ਅਜਾਇਬ ਸਿੰਘ ਗੋਂਦਾਰਾ
ਗੁਰਬਾਣੀ ਦਾ ਮਹਾਨ ਵਾਕ ਮਾਨਵ ਦੇ ਜੀਵਨ ਦੀ ਸਹੀ ਤਰਜ਼ਮਾਨੀ ਕਰਦਾ ਹੈ। ਭਾਰਤ ਦੀ ਸੱਭਿਅਤਾ ਬੜੀ ਪੁਰਾਣੀ ਹੈ। ਇਸ ਧਰਤੀ ’ਤੇ ਅਨੇਕਾਂ ਪੀਰਾਂ ਫ਼ਕੀਰਾਂ, ਗੁਰੂਆਂ, ਸੰਤਾਂ ਅਤੇ ਭਗਤਾਂ ਨੇ ਜਨਮ ਲਿਆ। ਇਨ੍ਹਾਂ ਸਾਰਿਆਂ ਨੇ ਮਨੁੱਖੀ ਜੀਵਨ ਬਾਰੇ ਬਹੁਤ ਕੁਝ ਲਿਖਿਆ। ਸਾਰੇ ਸਾਧੂ ਸੰਤਾਂ ਅਤੇ ਬੁੱਧੀਜੀਵੀਆਂ ਨੇ ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ ਬਾਰੇ ਲਿਖਿਆ। ਇਹ ਵੀ ਅਟੱਲ ਸੱਚਾਈ ਹੈ ਕਿ ਪ੍ਰਮਾਤਮਾ ਨੇ ਪੂਰੀ ਸਮਝ ਨਾਲ ਮਨੁੱਖ ਨੂੰ ਸਭ ਕੁਝ ਦੇ ਕੇ ਮਾਤ-ਲੋਕ ’ਤੇ ਭੇਜਿਆ ਹੈ। ਇਹ ਤਾਂ ਅੱਗੇ ਮਨੁੱਖ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਅਕਲ ਦਾ ਕਿਸ ਪ੍ਰਕਾਰ ਇਸਤੇਮਾਲ ਕਰਦਾ ਹੈ।
ਧਰਮ ਕੋਈ ਵੀ ਮਾੜਾ ਨਹੀਂ, ਪਰ ਸਭ ਕੁਝ ਤੁਹਾਡੀ ਸਮਝ ’ਤੇ ਨਿਰਭਰ ਕਰਦਾ ਹੈ। ਮਾਤ-ਲੋਕ ਤੇ ਸਤਿਯੁਗ, ਤਰੇਤ੍ਵਾ, ਦਵਾਪਰ ਅਤੇ ਕਲਯੁੱਗ ਸਮੇਂ ਮਹਾਪੁਰਸ਼ ਆਏ ਤੇ ਉਨ੍ਹਾਂ ਨੇ ਆਪਣੀਆਂ ਧਾਰਮਿਕ ਰਚਨਾਵਾਂ ਦੀ ਰਚਨਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਦੇ ਫ਼ਲਸਫ਼ੇ ਦੀ ਵਿਆਖਿਆ ਵਿਸਥਾਰਪੂਰਵਕ ਕੀਤੀ। ਗੁਰੂ ਅਰਜਨ ਦੇਵ ਜੀ ਨੇ ਆਪਣੀਆਂ ਅਤੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਰਚੀ ਬਾਣੀ ਅਤੇ ਉਸ ਸਮੇਂ ਦੇ ਮਹਾਨ ਸੰਤਾਂ, ਭਗਤਾਂ, ਫ਼ਕੀਰਾਂ ਗੁਰੂਆਂ ਪੀਰਾਂ ਦੀਆਂ ਲਿਖਤਾਂ ਨੂੰ ਇਕੱਤਰ ਕੀਤਾ, ਉਸ ਨੂੰ ਚੰਗੀ ਤਰ੍ਹਾਂ ਪੜ੍ਹਿਆਂ ਅਤੇ ਵਿਚਾਰਿਆ। ਗੁਰੂ ਅਰਜਨ ਦੇਵ ਜੀ ਨੇ ਸਭ ਕੁੱਝ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਨੁੱਖ ਜਾਤੀ ’ਤੇ ਮਹਾਨ ਬਖ਼ਸ਼ਿਸ਼ ਕੀਤੀ। ਜਿਸ ਦਾ ਮੁੱਖ ਉਦੇਸ਼ ਮਾਨਵਤਾ ਦੇ ਭਲੇ ਦੀ ਗੱਲ ਅਤੇ ਜੀਵ ਦੇ ਦੁੱਖ ਸੁਖ, ਮਨ ਦੀ ਸ਼ਾਂਤੀ ਅਤੇ ਮਨੁੱਖੀ ਜੀਵਨ ਜਿਉਣ ਦੀ ਜਾਚ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਅੱਗੇ ਵਧਾਉਣਾ ਸੀ। ਗੁਰਬਾਣੀ ਦਾ ਮਹਾਨ ਉਪਦੇਸ਼ ਲੋਕ-ਭਲਾਈ ਹੈ। ਸਾਰੇ ਜੀਵਾਂ ਨੇ ਆਪਣੀ ਸਮਝ ਨਾਲ ਅਤੇ ਜੋ ਗੁਰਬਾਣੀ ਦਾ ਫੁਰਮਾਨ ਹੈ, ਉਸ ਨੂੰ ਆਪਣੇ ਜੀਵਨ ’ਤੇ ਸਹੀ ਅਰਥਾਂ ਵਿੱਚ ਧਾਰਨ ਕਰਨਾ ਹੈ। ਹਰ ਇੱਕ ਮਨੁੱਖ ਨੇ ਕਰਮਯੋਗੀ, ਤਰਕਸ਼ੀਲ ਅਤੇ ਉੱਦਮੀ ਬਣਨਾ ਹੈ। ਗੁਰਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਸਹੀ ਤਕੀਕੇ ਨਾਲ ਅਪਣਾਉਣਾ ਤੇ ਅਮਲ ਕਰਨਾ ਹਰ ਸਿੱਖ ਦਾ ਫਰਜ਼ ਹੈ।
ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ।।
ਹਰ ਇੱਕ ਆਦਮੀ ਤ੍ਰਿਸ਼ਨਾ ਦੀ ਭੇਟ ਚੜ੍ਹ ਕੇ ਦਿਨ ਰਾਤ ਸ਼ੁਹਰਤ ਅਤੇ ਦੌਲਤ ਕਮਾਉਣ ਵਿੱਚ ਲੱਗਾ ਰਹਿੰਦਾ ਹੈ। ਤ੍ਰਿਸ਼ਨਾ ਦਾ ਅੰਤ ਨਹੀਂ ਹੈ। ਜਿਨ੍ਹਾਂ ਲੋਕਾਂ ਦੇ ਮਨਾਂ ’ਤੇ ਤ੍ਰਿਸ਼ਨਾ ਭਾਰੂ ਹੋ ਜਾਂਦੀ ਹੈ। ਉਨ੍ਹਾਂ ਦੀ ਬੁੱਧੀ ਪਲੀਤ ਹੋ ਜਾਂਦੀ ਹੈ। ਗ਼ਲਤ ਢੰਗ ਨਾਲ ਮਾਇਆ ਇਕੱਠੀ ਕਰਦੇ ਹਨ। ਅੱਜ ਦੇ ਸਮੇਂ ਕਈ ਲੀਡਰ ਮਾਇਆ ਦੇ ਜਾਲ ਵਿੱਚ ਫਸ ਕੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੈਠੇ ਹਨ। ਤ੍ਰਿਸ਼ਨਾ ਜਦੋਂ ਚੰਗੇ ਰੂਪ ਵਿੱਚ ਹੁੰਦੀ ਹੈ ਤਾਂ ਮਾਨਵਤਾ ਦੀ ਭਲਾਈ ਦੇ ਕੰਮ ਕਰਦੀ ਹੈ।
