ਗੁਰਚਰਨ ਸਿੰਘ ਨੂਰਪੁਰ
ਦਿਨ ਚੜ੍ਹਦੇ ਲਹਿੰਦੇ ਰਹਿੰਦੇ ਹਨ, ਪਰ ਸਾਡੀ ਜ਼ਿੰਦਗੀ ਵਿੱਚ ਸਵੇਰਾ ਉਦੋਂ ਹੁੰਦਾ ਹੈ ਜਦੋਂ ਅਗਿਆਨਤਾ ਦਾ ਹਨੇਰ ਮਿਟ ਜਾਂਦਾ ਹੈ। ਘੜੀ ਦੀਆਂ ਚਲਦੀਆਂ ਸੂਈਆਂ ਸਾਨੂੰ ਕਹਿ ਰਹੀਆਂ ਹਨ- ਜਾਗੋ, ਉੱਠੋ, ਤੁਰੋ ਤੁਹਾਡਾ ਵਕਤ ਲੰਘਦਾ ਜਾ ਰਿਹਾ ਹੈ।
ਵਿਕਾਸ ਦੇ ਮਾਰਗ ’ਤੇ ਤੁਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਅੰਦਰ ਸਿੱਖਣ, ਸਮਝਣ ਤੇ ਜਾਣਨ ਦੀ ਪਿਆਸ ਪੈਦਾ ਹੋਵੇ। ਅਸੀਂ ਕੁਦਰਤ ਦੇ ਹਰ ਵਰਤਾਰੇ ਤੋਂ ਸਿੱਖਣ ਦੀ ਚੇਸ਼ਠਾ ਪੈਦਾ ਕਰੀਏ। ਆਪਣੇ ਅੰਦਰ ਸਿੱਖਣ ਦੀ ਚਿਣਗ ਬਾਲ ਕੇ ਜ਼ਿੰਦਗੀ ਦੇ ਹਨੇਰੇ ਕੋਨਿਆਂ ਨੂੰ ਵੇਖਿਆ, ਸਮਝਿਆ, ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਸਿੱਖਣ ਦੇ ਸਰੋਤ ਭਾਵੇਂ ਕਿਤਾਬਾਂ ਹੋਣ ਜਾਂ ਕੁਝ ਹੋਰ, ਇਹ ਹਰ ਕੀਮਤ ’ਤੇ ਸਸਤੇ ਹੁੰਦੇ ਹਨ।
ਹਰ ਦੌਰ ਵਿੱਚ ਸਮਾਜ ਦੇ ਬਹੁਗਿਣਤੀ ਲੋਕਾਂ ਨੂੰ ਇਹ ਭਰਮ ਰਿਹਾ ਹੈ ਕਿ ਉਸ ਸਭ ਕੁਝ ਜਾਣਦੇ ਹਨ। ਇਸ ਲਈ ਹੋਰ ਸਿੱਖਣ ਤੇ ਜਾਣਨ ਦੀ ਲੋੜ ਨਹੀਂ, ਪਰ ਸਿੱਖਣ ਲਈ ਇੱਕ ਜ਼ਿੰਦਗੀ ਬਹੁਤ ਥੋੜ੍ਹੀ ਹੈ। ਹਰ ਯੁੱਗ ਵਿੱਚ ਲੱਖਾਂ ਲੋਕ ਇਸ ਧਰਤੀ ’ਤੇ ਪੈਦਾ ਹੁੰਦੇ ਹਨ ਅਤੇ ਚਲੇ ਜਾਂਦੇ ਹਨ। ਉਹ ਜ਼ਿੰਦਗੀ ਦੀ ਕਲਾ ਨੂੰ ਸਿੱਖਣ ਤੇ ਸਮਝਣ ਦਾ ਥੋੜ੍ਹਾ ਜਿਹਾ ਯਤਨ ਵੀ ਨਹੀਂ ਕਰਦੇ। ‘ਅਸੀਂ ਬਹੁਤ ਕੁਝ ਜਾਣਦੇ ਹਾਂ।’ ਇਸ ਤੋਂ ਵੱਡਾ ਭਰਮ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ। ਜਿਸ ਨੂੰ ਵੀ ਬਹੁਤ ਕੁਝ ਜਾਣਨ ਦਾ ਭਰਮ ਸੀ ਜਦੋਂ ਉਹ ਖੋਜ ਕਰਨ ਤੁਰਿਆ ਤਾਂ ਉਸ ਨੇ ਸਮਝਿਆ ਕਿ ਉਹ ਬਹੁਤ ਥੋੜ੍ਹਾ ਜਾਣਦਾ ਹੈ। ਅੱਜ ਵੀ ਅੰਧਵਿਸ਼ਵਾਸ, ਕਰਮਕਾਡਾਂ, ਕਰਾਮਾਤਾਂ ਜਿਹਾ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਬਹੁਗਿਣਤੀ ਸੱਚ ਮੰਨਦੀ ਹੈ, ਪਰ ਇਸ ਸਭ ਦੀ ਅਸਲੀਅਤ ਕੁਝ ਹੋਰ ਹੈ।
ਸਿੱਖਣ ਦੇ ਮਾਧਿਅਮ ਰਾਹੀਂ ਅੱਜ ਸਮਾਜ ਦੀ ਬਹੁਗਿਣਤੀ ਜੋ ਕੁਝ ਸਿੱਖਦੀ ਤੇ ਸਮਝਦੀ ਹੈ, ਉਸ ਵਿੱਚ ਜ਼ਿੰਦਗੀ ਨਾਲ ਜੁੜੇ ਪਹਿਲੂ ਅਣਛੋਹੇ ਰਹਿ ਜਾਂਦੇ ਹਨ। ਦੂਜੇ ਅਰਥਾਂ ਵਿੱਚ ਸਿੱਖਣ ਦੇ ਨਾਮ ’ਤੇ ਅਜਿਹਾ ਕਬਾੜਾ ਮਨੁੱਖ ਦੇ ਦਿਮਾਗ਼ ਵਿੱਚ ਭਰਿਆ ਜਾਂਦਾ ਹੈ ਜੋ ਉਸ ਦੇ ਮਾਨਸਿਕ ਵਿਕਾਸ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਕੰਮ ਵੀ ਕਰਦਾ ਹੈ। ਇੰਟਰਨੈੱਟ ਦੀ ਦੁਨੀਆ ਨੇ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਲੱਖਾਂ ਲੋਕ ਪੂਰਾ ਪੂਰਾ ਦਿਨ ਮੋਬਾਈਲ ਦੀ ਸਕਰੀਨ ’ਤੇ ਉਂਗਲਾਂ ਮਾਰਦੇ ਰਹਿੰਦੇ ਹਨ। ਮਾਨਸਿਕ ਵਿਕਾਰਾਂ ਦੇ ਸ਼ਿਕਾਰ ਬਣ ਰਹੇ ਹਨ। ਮਨੋਵਿਗਿਆਨੀ ਕਹਿੰਦੇ ਹਨ ਕਿ ਤੁਹਾਡਾ ਮਨ ਜਿਸ ਭਾਵ ਵਿੱਚ ਗਿਆ ਹੋਵੇ, ਉਸ ਵਿੱਚੋਂ ਇਕਦਮ ਬਾਹਰ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਇਹ ਸਥਿਤੀ ਸਮੱਸਿਆ ਪੈਦਾ ਕਰ ਸਕਦੀ ਹੈ। ਕਿਸੇ ਦਾ ਦਾਹ ਸਸਕਾਰ ਕਰਾ ਕੇ ਆਏ ਬੰਦੇ ਨੂੰ ਆਉਂਦਿਆਂ ਸਾਰ ਭੰਗੜਾ ਪਾਉਣ ਲਈ ਕਿਹਾ ਜਾਵੇ ਤਾਂ ਥੋੜ੍ਹੀ ਜਿਹੀ ਸਮਝ ਰੱਖਣ ਵਾਲਾ ਇਨਸਾਨ ਵੀ ਅਜਿਹਾ ਕਰਨ ਤੋਂ ਇਨਕਾਰ ਕਰ ਦੇਵੇਗਾ। ਪਰ ਮੋਬਾਈਲ ਫੋਨ ਦੀ ਸਕਰੀਨ ’ਤੇ ਹਰ ਪਲ ਸਾਡੇ ਨਾਲ ਅਜਿਹਾ ਹੋ ਰਿਹਾ ਹੈ। ਇੱਕ ਵੀਡੀਓ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ। ਮਨ ਵਿੱਚ ਖੁਸ਼ੀ ਦਾ ਭਾਵ ਅਜੇ ਚੱਲ ਹੀ ਰਿਹਾ ਹੈ ਕਿ ਦੂਜੀ ਤਸਵੀਰ ਵਿੱਚ ਕਿਸੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਦ੍ਰਿਸ਼ ਵੇਖ ਕੇ ਅਸੀਂ ਕਿਸੇ ਹੋਰ ਭਾਵ ਵਿੱਚ ਚਲੇ ਜਾਂਦੇ ਹਾਂ। ਇਹ ਸਭ ਕੁਝ ਮਨ ਦੀ ਤੰਦਰੁਸਤੀ ਲਈ ਠੀਕ ਨਹੀਂ। ਇਹ ਸਭ ਇਕਾਗਰਤਾ ਲਈ ਬੇਹੱਦ ਖਤਰਨਾਕ ਹੈ। ਹਰ ਤਰ੍ਹਾਂ ਦੀ ਸਾਰਥਿਕ ਸਰਗਰਮੀ ਲਈ ਮਨ ਦੀ ਇਕਾਗਰਤਾ ਬੇਹੱਦ ਜ਼ਰੂਰੀ ਹੈ।
ਸਾਰੀ ਮਨੁੱਖ ਜਾਤੀ ਦਿਨ-ਰਾਤ ਇੱਕ ਕਰਕੇ ਆਪਣੀਆਂ ਮੁਸ਼ਕਲਾਂ ਹੱਲ ਕਰਨ ਲੱਗੀ ਹੋਈ ਹੈ, ਪਰ ਸਮੱਸਿਆਵਾਂ ਦੇ ਕੱਦ ਹਰ ਦਿਨ ਹੋਰ ਵੱਡੇ ਹੋ ਰਹੇ ਹਨ।
ਸਾਡੀ ਹਾਲਤ ਅਜਿਹੀ ਹੈ ਕਿ ਜੋ ਕੁਝ ਸਾਡੇ ਕੋਲ ਹੈ, ਉਹ ਜ਼ਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਦਾ ਜਾਮਨ ਨਹੀਂ ਬਣਦਾ। ਕਈ ਸਾਲਾਂ ਦਾ ਸਮਾਂ ਅਤੇ ਲੱਖਾਂ ਰੁਪਏ ਖਰਚ ਕੇ ਇੱਕ ਨੌਜੁਆਨ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕਰਦਾ ਹੈ। ਇੰਨੀ ਮਿਹਨਤ ਕਰਕੇ ਹਾਸਲ ਕੀਤੀ ਡਿਗਰੀ ਉਸ ਦੇ ਰੁਜ਼ਗਾਰ ਦੀ ਜਾਮਨ ਨਹੀਂ ਬਣ ਸਕਦੀ ਤਾਂ ਇਸ ਸਭ ਕੁਝ ਦਾ ਕੀ ਅਰਥ? ਅਸੀਂ ਜ਼ਿੰਦਗੀ ਭਰ ਕਈ ਤਰ੍ਹਾਂ ਦੇ ਨਿਯੁਕਤੀ ਪੱਤਰ ਚੁੱਕੀ ਫਿਰਦੇ ਹਾਂ। ਸਮਾਜ ਵਿੱਚ ਬਹੁਤ ਸਾਰੇ ਧਰਮ ਗੁਰੂ ਅਤੇ ਰਾਜਨੇਤਾ ਵੀ ਆਪਣੇ ਢੰਗ ਨਾਲ ਇਸ ਕਾਰਜ ਨੂੰ ਅੱਗੇ ਵਧਾਉਂਦੇ ਹਨ। ਇਸ ਸਭ ਕੁਝ ਨਾਲ ਬਦਲਦਾ ਕੁਝ ਨਹੀਂ। ਬਦਲਾਅ ਦਾ ਪਹਿਲਾ ਨਿਯਮ ਇਹ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਚਿਣਗ ਪੈਦਾ ਹੋਵੇ।
ਅਰਬ ਦੀ ਇੱਕ ਕਥਾ ਹੈ ਕਿ ਇੱਕ ਫ਼ਕੀਰ ਆਪਣੇ ਚੇਲਿਆਂ ਦੇ ਇੱਕ ਵੱਡੇ ਟੋਲੇ ਨਾਲ ਬੈਠਾ ਰੋਜ਼ਾਨਾ ਉੱਚੀ ਉੱਚੀ ਪੁਕਾਰਦਾ ‘ਅੱਲ੍ਹਾ! ਦਰਵਾਜ਼ਾ ਖੋਲ੍ਹ, ਅੱਲ੍ਹਾ ! ਦਰਵਾਜ਼ਾ ਖੋਲ੍ਹ! ਹੋਰ ਕਿੰਨੀ ਉਡੀਕ ਕਰਵਾਉਣੀ ਏ ਸਾਥੋਂ ਅੱਲ੍ਹਾ ! ਦਰਵਾਜ਼ਾ ਖੋਲ੍ਹ।’ ਉਹਦੇ ਚੇਲੇ ਵੀ ਉੱਚੀ ਆਵਾਜ਼ ਵਿੱਚ ਉਸ ਦੇ ਮਗਰ ਪੁਕਾਰਦੇ। ਇਹ ਆਵਾਜ਼ਾਂ ਦੂਰ-ਦੂਰ ਤੱਕ ਸੁਣਾਈ ਦਿੰਦੀਆਂ। ਇੱਕ ਦਿਨ ਇੱਕ ਜਾਗਦੀ ਜ਼ਮੀਰ ਵਾਲੀ ਰਾਬੀਆ (ਪ੍ਰਸਿੱਧ ਫ਼ਕੀਰਨੀ) ਨਾਮ ਦੀ ਔਰਤ ਉਸ ਦਿਨ ਉਸ ਰਾਹ ਤੋਂ ਲੰਘ ਰਹੀ ਸੀ। ਉਹ ਸਿੱਧੀ ਫ਼ਕੀਰ ਕੋਲ ਗਈ। ਉਸ ਨੇ ਅੱਖਾਂ ਮੀਟੀ ਅੱਲ੍ਹਾ ਦਰਵਾਜ਼ਾ ਖੋਲ੍ਹ ਦੀ ਰਟ ਲਾ ਰਹੇ ਫ਼ਕੀਰ ਨੂੰ ਮੋਢੇ ਤੋਂ ਫੜ ਕੇ ਹਲੂਣਿਆਂ ਤੇ ਬੋਲੀ, ‘ਇਹ ਕੀ ਦੁਹਾਈ ਦੇ ਰਹੇ ਹੋ? ਕਿਉਂ ਰੌਲਾ ਪਾ ਰਹੇ ਹੋ? ਦਰਵਾਜ਼ਾ ਬੰਦ ਕਿੱਥੇ ਹੈ? ਅੱਖਾਂ ਖੋਲ੍ਹਣ ਦੀ ਲੋੜ ਹੈ। ਇਹ ਦੁਹਾਈ ਦੇਣੀ ਬੰਦ ਕਰੋ।’ ਕਹਿੰਦੇ ਹਨ ਕਿ ਉਸ ਫ਼ਕੀਰ ਨੂੰ ਇਹ ਅਹਿਸਾਸ ਹੋਇਆ ਕਿ ਜਿਸ ਤਬਦੀਲੀ ਲਈ ਉਹ ਦੁਹਾਈ ਦੇ ਰਿਹਾ ਹੈ, ਉਸ ਲਈ ਉੱਚੀ ਉੱਚੀ ਸ਼ੋਰ ਕਰਨ ਦੀ ਲੋੜ ਨਹੀਂ। ਉਸ ਲਈ ਆਪਣੇ ਅੰਦਰ ਝਾਤੀ ਪਾਉਣ ਦੀ ਲੋੜ ਹੈ। ਵਿਵੇਕ ਦਾ ਦੀਵਾ ਬਾਲਣ ਦੀ ਲੋੜ ਹੈ।
