ਨਵੀਂ ਦਿੱਲੀ: ਆਪਣੀ ਜ਼ਬਰਦਸਤ ਪੇਸ਼ਕਾਰੀ ਅਤੇ ਕਿਰਦਾਰਾਂ ਜ਼ਰੀਏ ਦਰਸ਼ਕਾਂ ਦੇ ਦਿਲ ਟੁੰਬਣ ਵਾਲੀ ਬੌਲੀਵੁੱਡ ਅਦਾਕਾਰਾ ਵਿਦਿਆ ਬਾਲਨ ਨੇ ਦੱਸਿਆ ਕਿ ਹੁਣ ਤੱਕ ਉਸ ਵੱਲੋਂ ਨਿਭਾਏ ਗਏ ਕਿਰਦਾਰਾਂ ਨੇ ਉਸ ਨੂੰ ਕਈ ਕੁੱਝ ਸਿਖਾਇਆ ਅਤੇ ਉਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਲਿਆਂਦੇ। 2005 ਵਿੱਚ ‘ਪਰਿਨੀਤਾ’ ਨਾਲ ਬੌਲੀਵੁੱਡ ਵਿੱਚ ਸ਼ੁਰੂਆਤ ਕਰਨ ਵਾਲੀ ਵਿੱਦਿਆ ਨੇ ‘ਭੂਲ ਭੁਲੱਈਆ’, ‘ਨੋ ਵਨ ਕਿਲਡ ਜੈਸਿਕਾ’, ‘ਦਿ ਡਰਟੀ ਪਿਕਚਰ’, ‘ਪਾ’, ‘ਕਹਾਣੀ’, ‘ਇਸ਼ਕੀਆ’, ‘ਮਿਸ਼ਨ ਮੰਗਲ’, ‘ਤੁਮਹਾਰੀ ਸੱਲੂ’ ਅਤੇ ‘ਸ਼ਕੁੰਤਲਾ ਦੇਵੀ’ ਨਾਲ ਵੱਖ-ਵੱਖ ਤਰ੍ਹਾਂ ਦੇ ਕਿਰਦਾਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਾਲ ਹੀ ਵਿੱਚ ਉਸ ਦੀ ਫਿਲਮ ‘ਸ਼ੇਰਨੀ’ ਰਿਲੀਜ਼ ਹੋਈ ਹੈ, ਜਿਸ ਵਿੱਚ ਉਸ ਨੇ ਇਮਾਨਦਾਰ ਜੰਗਲਾਤ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਸ ਵੱਲੋਂ ਨਿਭਾਏ ਗਏ ਕਿਰਦਾਰ ਉਸ ਨੂੰ ਕੁਝ ਸਿਖਾਉਂਦੇ ਹਨ, ਵਿਦਿਆ ਨੇ ਕਿਹਾ, ‘‘ਹਾਂ ਬਿਲਕੁਲ, ਇਹ ਅਜਿਹਾ ਹੈ ਜਿਵੇਂ ਤੁਸੀਂ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਬਾਅਦ ਕੁਝ ਸਿੱਖਦੇ ਹੋ। ਤੁਸੀਂ ਕੋਈ ਕਿਰਦਾਰ ਅਦਾ ਕਰਨ ਵੇਲੇ ਡੇਢ-ਦੋ ਮਹੀਨੇ ਜਾਂ ਇਸ ਤੋਂ ਵੀ ਵੱਧ ਸਮਾਂ ਉਸ ਵਿਅਕਤੀ ਵਜੋਂ ਜ਼ਿੰਦਗੀ ਜਿਊਂਦੇ ਹੋ ਕਿਉਂਕਿ ਤੁਸੀਂ ਪਹਿਲਾਂ ਹੀ ਉਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਹੋ।’’ ਉਸ ਨੇ ਕਿਹਾ, ‘‘ਮੈਂ ਲਗਪਗ ਚਾਰ ਮਹੀਨੇ ਤੱਕ ਇੱਕ ਹੀ ਕਿਰਦਾਰ ਵਿੱਚ ਰਹਿੰਦੀ ਹਾਂ। ਇਸ ਲਈ ਆਪਣੇ ਆਪ ’ਤੇ ਉਸ ਦਾ ਪ੍ਰਭਾਵ ਨਾ ਪੈਣ ਦੇਣਾ ਬਹੁਤ ਮੁਸ਼ਕਲ ਹੈ।’’ -ਆਈਏਐੱਨਐੱਸ