ਡਾ. ਸਾਹਿਬ ਸਿੰਘ
ਇਹ ਸਿਰਫ਼ ਨਾਟਕ ਦੀ ਭੂਮਿਕਾ ਹੈ… ਨਾਟਕ ਅਜੇ ਲਿਖਿਆ ਜਾਣਾ ਹੈ, ਕਿਉਂਕਿ ਇਹ ਸ਼ਹਾਦਤਾਂ ਦਾ ਨਾਟਕ ਹੈ। ਇਸ ਨਾਟਕ ਦੇ ਰਚਣਹਾਰੇ ਨੂੰ ਚਾਂਦਨੀ ਚੌਕ ਵੀ ਜਾਣਾ ਪਏਗਾ ਤੇ ਸਰਹਿੰਦ ਦੀਆਂ ਦੀਵਾਰਾਂ ਦਾ ਕੱਚ ਪੱਕ ਵੀ ਜਾਨਣਾ ਪਵੇਗਾ। ਠੰਢੇ ਬੁਰਜ ਦਾ ਤਾਪਮਾਨ ਸਿਰਫ਼ ਪੰਜਾਬ ਦੇ ਬੁਰਜਾਂ ’ਚੋਂ ਨਹੀਂ, ਦਿੱਲੀ ਦੇ ਸਿੰਘੂ ਬੈਰੀਅਰ ਤੇ ਟਿਕਰੀ ਬਾਰਡਰ ’ਚੋਂ ਵੀ ਥਰਮਾਮੀਟਰ ਦਾ ਡਿੱਗਦਾ ਚੜ੍ਹਦਾ ਪਾਰਾ ਰੂਹ ਨਾਲ ਵਾਚਣਾ ਪਵੇਗਾ। ਇਹ ਨਾਟਕ ਆਸਾਨ ਨਹੀਂ ਹੈ। ਸ਼ਹਾਦਤਾਂ ਦੇਣੀਆਂ ਜਿੰਨੀਆਂ ਔਖੀਆਂ ਤੇ ਦਲੇਰਾਨਾ ਹੁੰਦੀਆਂ ਹਨ, ਉਨ੍ਹਾਂ ਦੇ ਕਿੱਸੇ ਲਿਖਣੇ, ਕਸੀਦੇ ਪੜ੍ਹਨੇ ਤੇ ਨਾਟਕ ਉਸਾਰਨੇ ਵੀ ਖ਼ੁਦ ਨੀਹਾਂ ’ਚ ਖੜ੍ਹ ਜਾਣ ਸਮਾਨ ਹੁੰਦੇ ਹਨ। ਇਹ ਨਾਟਕ ਲਿਖਣਾ ਅਜੇ ਬਾਕੀ ਹੈ। ਮਕਤੂਲ ਅੱਜ ਇਕ ਵਾਰ ਫੇਰ ਮਕਤਲ ’ਚ ਖ਼ੁਦ ਜਾ ਪਹੁੰਚਿਆ ਹੈ। ਸਾਢੇ ਤਿੰਨ ਸੌ ਸਾਲ ਪਹਿਲਾਂ ਵੀ ਰਾਹ ਇਹੀ ਸਨ। ਸ਼ੰਭੂ ਤੇ ਖਨੌਰੀ ਦੇ ਰਾਹ ਕੱਚੇ ਸਨ, ਪਰ ਰੋਕਾਂ ਉਦੋਂ ਵੀ ਪੱਥਰ ਦਿਲ ਸਨ। ‘ਉਹ’ ਗਿਆ ਸੀ। ਅਵਾਮ ਨਾਲ ਸੀ। ਉਹ ਸੀਸ ਜੋ ਦਿੱਲੀ ਵੱਲ ਵਧ ਰਿਹਾ ਸੀ, ਉਸ ਸੀਸ ਦੇ ਅੰਦਰ, ਪਿਛਲੇ ਪਾਸੇ ਜੋ ਨਿੱਕਾ ਮਗਜ਼ ਹੁੰਦਾ ਹੈ, ਉਸ ਮਗਜ਼ ਅੰਦਰ ਸੰਭਾਲੇ ਵਿਚਾਰ ਉਹ ਸੀਸ ਰਾਹਾਂ ’ਚ ਕੇਰਦਾ ਗਿਆ ਸੀ। ਜਿਵੇਂ ਸਿਆਣਾ ਹਲਵਾਹਕ ਸਿਆੜ ’ਚ ਬੀਅ ਕੇਰਦਾ ਹੈ, ਉਹ ਬੀਅ ਕੇਰਦਾ ਗਿਆ। ਉਹਨੂੰ ਪਤਾ ਸੀ, ਜੇ ਬੀਅ ਨਾ ਕੇਰਿਆ ਤਾਂ ਚਾਂਦਨੀ ਚੌਕ ’ਚ ਦਿੱਤੀ ਜਾਣ ਵਾਲੀ ਸ਼ਹਾਦਤ ਸਿਰਫ਼ ‘ਸ਼ੋਹਰਤੀ ਰਸਮ’ ਬਣ ਕੇ ਰਹਿ ਜਾਵੇਗੀ। ਕੁਰਬਾਨੀ ਨਿੱਜ ਤੋਂ ਪਾਰ ਵੱਲ ਵਧ ਰਹੀ ਸੀ। ਉਸ ‘ਵਰਤਾਰੇ ਨੂੰ ਪਕੜਦਾ ਨਾਟਕ’ ਅਜੇ ਲਿਖਿਆ ਜਾਣਾ ਹੈ।
ਉਹ ਸ਼ਾਂਤ ਸੀ, ਅਡੋਲ ਸੀ, ਪਰ ਸੱਤਾ ਨੂੰ ਵੰਗਾਰ ਰਿਹਾ ਸੀ। ਉਸ ਦੀ ‘ਸਹਿਜ ਅਡੋਲਤਾ’ ਦਾ ਵਾਰ ਹਿੰਸਕ ਤਾਕਤ ਨੂੰ ਅਸਹਿਜ ਕਰ ਰਿਹਾ ਸੀ। ਉਹ ਸੀਸ ਧੜ ਤੋਂ ਅਲੱਗ ਹੋਇਆ, ਇਸ ਦੇ ਕੁਝ ਮਾਅਨੇ ਹਨ। ਇਨ੍ਹਾਂ ਮਾਅਨਿਆਂ ਨੂੰ ਅੱਗੇ ਜਾ ਕੇ ਬਾਬਾ ਦੀਪ ਸਿੰਘ ਵਿਵਹਾਰਕ ਰੂਪ ਦਿੰਦਾ ਹੈ ਜਦੋਂ ਉਹ ਧੜ ਤੋਂ ਬਿਨਾਂ ਲੜਦਾ ਹੈ। ਸੀਸ ਤਲੀ ’ਤੇ ਟਿਕਾਉਂਦਾ ਹੈ। ਇਕ ਸੀਸ ਚਾਂਦਨੀ ਚੌਕ ਦੀ ਮਿੱਟੀ ’ਚ ਡਿੱਗਿਆ। ਉਸ ਮਿੱਟੀ ਨੇ ਸੀਸ ਨੂੰ ਕਿਸ ਗਰਮਜੋਸ਼ੀ ਨਾਲ ਚੁੰਮਿਆ ਹੋਏਗਾ, ਉਸ ਜ਼ੁੰਬਿਸ਼ ਦਾ ਨਾਟਕ ਅਜੇ ਲਿਖਿਆ ਜਾਣਾ ਹੈ। ਰੰਗਰੇਟਾ ਸੀਸ ਵੱਲ ਕਿਸ ਸ਼ਾਨ ਨਾਲ ਵਧਿਆ ਹੋਵੇਗਾ, ਉਸ ਜਨੂੰਨੀ ਤੇ ਮਾਣ ਮੱਤੇ ਪਲ ਦੀ ਤਸਵੀਰ ਅਜੇ ਅਸੀਂ ਵਾਹੁਣੀ ਹੈ। ਉਹ ‘ਇਕ ਸੀਸ’ ਆਨੰਦਪੁਰ ਪਹੁੰਚਿਆ। ‘ਆਨੰਦ’ ਪ੍ਰਾਪਤ ਹੋਇਆ ਤੇ ਸੋਲਾ ਸੌ ਨੜਿੱਨਵੇ ਦੀ ਵਿਸਾਖੀ ਨੂੰ ਉਹ ਸੀਸ ‘ਪੰਜ ਸੀਸ’ ’ਚ ਰੂਪਾਂਤਰਿਤ ਹੋ ਗਿਆ। ਅੱਜ ਜੋ ਸਿਰ ਦਿੱਲੀ ਨੂੰ ਘੇਰਾ ਪਾਈ ਬੈਠੇ ਹਨ, ਚਾਂਦਨੀ ਚੌਕ ’ਚ ਡਿੱਗੇ ਉਸ ਸੀਸ ਦੀ ਉਪਜ ਹਨ, ਉਸ ਸੀਸ ਦਾ ਮਾਣ ਰੱਖਣ ਲਈ ਹਿੱਕਾਂ ਡਾਹ ਰਹੇ ਹਨ। ਨੌਵੇਂ ਗੁਰੂ ਦੀ ਤੇਗ ਵੀ ਉਨ੍ਹਾਂ ਨੂੰ ਯਾਦ ਹੈ, ਬਹਾਦਰੀ ਵੀ ਯਾਦ ਹੈ ਤੇ ਸਹਿਜ ਅਡੋਲਤਾ ਵੀ ਯਾਦ ਹੈ। ਠੰਢਾ ਬੁਰਜ ਕਿਸੇ ਸਥਾਨ, ਸਮੇਂ ਦਾ ਮੁਥਾਜ ਨਹੀਂ, ਟਿਕਰੀ ਤੇ ਸਿੰਘੂ ਬਾਰਡਰ ਉੱਤੇ ਅੱਜ ਵੀ ਦੇਖ ਸਕਦੇ ਹਾਂ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਮਾਤਾ ਗੁਜਰੀ ਦੀਆਂ ਵਾਰਿਸ ਮਾਵਾਂ ਅੱਜ ਦੇ ਠੰਢੇ ਬੁਰਜ ’ਚ ਅਡੋਲ ਬੈਠੀਆਂ ਹਨ। ਉਨ੍ਹਾਂ ਦਾ ਸੰਵਾਦ ਜ਼ਰਾ ਵੇਖੋ ਤੇ ਸਮਝੋ, ‘ਅਸੀਂ ਤਾਂ ਮੰਜੇ ਖੜ੍ਹੇ ਕਰ ਆਈਆਂ ਹਾਂ! ਜਿੱਤ ਕੇ, ਜਾ ਕੇ ਹੀ ਡਾਹਵਾਂਗੀਆਂ।’ ਮਾਤਾ ਗੁਜਰੀ ਦੀ ਕੁਰਬਾਨੀ ਅਜਾਈਂ ਨਹੀਂ ਗਈ, ਠੰਢ ਨੂੰ ਗਰਮਾ ਕੇ ਜਜ਼ਬੇ ਦੀ ਅੱਗ ਮਘਾਉਣੀ ਉਸ ਦੀਆਂ ਵਾਰਿਸ ਬੀਬੀਆਂ ਜਾਣਦੀਆਂ ਹਨ। ਇਨ੍ਹਾਂ ਗੁਜਰੀਆਂ ਦੇ ਕਲੇਜੇ ’ਚ ਧੂਹ ਪਾਉਣ ਜੋਗੀ ਖ਼ਬਰ ਅੱਜ ਵੀ ਜ਼ਿੰਦਾ ਹੈ, ਜਦੋਂ ਕੋਈ ਸੋਲਾਂ ਜਾਂ ਬਾਈ ਸਾਲ ਦਾ ਗੱਭਰੂ ਟਰੈਕਟਰ ਟਰਾਲੀ ’ਚ ਮਕਤਲ ਵੱਲ ਤੁਰਿਆ ਜਾਂਦਾ ਸ਼ਹੀਦ ਹੋ ਜਾਂਦਾ ਹੈ। ਪਰ ਇਹ ‘ਗੁਜਰੀਆਂ’ ਹਨ। ਸਬਰ ਦੀ ਇਸ ਇੰਤਹਾ ਨੂੰ ਫੜਨ ਦਾ ਜੇਰਾ ਅਜੇ ਸਾਡੇ ਨਾਟਕ ਨੇ ਕਰਨਾ ਹੈ।
ਸਾਡੇ ਬਾਪੂ ‘ਦਸਮ ਪਿਤਾ’ ਨੇ ਚਾਰ ਵਾਰੇ ਸਨ, ਪਰ ਰੋਇਆ ਨਹੀਂ ਸੀ। ਅੱਜ ਕਿਸਾਨ ਜਥੇਬੰਦੀਆਂ ਦੇ ਆਗੂ ਜੁਆਨ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖ ਰਹੇ ਹਨ। ਉਨ੍ਹਾਂ ਦੇ ਹਿਰਦੇ ਪਿਘਲਦੇ ਹਨ, ਪਰ ਉਹ ਤਕੜੇ ਮਨ ਨਾਲ ਅੱਜ ਦੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਰਹੇ ਹਨ। ‘ਵਚਿੱਤਰ ਨਾਟਕ’ ਇਕ ਵਾਰ ਫਿਰ ਸਿਰਜਿਆ ਜਾ ਰਿਹਾ ਹੈ। ਇਸ ਨਾਟਕ ’ਚ ਬੀਬੀ ਭਾਗੋ ਵੀ ਲਲਕਾਰ ਰਹੀ ਹੈ, ਬਹਾਦਰਗੜ੍ਹ ਦੇ ਪ੍ਰਚੱਲਿਤ ‘ਪਕੌੜਾ ਚੌਕ’ ਨੂੰ ‘ਬੀਬੀ ਗੁਲਾਬ ਕੌਰ ਨਗਰ’ ’ਚ ਰੂਪਾਂਤਰਿਤ ਕਰ ਰਹੀ ਹੈ। ਮੋਰਚੇ ਨੂੰ ਦੂਰੋਂ ਦੇਖ ਰਹੇ ਲੋਕ ਟੱਡੀਆਂ ਅੱਖਾਂ ਨਾਲ ਇਸ ਅਲੌਕਿਕ ਵਰਤਾਰੇ ਨੂੰ ਦੇਖ ਰਹੇ ਹਨ। ਟਿਕਰੀ ਬਾਰਡਰ ਤੋਂ ਪੰਦਰਾਂ ਕਿਲੋਮੀਟਰ ਦੂਰ ਸ਼ਹੀਦ ਭਗਤ ਸਿੰਘ ਆਪਣਾ ਨਗਰ ਵਸਾਈ ਬੈਠਾ ਹੈ। ਕਦੇ ਚਾਚੇ ਅਜੀਤ ਸਿੰਘ ਨੇ ਵੀ ਸ਼ਾਇਦ ਸੁਪਨਾ ਨਾ ਲਿਆ ਹੋਵੇ ਕਿ ‘ਭਗਤ’ ਇੰਜ ਵੀ ਸੜਕਾਂ ’ਤੇ ਨਗਰ ਵਸਾ ਲਵੇਗਾ। ਉੱਥੇ ਬੈਠੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਵਿਚ ਜਦੋਂ ਮੇਰੀ ਭਾਸ਼ਾ ਦਾ ਨਾਟਕ ਤੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਾਂਸੀ ਤੋਂ ਪਹਿਲਾਂ ਮੋੜਿਆ ਹੋਇਆ ਕਿਤਾਬ ਦਾ ਪੰਨਾ ਸਾਹਮਣੇ ਆ ਖੜ੍ਹਦਾ ਹੈ, ਤੇ ਮਾਣ ਨਾਲ ਭਰੀਆਂ ਗਿੱਲੀਆਂ ਅੱਖਾਂ ਨਾਲ ਕਹਿੰਦਾ ਹੈ, ‘ਸ਼ਾਬਾਸ਼ ਸੂਰਮਿਓ, ਤੁਸੀਂ ਇਸ ਪੰਨੇ ਨੂੰ ਪਲਟਿਆ ਹੈ।’ ਮੁੜੇ ਹੋਏ ਵਰਕੇ ਸਿੱਧੇ ਕਰਨੇ ਹੀ ਤਾਂ ਇਤਿਹਾਸ ਹੁੰਦਾ ਹੈ। ਤੱਥਾਂ ਦੀ ਗ਼ੈਰ ਵਿਵਹਾਰਕ ਜੁਗਾਲੀ ਇਤਿਹਾਸ ਨਹੀਂ ਹੁੰਦਾ। ‘ਮੇਰੇ ਨਾਟਕ’ ਨੇ ਇਸ ਜੁਗਾਲੀ ਦਾ ਅਜੇ ਜਵਾਬ ਦੇਣਾ ਹੈ।
ਅੱਜ ਦਿੱਲੀ ਬਿੱਲੀ ਬਣੀ ਬੈਠੀ ਹੈ। ਡਰ ਵੀ ਰਹੀ ਹੈ, ਚਲਾਕੀਆਂ ਵੀ ਕਰ ਰਹੀ ਹੈ। ਪਰ ਊਧਮ ਸਿੰਘ ਦੀ ਸ਼ਹਾਦਤ ਸਾਡੀ ਬਾਂਹ ਫੜ ਕੁਝ ਸਿਖਾ ਰਹੀ ਹੈ। ਰਿਵਾਲਵਰ ਤਾਂ ਕਿਤੇ ਵੀ ਛੁਪਾਇਆ ਜਾ ਸਕਦਾ ਸੀ, ਪਰ ਉਸ ਨੇ ਕਿਤਾਬ ’ਚ ਹੀ ਛੁਪਾਇਆ ਸੀ। ਸ਼ਬਦ ਤੇ ਹਥਿਆਰ ਦੀ ਸਾਂਝ ਪਾਈ ਸੀ। ਉਹ ਸੂਰਮਾ ਸੀ। ਸਿਆਣਾ ਵੀ ਸੀ। ਸ਼ਬਦਾਂ ਦੀ ਓਟ ਚਾਹੀਦੀ ਹੈ ਹਥਿਆਰਾਂ ਨੂੰ, ਵਿਚਾਰਾਂ ਦੀ ਸਾਣ ਚਾਹੀਦੀ ਹੈ ਤਲਵਾਰਾਂ ਨੂੰ, ਹੋਸ਼ ਦੀ ਪਾਣ ਚਾਹੀਦੀ ਹੈ ਜੋਸ਼ ਨੂੰ। ਜੋਸ਼ ਦੀ ਗਰਮੀ ਨਾ ਹੋਵੇ ਤਾਂ ਹੋਸ਼ ਬੇਲੋੜਾ ਹੁੰਦਾ, ਹੋਸ਼ ਦਾ ਕੁੰਡਾ ਨਾ ਹੋਵੇ ਤਾਂ ਜੋਸ਼ ਦਾ ਹਾਥੀ ਬੇਕਾਬੂ ਹੋ ਜਾਂਦਾ ਹੈ। ਇਹ ਸ਼ਹਾਦਤਾਂ, ਇਹ ਕੁਰਬਾਨੀਆਂ ਅੱਜ ਜਾਗ੍ਰਿਤ ਰੂਪ ’ਚ ਦਿੱਲੀ ਨੂੰ ਵਖ਼ਤ ਪਾਈ ਬੈਠੀਆਂ ਹਨ। ਇਨ੍ਹਾਂ ਦਾ ਜਜ਼ਬਾ ਤੇ ਸੂਝ ਇਕੱਠਿਆਂ ਪਕੜਨ ਲਈ ਮੇਰੇ ਨਾਟਕ ਨੂੰ ਬਹੁਤ ਸਖ਼ਤ ਘਾਲਣਾ ਕਰਨੀ ਪਏਗੀ, ਕਿਉਂਕਿ ਇਹ ਨਾਟਕ ਜੋਸ਼ੀਲਾ ਵੀ ਚਾਹੀਦਾ ਤੇ ਸਿਆਣਪ ਦੇ ਹਰ ਨੁਕਤੇ ’ਤੇ ਸੱਚਾ ਉਤਰਨ ਵਾਲਾ ਵੀ ਚਾਹੀਦਾ ਹੈ। ਇਹ ਨਾਟਕ ਲਿਖਣਾ ਅਜੇ ਬਾਕੀ ਹੈ।
ਸੰਪਰਕ: 98880-11096