ਅਸੀਂ ਸਭ ਮਨੁੱਖ ਇਤਿਹਾਸਕ ਵਿਰਸੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਗਿਆਨ ਦਾ ਦੀਵਾ ਬਾਲ ਕੇ ਸੁੱਤੀਆਂ ਜ਼ਮੀਰਾਂ ਨੂੰ ਜਗਾਇਆ ਜਾ ਸਕਦਾ ਹੈ। ਜੋ ਗਿਆਨ ਮਨੁੱਖ ਨੂੰ ਉਸ ਦੇ ਹੱਕਾਂ ਪ੍ਰਤੀ ਜਾਗਰੂਕ ਕਰਕੇ, ਉਸ ਅੰਦਰ ਤਬਦੀਲੀ ਨਹੀਂ ਲਿਆਉਂਦਾ, ਉਹ ਗਿਆਨ ਬੌਣੀ ਮਾਨਸਿਕਤਾ ਨੂੰ ਜਨਮ ਦਿੰਦਾ ਹੈ। ਗਿਆਨ ਵਿਹੂਣੀ ਬੌਣੀ ਮਾਨਸਿਕਤਾ ਸਮੇਂ ਦੇ ਹਰ ਦੌਰ ਵਿੱਚ ਸਮਾਜ ਲਈ ਘਾਤਕ ਸਿੱਧ ਹੁੰਦੀ ਹੈ। ਚਾਹੀਦਾ ਇਹ ਹੈ ਕਿ ਗਿਆਨ ਮਨੁੱਖ ਨੂੰ ਅੰਦਰੋਂ ਬਾਹਰੋਂ ਇੰਨਾ ਤਾਕਤਵਰ ਬਣਾ ਦੇਵੇ ਕਿ ਉਹ ਹਰ ਤਰ੍ਹਾਂ ਦੇ ਅਨਿਆਂ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਸਾਹਸ ਰੱਖਦਾ ਹੋਵੇ। ਸਾਹਸੀ ਲੋਕ ਨਿਆਂ, ਇਨਸਾਫ਼ ਅਤੇ ਆਪਣੇ ਹੱਕਾਂ ਲਈ ਲਾਮਬੰਦ ਹੁੰਦੇ ਹਨ। ਜਦੋਂ ਕਦੇ ਵੀ ਲੋਕ ਅੰਧਕਾਰ ਤੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸਿਰਾਂ ਦੇ ਅੰਬਰ ਦਾ ਅਹਿਸਾਸ ਹੁੰਦਾ ਹੈ। ਗਿਆਨ ਮਨੁੱਖ ਨੂੰ ਉਸ ਦੀ ਜ਼ਿੰਦਗੀ ਦੇ ਅੰਧਕਾਰ ਤੋਂ ਵਾਕਿਫ਼ ਹੀ ਨਹੀਂ ਕਰਾਉਂਦਾ ਬਲਕਿ ਉਹਨੂੰ ਇਸ ਵਿੱਚੋਂ ਬਾਹਰ ਨਿਕਲਣ ਦਾ ਰਾਹ ਵੀ ਦੱਸਦਾ ਹੈ। ਇਸ ਲਈ ਸਮੇਂ ਦੇ ਹਰ ਦੌਰ ਵਿੱਚ ਮਨੁੱਖਤਾ ਨੂੰ ਸਿਆਣੇ ਮਨੁੱਖਾਂ ਦੀ ਅਗਵਾਈ ਦੀ ਲੋੜ ਰਹੀ ਹੈ।
ਇਹ ਵੀ ਸੱਚ ਹੈ ਕਿ ਜਿੰਨਾ ਅਸੀਂ ਗਿਆਨ ਹਾਸਲ ਕਰਦੇ ਹਾਂ, ਓਨਾ ਹੀ ਆਪਣੀ ਅਗਿਆਨਤਾ ਤੋਂ ਵਾਕਿਫ਼ ਵੀ ਹੁੰਦੇ ਹਾਂ। ਆਓ, ਆਪਣੇ ਮੱਥਿਆਂ ਵਿੱਚ ਗਿਆਨ ਦੇ ਦੀਵੇ ਬਾਲ ਕੇ ਰੌਸ਼ਨੀ ਕਰਨ ਦਾ ਅਹਿਦ ਕਰੀਏ।
ਸੰਪਰਕ: 98550-51099