ਡਾ. ਸਾਹਿਬ ਸਿੰਘ
ਰੰਗਮੰਚ ਦੀ ਇਕ ਪਰੰਪਰਾ ਹੈ ਕਿ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਇਕ ਘੰਟੀ ਵਜਾਈ ਜਾਂਦੀ ਹੈ…ਤਿੰਨ ਵਾਰ! ਕੁਝ ਬਹੁਤ ਪ੍ਰਸਿੱਧ ਅਤੇ ਸਥਾਪਤ ਰੰਗਮੰਚ ਭਵਨਾਂ ਵਿਚ ਵੱਡ ਅਕਾਰੀ ਘੰਟੇ ਲੱਗੇ ਹੁੰਦੇ ਸਨ ਜਿਨ੍ਹਾਂ ਨੂੰ ਨਾਟਕ ਤੋਂ ਪਹਿਲਾਂ ਤਿੰਨ ਵਾਰ ਵਜਾਉਣਾ ਬਕਾਇਦਾ ਰਸਮ ਹੁੰਦੀ ਸੀ। ਫਿਰ ਇਹ ਘੰਟੀ ਬਿਜਲਈ ਹੋ ਗਈ, ਪਰ ਵੱਜਦੀ ਜ਼ਰੂਰ ਰਹੀ। ਲਗਪਗ ਨਾਟਕ ਦੀ ਪੇਸ਼ਕਾਰੀ ਤੋਂ ਦਸ ਮਿੰਟ ਪਹਿਲਾਂ ਇਕ ਘੰਟੀ ਖੜਕਦੀ, ਉਹ ਦਰਸ਼ਕ ਜੋ ਅਜੇ ਬਾਹਰ ਖੜ੍ਹੇ ਜਾਂ ਬੈਠੇ ਆਪਸੀ ਗੁਫ਼ਤਗੂ ’ਚ ਮਸਰੂਫ਼ ਹੁੰਦੇ, ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਅੰਦਰ ਜਾ ਕੇ ਕੁਰਸੀਆਂ ’ਤੇ ਬੈਠਣ ਦਾ ਵਕਤ ਆ ਗਿਆ ਹੈ। ਪੰਜ ਕੁ ਮਿੰਟ ਬਾਅਦ ਫਿਰ ਇਕ ਘੰਟੀ ਵੱਜਦੀ, ਇਹ ਇਸ਼ਾਰਾ ਹੁੰਦੀ ਕਿ ਹੁਣ ਪੇਸ਼ਕਾਰੀ ਦਾ ਵਕਤ ਬਹੁਤ ਨਜ਼ਦੀਕ ਆ ਗਿਆ ਹੈ ਤੇ ਦਰਸ਼ਕ ਆਪੋ ਆਪਣੀਆਂ ਕੁਰਸੀਆਂ ’ਤੇ ਟਿਕ ਕੇ ਬਹਿ ਜਾਣ। ਇਸ ਤੋਂ ਬਾਅਦ ਹੌਲੀ ਹੌਲੀ ਹਾਲ ਦੀਆਂ ਰੋਸ਼ਨੀਆਂ ਬੁਝਣ ਲੱਗਦੀਆਂ ਤੇ ਚਾਰੇ ਪਾਸੇ ਪਸਰੇ ਹਨੇਰੇ ’ਚ ਦਿਲ ਦਿਮਾਗ਼ ਦੀ ਬੱਤੀ ਜਗ ਉਠਦੀ। ਇਹ ਵੇਲਾ ਹੁੰਦਾ ਜਦੋਂ ਦਰਸ਼ਕ ਆਪਣੀ ਉਤਸੁਕਤਾ ਨੂੰ ਵਧਦੀ ਹੋਈ ਮਹਿਸੂਸ ਕਰਦਾ ਤੇ ਸਾਹਮਣੇ ਆਉਣ ਵਾਲੀ ਪੇਸ਼ਕਾਰੀ ਲਈ ਉਤਾਵਲਾ ਹੋਣ ਲੱਗਦਾ। ਫਿਰ ਤੀਜੀ ਘੰਟੀ ਖੜਕਦੀ। ਇਸ ਦੀ ਆਵਾਜ਼ ਵੀ ਪਹਿਲਾਂ ਵੱਜੀਆਂ ਦੋ ਘੰਟੀਆਂ ਬਰਾਬਰ ਹੀ ਹੁੰਦੀ, ਪਰ ਇਸ ਦੀ ਧੁਨੀ ਵੱਖਰਾ ਪ੍ਰਭਾਵ ਸਿਰਜਦੀ। ਹਰ ਅੱਖ ਪਰਦੇ ਵੱਲ ਕੇਂਦਰਿਤ ਹੋ ਜਾਂਦੀ। ਹਾਲ ’ਚ ਬੈਠੇ ਸਾਰੇ ਸਰੀਰ ਸਾਵਧਾਨ ਹੋ ਜਾਂਦੇ। ਦਿਮਾਗ਼ ਤੇਜ਼ੀ ਨਾਲ ਚੱਲਣ ਲੱਗਦਾ ਤੇ ਦਿਲ ਧੜਕਦਾ ਹੋਇਆ ਮਹਿਸੂਸ ਹੁੰਦਾ। ਪਰਦਾ ਉੱਠਦਾ… ਰੋਸ਼ਨੀ ਹੁੰਦੀ ਤੇ ਰੰਗਮੰਚ ਉਜਾਗਰ ਹੁੰਦਾ। ਤੀਜੀ ਘੰਟੀ ਤੋਂ ਬਾਅਦ ‘ਅਸਲ’ ਸਾਹਮਣੇ ਆਉਂਦਾ।
ਇਨ੍ਹਾਂ ਤਿੰਨ ਘੰਟੀਆਂ ਦਾ ਅਸਰ ‘ਪਰਦੇ ਦੇ ਉਸ ਪਾਰ’ ਕੁਝ ਨਿਵੇਕਲੇ ਢੰਗ ਨਾਲ ਨਜ਼ਰੀਂ ਪੈਂਦਾ। ਆਪਣੇ ਕਿਰਦਾਰ ਦਾ ਚੋਲਾ ਪਾਈ ਬੈਠੇ ਅਦਾਕਾਰ ਲਈ ਪਹਿਲੀ ਘੰਟੀ ਇਕ ਤਾੜਨਾ ਸਮਾਨ ਹੁੰਦੀ ਹੈ। ਇਕ ਅਦਾਕਾਰ ਲਈ ਪਹਿਲੀ ਘੰਟੀ ਦੀ ਟੁਣਕਾਰ ਅਜਿਹਾ ਪ੍ਰਭਾਵ ਲੈ ਕੇ ਆਉਂਦੀ ਹੈ ਜਿਸ ਬਾਰੇ ਨਿਰਦੇਸ਼ਕ ਨੇ ਉਸ ਨੂੰ ਸਮਝਾਇਆ ਤਾਂ ਹੁੰਦਾ ਹੈ, ਪਰ ਇੰਨੀ ਸ਼ਿੱਦਤ ਨਾਲ ਉਸ ਨੇ ਮਹਿਸੂਸ ਨਹੀਂ ਕੀਤਾ ਹੁੰਦਾ। ਪਹਿਲੀ ਘੰਟੀ ਜ਼ਿੰਮੇਵਾਰੀ ਦਾ ਅਹਿਸਾਸ ਲੈ ਕੇ ਆਉਂਦੀ ਹੈ। ਦੂਜੀ ਘੰਟੀ ਦੀ ਆਵਾਜ਼ ਦ੍ਰਿੜ੍ਹ ਨਿਸ਼ਚੇ ਵੱਲ ਲੈ ਕੇ ਜਾਂਦੀ ਹੈ। ਮਨ ਪਕਿਆਈ ਵੱਲ ਵਧਦਾ ਹੈ, ਵਾਧੂ ਗੁੰਝਲਾਂ ਕਿਰਨ ਲੱਗਦੀਆਂ ਹਨ। ਖ਼ੂਨ ਦਾ ਦੌਰਾ ਤੇਜ਼ ਤੇ ਦਿਮਾਗ਼ ਦੀ ਸਥਿਰਤਾ ਕਾਇਮ ਹੋਣ ਲੱਗਦੀ ਹੈ, ਪਰ ਅੱਵਲ ਆਉਣ ਦੀ ਤੀਬਰਤਾ ਕਿਤੇ ਨਾ ਕਿਤੇ ਅੰਦਰ ਹੀ ਅੰਦਰ ਤੀਜੀ ਘੰਟੀ ਦਾ ਇੰਤਜ਼ਾਰ ਕਰਨ ਲੱਗਦੀ ਹੈ। ਤੀਜੀ ਘੰਟੀ ਵੱਜਦਿਆਂ ਹੀ ਅਦਾਕਾਰ ਮੰਚ ਵੱਲ ਕਿਸੇ ਯੋਧੇ ਵਾਂਗ ਵਧਦਾ ਹੈ। ਹੁਣ ਸੋਚਣ ਵਿਚਾਰਨ, ਪਿੱਛੇ ਹਟਣ ਦੀ ਅਵਸਥਾ ਤੋਂ ਉਹ ਪਾਰ ਜਾ ਚੁੱਕਾ ਹੁੰਦਾ ਹੈ। ਹੁਣ ਪ੍ਰੀਖਿਆ ਹੀ ਪ੍ਰੀਖਿਆ ਹੈ। ਸਾਰਾ ਦਾਰੋਮਦਾਰ ਉਸ ਦੀ ਪੇਸ਼ਕਾਰੀ ’ਤੇ ਹੈ, ਨਿਰਦੇਸ਼ਕ ਦੀ ਨਿਰਦੇਸ਼ਨਾ ਨੂੰ ਹੁਣ ਉਸ ਨੇ ਅਸਲੀ ਜਾਮਾ ਪਹਿਨਾਉਣਾ ਹੈ। ਤੀਜੀ ਘੰਟੀ ਸ਼ਾਇਦ ਜ਼ਿਆਦਾ ਯਾਦ ਰਹਿੰਦੀ ਹੈ, ਪਰ ਅਸਲ ਕਾਰਨਾਮਾ ਤਾਂ ਪਹਿਲੀਆਂ ਦੋ ਘੰਟੀਆਂ ਕਰ ਚੁੱਕੀਆਂ ਹੁੰਦੀਆਂ ਹਨ।
ਸੰਗਰਾਮ ਵੀ ਇਵੇਂ ਹੀ ਲੜੇ ਜਾਂਦੇ ਹਨ। ਅੰਦੋਲਨ ’ਚ ਜੂਝਦੇ ਜੁਝਾਰੂ ਵੀ ਇਕ ਲੰਬੀ ਪ੍ਰਕਿਰਿਆ ’ਚੋਂ ਗੁਜ਼ਰ ਕੇ ਤੀਜੀ ਘੰਟੀ ਤਕ ਪਹੁੰਚਦੇ ਹਨ। ਕੋਈ ਐਵੇਂ ਨਹੀਂ ਹੁਕਮਰਾਨ ਦੇ ਹੰਕਾਰੀ ਰੱਥ ਨੂੰ ਰੋਕ ਲੈਂਦਾ…ਕੋਈ ਐਵੇਂ ਨਹੀਂ ਪਾਣੀ ਦੀਆਂ ਬੁਛਾੜਾਂ ਦਾ ਮੂੰਹ ਮੋੜ ਦਿੰਦਾ, ਕੋਈ ਐਵੇਂ ਨਹੀਂ ਕੜਾਕੇ ਦੀ ਠੰਢ ’ਚ ਟਰਾਲੀ ਨੂੰ ਆਪਣਾ ਘਰ ਬਣਾ ਲੈਂਦਾ। ਦਰਸ਼ਕ ਦੇ ਮੂੰਹੋਂ ਬੜੀ ਵਾਰ ਸੁਣਿਆ ਹੈ ਕਿ ਫਲਾਣਾ ਅਦਾਕਾਰ ਅੰਦਰ ਤਕ ਖੁੱਭਿਆ ਪਿਆ ਸੀ, ਫਲਾਣਾ ਅਜੇ ਉੱਪਰ ਉੱਪਰ ਤੁਰਿਆ ਫਿਰਦਾ ਸੀ। ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ‘ਰੰਗਮੰਚ’ ਦੇ ਨਾਇਕ ਵੱਡੀ ਗਿਣਤੀ ’ਚ ਅੰਦਰ ਤਕ ਖੁੱਭੇ ਹੋਏ ਹਨ। ਇਸੇ ਲਈ ਵਰ੍ਹਦਾ ਮੀਂਹ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਬਦਲਣ ਦੀ ਹਿਮਾਕਤ ਨਹੀਂ ਕਰ ਸਕਦਾ। ਨਾਟਕ ’ਚ ਖ਼ਲਨਾਇਕ ਦਾ ਕਿਰਦਾਰ ਬਹੁਤੀ ਵਾਰ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ… ਅਦਾਕਾਰ ਨੂੰ ਉਹ ਕਿਰਦਾਰ ਨਿਭਾਉਂਦਿਆਂ ਮਜ਼ਾ ਵੀ ਜ਼ਿਆਦਾ ਆਉਂਦਾ ਹੈ…ਪਰ ਦਰਸ਼ਕ ਦੇ ਦਿਲ ’ਚ ਧੁਰ ਅੰਦਰ ਕਿਤੇ ਨਾਇਕ ਦੀ ਜਿੱਤ ਦੇਖਣ ਦੀ ਇੱਛਾ ਬਿਰਾਜਮਾਨ ਹੁੰਦੀ ਹੈ। ਉਹ ਖ਼ਲਨਾਇਕ ਦੀ ਚੜ੍ਹਤ ’ਚੋਂ ਵੀ ਨਾਇਕ ਦੀ ਬੁਲੰਦੀ ਦੇਖ ਰਿਹਾ ਹੁੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਇਹ ਜੋ ਮਾਂਹ ਦੇ ਆਟੇ ਵਾਂਗ ਆਕੜਿਆ ਹੋਇਆ ਹੈ, ਇਸ ਨੇ ਕਿਸੇ ਨਾ ਕਿਸੇ ਦ੍ਰਿਸ਼ ’ਚ ਕੜੱਕ ਕਰਕੇ ਟੁੱਟਣਾ ਵੀ ਜ਼ਰੂਰ ਹੈ! ਕਿਉਂ? ਕਿਉਂਕਿ ਮੋਰਚੇ ਦਾ ਨਾਇਕ ਦੋ ਘੰਟੀਆਂ ਦੀ ਗੂੰਜ ਆਪਣੇ ਅੰਦਰ ਵਸਾ ਕੇ ਆਇਆ ਹੁੰਦਾ ਹੈ। ਖ਼ਰਗੋਸ਼ ਅਸਲ ’ਚ ਤੀਜੀ ਘੰਟੀ ਤੋਂ ਬਾਅਦ ਹੀ ਦੌੜਨਾ ਆਰੰਭ ਕਰਦਾ ਹੈ, ਪਰ ਕੱਛੂਕੁੰਮਾ ਤਾਂ ਪਹਿਲੀ ਘੰਟੀ ਤੋਂ ਵੀ ਕਿਤੇ ਪਹਿਲਾਂ ਦੌੜਨਾ ਸ਼ੁਰੂ ਕਰ ਚੁੱਕਾ ਹੁੰਦਾ ਹੈ। ਖ਼ਰਗੋਸ਼ ਕਦੇ ਜਿੱਤ ਨਹੀਂ ਸਕਦਾ। ਰੰਗਮੰਚ ਇਹ ਆਸ ਲੈ ਕੇ ਹਾਜ਼ਰ ਹੁੰਦਾ ਹੈ।
ਅੱਜ ਸਾਰਾ ਅਵਾਮ ਤੀਜੀ ਘੰਟੀ ਦੀ ਉਡੀਕ ਕਰ ਰਿਹਾ ਹੈ। ਉਹ ਕਦੇ ਕਦੇ ਕਿਸੇ ਤੇਜ਼ ਭੱਜਦੇ ਖ਼ਰਗੋਸ਼ ’ਤੇ ਆਸਾਂ ਲਾ ਬੈਠਦਾ ਹੈ, ਫਿਰ ਸੰਭਲਦਾ ਹੈ! ਸਿਮਰਤੀ ’ਚ ਉਹ ਦ੍ਰਿਸ਼ ਲੈ ਕੇ ਆਉਂਦਾ ਹੈ ਜਿਸ ਦ੍ਰਿਸ਼ ਅੰਦਰ ਖ਼ੁਦਕੁਸ਼ੀਆਂ ਦੀ ਰੁੱਤ ਖਿੜ ਉੱਠੀ ਸੀ। ਉਹਨੂੰ ਚੇਤੇ ਆਉਂਦਾ ਹੈ ਕਿ ਪਹਿਲੀ ਘੰਟੀ ਕਦੋਂ ਵੱਜੀ ਸੀ! ਜਦੋਂ ਹਰੀਆਂ ਭਰੀਆਂ ਜ਼ਮੀਨਾਂ ਵਾਲਾ ਗੋਬਿੰਦਪੁਰਾ ਅਗਲਿਆਂ ਕੰਕਰੀਟ ’ਚ ਬਦਲਣ ਲਈ ਹੱਲਾ ਬੋਲਿਆ ਸੀ ਤਾਂ ਖੇਤਾਂ ਦੇ ਪੁੱਤ ਜਾਗ ਪਏ ਸਨ। ਉਨ੍ਹਾਂ ਪਹਿਲੀ ਘੰਟੀ ਦੀ ਆਵਾਜ਼ ਉਦੋਂ ਹੀ ਸੁਣ ਲਈ ਸੀ ਜਦੋਂ ਲੱਸੀ ਸ਼ਰਬਤ ਦਾ ਬਦਲ ਕੋਕਾ ਪੈਪਸੀ ਬਣਨ ਲੱਗੀ ਸੀ। ਉਹ ਲੜੇ…ਅਦਾਕਾਰੀ ਦਾ ਅਭਿਆਸ ਕੀਤਾ, ਸਾਲਾਂਬੱਧੀ! ਇਸੇ ਲਈ ਜਦੋਂ ਤਿੰਨ ਕਾਨੂੰਨਾਂ ਦੇ ਰੂਪ ’ਚ ਦੂਜੀ ਘੰਟੀ ਖੜਕੀ ਤਾਂ ਉਹ ਤਿਆਰ ਸਨ। ਕਾਰਪੋਰੇਟ ਤੋਂ ਪਰਦਾ ਉੱਠਣ ਦਾ ਉਨ੍ਹਾਂ ਇੰਤਜ਼ਾਰ ਨਾ ਕੀਤਾ ਤੇ ਤੀਜੀ ਘੰਟੀ ਤੋਂ ਪਹਿਲਾਂ ਹੀ ਪਰਦਾ ਚੁੱਕ ਦਿੱਤਾ। ਕੁਝ ਕਲਾਕਾਰ ‘ਗੁਸਤਾਖ਼’ ਵੀ ਤਾਂ ਹੁੰਦੇ ਹਨ। ਇਹ ਵਕਤ ‘ਜ਼ਿਹਨੀ ਗ਼ੁਸਤਾਖੀ’ ਦਾ ਹੈ। ਭਗਤ ਸਿੰਘ ਅਗਰ ‘ਜ਼ਿਹਨੀ ਗੁਸਤਾਖ਼’ ਨਾ ਹੁੰਦਾ ਤਾਂ ਅਸੈਂਬਲੀ ’ਚ ਅਸਲ ਬੰਬ ਸੁੱਟ ਦਿੰਦਾ ਤੇ ਸਾਡੇ ਪੱਲੇ ਸਦੀਆਂ ਦੀ ਨਮੋਸ਼ੀ ਪਾ ਜਾਂਦਾ। ਅੱਜ ਮੇਰੀ ਮਿੱਟੀ ਦੇ ਵਸਨੀਕਾਂ ਨੇ ‘ਅੜੀਅਲ ਮਿੱਟੀ’ ਦੀ ਹਿੱਕ ’ਤੇ ਭਰਵਾਂ ਬੰਬ ਸੁੱਟਿਆ ਹੈ। ਹੁਣ ਦਰਸ਼ਕ ਤੀਜੀ ਘੰਟੀ ਦੀ ਆਵਾਜ਼ ਸੁਣਨ ਲਈ ਪੱਬਾਂ ਭਾਰ ਹੋਇਆ ਪਿਆ। ਅਦਾਕਾਰ ਤਜਰਬੇਕਾਰ ਹਨ, ਸੰਵੇਦਨਸ਼ੀਲ ਹਨ, ਪ੍ਰਤੀਬੱਧ ਹਨ, ਨਿਪੁੰਨ ਹਨ, ਤੀਜੀ ਘੰਟੀ ਖੜਕਾਉਣ ਲਈ ਸੱਟ ‘ਜਚਾ ਕੇ’ ਮਾਰਨਗੇ। ਤੀਜੀ ਘੰਟੀ ਅਵੱਸ਼ ਖੜਕੇਗੀ! ਇੰਤਜ਼ਾਰ ਕਰੋ ਤੇ ਹਨੇਰ ਚੌਗਿਰਦੇ ’ਚ ਦਿਲ ਦਿਮਾਗ਼ ਦੀ ਬੱਤੀ ਬਾਲ ਕੇ ਰੱਖੋ।
ਸੰਪਰਕ: 98880-11096