ਭਗਤ ਪੂਰਨ ਸਿੰਘ ਦਾ ਪਿੰਗਲਵਾੜਾ ਦੁਖੀ ਮਾਨਵਤਾ ਦੀ ਸੇਵਾ ਦਾ ਪ੍ਰਤੀਕ ਹੀ ਨਹੀਂ, ਸਗੋਂ ਦੀਨ ਦੁਖੀ, ਲੂੁਲੇ, ਲੰਗੜੇ, ਬੋਲੇ ਅਤੇ ਮੰਦਬੁੱਧੀ ਦੀ ਨਿਸ਼ਕਾਮ ਸੇਵਾ ਹੈ। ਭਾਈ ਘਨੱਈਆ ਜੀ ਦੀ ਤ੍ਰਿਸ਼ਨਾ ਸੀ ਕਿ ਜੰਗ ਦੇ ਜ਼ਖ਼ਮੀਆਂ ਦੀ ਸੇਵਾ ਕੀਤੀ ਜਾਵੇ। ਗੁਰੂ ਨਾਨਕ ਦੇਵ ਜੀ ਦੀ ਚਾਹਤ ਸੀ ਕਿ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਜਾਵੇ। ਉਨ੍ਹਾਂ ਨੇ ਸੱਚਾ ਸੌਦਾ ਕਰਕੇ ਆਪਣੀ ਤ੍ਰਿਸ਼ਨਾ ਨੂੰ ਅਮਲੀ ਰੂਪ ਦਿੱਤਾ ਤੇ ਲੰਗਰ ਦੀ ਪ੍ਰਥਾ ਚਾਲੂ ਕੀਤੀ। ਆਪਣੀ ਗੁਰਬਾਣੀ ਨਾਲ ਭੁੱਲੇ ਭਟਕੇ ਲੋਕਾਂ ਦੀ ਆਤਮਾ ਸ਼ਾਂਤ ਕੀਤੀ। ਸਾਡੇ ਸਮਾਜ ਵਿੱਚ ਇਹੋ ਜਿਹੇ ਅਨੇਕਾਂ ਮਹਾਪੁਰਸ਼ ਹੋਏ ਜਿਨ੍ਹਾਂ ਨੇ ਮਾਨਵਤਾ ਦੀ ਭਲਾਈ ਲਈ ਕੰਮ ਕੀਤਾ। ਕਈ ਸੰਤ ਫ਼ਕੀਰ ਸਾਧੂ ਜਾਮੇ ਵਿੱਚ ਆ ਕੇ ਨੇਕ ਕੰਮ ਕਰਕੇ ਚਲੇ ਗਏ।
ਤ੍ਰਿਸ਼ਨਾ ਚਾਹਤ ਦੀ ਭਾਲ ਵਿੱਚ ਜਦੋਂ ਅਸੀਂ ਨੇਕ ਕੰਮ ਕਰਦੇ ਹਾਂ, ਨਿਆਸਰਿਆਂ ਦਾ ਆਸਰਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਉਸ ਸਮੇਂ ਪ੍ਰਮਾਤਮਾ ਦੇ ਸੱਚੇ ਪਾਤਰ ਬਣਦੇ ਹਾਂ। ਜਦੋਂ ਮਨੁੱਖ ਦੀਆਂ ਅੱਖਾਂ ’ਤੇ ਮਾਇਆ ਰੂਪੀ ਪੱਟੀ ਬੰਨ੍ਹੀ ਜਾਂਦੀ ਹੈ। ਦਿਨ ਰਾਤ ਭ੍ਰਿਸ਼ਟਾਚਾਰੀ ਢੰਗ ਤਰੀਕਿਆਂ ਨਾਲ ਮਾਇਆ ਇਕੱਠੀ ਕਰਦਾ ਹੈ। ਉਸ ਦੇ ਸਬਰ ਦਾ ਬੰਨ੍ਹ ਟੁੱਟ ਜਾਂਦਾ ਹੈ। ਆਪਣੇ ਦੋਸਤ, ਮਿੱਤਰਾਂ, ਭੈਣਾਂ, ਭਰਾਵਾਂ ਅਤੇ ਸਕੇ ਸਬੰਧੀਆਂ ਨੂੰ ਵੀ ਆਪਣੀ ਮਾਰ ਵਿੱਚ ਲਪੇਟ ਲੈਂਦਾ ਹੈ। ਰੱਬ ਦਾ ਖੌਫ਼ ਨਹੀਂ ਖਾਂਦਾ। ਗੁਰਬਾਣੀ ਦਾ ਉਪਦੇਸ਼ ਹੈ ਮਾਇਆ ਮਨੁੱਖ ਨੂੰ ਭੜਕਾ ਕੇ ਅਸ਼ਾਂਤ ਕਰ ਦਿੰਦੀ ਹੈ। ਜਿਹੜੀ ਮਾਇਆ ਅਸੀਂ ਪਰਾਇਆ ਹੱਕ ਮਾਰ ਕੇ ਇਕੱਠੀ ਕੀਤੀ ਹੈ। ਇਹ ਸਾਰੇ ਪਰਿਵਾਰ ’ਤੇ ਮਾੜਾ ਅਸਰ ਪਾਉਂਦੀ ਹੈ। ਮਨ ਅਸ਼ਾਂਤ ਹੋ ਜਾਂਦਾ ਹੈ ਅਤੇ ਮਨ ਦਾ ਆਨੰਦ, ਸ਼ਾਂਤੀ, ਸਹਿਜ-ਅਵਸਥਾ ਭੰਗ ਹੋ ਜਾਂਦੀ ਹੈ। ਇਸੇ ਲਈ ਗੁਰਬਾਣੀ ਕਹਿੰਦੀ ਹੈ ਕਿ ਮਨ ਵਿੱਚੋਂ ਤ੍ਰਿਸ਼ਨਾ ਮਰਨ ਤੋਂ ਬਾਅਦ ਹੀ ਜਾਂਦੀ ਹੈ।
ਜਿਹੜੇ ਲੋਕ ਆਪਣੇ ਮਨ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਕੇ ਸਹੀ ਰੂਪ ਵਿੱਚ ਗੁਰਬਾਣੀ ਦੇ ਲੜ ਲੱਗ ਜਾਂਦੇ ਹਨ, ਉਹ ਸ਼ਾਂਤੀ ਪ੍ਰਾਪਤ ਕਰ ਲੈਂਦੇ ਹਨ। ਵਾਰ-ਵਾਰ ਸਿਮਰਨ ਮਨ ਦੀ ਭੜਕਨ ਨੂੰ ਕਾਬੂ ਕਰਦਾ ਹੈ। ਸਿਮਰਨ ਹਰ ਸਮੇਂ ਤੁਹਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਪ੍ਰੇਰਨਾ ਦਿੰਦਾ ਹੈ। ਤੁਸੀਂ ਲੋਕ ਵਿਖਾਵਾ, ਫਰੇਬ, ਚੁਗਲੀ ਨਿੰਦਾ, ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਸਮਝਦੇ ਹੋ ਅਤੇ ਸੁਧਾਰ ਕਰਦੇ ਹੋ। ਸਿਮਰਨ ਦਾ ਮੁੱਖ ਉਦੇਸ਼ ਆਪਣਾ ਆਪ ਸਮਝਣਾ, ਗੁਰਬਾਣੀ ਦੇ ਦੂਜੇ ਅਸੂਲਾਂ ’ਤੇ ਅਮਲ ਕਰਨਾ ਅਤੇ ਇਕਾਗਰਤਾ ਵੱਲ ਵਧਣਾ ਹੈ। ਕਿਸੇ ਵੀ ਚੀਜ਼ ਬਾਰੇ ਜ਼ਿਆਦਾ ਤ੍ਰਿਸ਼ਨਾ ਦੀ ਭਾਵਨਾ ਅਸਲ ਮਕਸਦ ਦੇ ਰਸਤੇ ਤੋਂ ਉਖੇੜ ਦਿੰਦੀ ਹੈ। ਸੰਸਾਰ ਇੱਕ ਸੁਪਨਾ ਹੈ, ਆਉਣਾ ਜਾਣਾ ਪ੍ਰਮਾਤਮਾ ਦੀ ਰਚੀ ਲੀਲਾ ਹੈ। ਜੀਵਨ ਇੱਕ ਜਲ ਤੇ ਬੁਲਬੁਲੇ ਸਮਾਨ ਹੈ।
ਮੱਨੁਖ ਨੂੰ ਗ੍ਰਹਿਸਤ ਜੀਵਨ ਜਿਉਣ ਲਈ ਧੰਨ ਦੀ ਲੋੜ ਹੈ। ਜ਼ਿਆਦਾ ਧੰਨ ਦੌਲਤ ਜੀਵਨ ਨੂੰ ਸੁਖਾਲਾ ਨਹੀਂ ਬਣਾਉਂਦੀ ਸਗੋਂ ਕਈ ਪ੍ਰਕਾਰ ਦੇ ਵਿਘਨ ਪਾਉਂਦੀ ਹੈ। ਮਾਇਆ ਦਾ ਤਿਆਗ ਸਬਰ ਸਬੂਰੀ ਅਤੇ ਡੂੰਘੀ ਸੋਚ ਨਾਲ ਹੋ ਸਕਦਾ ਹੈ। ਸਾਡੇ ਸੰਸਾਰ ਤੋਂ ਚਲੇ ਜਾਣ ਨਾਲ ਜੇ ਦੁਨਿਆਵੀ ਚੀਜ਼ਾਂ ਨੇ ਸਾਡਾ ਸਾਥ ਨਹੀਂ ਦੇਣਾ ਤਾਂ ਇਸ ਮਾਇਆ ਦੀ ਤ੍ਰਿਸ਼ਨਾ ਦਾ ਤਿਆਗ ਕਿਉਂ ਨਾ ਕਰੀਏ। ਗੁਰੂ ਦੇ ਉਪਦੇਸ਼ ਨੇ ਸਾਡਾ ਸਾਥ ਦੇਣਾ ਹੈ ਇਸ ਨਾਲ ਮਨ ਨੂੰ ਮਿਲਾਈਏ।
ਗੁਰਬਾਣੀ ਮਨੁੱਖੀ ਜੀਵਨ ਦੇ ਕੰਮਕਾਜ, ਦੁੱਖ ਸੁੱਖ ਅਤੇ ਹੋਰ ਅਨੇਕਾਂ ਮਨੁੱਖੀ ਸਮੱਸਿਆਵਾਂ ’ਤੇ ਗਿਆਨ ਰੂਪੀ ਚਾਨਣ ਪਾਉਂਦੀ ਹੈ। ਗੁਰਬਾਣੀ ਮੁਨੱਖੀ ਜੀਵਨ ਦਾ ਸਹੀ ਤਰਜਮਾ ਕਰਦੀ ਹੈ। ਜਿਹੜੇ ਲੋਕ ਗੁਰਬਾਣੀ ਵਿੱਚ ਦੱਸੇ ਗਏ ਉਪਦੇਸ਼, ਅਸੂਲ ਅਤੇ ਬੰਧਨਾਂ ਦੀ ਪਾਲਣਾ ਕਰਦੇ ਹਨ। ਉਨ੍ਹਾਂ ਨੂੰ ਸਦਾ ਗੁਰੂ ਦੇ ਨਾਮ ਦੀ ਖੁਮਾਰੀ ਰਹਿੰਦੀ ਹੈ। ਸ਼ਾਂਤ ਮਈ ਜੀਵਨ ਭੋਗਦੇ ਹਨ। ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਤ੍ਰਿਸ਼ਨਾ ਨਹੀਂ ਹੁੰਦੀ। ਨਾਮ ਜਪ ਕੇ ਆਨੰਦ ਵਿੱਚ ਰਹਿੰਦੇ ਹਨ। ਆਪਣੇ ਜੀਵਨ ਕਾਲ ਵਿੱਚ ਅਜਿਹੇ ਨੇਕ ਕੰੰਮ ਕਰੋ, ਜਦੋਂ ਤੁਸੀਂ ਇਸ ਸੰਸਾਰ ਤੋਂ ਰੁਖ਼ਸਤ ਹੋਵੋ ਤੁਹਾਡੀ ਜ਼ਮੀਰ ਬੋਝ ਮੁਕਤ ਹੋਵੇ।
ਸੰਪਰਕ: 98724-39934