ਚ ਕਰਤਾਰੇ ਦਾ ਕਿਰਦਾਰ ਵੀ ਨਿਭਾਇਆ।
ਇੱਕ ਦਿਨ ਉਸ ਨੂੰ ਵਰਿੰਦਰ ਮਿਲਿਆ ਤਾਂ ਉਸ ਨੇ ਵਰਿਆਮ ਦੇ ਗੀਤਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਆਪਣੀ ਫ਼ਿਲਮ ‘ਨਿੰਮੋ’ ਲਈ ਵੀ ਕੋਈ ਗੀਤ ਲਿਖ ਕੇ ਦੇਵੇ ਤਾਂ ਉਸ ਨੇ ‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ… ਇੱਕ ਚਰਖੇ ਦੀ ਹੋਵੇ ਗੁੱਝ ਮਿੱਤਰਾ…’ ਗੀਤ ਲਿਖ ਕੇ ਦਿੱਤਾ ਜੋ ਸੁਰੇਸ਼ ਵਾਡੇਕਰ ਅਤੇ ਸਲਮਾ ਆਗਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ।
ਵਰਿਆਮ ਨੇ ਪ੍ਰੀਤੀ ਸਪਰੂ ਦੀ ਫ਼ਿਲਮ ‘ਭਾਬੋ’ ਅਤੇੇ ਧਾਰਮਿਕ ਫ਼ਿਲਮ ‘ਜੈ ਮਾਤਾ ਚਿੰਤਪੂਰਨੀ’ ਵਿੱਚ ਵੀ ਅਦਾਕਾਰੀ ਕੀਤੀ। ‘ਚੰਨ ਪ੍ਰਦੇਸੀ’ ਅਤੇ ‘ਨਿੰਮੋ’ ਫ਼ਿਲਮਾਂ ਤੋਂ ਇਲਾਵਾ ਸਵਿਤਾ ਸਾਥੀ ਦੀ ਆਵਾਜ਼ ਵਿੱਚ ਵਰਿਆਮ ਮਸਤ ਦਾ ਗੀਤ ‘ਨਿੰਮੀ ਨਿੰਮੀ ਬੀਨ ਨਾ ਵਜਾ ਵੇ ਜੋਗੀ…’ ਵੀ ਬਹੁਤ ਹਰਮਨ ਪਿਆਰਾ ਹੋਇਆ।
ਅੱਜਕੱਲ੍ਹ ਦਿੱਲੀ ਰਹਿੰਦੇ ਵਰਿਆਮ ਮਸਤ ਦਾ ਜਨਮ 15 ਅਪ੍ਰੈਲ 1951 ਨੂੰ ਰਾਜਪੁਰਾ ਨੇੜਲੇ ਪਿੰਡ ਫ਼ਰੀਦਪੁਰ ਗੁੱਜਰਾਂ ਵਿਖੇ ਪਿਤਾ ਜੈਮਲ ਸਿੰਘ ਰੋਮਾਣਾ ਤੇ ਮਾਤਾ ਅਪਾਰ ਕੌਰ ਦੇ ਘਰ ਹੋਇਆ। ਬਚਪਨ ਬਰਨਾਲੇ ਗੁਜ਼ਰਿਆ। ਕਲਾ ਦੇ ਖੇਤਰ ਨਾਲ ਜੁੜਨ ਦਾ ਸਬੱਬ ਉਸ ਨੂੰ ਬਰਨਾਲੇ ਦੇ ਮਹਾਂ ਸ਼ਕਤੀ ਕਲਾ ਮੰਦਰ ਤੋਂ ਹੀ ਬਣਿਆ ਜਿੱਥੇ ਉਹ ਰਾਮਲੀਲ੍ਹਾ ਵੇਖਣ ਜਾਂਦਾ ਸੀ। ਇਸੇ ਮੰਚ ਤੋਂ ਖੇਡੇ ਜਾਂਦੇ ਸਮਾਜ ਸੁਧਾਰ ਡਰਾਮਿਆਂ ਨੇ ਉਸ ਦੇ ਅੰਦਰਲੇ ਕਲਾਕਾਰ ਨੂੰ ਹਲੂਣਾ ਦਿੱਤਾ। 1973 ਵਿੱਚ ਜਦੋਂ ਗ੍ਰੈਜ਼ੂਏਸ਼ਨ ਪੂਰੀ ਹੋਈ ਤਾਂ ਵਰਿਆਮ ਚੰਡੀਗੜ੍ਹ ਦੀ ਬੱਸ ਫੜ ਬਲਵੰਤ ਗਾਰਗੀ ਦੇ ਚਰਨੀ ਜਾ ਲੱਗਿਆ। ਉਸ ਨੇ ਗਾਰਗੀ ਦੀ ਟੀਮ ’ਚ ਅਨੇਕਾਂ ਨਾਟਕ ਖੇਡੇ, ਲਿਖੇ, ਕਈ ਸਾਲ ਗਾਰਗੀ ਸਾਹਬ ਨਾਲ ਰਹਿੰਦਿਆਂ ਉਸ ਨੇ ਗਾਰਗੀ ਦੀ ਜ਼ਿੰਦਗੀ ਨੂੰ ਬਹੁਤ ਨੇੜੇ ਤੋਂ ਵੇਖਿਆ। ਉਸ ਨੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਚੀਟਿਊਟ ਆਫ ਇੰਡੀਆ ਪੂਨਾ (ਮਹਾਰਾਸ਼ਟਰ) ਤੋਂ ਵੀ ਪੜ੍ਹਾਈ ਕੀਤੀ। ਚੰਡੀਗੜ੍ਹ ਰਹਿੰਦਿਆਂ ਵਰਿਆਮ ਨੇ ਆਪਣਾ ਇੱਕ ਨਾਟਕ ਗਰੁੱਪ ਬਣਾ ਲਿਆ ਤੇ ਅਨੇਕਾਂ ਨਾਟਕ ਖੇਡੇ ਤੇ ਫ਼ਿਲਮਾਂ ਕੀਤੀਆਂ। ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਕਲਚਰ ਵਿੰਗ ਦੇ ਪੰਜਾਬ ਡਰਾਮਾ ਰੈਪਰਟਰੀ ਕੰਪਨੀ ਵਿੱਚ ਬਤੌਰ ਪ੍ਰੋਫੈਸ਼ਨਲ ਆਰਟਿਸਟ ਕੰਮ ਕਰਦਿਆਂ ਪੰਜਾਬ ਭਰ ਵਿੱਚ ਕਲਾਕਾਰਾਂ ਦੀ ਟੀਮ ਲੈ ਕੇ ਨਾਟਕ ਖੇਡੇ।
ਉਸ ਨੇ ਫਿਰ ਪੰਜਾਬ ਸਰਕਾਰ ਦੇ ਅਦਾਰੇ ਫ਼ਿਲਮ ਐਂਡ ਥੀਏਟਰ ਡਿਪਾਰਟਮੈਂਟ ਨਾਲ ਜੁੜ ਕੇ ਸਕ੍ਰਿਪਟ ਰਾਈਟਰ ਦੇ ਤੌਰ ’ਤੇ ਨੌਕਰੀ ਕੀਤੀ। ਜਿਸ ਦੌਰਾਨ 200 ਦੇ ਕਰੀਬ ਡਾਕੂਮੈਂਟਰੀ ਫ਼ਿਲਮਾਂ ਲਿਖੀਆਂ ਤੇ ਡਾਇਰੈਕਟ ਕੀਤੀਆਂ। ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਅੱਜ ਤੋਂ ਤੀਹ-ਚਾਲੀ ਸਾਲ ਪਹਿਲਾਂ ਸਿਨਮਾ ਘਰਾਂ ’ਚ ਫ਼ਿਲਮ ਚੱਲਣ ਤੋਂ ਪਹਿਲਾਂ 10-15 ਮਿੰਟ ਦੀ ਇੱਕ ਬਲੈਕ ਐਂਡ ਵ੍ਹਾਈਟ ਡਾਕੂਮੈਂਟਰੀ ਫ਼ਿਲਮ ਵਿਖਾਈ ਜਾਂਦੀ ਸੀ ਜੋ ਇਤਿਹਾਸਕ, ਸਮਾਜਿਕ ਜਾਂ ਫਿਰ ਦੇਸ਼ ਭਗਤੀ ਆਧਾਰਿਤ ਵਿਸ਼ੇ ’ਤੇ ਹੁੰਦੀ ਸੀ। ਉਸ ਫ਼ਿਲਮ ’ਚ ਪਰਦੇ ਪਿਛਲੀ ਆਵਾਜ਼, ਐਡੀਟਿੰਗ ਤੇ ਡਾਇਰੈਕਸ਼ਨ ਵਰਿਆਮ ਮਸਤ ਦੀ ਹੁੰਦੀ ਸੀ।
ਫਿਰ 1991 ਵਿੱਚ ਉਸ ਨੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੌਂਗ ਐਂਡ ਡਰਾਮਾ ਡਿਪਾਰਟਮੈਂਟ ਵਿੱਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਰਹਿੰਦਿਆਂ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਸਮਾਜਿਕ ਮੁੱਦਿਆਂ ’ਤੇ ਆਧਾਰਿਤ ਲੋਕ ਚੇਤਨਾ ਦਾ ਚਾਨਣ ਵੰਡਦੇ ਨਾਟਕਾਂ ਅਤੇ ਸੰਗੀਤਕ ਪ੍ਰੋਗਰਾਮ ਦਾ ਮੰਚਨ ਕੀਤਾ।
ਇਸ ਦੇ ਨਾਲ ਨਾਲ ਉਸ ਦੀ ਲੇਖਣੀ ਦਾ ਕਾਰਜ ਵੀ ਜ਼ੋਰਾਂ ’ਤੇ ਰਿਹਾ। ਉਸ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੇਕਾਂ ਕਹਾਣੀਆਂ, ਕਵਿਤਾਵਾਂ ਅਤੇ ਨਾਟਕਾਂ ਦੀਆਂ ਕਿਤਾਬਾਂ ਲਿਖੀਆਂ। ਜਿਨ੍ਹਾਂ ’ਚ ‘ਵਿਹੜੇ ਦੀ ਮਹਿਕ’, ‘ਰਿਸ਼ਤੇ’ ਤੇ ‘ਨੈਣਾਂ’ ਨਾਟਕ ਬਹੁਤ ਮਸ਼ਹੂਰ ਹੋਏੇ। ਇਸ ਤੋਂ ਇਲਾਵਾ ਕਵਿਤਾਵਾਂ ਦੀਆਂ ਚਾਰ ਪੁਸਤਕਾਂ ‘ਪਲ ਦੇ ਪ੍ਰਾਹੁਣੇ’, ‘ਸੁਮੇਲ’, ‘ਪੈਸ਼ਨ’ ਤੇ ‘ਸੁਮੰਦਰ ਉਘਲਾਅ ਰਿਹਾ ਹੈ’ ਛਪ ਚੁੱਕੀਆਂ ਹਨ। ‘ਨਾਟਕ ਬਾਕੀ ਹੈ’, ‘ਤਮਾਸ਼ਾ’, ‘ਕੁੰਡਲੀ’, ‘ਘਰਲੀ’, ‘ਉਡਾਰੀ’, ‘ਅੱਜ ਦੀ ਸਾਹਿਬਾ’, ‘ਖਾਰਾ ਪਾਣੀ’, ‘ਬੂਟੀਕ’, ‘ਭੰਬੂਕਾਂ’ ਆਦਿ ਨਾਟਕਾਂ ਦੀਆਂ ਕਿਤਾਬਾਂ ਛਪੀਆਂ। ਉਸ ਦੇ ਨਾਟਕ ‘ਖਾਰਾ ਪਾਣੀ’ ਦਾ ਅਸਾਮੀ ਭਾਸ਼ਾ ਵਿੱਚ ਵੀ ਅਨੁਵਾਦ ਹੋ ਕੇ ਛਪਿਆ ਹੈ। ਇਸ ਤੋਂ ਇਲਾਵਾ ‘ਸੈਲਫੀ’, ‘ਟਵੀਟੀ’, ‘ਬੱਤਖ ਜੈਸੀ ਆਂਖੇ’, ‘ਟਚਿੰਗ ਮੂਮੈਂਟਸ’ ਕਹਾਣੀਆਂ ਦੀਆਂ ਕਿਤਾਬਾਂ ਵੀ ਪ੍ਰਕਾਸ਼ਿਤ ਹੋਈਆਂ ਹਨ। ‘ਮਾਈ ਥੀਏਟਰ ਡੇਅਜ਼’ (ਸਵੈ ਜੀਵਨੀ-ਅੰਗਰੇਜ਼ੀ), ਪੰਜਾਬੀ ਨਾਵਲ ‘ਕਾਲੀ ਧਰਤੀ ਗੋਰੇ ਲੋਗ’, ‘ਲੇਹ ਤੇ ਕਹਿਰ’, ‘ਸੁਲਾਬ੍ਹੇ ਚੁੱਲ੍ਹੇ’ ਵੀ ਛਪੇ ਹਨ।
ਈਟੀਸੀ ਪੰਜਾਬੀ ਚੈਨਲ ’ਤੇ ਇੱਕ ਸੀਰੀਅਲ ‘ਉਡੀਕ’ ਵੀ ਬਹੁਤ ਹਰਮਨ ਪਿਆਰਾ ਹੋਇਆ। 60 ਕਿਸ਼ਤਾਂ ਦਾ ਇਹ ਸੀਰੀਅਲ ਲਗਭਗ ਤਿੰਨ ਸਾਲ ਚੱਲਿਆ। ਇਸ ਸੀਰੀਅਲ ਵਿੱਚ ਉਸ ਨੇ ਮੁੱਖ ਭੂਮਿਕਾ ਵੀ ਨਿਭਾਈ। ਇਸ ਤੋਂ ਇਲਾਵਾ ਵਰਿਆਮ ਨੇ ਪ੍ਰੀਤੀ ਸਪਰੂ ਦੀ ਫ਼ਿਲਮ ‘ਭਾਬੋ’ ਅਤੇੇ ਧਾਰਮਿਕ ਫ਼ਿਲਮ ‘ਜੈ ਮਾਤਾ ਚਿੰਤਪੂਰਨੀ’ ਵਿੱਚ ਵੀ ਅਦਾਕਾਰੀ ਕੀਤੀ। ਉਸ ਦੀਆਂ ਲਿਖੀਆਂ ਤਿੰਨ ਫ਼ਿਲਮਾਂ ‘ਚੰਨ ਪ੍ਰਦੇਸੀ’, ‘ਪ੍ਰੋਫਾਇਲ ਆਫ਼ ਪੇਂਟਰ-ਸ਼ੋਭਾ ਸਿੰਘ’ ਅਤੇ ‘ਸ੍ਰੀ ਹੇਮਕੁੰਟ ਸਾਹਿਬ’ ਨੂੰ ਨੈਸ਼ਨਲ ਐਵਾਰਡ ਮਿਲਿਆ ਹੈ। ਬਰਨਾਲੇ ਬਾਰੇ ਗੱਲ ਕਰਦਿਆਂ ਵਰਿਆਮ ਮਸਤ ਨੇ ਕਿਹਾ ਕਿ ਇਸ ਖੇਤਰ ਦੀ ਸਾਹਿਤ ਅਤੇ ਰੰਗਮੰਚ ਨੂੰ ਬਹੁਤ ਵੱਡੀ ਦੇਣ ਹੈ। ਬਲਵੰਤ ਗਾਰਗੀ ਦੀ ਜਨਮ ਭੂਮੀ (ਪਿੰਡ ਸ਼ਹਿਣਾ) ਹੋਣ ਦਾ ਜ਼ਿਲ੍ਹਾ ਬਰਨਾਲਾ ਨੂੰ ਮਾਣ ਹੈ। ਉਸ ਦੀ ਕੋਸ਼ਿਸ਼ ਹੈ ਕਿ ਇੱਥੇ ਕਲਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਕੋਈ ਓਪਨ ਏਅਰ ਥੀਏਟਰ ਜਾਂ ਆਡੀਟੋਰੀਅਮ ਬਣਾਇਆ ਜਾਵੇ।
ਸੰਪਰਕ: 98146-07737